ਆਪਣੇ ਆਪ ਨੂੰ ਖੱਬੀ ਖਾਨ ਕਹਾਉਂਦੇ ਖਿਡਾਰੀਆਂ ਦੀਆਂ ਲੋਟਣੀਆਂ ਲਵਾ ਦਿੰਦਾ ਸੀ ਧੱਕੜ ਕਬੱਡੀ ਖਿਡਾਰੀ ਬਿੱਲਾ ਤਲਵੰਡੀ ਵਾਲਾ


maney moga 190719 article bill TALWANDI A

ਫਿਰੋਜ਼ਪੁਰ ਜਿਲ੍ਹੇ ਦੇ ਅਧੀਨ ਆਉਂਦਾ ਪਿੰਡ ਤਲਵੰਡੀ ਭਾਈ ਖੇਤੀਬਾੜੀ ਦੇ ਸੰਦ ਬਣਾਉਣ ਲਈ ਦੁਨੀਆਂ ਭਰ ਵਿਚ ਮਸ਼ਹੂਰ ਹੈ। ਜੇ ਗੱਲ ਕਰੀਏ ਖੇਡਾਂ ਦੇ ਖੇਤਰ ਦੀ ਤਾਂ ਸਭ ਤੋਂ ਪਹਿਲਾਂ ਕਬੱਡੀ ਦੇ ਪ੍ਰਸਿੱਧ ਖਿਡਾਰੀ ਬਲਵਿੰਦਰ ਬਰਾੜ ਦਾ ਨਾਮ ਜ਼ੁਬਾਨ ‘ਤੇ ਆ ਜਾਂਦਾ ਹੈ। ਜਿਹੜਾ ਬਿੱਲਾ ਤਲਵੰਡੀ ਵਾਲੇ ਦੇ ਨਾਮ ਨਾਲ ਖੇਡ ਜਗਤ ਵਿਚ ਮਸ਼ਹੂਰ ਹੋਇਆ। ਤਲਵੰਡੀ ਭਾਈ ਦੇ ਰਹਿਣ ਵਾਲੇ ਸੁਤੰਤਰਤਾ ਸੰਗਰਾਮੀ ਤੇ ਪ੍ਰਸਿੱਧ ਪਹਿਲਵਾਨ ਸ. ਕਰਨੈਲ ਸਿੰਘ ਬਰਾੜ ਦੇ ਘਰ ਮਾਤਾ ਸ੍ਰੀਮਤੀ ਸੁਰਜੀਤ ਕੌਰ ਦੀ ਕੁੱਖੋਂ 1960 ਵਿਚ ਬਲਵਿੰਦਰ ਸਿੰਘ ਨੇ ਜਨਮ ਲਿਆ। ਪਿਤਾ ਭਲਵਾਨ ਸੀ ਤੇ ਘਰ ਖੁੱਲ੍ਹੀ ਡੁੱਲੀ ਖੁਰਾਕ ਹੋਣ ਕਰਕੇ ਬਲਵਿੰਦਰ ਸਿੰਘ ਬਚਪਨ ਵਿਚ ਹੀ ਨਿੱਗਰ ਸਰੀਰ ਦਾ ਮਾਲਕ ਬਣ ਗਿਆ। ਜਦ ਘਰ ਵਿਚ ਖੇਡਾਂ ਦਾ ਮਾਹੌਲ ਹੁੰਦਾ ਤਾਂ ਜ਼ਾਹਰ ਹੈ ਕਿ ਬੱਚਿਆਂ ਦਾ ਮੋਹ ਗਰਾਉਂਡ ਨਾਲ ਅਕਸਰ ਹੀ ਪੈ ਜਾਂਦਾ ਹੈ। ਬਲਵਿੰਦਰ ਵੀ ਆਪਣੇ ਆੜੀਆਂ ਨਾਲ ਕੌਡੀ ਬਾਡੀ ਖੇਡਣ ਲੱਗਾ।
