ਰੇਡੀਓ ਤਰਾਨਾ, ਕਲਗੀਧਰ ਸਪੋਰਟਸ ਕਲੱਬ ਅਤੇ ਕਬੱਡੀ ਫੈਡਰੇਸ਼ਨ ਨਿਊਜ਼ੀਲੈਂਡ ਵੱਲੋਂ ਅੱਜ ਮੈਨੁਕਾਓ ਸਪੋਰਟਸ ਬਾਉਲ ਮੈਨੁਕਾਓ ਵਿਖੇ ਕਬੱਡੀ ਮੁਕਾਬਲੇ ਕਰਵਾਏ ਗਏ, ਜਿਸ ਦੇ ਵਿਚ ਵੱਖ-ਵੱਖ 8 ਕਬੱਡੀ ਟੀਮਾਂ ਨੇ ਭਾਗ ਲਿਆ। ਰੇਡੀਓ ਤਰਾਨਾ ਵੱਲੋਂ ਉਲੀਕੇ ‘ਮੈਨੁਕਾਓ ਦਿਵਾਲੀ’ ਦੇ ਪ੍ਰੋਗਰਾਮ ਵਿਚ ਇਹ ਕਬੱਡੀ ਮੈਚ ਦੂਜੇ ਰਾਜਾਂ ਦੇ ਭਾਰਤੀ ਲੋਕਾਂ ਨੂੰ ਪੰਜਾਬ ਦੀ ਮਾਂ ਖੇਡ ਕਬੱਡੀ ਬਾਰੇ ਹੋਰ ਜਾਣੂ ਕਰਵਾਉਣ ਦੇ ਮਨੋਰਥ ਨਾਲ ਰੱਖਿਆ ਗਿਆ ਸੀ। ਇਸ ਮੇਲੇ ਦੇ ਵਿਚ ਪੂਰੇ ਆਕਲੈਂਡ ਦੇ ਵਿਚੋਂ ਲੋਕ ਸ਼ਿਰਕਤ ਕਰਕੇ ਪਹੁੰਚੇ। ਬਾਲੀਵੁੱਡ ਸਟਾਰ ਜੈਕੀ ਸ਼ਰਾਫ ਵੀ ਇਸ ਮੇਲੇ ਦੀ ਸ਼ਾਨ ਬਣੇ ਉਨ੍ਹਾਂ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਸਟੇਜ ਉਤੇ ਹਲਕਾ-ਫੁਲਕਾ ਮਨੋਰੰਜਨ ਵੀ ਕੀਤਾ।
ਕਬੱਡੀ ਫਾਈਨਲ ਮੈਚ ਦੇ ਵਿਚ ਦਸਮੇਸ਼ ਸਪੋਰਟਸ ਕਲੱਬ ਟੀਪੁੱਕੀ ਦੀ ਟੀਮ ਨੇ ਕਲਗੀਧਰ ਸਪੋਰਟਸ ਕਲੱਬ ਦੀ ਟੀਮ ਨੂੰ ਹਰਾ ਕੇ ਪਹਿਲਾ 2100 ਡਾਲਰ ਦਾ ਇਨਾਮ ਅਤੇ ਟ੍ਰਾਫੀ ਆਪਣੇ ਨਾਂਅ ਕੀਤੀ। ਉਪ ਜੇਤੂ ਟੀਮ ਨੂੰ 1800 ਡਾਲਰ ਦਾ ਇਨਾਮ ‘ਤੇ ਟ੍ਰਾਫੀ ਦਿੱਤੀ ਗਈ। ਕਬੱਡੀ ਮੈਚਾਂ ਦੇ ਇਨਾਮਾਂ ਸਬੰਧੀ ਇਕ ਪੋਸਟਰ ਦੇ ਵਿਚ ਲਿਖੀ ਗਈ ਗਲਤ ਜਾਣਕਾਰੀ ਦੇ ਚਲਦਿਆਂ ਤੀਜੇ ਨੰਬਰ ਵਾਲੇ 1100 ਡਾਲਰ ਦੇ ਇਨਾਮ ਉਤੇ ਦੋ ਟੀਮਾਂ ਨੇ ਜਦੋਂ ਆਪਣਾ ਹੱਕ ਜਿਤਾਇਆ ਤਾਂ ਉਨ੍ਹਾਂ ਦਾ ਮੈਚ ਕਰਵਾਉਣ ਦਾ ਫੈਸਲਾ ਹੋਇਆ। ਪਰ ਨਿਊ ਦੁਆਬਾ ਕਲੱਬ ਦੇ ਖਿਡਾਰੀ ਨਾ ਪਹੁੰਚਣ ਕਰਕੇ ਇਹ ਤੀਜਾ ਇਨਾਮ ਪੰਜਾਬੀ ਰਾਈਡਰਜ਼ ਦੀ ਟੀਮ ਨੂੰ ਦੇ ਦਿੱਤਾ ਗਿਆ।
ਕਲਗੀਧਰ ਸਪੋਰਟਸ ਕਲੱਬ ਤੋਂ ਸ. ਮਨਜਿੰਦਰ ਸਿੰਘ ਬਾਸੀ, ਸ. ਜੁਝਾਰ ਸਿੰਘ ਪੁਨੂੰਮਜਾਰਾ, ਅਮਰੀਕ ਸਿੰਘ ਸੰਘਾ, ਤੀਰਥ ਅਟਵਾਲ ਅਤੇ ਹੋਰ ਮੈਂਬਰਾਂ ਨੇ ਸਾਰੇ ਖਿਡਾਰੀਆਂ, ਸਪਾਂਸਰਜ਼ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਹੈ। ਖੇਡ ਮੇਲੇ ਦੇ ਵਿਚ ਖਿਡਾਰੀਆਂ ਦੇ ਨਾਲ ਜਾਣ ਪਹਿਚਾਣ ਕਰਨ ਦੇ ਲਈ ਸੁਪਰੀਮ ਸਿੱਖ ਸੁਸਾਇਟੀ ਦੇ ਬਹੁਤ ਸਾਰੇ ਸੀਨੀਅਰ ਮੈਂਬਰਜ਼ ਜਿਵੇਂ ਸ. ਦਲਜੀਤ ਸਿੰਘ, ਸ. ਖੜਕ ਸਿੰਘ, ਸ. ਰਜਿੰਦਰ ਸਿੰਘ ਜਿੰਦੀ, ਸ.ਤਰਸੇਮ ਸਿੰਘ ਧੀਰੋਵਾਲ, ਸ. ਹਰਦੀਪ ਸਿੰਘ ਬਿਲੂ, ਸ. ਸੰਤੋਖ ਸਿੰਘ ਵਿਰਕ, ਬੰਬੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਸੀਨੀਅਰ ਮੈਂਬਰਜ਼, ਟੌਰੰਗਾ ਸਿੱਖ ਸੁਸਾਇਟੀ ਤੋਂ ਸੀਨੀਅਰ ਮੈਂਬਰ ਅਤੇ ਟੀਪੁੱਕੀ ਗੁਰਦੁਆਰਾ ਸਾਹਿਬ ਤੋਂ ਪਹੁੰਚੇ ਪ੍ਰਬੰਧਕੀ ਵੀਰਾਂ ਪਹੁੰਚੇ ਹੋਏ ਸਨ। ਸਾਰਿਆਂ ਨੇ ਖਿਡਾਰੀਆਂ ਨਾਲ ਹੱਥ ਮਿਲਾ ਕੇ ਸ਼ੁੱਭ ਇਛਾਵਾਂ ਦਿੱਤੀਆਂ। ਰੇਡੀਓ ਤਰਾਨਾ ਦੇ ਨਿਰਦੇਸ਼ਕ ਸ੍ਰੀ ਰੌਬਟ ਖਾਨ ਵੀ ਇਸ ਮੌਕੇ ਕਬੱਡੀ ਦਾ ਮੈਚ ਵੇਖਣ ਪਹੁੰਚੇ। ਕਲਗੀਧਰ ਸਪੋਰਟਸ ਕਲੱਬ ਵੱਲੋਂ ਰੰਮੀ ਹੈਸਟਿੰਗਜ਼ ਨੂੰ ਪੂਰੇ ਟੂਰਨਾਮੈਂਟ ਦੌਰਾਨ ਵਧੀਆ ਕਾਰਗੁਜ਼ਾਰੀ ਲਈ ਵਿਸ਼ੇਸ਼ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਬੈਸਟ ਰੇਡਰ ਰਾਜੇ ਖੋਸੇਵਾਲ ਅਤੇ ਬੈਸਟ ਸਟਾਪਰ ਤਾਊ ਸਰੀਂਹ ਨੂੰ ਐਲਾਨਿਆ ਗਿਆ। ਰੈਫਰੀ ਦੀਆਂ ਸੇਵਾਵਾਂ ਮੰਗਾ ਭੰਡਾਲ, ਪਰਮਜੀਤ ਬੋਲੀਨਾ, ਜੱਸਾ ਬੋਲੀਨਾ ਤੇ ਪਵਿਤਰ ਖਜੂਰਲਾ ਨੇ ਨਿਭਾਈਆਂ। ਕੁਮੈਂਟਰੀ ਦੇ ਵਿਚ ਸ. ਜਰਨੈਲ ਸਿੰਘ ਰਾਹੋਂ ਦੀ ਆਵਾਜ਼ ਆਕਲੈਂਡ ਤੱਕ ਸੁਣਾਈ ਦਿੱਤੀ। ਉਨ੍ਹਾਂ ਇਸ ਮੌਕੇ 31 ਅਕਤੂਬਰ ਨੂੰ ਮੁੱਖ ਰੱਖ ਕੇ ਇਕ ਗੀਤ ਸ਼ਹੀਦਾਂ ਨੂੰ ਸ਼ਰਧਾਂਜਲੀ ਹਿਤ ਵੀ ਗਾਇਆ। ਕਬੱਡੀ ਫੈਡਰੇਸ਼ਨ ਵੱਲੋਂ ਹਾਜ਼ਿਰ ਰਹੇ ਸ਼ਿੰਦਰ ਸਿੰਘ ਸਮਰਾ, ਪਰਮਜੀਤ ਮਹਿਲੀ, ਦਰਸ਼ਨ ਸਿੰਘ ਨਿੱਜਰ, ਰਵਿੰਦਰ ਬਬਲੂ, ਚਰਨਜੀਤ ਸਿੰਘ ਹੇਸਟਿੰਗ ਤੇ ਇਕਬਾਲ ਸਿੰਘ ਬੋਦਲ।
ਇਸਦੇ ਨਾਲ ਹੀ ਦਿਵਾਲੀ ਮੇਲੇ ਦੇ ਵਿਚ ਪੰਜਾਬੀ ਭਾਈਚਾਰੇ ਦੇ ਨੌਜਵਾਨ ਮੁੰਡਿਆਂ ਨੇ ਭੰਗੜੇ ਅਤੇ ਗੀਤਾਂ ਦੇ ਨਾਲ ਛਹਿਬਰ ਲਾਈ। ਮਾਉਰੀ ਮੂਲ ਦੀ ਕੁੜੀ ਐਂਜੀਲਾ ਹੈਨਰੀ ਨੇ ਵੀ ਪੰਜਾਬੀ ਗੀਤ ਗਾਏ। ਪਰਮਿੰਦਰ ਸਿੰਘ ਪਾਪਾਟੋਏਟੋਏ, ਹਰਮੀਕ ਸਿੰਘ ਤੇ ਹੋਰ ਕਈ ਪ੍ਰਜੈਂਟਰਾਂ ਨੇ ਸਟੇਜ ਉਤੇ ਕਈ ਤਰ੍ਹਾਂ ਦੀਆਂ ਵੰਨਗੀਆਂ ਪੇਸ਼ ਕੀਤੀਆਂ ਅਤੇ ਮੇਲੇ ਨੂੰ ਪੰਜਾਬੀ ਮਾਹੌਲ ਦੇ ਵਿਚ ਬਦਲਿਆ।