ਜੇ ਜਿਕਰ ਨਾ ਕੀਤਾ ਤਾਂ ਗੁਨਾਹ ਹੋਵੇਗਾ……..!!!

gurmail kaur ir
ਕਹਿੰਦੇ ਹਨ ਕਿ ਕੋਈ ਵੀ ਮਨੁੱਖ ਮਾਂ ਦੇ ਪੇਟ ‘ਚੋਂ ਹੀ ਗਿਆਨਵਾਨ ਹੋ ਕੇ ਜਾਂ ਵਿਸ਼ੇਸ ਗੁਣ ਲੈ ਕੇ ਨਹੀਂ ਜੰਮਦਾ ਸਗੋਂ ਜਨਮ ਉਪਰੰਤ ਪੈਦਾ ਹੋਏ ਹਾਲਾਤਾਂ ਤੇ ਨਿਰਭਰ ਕਰਦਾ ਹੈ ਕਿ ਕਿਸੇ ਬੱਚੇ ਦੇ ਇੱਕ ਸੰਪੂਰਨ ਮਨੁੱਖ ਬਣਨ ਵੱਲ ਦਾ ਮੁਹਾਣ ਕਿਸ ਚਾਲੇ ਚਲਦਾ ਹੈ ਜਾਂ ਉਸ ਬੱਚੇ ਦੀ ਨੰਨ੍ਹੀ ਮੁੰਨੀ ਸ਼ਖਸ਼ੀਅਤ ‘ਚੋਂ ਧੁੰਦਲੇ ਜਿਹੇ ਨਜ਼ਰੀਂ ਪੈਂਦੇ ਗੁਣਾਂ ਨੂੰ ਨਿਖਾਰਨ ਲਈ ਕੋਈ ਯੋਗ ਉਪਰਾਲਾ ਹੁੰਦਾ ਹੈ ਜਾਂ ਨਹੀਂ। ਕਈ ਵਾਰ ਬੜੇ ਰੌਸ਼ਨ ਦਿਮਾਗ ਬੱਚੇ ਮੌਕਿਆਂ ਦੀ ਘਾਟ ਕਾਰਨ ਘਰਾਂ ਦੀਆਂ ਦਹਿਲੀਜ਼ਾਂ ਨਹੀਂ ਟੱਪ ਸਕਦੇ ਪਰ ਕਈਆਂ ਦਾ ਤੁੱਕਾ ਐਸਾ ਸਹੀ ਥਾਂ ਜਾ ਵੱਜਦਾ ਹੈ ਕਿ ਤੀਰ ਤੋਂ ਵੀ ਵੱਧ ਨੰਬਰ ਲੈ ਜਾਂਦਾ ਹੈ। ਬਚਪਨ ਦੇ ਦਿਨਾਂ ਬਾਰੇ ਸੋਚੋ ਕਿ ਕਿਸਨੇ ਤੁਹਾਨੂੰ ਸਿਖਾਇਆ ਸੀ ਕਿ ਪੁਰਾਣੀਆਂ ਚੱਪਲਾਂ ਦੇ ਗੋਲ ਪਹੀਏ ਕੱਟ ਕੇ ਕਾਨਿਆਂ ‘ਚ ਫਸਾ ਕੇ ਆਪਣੀ ਹੀ ‘ਟਰਾਂਸਪੋਰਟ’ ਬਣਾ ਕੇ ਗਲੀਆਂ ਨੀਵੀਆਂ ਕਰਦੇ ਫਿਰੋ? ਕਿਸਨੇ ਸਿਖਾਇਆ ਸੀ ਕਿ ਕੋਲਡ ਡਰਿੰਕ (ਜਿਹਨਾਂ ਨੂੰ ‘ਬੱਤੇ’ ਕਿਹਾ ਕਰਦੇ ਸੀ) ਦੇ ਢੱਕਣਾਂ ਨੂੰ ਚਿੱਪ ਕੇ, ਵਿੱਚ ਗਲੀਆਂ ਕੱਢ ਕੇ ਧਾਗੇ ਨਾਲ ਘੁਮਾਉਣ ਵਾਲੀਆਂ ਭੰਮੀਰੀਆਂ ਬਣਦੀਆਂ ਹਨ ਜਾਂ ਇਹਨਾਂ ਭੰਮੀਰੀਆਂ ਨਾਲ ਪੱਥਰ ‘ਤੇ ਚੰਗਿਆੜੇ ਵੀ ਕੱਢੇ ਜਾ ਸਕਦੇ ਹਨ? ਕਿਸਨੇ ਸਿਖਾਇਆ ਸੀ ਕਿ ਪੱਠੇ ਪਾਉਣ ਵਾਲੇ ਟੋਕਰੇ ਹੇਠਾਂ ਡੰਡਾ ਖੜ੍ਹਾ ਕਰਕੇ, ਹੇਠਾਂ ਰੋਟੀ ਦੀਆਂ ਬੁਰਕੀਆਂ ਪਾਈਆਂ ਜਾਣ, ਰੋਟੀ ਖਾਣ ਜਦੋਂ ਕੋਈ ਚਿੜੀ ਆਵੇ ਤਾਂ ਦੂਰ ਬੈਠਿਆਂ ਡੰਡੇ ਨਾਲ ਬੰਨ੍ਹੇ ਧਾਗੇ ਨੂੰ ਖਿੱਚ ਕੇ ਟੋਕਰਾ ਚਿੜੀ ਦੇ ਉੱਪਰ ਸੁੱਟ ਲਿਆ ਜਾਵੇ? ਕਿਸਨੇ ਸਿਖਾਇਆ ਸੀ ਕਿ ਮੋਟਾ ਸੰਤਰਾ ਸ਼ਰਾਬ ਦੀ ਬੋਤਲ ਦੇ ਦੋ ਢੱਕਣਾਂ ਨੂੰ ਧਾਗਿਆਂ ਨਾਲ ਜੋੜ ਕੇ ਉਹਨਾਂ ਵੇਲਿਆਂ ਦੇ ਅਵਾਜ਼ ਸੁਣਨ ਵਾਲੇ ਨਕਲੀ ‘ਮੋਬਾਇਲ’ ਬਣਾਏ ਜਾਣ? ਕਿਸੇ ਨੇ ਵੀ ਤਾਂ ਨਹੀਂ ਸਿਖਾਈਆਂ ਸਨ ਇਹ ਖੇਡਾਂ। ਇਹ ਉਸ ਥੁੜਾਂ ਮਾਰੇ ਬਚਪਨ ਦੀਆਂ ਖੇਡਾਂ ਹਨ ਜਿਸ ਕੋਲ ਮਾਪਿਆਂ ਵੱਲੋਂ ਲੈ ਕੇ ਦਿੱਤੇ ਜਾਂਦੇ ਚਾਬੀ ਵਾਲੇ ਖਿਡੌਣੇ ਨਹੀਂ ਹੁੰਦੇ ਸਨ। ਕਿੰਨਾ ਹੁਨਰਮੰਦ ਬਚਪਨ ਸੀ ਉਹ, ਜਿਹੜਾ ਆਪਣੇ ਮਨ ਪ੍ਰਚਾਵੇ ਦੇ ‘ਸੰਦ’ ਵੀ ਖੁਦ ਹੀ ਆਪਣੇ ਹੱਥੀਂ ਤਿਆਰ ਕਰਦਾ ਹੁੰਦਾ ਸੀ। ਅੱਜ ਜਦੋਂ ਥੋੜ੍ਹੇ ਉਡਾਰ ਜਿਹੇ ਹੋ ਗਏ ਹਾਂ ਤਾਂ ਅੱਜ ਦੇ ਬਚਪਨ ਦੀ ਬੇਵੱਸੀ ਦੇਖ ਕੇ ਮਨ ਪਸੀਜ ਜਿਹਾ ਜਾਂਦਾ ਹੈ ਕਿ ਕਿਵੇਂ ਦਿਨ-ਬ-ਦਿਨ ਬਚਪਨ ਕੋਲੋਂ ਉਸਦਾ ਬਚਪਨ ਖੁੱਸਦਾ ਜਾ ਰਿਹਾ ਹੈ, ਕਿਵੇਂ ਬਾਲ ਆਪਣੇ ਬਚਪਨ ਦੇ ਚਾਵਾਂ ਮਲ੍ਹਾਰਾਂ ਨੂੰ ਮਾਨਣ ਤੋਂ ਵਾਂਝੇ ਰਹਿ ਰਹੇ ਹਨ, ਕਿਵੇਂ ਬਾਲ ਆਪਣੇ ਗੁੱਡੀਆਂ ਪਟੋਲਿਆਂ ਨਾਲ ਖੇਡਣ ਦੇ ਦਿਨੀਂ ਪਾਪੀ ਪੇਟ ਦੀ ਅੱਗ ਅੱਗੇ ਗੋਡੇ ਟੇਕੀ ਬੈਠੇ ਹਨ। ਬਚਪਨ ਵੀ ਉਮਰ ਦੇ ਉਹਨਾਂ ਹੀ ਵਰ੍ਹਿਆਂ ‘ਚ ਆਉਂਦਾ ਹੈ, ਬੱਚੇ ਵੀ ਉਹੀ ਹੁੰਦੇ ਹਨ, ਖੇਡਾਂ ਵੀ ਉਹੀ ਖੇਡੀਆਂ ਜਾ ਸਕਦੀਆਂ ਹਨ ਪਰ ਬਚਪਨ ਸਿਰ ਐਨੀਆਂ ਪਰਿਵਾਰਕ ਮਜ਼ਬੂਰੀਆਂ ਨੇ ਕਿ ਉਹ ਬਾਲ ਘੱਟ ਹੰਢੇ ਵਰਤੇ ਬਜ਼ੁਰਗ ਵਧੇਰੇ ਪ੍ਰਤੀਤ ਹੁੰਦੇ ਹਨ। ਹੁਨਰ ਦੀ ਘਾਟ ਨਹੀਂ ਹੈ ਪਰ ਇਹ ਹੁਨਰ ਹੁਣ ਪਰਿਵਾਰਕ ਵਲਗਣਾਂ ਅੰਦਰ ਹੀ ਜਾਂ ਫਿਰ ਪਾਪੀ ਪੇਟ ਦੀ ਅੱਗ ਦੇ ਸੇਕ ਅੱਗੇ ਪਲਾਸਟਿਕ ਦੇ ਲਿਫਾਫੇ ਵਾਂਗ ਸੁੰਗੜ ਕੇ ਰਹਿ ਜਾਂਦਾ ਹੈ। ਗੱਲ ਕਰ ਰਹੇ ਸੀ ਕਿ ਜੇ ਹੁਨਰਮੰਦ ਬਚਪਨ ਨੂੰ ਯੋਗ ਮੌਕੇ ਮੁਹੱਈਆ ਹੋਣ, ਇਸੇ ਗੱਲ ਨਾਲ ਹੀ ਜੁੜੀ ਇੱਕ ਗੱਲ ਨੇ ਐਸਾ ਟੁੰਬਿਆ ਕਿ ਮਨ ਇਹ ਕਹਿਣ ਨੂੰ ਕਰੇ ਕਿ ਵਾਹ! ਨੀ ਮਾਂ ਦੀਏ ਸ਼ੇਰ ਬੱਚੀਏ…..!