ਥੋੜ੍ਹਾ ਵੱਡਾ ਹੋਇਆ ਤਾਂ ਤਲਵੰਡੀ ਭਾਈ ਦੇ ਗੌਰਮਿੰਟ ਸਕੂਲ ਵਿਚ ਦਾਖਲ ਹੋ ਗਿਆ। ਉੱਥੇ ਵੀ ਉਹ ਹਾਣੀਆਂ ਨਾਲ ਟੀਮ ਬਣਾ ਕੇ ਖੇਡਦਾ ਰਹਿੰਦਾ ਤੇ ਘਰ ਆਏ ਨੂੰ ਮਾਂ ਦੇਸੀ ਘਿਓ ਦੀ ਚੂਰੀ ਖਵਾਉਂਦੀ। ਪਹਿਲਾਂ ਪਹਿਲ ਉਸ ਨੇ ਸਕੂਲ ਵੱਲੋਂ 800 ਅਤੇ 1500 ਮੀਟਰ ਦੀਆਂ ਦੌੜਾਂ ਵਿਚ ਹਿੱਸਾ ਲਿਆ ਤੇ ਪਹਿਲਾ ਸਥਾਨ ਹਾਸਲ ਕਰਕੇ ਮਾਂ-ਬਾਪ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ, ਪਰ ਉਸ ਦਾ ਬਹੁਤਾ ਧਿਆਨ ਕਬੱਡੀ ਵਿਚ ਹੀ ਸੀ। ਸਕੂਲ ਦੀ ਟੀਮ ਬਣਾ ਕੇ ਉਹ ਅਕਸਰ ਹੀ ਅਭਿਆਸ ਕਰਦਾ ਰਹਿੰਦਾ। ਉਸ ਦੀ ਮਿਹਨਤ ਤੋਂ ਉਸ ਦੇ ਘਰਦਿਆਂ ਨੇ ਭਾਂਪ ਲਿਆ ਸੀ ਕਿ ਉਹ ਇਕ ਦਿਨ ਜ਼ਰੂਰ ਚੋਟੀ ਦਾ ਕਬੱਡੀ ਖਿਡਾਰੀ ਬਣੇਗਾ। ਫਿਰ ਉਸ ਨੇ 1975-76 ਵਿਚ ਮੋਗੇ ਆਈ.ਟੀ.ਆਈ. ਵਿਚ ਦਾਖਲਾ ਲੈ ਲਿਆ, ਜਿੱਥੇ ਉਹ ਖੇਡ ਜਗਤ ਵਿਚ ਬਲਵਿੰਦਰ ਤੋਂ ਬਿੱਲਾ ਤਲਵੰਡੀ ਵਾਲਾ ਦੇ ਨਾਮ ਨਾਲ ਪ੍ਰਸਿੱਧ ਹੋ ਗਿਆ। ਜਿੱਥੇ ਉਸ ਨੇ ਪੰਜਾਬ ਪੱਧਰ ਦੇ ਮੈਚ ਖੇਡੇ ਤੇ ਜਿੱਤਾਂ ਦਰਜ ਕੀਤੀਆਂ। ਬੱਸ ਫਿਰ ਕੀ ਸੀ, ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ, ਖੁੱਲ੍ਹੀ-ਡੁੱਲੀ ਖੁਰਾਕ ਰੱਜਵੀਂ ਮਿਹਨਤ ਨਾਲ ਉਹ ਇਕ ਜਰਵਾਨਾ ਗੱਭਰੂ ਤੇ ਲੋਹੜੇ ਦੀ ਤਾਕਤ ਵਾਲੇ ਸਰੀਰ ਦਾ ਮਾਲਕ ਬਣ ਗਿਆ। ਤਲਵੰਡੀ ਭਾਈ ਵੱਲੋਂ ਵਜ਼ਨੀ ਮੁਕਾਬਲੇ ਖੇਡਦਿਆਂ ਬਿੱਲੇ ਨੇ ਧਨ-ਧਨ ਕਰਵਾ ਦਿੱਤੀ। ਇਲਾਕੇ ਦੇ ਪਿੰਡਾਂ ਵਿਚ ਬਿੱਲਾ ਬਿੱਲਾ ਹੋ ਗਈ।

