ਕਮਿਊਨਿਟੀ ਸ਼ੋਕ ਸਮਾਚਾਰ – ਨਿਊਜ਼ੀਲੈਂਡ ਜਨਮਿਆ 21 ਸਾਲਾ ਪੰਜਾਬੀ ਨੌਜਵਾਨ ਸ਼ਰਨ ਬੱਲ (ਪਾਪਾਮੋਆ) ਅਚਨਚੇਤ ਚੱਲ ਵਸਿਆ

-ਰੀਅਲ ਇਸਟੇਟ ਦੇ ਕਾਰੋਬਾਰ ਵਿਚ ਸੀ ਇਨ੍ਹੀਂ ਦਿਨੀਂ  ਅਤੇ ਕਬੱਡੀ ਦਾ ਹੋਣਹਾਰ ਖਿਡਾਰੀ ਸੀ ਇਹ ਮੁੰਡਾ

NZ PIC 16 July-1
ਆਕਲੈਂਡ  16 ਜੁਲਾਈ – ਮਾਪਿਆਂ ਦਾ ਨੌਜਵਾਨ ਪੁੱਤ ਚੜ੍ਹਦੀ ਉਮਰੇ ਤੁਰ ਜਾਵੇ ਤਾਂ ਦੁਨੀਆ ਖਤਮ ਹੋਈ ਜਾਪਦੀ ਹੈ ਪਰ ਹੋਣੀ ਅੱਗੇ ਕਿਸੀ ਦਾ ਜ਼ੋਰ ਨਹੀਂ ਚਲਦਾ। ਕਮਿਊਨਿਟੀ ਲਈ ਵੱਡਾ ਸ਼ੋਕ ਸਮਾਚਾਰ ਹੈ ਕਿ ਪਾਪਾਮੋਆ (‘ਟੌਰੰਗਾ) ਵਿਖੇ ਰਹਿੰਦੇ ਇਕ ਪੰਜਾਬੀ ਪਰਿਵਾਰ ਪਿਤਾ ਸੁਲੱਖਣ ਸਿੰਘ ਬੱਲ ਅਤੇ ਮਾਤਾ ਰਣਜੀਤ ਕੌਰ ਦਾ ਜਿਗਰ ਦਾ ਟੁਕੜਾ ਸ਼ਰਨ ਬੱਲ ਅੱਜ ਅਚਨਚੇਤ ਇਸ ਦੁਨੀਆ ਤੋਂ ਚੱਲ ਵਸਿਆ। ਮੌਤ ਦਾ ਕਾਰਨ ਦਾ ਅਜੇ ਸਪਸ਼ਟ ਨਹੀਂ ਹੈ। ਪਰਿਵਾਰ ਅਤੇ ਰਿਸ਼ਤੇਦਾਰਾਂ ਸਮੇਤ ਜਿੱਥੇ ਹਰ ਕੋਈ ਸਦਮੇ ਵਿਚ ਹੈ ਉਥੇ ਖੇਡ ਕਲੱਬਾਂ ਤੇ ਕਬੱਡੀ ਖਿਡਾਰੀਆਂ ਨੂੰ ਇਸ ਗੱਲ ਉਤੇ ਵਿਸ਼ਵਾਸ਼ ਨਹੀਂ ਹੋ ਰਿਹਾ। ਇਹ ਨੌਜਵਾਨ ਇਸ ਵੇਲੇ ਐਲ.ਜੇ. ਹੂਕਰ ਰੀਅਲ ਇਸਟੇਟ ਕੰਪਨੀ ਦੇ ਵਿਚ ਕੰਮ ਕਰਦਾ ਸੀ ਅਤੇ ਕਬੱਡੀ ਦਾ ਵਧੀਆ ਖਿਡਾਰੀ ਰਿਹਾ ਹੈ। ਇਸ ਦਾ ਜੱਦੀ ਪਿੰਡ ਰਮੀਦੀ ਜ਼ਿਲ੍ਹਾ ਕਪੂਰਥਲਾ ਸੀ ਪਰ ਇਸ ਦਾ ਜਨਮ ਇਥੇ ਹੀ ਹੋਇਆ ਸੀ ਅਤੇ ਪੰਜਾਬੀ ਭਾਈਚਾਰੇ ਦੇ ਵਿਚ ਇਸ ਪਰਿਵਾਰ ਦਾ ਕਾਫੀ ਮਾਨ-ਸਤਿਕਾਰ ਹੈ। ਆ ਰਹੀ ਪਹਿਲੀ ਅਗਸਤ ਨੂੰ ਇਸਨੇ 22 ਸਾਲ ਦਾ ਹੋ ਜਾਣਾ ਸੀ। ਇਸ ਨੌਜਵਾਨ ਦਾ ਵੱਡਾ ਭਰਾ ਰੌਬਿਨ ਬੱਲ ਵੀ ਵਧੀਆ ਕਬੱਡੀ ਖਿਡਾਰੀ ਹੈ ਅਤੇ ਉਹ ਵੀ ਗਹਿਰੇ ਸਦਮੇ ਵਿਚ ਹੈ। ਕੱਲ੍ਹ ਹਸਪਤਾਲ ਤੋਂ ਕੁਝ ਰਿਪੋਰਟ ਮਿਲੇਗੀ ਅਤੇ ਅੰਤਿਮ ਸੰਸਕਾਰ ਬਾਰੇ ਸੂਚਨਾ ਦਿੱਤੀ ਜਾਵੇਗੀ।
ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਅਫਸੋਸ ਪ੍ਰਗਟ – ਇਸ ਹੋਣਹਾਰ ਖਿਡਾਰੀ ਦੀ ਅਚਨਚੇਤ ਮੌਤ ਉਤੇ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸ. ਹਰਪ੍ਰੀਤ ਸਿੰਘ ਗਿੱਲ ਅਤੇ ਸੈਕਟਰੀ ਸ. ਤੀਰਥ ਸਿੰਘ ਅਟਵਾਲ ਵੱਲੋਂ ਸਮੁੱਚੇ ਮੈਂਬਰਾਨ ਦੀ ਤਰਫ ਤੋਂ ਇਸ ਦੁੱਖ ਦੀ ਘੜੀ ਪਰਿਵਾਰ ਨਾਲ ਗਹਿਰਾ ਅਫਸੋਸ ਪ੍ਰਗਟ ਕੀਤਾ ਜਾਂਦਾ ਹੈ ਅਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਜਾਂਦੀ ਹੈ ਕਿ ਇਸ ਨੌਜਵਾਨ ਦੀ ਆਤਮਾ ਨੂੰ ਪ੍ਰਮਾਤਮਾ ਸਦੀਵੀ ਸੁੱਖ ਬਖਸ਼ੇ। ਸ. ਅਟਵਾਲ ਹੋਰਾਂ ਕਿਹਾ ਕਿ ਪਰਿਵਾਰ ਦੇ ਲਈ ਇਹ ਨਾ ਭੁੱਲਣਯੋਗ ਦੁੱਖ ਮਈ ਸਮਾਂ ਹੈ ਪਰ ਕਿਸੀ ਦਾ ਇਥੇ ਜੋਰ ਨਹੀਂ ਚਲਦਾ। ਕਿਸੀ ਵੀ ਤਰ੍ਹਾਂ ਦੇ ਸਹਿਯੋਗ ਲਈ ਉਹ ਹਮੇਸ਼ਾਂ ਪਰਿਵਾਰ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਰੌਬਿਨ ਬੱਲ ਵੀ ਸਾਡਾ ਹੋਣਹਾਰ ਖਿਡਾਰੀ ਹੈ ਉਸ ਦੇ ਨਾਲ ਵੀ ਫੈਡਰੇਸ਼ਨ ਅਤੇ ਖਿਡਾਰੀ ਦੁੱਖ ਪ੍ਰਗਟ ਕਰਦੇ ਹਨ।

