ਬੱਚਿਆਂ ਤੇ ਨੌਜਵਾਨਾ ਨੂੰ ਖੇਡਾਂ ਨਾਲ ਜੋੜਨਾ ਸ਼ਲਾਘਾਯੋਗ ਉਦਮ : ਡਾਕਟਰ ਢਿੱਲੋਂ
ਫਰੀਦਕੋਟ :- ਨੇੜਲੇ ਪਿੰਡ ਦਾਨਾਰੋਮਾਣਾ ਵਿਖੇ ਸਰਪੰਚ ਭੁਪਿੰਦਰ ਸਿੰਘ ਦੀ ਅਗਵਾਈ ‘ਚ ਸਮੁੱਚੀ ਗ੍ਰਾਮ ਪੰਚਾਇਤ ਅਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਕਾਲੂ ਨਾਥ ਜੀ ਦੀ ਯਾਦ ਨੂੰ ਸਮਰਪਿਤ ਦੂਜਾ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਉੱਘੇ ਸਮਾਜਸੇਵੀ ਡਾ. ਮਨਜੀਤ ਸਿੰਘ ਢਿੱਲੋਂ ਮੈਨੇਜਿੰਗ ਡਾਇਰੈਕਟਰ ਬਾਬਾ ਫਰੀਦ ਨਰਸਿੰਗ ਕਾਲਜ ਕੋਟਕਪੂਰਾ ਬਤੌਰ ਮੁੱਖ ਮਹਿਮਾਨ ਪੁੱਜੇ। ਕਬੱਡੀ ਟੂਰਨਾਮੈਂਟ ਦਾ ਪ੍ਰਬੰਧ ਕਰਨ ਵਾਲੇ ਰਜਿੰਦਰ ਸਿੰਘ ਨੇ ਦੱਸਿਆ ਕਿ 55 ਕਿਲੋ ਅਤੇ 70 ਕਿਲੋ ਵਰਗ ਦੀਆਂ ਪੰਜਾਬ ਭਰ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਗੁਆਂਢੀ ਰਾਜ ਹਰਿਆਣਾ ਤੋਂ ਵੀ ਪੁੱਜੀਆਂ ਕਬੱਡੀ ਦੀਆਂ 60 ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ। ਕਬੱਡੀ ਕੁਮੈਂਟਰ ਨਿੱਕਾ ਸਿੰਘ ਡੱਗੋਰੋਮਾਣਾ ਨੇ ਦੱਸਿਆ ਕਿ ਮੁੱਖ ਮਹਿਮਾਨ ਡਾ ਮਨਜੀਤ ਸਿੰਘ ਢਿੱਲੋਂ ਨੇ ਦੋ ਪਿੰਡਾਂ ਵਾੜਾ ਭਾਈਕਾ ਅਤੇ ਚੰਦਬਾਜਾ ਦਾ ਮੈਚ ਸ਼ੁਰੂ ਕਰਵਾ ਕੇ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਈ। ਭੁਪਿੰਦਰ ਸਿੰਘ ਸਰਪੰਚ ਨੇ ਦੱਸਿਆ ਕਿ ਡਾ ਮਨਜੀਤ ਸਿੰਘ ਢਿੱਲੋਂ ਜਿੱਥੇ ਨਰਸਿੰਗ ਟ੍ਰੇਨਿੰਗ ਇੰਸਟੀਚਿਊਟ ਪੰਜਾਬ ਦੇ ਸੂਬਾਈ ਪ੍ਰਧਾਨ ਹਨ, ਉੱਥੇ ਮਨੁੱਖਤਾ ਦੀ ਭਲਾਈ ਵਾਲੀਆਂ ਅਨੇਕਾਂ ਸੰਸਥਾਵਾਂ ਤੇ ਜਥੇਬੰਦੀਆਂ ਦੀ ਅਗਵਾਈ ਕਰ ਰਹੇ ਹਨ। ਉਨਾ ਦੱਸਿਆ ਕਿ ਪਿੰਡ ਵਾਸੀਆਂ ਨੇ ਇਸ ਕਬੱਡੀ ਟੂਰਨਾਮੈਂਟ ਨੂੰ ਨਿਰਪੱਖ ਰੱਖਣ ਦਾ ਫੈਸਲਾ ਕੀਤਾ ਸੀ, ਇਸ ਲਈ ਕੋਈ ਵੀ ਸਿਆਸੀ ਵਿਅਕਤੀ ਨਹੀਂ ਬੁਲਾਇਆ ਗਿਆ। ਡਾ ਮਨਜੀਤ ਸਿੰਘ ਢਿੱਲੋਂ ਨੇ ਪਿੰਡ ਵਾਸੀਆਂ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਆਖਿਆ ਕਿ ਨੋਜਵਾਨਾ ਨੂੰ ਨਸ਼ਿਆਂ ਤੋਂ ਬਚਾਅ ਕੇ ਖੇਡਾਂ ਨਾਲ ਜੋੜਨ ਦਾ ਉਪਰਾਲਾ ਸ਼ਲਾਘਾਯੋਗ ਹੈ। ਉੱਘੇ ਸਮਾਜਸੇਵੀ ਤੇ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਨੌਜਵਾਨਾ ਨੂੰ ਨਸ਼ਿਆਂ ਤੋਂ ਬਚਣ ਲਈ ਅੰਕੜਿਆਂ ਸਹਿਤ ਦਲੀਲਾਂ ਦੇ ਕੇ ਸਮਝਾਇਆ ਕਿ ਅੱਜ ਦਾ ਨੌਜਵਾਨ ਦੇਸ਼ ਦੀ ਤਰੱਕੀ ‘ਚ ਬਣਦਾ ਯੋਗਦਾਨ ਪਾਵੇ। ਪਿੰਡ ਦੀ ਪੰਚਾਇਤ ਅਤੇ ਪ੍ਰਬੰਧਕਾਂ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਹਰਿੰਦਰ ਸਿੰਘ ਬੇਦੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।