ਉਸ ਦੀ ਖਾਸ ਗੱਲ ਇਹ ਸੀ, ਜਿੱਥੇ ਉਹ ਚੋਟੀ ਦਾ ਰੇਡਰ ਸੀ, ਉੱਥੇ ਧੱਕੜ ਜਾਫੀ ਵੀ ਕਮਾਲ ਦਾ ਸੀ। ਜਿੱਥੇ ਉਹ ਚੋਟੀ ਦੇ ਜਾਫੀਆਂ ਉੱਤੇ ਚੜ੍ਹ-ਚੜ੍ਹ ਧਾਵੇ ਬੋਲਦਾ, ਉੱਥੇ ਕਹਿੰਦੇ-ਕਹਾਉਂਦੇ ਧਾਵੀਆਂ ਦੇ ਵੀ ਨਾਗ ਵਲ ਪਾ ਲੈਂਦਾ ਸੀ। ਜਿਸ ਕਰਕੇ ਉਹ ਕਈ ਵਾਰ ਕੱਲਾ ਹੀ ਟੀਮ ਨੂੰ ਜਿੱਤ ਦਵਾ ਜਾਂਦਾ ਸੀ, ਜਿੱਥੇ ਇਹ ਗੱਭਰੂ ਖੇਡਦੇ ਲੋਕੀਂ ਦੂਰੋਂ-ਦੂਰੋਂ ਤੱਕਣ ਆਉਂਦੇ ਕਿ ਅੱਜ ਤਲਵੰਡੀ ਵਾਲੇ ਬਿੱਲੇ ਨੇ ਖੇਡਣਾ.. ਅਨੇਕਾਂ ਟੂਰਨਾਮੈਂਟ ‘ਤੇ ਉਹ ਜਿੱਥੇ ਵਧੀਆ ਧਾਵੀ ਵਜੋਂ ਸਨਮਾਨ ਪ੍ਰਾਪਤ ਕਰਦਾ, ਉੱਥੇ ਕਈ ਟੂਰਨਾਮੈਂਟਾਂ ‘ਤੇ ਉਹ ਵਧੀਆ ਜਾਫੀ ਵਜੋਂ ਵੀ ਸਨਮਾਨ ਹਾਸਲ ਕਰਦਾ। ਤਲਵੰਡੀ ਭਾਈ ਦੀ ਓਪਨ ਟੀਮ ਵੱਲੋਂ ਉਸ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ, ਫਿਰ ਉਹ 1980 ਵਿਚ ਆਪਣੀ ਭੈਣ ਕੋਲ ਸਿੰਗਾਪੁਰ ਚਲਾ ਗਿਆ, ਉੱਥੇ ਵੀ ਬਿੱਲੇ ਦੀ ਖੇਡ ਦੇ ਦੀਵਾਨੇ ਸਨ, ਉਹ ਜਦੋਂ ਉੱਥੇ ਵਿਸਾਖੀ ਦੇ ਮੇਲੇ ‘ਤੇ ਟੂਰਨਾਮੈਂਟ ਖੇਡਿਆ ਤਾਂ ਖਿਡਾਰੀਆਂ ਨੂੰ ਦੱਸ ਦਿੱਤਾ ਕਿ ਬਿੱਲਾ ਕਿਸ ਸ਼ੈਅ ਦਾ ਨਾਮ ਆ..ਦਰਸ਼ਕ ਅਸ਼ ਅਸ਼ ਕਰ ਉੱਠੇ ਉਸ ਦੀ ਖੇਡ ਵੇਖ ਕੇ..ਸਿੰਗਾਪੁਰ ਖਾਲਸਾ ਕਬੱਡੀ ਕਲੱਬ ਨੇ ਬਿੱਲੇ ਨੂੰ ਆਪਣੀ ਟੀਮ ਵਿਚ ਭਰਤੀ ਕਰ ਲਿਆ ਤੇ ਕਲੱਬ ਨੇ ਉਸ ਨੂੰ ਵਰਕ ਪਰਮਿਟ ਲੈ ਦਿੱਤਾ।