ਨਿਊਜ਼ੀਲੈਂਡ ਖੇਡ ਕਲੱਬਾਂ ਵੱਲੋਂ ਅਫਸੋਸ ਪ੍ਰਗਟ – ਇਨ੍ਹਾਂ ਤੋਂ ਇਲਾਵਾ ਖੇਡ ਕਲੱਬਾਂ ਜਿਨ੍ਹਾਂ ਵਿਚ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ, ਬੇਅ ਆਫ ਪਲੈਂਟੀ ਸਪੋਰਟਸ ਕਲੱਬ, ਚੜ੍ਹਦੀ ਕਲਾ ਸਪੋਰਟਸ ਕਲੱਬ, ਪੰਜਾਬ ਕੇਸਰੀ ਸਪੋਰਟਸ ਕਲੱਬ, ਅੰਬੇਡਕਰ ਸਪੋਰਟਸ ਕਲੱਬ, ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਅਤੇ ਐਸ.ਬੀ.ਐਸ. ਸਪੋਰਟਸ ਐਂਡ ਕਲਚਰਲ ਕਲੱਬ ਤੋਂ ਸਾਰੇ ਅਹੁਦੇਦਾਰਾਂ ਅਤੇ ਖਿਡਾਰੀਆਂ ਨੇ ਵੀ ਬੱਲ ਪਰਿਵਾਰ ਦੇ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਵਾਹਿਗੁਰੂ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ਼ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਸ਼ਕਤੀ।

Install Punjabi Akhbar App

Install
×