  ਵਲਾਇਤ ਆਉਣ ਤੋਂ ਬਾਦ ਪਹਿਲੇ ਗੇੜੇ ਪਿੰਡ ਗਿਆ ਤਾਂ ਉਸ ਸਕੂਲ ‘ਚ ਜਾ ਕੇ ਸਾਥੀ ਅਧਿਆਪਕਾਂ ਨੂੰ ਮਿਲਣ ਦਾ ਮਨ ਕਰਿਆ ਜਿਹਨਾਂ ਨਾਲ ਉਸ ਸਕੂਲ ‘ਚ ਪੜ੍ਹਾਇਆ ਕਰਦਾ ਸਾਂ। ਵਲਾਇਤ ਵਿੱਚ ਖੇਡਾਂ ਦੇ ਮਿਆਰ ਬਾਰੇ ਗੱਲ ਕਰਦਿਆਂ ਮੇਰੇ ਪਰਮ ਮਿੱਤਰ ਅਧਿਆਪਕ ਜਸਵਿੰਦਰ ਜੱਸੀ ਨੇ ਮਾਣ ਨਾਲ ਦੱਸਿਆ ਕਿ ”ਤੇਰੇ ਮਗਰੋਂ ਅਸੀਂ ਪੰਜਵੀਂ ਜਮਾਤ ਵਾਲੇ ਜੁਆਕਾਂ ਦੀ ਕਬੱਡੀ ਦੀ ਐਸੀ ਟੀਮ ਤਿਆਰ ਕੀਤੀ ਕਿ ਚਾਰੇ ਪਾਸੇ ਹਿੰਮਤਪੁਰਾ- ਹਿੰਮਤਪੁਰਾ ਕਰਵਾ ਦਿੱਤੀ। ਆਪਣੇ ਜੁਆਕਾਂ ਨੇ ਘੁੱਗੀ ਨਹੀਂ ਖੰਘਣ ਦਿੱਤੀ ਐਤਕੀਂ ਕਿਸੇ ਦੀ, ਹੋਰ ਤਾਂ ਹੋਰ ਆਪਣੀ ਗੁਰਮੇਲ ਕੌਰ ਤਾਂ ਲਗਾਤਾਰ ਹੀ ਛੇ ਮੈਡਲ ਜਿੱਤ ਲਿਆਈ।” ਜੱਸੀ ਤੋਂ ਗੁਰਮੇਲ ਕੌਰ ਦਾ ਨਾਂ ਸੁਣਕੇ ਉਸ ਕੁੜੀ ਨੂੰ ਮਿਲਣ ਦਾ ਮਨ ਕੀਤਾ। ”ਜਾਓ ਬਈ ਇੱਕ ਜਣਾ ਗੁਰਮੇਲ ਕੌਰ ਨੂੰ ਬੁਲਾ ਕੇ ਲਿਆਓ।”,ਜੱਸੀ ਨੇ ਇੱਕ ਜੁਆਕ ਨੂੰ ਅਜੇ ਕਿਹਾ ਹੀ ਸੀ ਕਿ ਅਗਲੇ ਪਲ ਗੁਰਮੇਲ ਕੌਰ ਸਾਡੇ ਅੱਗੇ ਖੜ੍ਹੀ ਸੀ। ਬੌਰੀਆ ਸਿੱਖ ਪਰਿਵਾਰ ਨਾਲ ਸੰਬੰਧਤ ਉਹ ਕੁੜੀ ਦੇਖਣ ਨੂੰ ਹੀ ਅਥਲੀਟ ਜਿਹੀ ਲੱਗ ਰਹੀ ਸੀ, ਚੁਸਤ ਫੁਰਤੀਲੀ। ਚੁਸਤ ਅਤੇ ਦਮ ਦੀ ਪੱਕੀ ਹੋਣਾ ਸੁਭਾਵਿਕ ਸੀ ਕਿਉਂਕਿ ਜਿਸ ਪਰਿਵਾਰ ਵਿੱਚ ਉਹ ਜਨਮੀ ਹੋਈ ਹੈ ਉਹ ਹਰ ਵੇਲੇ ਬਿਜੜੇ ਵਾਂਗ ਹੱਥਾਂ ਦੀ ਕਿਰਤ ਕਰਕੇ ਕਬੀਲਾ ਪਾਲਣ ਵਾਲੇ ਲੋਕਾਂ ‘ਚੋਂ ਜੋ ਸੀ। ਜਿਲ੍ਹੇ ਦੇ ਜੁਆਕਾਂ ‘ਚੋਂ ਸਾਇਦ ਉਹ ‘ਕੱਲੀ ਹੀ ਹੋਵੇਗੀ ਜਿਸਨੇ ਵਿਅਕਤੀਗਤ ਮੁਕਾਬਲਿਆਂ ‘ਚ ਛੇ ਮੈਡਲ ਜਿੱਤੇ ਸਨ। ਬੱਚਿਆਂ ਵਿੱਚ ਪੜ੍ਹਾਈ ਦੇ ਨਾਲ ਨਾਲ ਖੇਡਾਂ ਪ੍ਰਤੀ ਵੀ ਰੁਚੀ ਪੈਦਾ ਕਰਨ ਬਾਰੇ ਗੱਲਾਂ ਹੁੰਦੀਆਂ ਰਹੀਆਂ। ਸ਼ਾਮ ਨੂੰ ਬਾਕੀ ਮਿੱਤਰਾਂ ਨੂੰ ਪਿੰਡ ਦਾ ਪੂਰਾ ਚੱਕਰ ਲਾ ਕੇ ਮਿਲਣ ਜਾਣ ਲਈ ਜੱਸੀ ਨੂੰ ਕਹਿ ਕੇ ਮੈਂ ਮੁੜ ਆਇਆ। ਸ਼ਾਮ ਹੋਈ, ਮੈਂ ਤੇ ਜੱਸੀ ਪਿੰਡ ਦੀ ਫਿਰਨੀ ਫਿਰਨੀ ਜਾ ਰਹੇ ਸਾਂ ਕਿ ਇੱਕ ਫਟੇ-ਪੁਰਾਣੇ ਜਿਹੇ ਕੱਪੜੇ ਪਹਿਨੀ ਇੱਕ ਜੁਆਕੜੀ ਚੁਗ ਕੇ ਲਿਆਂਦੇ ਬਾਲਣ ਦਾ ਭਰਿਆ ਰੇਹੜਾ ਖੁਦ ਖਿੱਚੀ ਲਈ ਜਾ ਰਹੀ ਸੀ। ”ਆਪਣੇ ਜੁਆਕ ਵਿਚਾਰੇ ਸੁਆਹ ਪੀ.ਟੀ. ਊਸ਼ਾਂ ਵਰਗੇ ਬਣ ਜਾਣਗੇ।”, ਜੱਸੀ ਦੇ ਮੂੰਹੋਂ ਨਿਕਲੇ ਅਚਾਨਕ ਇਹਨਾਂ ਸ਼ਬਦਾਂ ਨੇ ਮੇਰਾ ਧਿਆਨ ਖਿੱਚਿਆ। ”ਆਹ ਦੇਖਲਾ, ਆਪਣੀ ਗੁਰਮੇਲ ਕੌਰ ਸਕੂਲ ਤੋਂ ਬਾਦ ਟਿੱਬਿਆਂ ‘ਚੋਂ ਆਪਣੀ ਮਾਂ ਨਾਲ ਬਾਲਣ ਚੁਗ ਕੇ ਲਿਆਈ ਆ, ਅਜੇ ਸਕੂਲ ਦਾ ਕੰਮ ਕਰਨਾ ਹੋਊਗਾ ਵਿਚਾਰੀ ਨੇ।”, ਸਚਮੁੱਚ ਹੀ ਬਾਲਣ ਵਾਲਾ ਰੇਹੜਾ ਖਿੱਚੀ ਲਿਆ ਰਹੀ ਕੁੜੀ ਛੇ ਮੈਡਲ ਜਿੱਤਣ ਵਾਲੀ ‘ਸਾਡੀ’ ਗੁਰਮੇਲ ਕੌਰ ਹੀ ਸੀ। ਸਕੂਲ ਵਿੱਚ ਸਜੀ ਸੰਵਰੀ, ਚੁਸਤ-ਦਰੁਸਤ ਦਿਸ ਰਹੀ ਗੁਰਮੇਲ ਕੌਰ ਹੁਣ ਥਕਾਵਟ ਨਾਲ ਚੂਰ ਹੋਈ ਕਿਸੇ ਹੰਢੇ ਹੋਏ ਕਾਮੇ ਵਾਂਗ ਰੇਹੜੇ ਨੂੰ ਸੋਚਾਂ ‘ਚ ਗੁੰਮੀ ਹੋਈ ਘਰ ਵੱਲ ਨੂੰ ਲਈ ਜਾ ਰਹੀ ਸੀ। ਉਸ ਤੋਂ ਬਾਦ ਘਰ ਤੱਕ ਮੈਂ ਤੇ ਜੱਸੀ ਇੱਕ ਦੂਜੇ ਨਾਲ ਨਾ ਬੋਲੇ, ਮੇਰਾ ਮਨ ਉਸ ਭਵਿੱਖ ਦੀ ਅਥਲੀਟ ਦੇ ‘ਹਨੇਰੇ ਭਵਿੱਖ’ ਦੀਆਂ ਸੋਚਾਂ ਵਿੱਚ ਗੁਆਚਿਆ ਹੋਇਆ ਸੀ ਕਿ ਅਸੀਂ ਘਰ ਪਹੁੰਚ ਗਏ। ਇਸ ਸੋਚ ਦਾ ਉੱਭਰਨਾ ਸੁਭਾਵਿਕ ਹੈ ਕਿ ਤੰਗੀਆਂ ਤੁਰਸੀਆਂ ਨਾਲ ਦੋ ਹੱਥ ਕਰਦੇ ਬਾਲ ਕਦ ਆਪਣਾ ਬਚਪਨ ਮਾਨਣ ਦੇ ਸਮਰੱਥ ਹੋਣਗੇ? ਇਹ ਤਾਂ ਸਿਰਫ ਇੱਕ ਉਹ ਗੁਰਮੇਲ ਕੌਰ ਹੈ ਜਿਸਨੂੰ ਬਾਲ-ਉਮਰੇ ਗੂੜ੍ਹ ਸੰਘਰਸ਼ ਦੀ ਚੱਕੀ ‘ਚ ਪਿਸਦਿਆਂ ਦੇਖ ਕੇ ਇਹ ਸਤਰਾਂ ਹੋਂਦ ‘ਚ ਆਈਆਂ ਪਰ ਦੇਸ਼ ‘ਚ ਲੱਖਾਂ ਹੀ ਅਜਿਹੇ ਬਾਲ ਹੋਰ ਵੀ ਹੋਣਗੇ ਜਿਹਨਾਂ ਦਾ ਅਣ-ਤਰਾਸ਼ਿਆਂ ਹੁਨਰ ਜਾਂ ਕੁਝ ਕਰ ਗੁਜ਼ਰਨ ਦੇ ਸੁਪਨੇ ਲਾਚਾਰ ਹੋ ਕੇ ਦੋ ਡੰਗ ਦੀ ਰੋਟੀ ਦੇ ਫਿਕਰ ਅੱਗੇ ਨੀਵੀਂ ਪਾ ਕੇ ਬਹਿ ਜਾਂਦੇ ਹੋਣਗੇ। ਅਜਿਹੇ ‘ਮਰਜੀਵੜਿਆਂ’ ਦਾ ਜ਼ਿਕਰ ਵੀ ਜਰੂਰ-ਬਰ-ਜਰੂਰ ਹੋਣਾ ਚਾਹੀਦਾ ਹੈ-
”ਆਓ ਗੱਲ ਕਰੀਏ
ਉਹਨਾਂ ਦੀ
ਜੋ ‘ਮਰਜੀਵੜੇ’ ਨੇ
ਪਹਿਲੀ ਕਿਲਕਾਰੀ ਤੋ।
ਜੇ ਨਾ ਜ਼ਿਕਰ ਕੀਤਾ
ਤਾਂ ਗੁਨਾਂਹ ਹੋਵੇਗਾ,
ਛੁਪੇ ਰਹਿ ਜਾਣਗੇ
ਖਲਕਤ ਸਾਰੀ ਤੋ….!”
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
mandeepkhurmi4u@gmail.com

Install Punjabi Akhbar App

Install
×