maney moga 190719 article bill TALWANDI C

ਉਹ ਕਲੱਬ ਵੱਲੋਂ ਮਲੇਸ਼ੀਆ, ਇੰਡੋਨੇਸ਼ੀਆ, ਆਸਟ੍ਰੇਲੀਆ, ਥਾਈਲੈਂਡ, ਇੰਗਲੈਂਡ ਆਦਿ ਦੇਸ਼ਾਂ ਵਿਚ ਖੇਡਦਿਆਂ ਜਿੱਥੇ ਟੀਮ ਦੀ ਕਪਤਾਨੀ ਕੀਤੀ, ਖੇਡ ਪ੍ਰੇਮੀਆਂ ਦੇ ਦਿਲਾਂ ਵਿਚ ਘਰ ਕਰ ਗਿਆ। ਉਸ ਸਮੇਂ ਖੇਡ ਜਗਤ ਵਿਚ ਬਿੱਲੇ ਦੇ ਨਾਮ ਦੀ ਤੂਤੀ ਬੋਲਦੀ ਸੀ, ਉਸ ਨੇ ਤਕਰੀਬਨ 6 ਸਾਲ ਸਿੰਗਾਪੁਰ ਦੀ ਟੀਮ ਵੱਲੋਂ ਖੇਡਦਿਆਂ ਧਨ ਧਨ ਕਰਵਾ ਦਿੱਤੀ। ਅਨੇਕਾਂ ਗੋਲਡ ਮੈਡਲ, ਨਗਦ ਰਾਸ਼ੀ ਤੇ ਹੋਰ ਮਾਣ-ਸਨਮਾਨ ਹਾਸਲ ਕੀਤੇ। ਫਿਰ ਉਹ ਪੰਜਾਬ ਪਰਤਿਆ ਤਾਂ ਖੰਡ ਮਿੱਲ ਜ਼ੀਰਾ ਵਿਖੇ ਨੌਕਰੀ ਮਿਲ ਗਈ ਤੇ ਉਹ ਖੰਡ ਮਿੱਲ ਦੀ ਟੀਮ ਵੱਲੋਂ ਖੇਡਣ ਲੱਗਾ। ਫਿਰ ਉਹ ਸਿੰਗਾਪੁਰ ਪਰਤ ਗਿਆ ਤੇ ਜਿੱਥੇ ਹੋਰ ਦੇਸ਼ਾਂ ਵਿਚ ਖੇਡਦਾ-ਖੇਡਦਾ 1986 ਵਿਚ ਕੈਨੇਡਾ ਦੀ ਧਰਤੀ ‘ਤੇ ਪੁੱਜ ਗਿਆ ਤੇ ਫਿਰ ਉਹ ਕੈਨੇਡਾ ਦੀਆਂ ਕਬੱਡੀ ਕਲੱਬਾਂ ਵੱਲੋਂ ਖੇਡਣ ਲੱਗਾ, ਉਹ ਇੰਗਲੈਂਡ ਦੀ ਟੀਮ ਵੱਲੋਂ ਕੈਨੇਡਾ ਵਰਲਡ ਕੱਪ ਵੀ ਖੇਡਿਆ, ਜਿੱਥੇ ਉਸ ਦੀ ਖੇਡ ਦੀਆਂ ਗੱਲਾਂ ਘਰ-ਘਰ ਹੋਈਆਂ।

maney moga 190719 article bill TALWANDI B

ਸੰਨ 2001 ਵਿਚ ਯੌਰਕ ਯੂਨੀਵਰਸਿਟੀ ਵਿਚ ਓਨਟਾਰੀਓ ਕਬੱਡੀ ਕਲੱਬ ਵੱਲੋਂ ਕਰਵਾਏ ਮੈਚ ਵਿਚ ਕੈਨੇਡਾ ਦੀ ਟੀਮ ਵੱਲੋਂ 40 ਸਾਲ ਗੱਭਰੂਆਂ ਦੀ ਟੀਮ ਵੱਲੋਂ ਖੇਡਿਆ ਤੇ ਦੂਜੀ ਟੀਮ ਵਿਚ ਧੱਕੜ ਰੇਡਰ ਬਲਵਿੰਦਰ ਬਿੱਲੂ, ਸਵਰਨ ਇੰਗਲੈਂਡੀਆਂ ਵਰਗੇ ਖਿਡਾਰੀ ਸਨ, ਪਰ ਬਿੱਲੇ ਹੋਰਾਂ ਦੀ ਟੀਮ ਨੇ ਉਨ੍ਹਾਂ ਨੂੰ ਹਰਾ ਕੇ ਜਿੱਤ ਦਰਜ ਕੀਤੀ। ਅਨੇਕਾਂ ਮਾਣ-ਸਨਮਾਨ ਹਾਸਲ ਕੀਤੇ ਬਿੱਲੇ ਨੇ..ਖੇਡ ਜਗਤ ਵਿਚ ਇਕ ਵੱਡਾ ਨਾਮ ਹੈ ਬਿੱਲਾ ਤਲਵੰਡੀ ਦਾ..2012 ਵਿਚ ਪਿੰਡ ਮੋਹਰੀਆ ਵੱਲੋਂ ਗੋਲਡ ਮੈਡਲ ਨਾਲ ਤੇ ਪਿੰਡ ਡੋਡ ਦੀ ਪੰਚਾਇਤ ਵੱਲੋਂ 2 ਲੱਖ 51 ਹਜ਼ਾਰ ਨਾਲ ਬਿੱਲੇ ਨੂੰ ਸਨਮਾਨਿਤ ਕੀਤਾ ਗਿਆ ਉਸ ਦੀਆਂ ਖੇਡ ਪ੍ਰਾਪਤੀਆਂ ਨੂੰ ਦੇਖਦਿਆਂ ਆਪਣੇ ਸਮੇਂ ਦਾ ਉਹ ਵੱਡਾ ਮੱਲ ਸਾਬਤ ਹੋਇਆ ਖੇਡ ਜਗਤ ਦਾ। ਕਬੱਡੀ ਦੇ ਚੜ੍ਹਦੇ ਸੂਰਜ ਸਵ: ਹਰਜੀਤ ਬਰਾੜ ਬਾਜਾਖਾਨਾ ਨਾਲ ਭਰਾਵਾਂ ਵਰਗਾ ਪਿਆਰ ਸੀ ਬਿੱਲੇ ਦਾ..ਹਿੱਕ ਦੇ ਜ਼ੋਰ ਤੇ ਕੱਪ ਜਿੱਤਣ ਵਾਲਾ ਬਿੱਲਾ ਸਾਫ ਸੁਥਰੀ ਤੇ ਸਿਆਣੀ ਸੋਚ ਦਾ ਮਾਲਕ ਵੀ ਆ ਸੱਚੀ ਗੱਲ ਮੂੰਹ ‘ਤੇ ਕਹਿਣ ਦਾ ਆਦੀ ਤੇ ਸਮਾਜ ਸੇਵੀ ਵੀ ਆ..ਲੋੜਵੰਦ ਖਿਡਾਰੀਆਂ ਦੀ ਮਦਦ ਵੀ ਉਹ ਅਕਸਰ ਕਰਦਾ ਰਹਿੰਦਾ ਹੈ। ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਚ ਵੱਸਦਾ ਇਹ ਕਬੱਡੀ ਦਾ ਹੀਰਾ ਪੁੱਤ ਪੰਜਾਬ ਵਿਚ ਹੁੰਦੇ ਕਬੱਡੀ ਕੱਪਾਂ ਵਿਚ ਵੀ ਆਪਣਾ ਯੋਗਦਾਨ ਪਾਉਂਦਾ ਰਹਿੰਦਾ ਹੈ। ਮਾਂ ਖੇਡ ਕਬੱਡੀ ਦਾ ਇਹ ਬੱਬਰ ਸ਼ੇਰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹੇ।

(ਮਨੀ ਮੋਗਾ)
mogaspk@gmail.com

Install Punjabi Akhbar App

Install
×