ਅਣਵੱਜੀ ਜੁੱਤੀ ਦੇ ਮਾਮਲੇ ‘ਚ ਸਰਕਾਰੀ ਜ਼ੋਰ ਕਿਤੇ ਭਵਿੱਖ ‘ਚ ਅਨੇਕਾਂ ਹੋਰ ਵਿਕਰਮ ਤਾਂ ਪੈਦਾ ਨਹੀਂ ਕਰ ਦੇਵੇਗਾ???

Jutti-Muhim
ਅਜੋਕੇ ਲੋਕਤੰਤਰਿਕ ਯੁਗ ਵਿੱਚ ਜਨਤਾ ਆਪਣੇ ਰਾਜੇ ਨੂੰ ਖੁਦ ਵੋਟਾਂ ਪਾ ਕੇ ਚੁਣਦੀ ਹੈ। ਜੇਕਰ ਲੋਕ ਆਪਣੀ ਮੱਤ ਦਾ ਦਾਨ ਵੋਟ ਉਸ ਰਾਜੇ ਦੀ ਝੋਲੀ ਪਾਉਂਦੇ ਹਨ ਤਾਂ ਲੋਕਾਂ ਦੁਆਰਾ ਚੁਣੇ ਰਾਜੇ ਦਾ ਵੀ ਫਰਜ਼ ਬਣ ਜਾਂਦਾ ਹੈ ਕਿ ਉਹ ਆਪਣੀ ਜਨਤਾ ਦੇ ਦੁਖ ਸੁਖ ਵਿੱਚ ਭਾਈਵਾਲ ਹੋਵੇ। ਪਰ ਜਿਉਂ ਜਿਉਂ ਆਜ਼ਾਦੀ ਮਿਲਣ ਵਾਲਾ ਵਰ੍ਹਾ ਪਿਛਾਂਹ ਨੂੰ ਜਾ ਰਿਹਾ ਹੈ ਓਵੇਂ ਓਵੇਂ ਪੁਰਾਣੇ ਰਜਵਾੜਾਸ਼ਾਹੀ ਦੌਰ ਦੀਆਂ ਝਲਕਾਂ ਚਮਕਾਰੇ ਮਾਰਦੀਆਂ ਨਜ਼ਰੀਂ ਪੈ ਰਹੀਆਂ ਹਨ। ਲੋਕ ਆਪਣੇ ਹੀ ਦੁਆਰਾ ਚੁਣੇ ਰਾਜੇ ਤੋਂ ਦੂਰ ਹੋ ਜਾਂਦੇ ਹਨ। ਆਪਣੀਆਂ ਦੁੱਖਾਂ ਤਕਲੀਫਾਂ ਸੁਨਾਉਣ ਲਈ ਸਭ ਤੋਂ ਪਹਿਲਾਂ ਸੁਰੱਖਿਆ ਕਰਮੀਆਂ ਦਾ ਚੱਕਰਵਿਊ ਤੋੜਨਾ ਪੈਂਦਾ ਹੈ। ਜਿਹੜਾ ਭਾਗਸ਼ਾਲੀ ਇਸ ਚੱਕਰਵਿਊ ਤੋਂ ਅੱਗੇ ਲੰਘ ਜਾਂਦਾ ਹੈ, ਉਸਨੂੰ ਫਿਰ ਆਪਣੀ ਹੀ ਵੋਟ ਨਾਲ ਚੁਣੇ ਗਏ ਲੋਕ-ਪ੍ਰਤੀਨਿਧ ਨੂੰ ਮਿਲਣ ਲਈ ਅਤਿ ਨੇੜਲੇ ਜੀ-ਹਜੂਰਾਂ ਦਾ ਚੱਕਰਵਿਊ ਵੀ ਤੋੜਨਾ ਜਰੂਰੀ ਹੋ ਜਾਂਦਾ ਹੈ। ਇਸੇ ਦੂਰੀ ਕਰਕੇ ਹੀ ਆਮ ਆਦਮੀ ਆਪਣੇ ਦੁਆਰਾ ਚੁਣੇ ਨੇਤਾ ਦੇ ਵਾਅਦਿਆਂ ਨੂੰ ਵੀ ਲਾਰੇ ਮੰਨਣ ‘ਚ ਭਲੀ ਸਮਝਣ ਲੱਗ ਪਿਐ। ਸੂਬੇ ਹੀ ਨਹੀਂ ਸਗੋਂ ਦੇਸ਼ ਦੇ ਜਿੰਮੇਵਾਰ ਲੋਕ-ਪ੍ਰਤੀਨਿਧਾਂ ਵੱਲੋਂ ਅੱਡੀਆਂ ਚੁੱਕ ਚੁੱਕ ਦਾਗੇ ਜਾਂਦੇ ਬਿਆਨ ਕਿਸੇ ਧਾਹਾਂ ਮਾਰ ਮਾਰ ਰੋਂਦੇ ਅਤਿ ਦੁਖੀ ਇਨਸਾਨ ਨੂੰ ਵੀ ਠਹਾਕੇ ਮਾਰ ਹੱਸਣ ਲਈ ਮਜ਼ਬੂਰ ਕਰ ਸਕਦੇ ਹਨ। ਸੱਤਾ ਦਾ ਨਿੱਘ ਮਾਣਦਿਆਂ ਖੌਰੇ ਉਹ ਖੁਦ ਨੂੰ ਵਧੇਰੇ ਸਿਆਣੇ ਸਮਝਣ ਲਗਦੇ ਹਨ ਜਾਂ ਫਿਰ ਲੋਕਾਂ ਨੂੰ ਭੌਂਦੂ ਸ਼ਾਹ ਮੰਨਣ ਲਗਦੇ ਹਨ? ਇਹ ਤਾਂ ਉਹੀ ਜਾਣਦੇ ਹਨ ਪਰ ਇੱਕ ਗੱਲ ਜਰੂਰ ਸਾਹਮਣੇ ਆ ਰਹੀ ਹੈ ਕਿ ਲੋਕ ਸਿਰਫ ਤੇ ਸਿਰਫ ਵੋਟਪਾਊ ਸੰਦ ਵਜੋਂ ਹੀ ਵਰਤੇ ਜਾ ਰਹੇ ਹਨ।
ਕਿਸੇ ਵੀ ਸਰਕਾਰ ਨੂੰ ਗਤੀਸ਼ੀਲ ਰੱਖਣ, ਉਸਦੀਆਂ ਖਾਮੀਆਂ ਨੂੰ ਸ਼ੀਸ਼ਾ ਦਿਖਾਉਣ ਲਈ ਵਿਰੋਧੀ ਧਿਰ ਆਪਣਾ ਰੋਲ ਅਦਾ ਕਰਦੀ ਹੈ ਪਰ ਅਜੋਕੇ ਦੌਰ ਵਿੱਚ ਕਦੇ ਕਦੇ ਸੱਤਾਧਿਰ ਅਤੇ ਵਿਰੋਧੀ ਧਿਰਾਂ ਵੀ ਰਲ ਕੇ ਮੈਚ ਖੇਡਦੀਆਂ ਪ੍ਰਤੀਤ ਹੁੰਦੀਆਂ ਹਨ। ਕਈ ਵਾਰ ਅਜਿਹੇ ਹਾਲਾਤ ਵੀ ਬਣਾ ਲਏ ਜਾਂਦੇ ਹਨ ਕਿ ਬੇਸ਼ੱਕ ਵਿਰੋਧੀ ਧਿਰ ਸਚਮੁੱਚ ਹੀ ਕਿਸੇ ਸਮੱਸਿਆ ਪ੍ਰਤੀ ਗੰਭੀਰ ਹੋਵੇ ਪਰ “ਮੈਂ ਨਾ ਮਾਨੂੰ” ਵਾਲਾ ਰਾਗ ਨਹੀਂ ਛੱਡਿਆ ਜਾਂਦਾ। ਅਜਿਹੇ ਫੈਸਲੇ ਜਿੱਥੇ ਹੈਂਕੜ ਪੁਗਾਉਣ ਦਾ ਜਰੀਆ ਬਣਦੇ ਹਨ ਉੱਥੇ ਲੋਕਾਂ ਲਈ ਘਾਤਕ ਜ਼ਹਿਰ ਤੋਂ ਵੀ ਵਧੇਰੇ ਮਾਰੂ ਹੋ ਨਿੱਬੜਦੇ ਹਨ। ਉਦਾਹਰਣ ਵਜੋਂ ਬੀਤੇ ਸਮੇਂ ‘ਚ ਰਾਹੁਲ ਗਾਂਧੀ ਨੇ ਪੰਜਾਬ ਦੀ ਨੌਜ਼ਵਾਨੀ ਦੇ ਨਸ਼ਿਆਂ ਦੀ ਜਕੜ ‘ਚ ਆਉਣ ਬਾਰੇ ਬਿਆਨ ਦਿੱਤਾ ਤਾਂ ਉਸਨੂੰ ਸਭ ‘ਹਲਾ-ਹਲਾ’ ਕਰਕੇ ਪੈ ਨਿੱਕਲੇ ਕਿ ਉਹ ਪੰਜਾਬ ਦਾ ਨਾਂਅ ‘ਬੱਦੂ’ ਕਰ ਰਿਹੈ…..ਕਾਂਗਰਸ ਪੰਜਾਬੀਆਂ ਨੂੰ ਨਸ਼ਈ ਬਨਾਉਣ ਦਾ ਕੋਝਾ ਯਤਨ ਕਰ ਰਹੀ ਹੈ ਵਗੈਰਾ ਵਗੈਰਾ। ਰਾਹੁਲ ਗਾਂਧੀ ‘ਹਾਏ ਹਾਏ’ ਹੋਈ, ਪੁਤਲੇ ਵੀ ਫੂਕੇ। ਉਹਨਾਂ ਸੜੇ ਪੁਤਲਿਆਂ ਦਾ ਧੂੰਆਂ ਅਜੇ ਅਸਮਾਨ ਵਿੱਚ ਹੀ ਕਿੱਧਰੇ ਹੋਵੇਗਾ ਕਿ ਪੰਜਾਬ ਦੀ ਪੁਲਿਸ ਨੇ ਕਰੋੜਾਂ ਅਰਬਾਂ ਦੇ ਰਸਾਇਣਕ ਨਸ਼ਿਆਂ ਦੇ ਸੌਦਾਗਰਾਂ ਨੂੰ ਕਾਬੂ ਕਰਨ ਦਾ ਕਾਰਨਾਮਾ ਕਰ ਦਿਖਾਇਆ। ਇਸ ਕਾਰਨਾਮੇ ਨੇ ਰਾਹੁਲ ਗਾਂਧੀ ਦੇ ਬਿਆਨ ‘ਤੇ 20 ਕੁ ਫੀਸਦੀ ਮੋਹਰ ਤਾਂ ਲਾ ਦਿੱਤੀ ਕਿ ਜੇ ਪੰਜਾਬ ਦੀ ਸੱਤਾਧਾਰੀ ਧਿਰ ਪੰਜਾਬ ਦੇ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਨਸ਼ਿਆਂ ਬਾਰੇ ਅੰਕੜਿਆਂ ਨੂੰ ਨਕਾਰ ਰਹੀ ਹੈ ਤਾਂ ਇਹ ਨਸ਼ੇ ਵੇਚਣ ਵਾਲੇ ਵੀ ਤਾਂ ਪੰਜਾਬੀ ਹੀ ਹਨ?? ਜਦੋਂ ਜਗ੍ਹਾ ਜਗ੍ਹਾ ਤੋਂ ਸਰਕਾਰ ਨੂੰ ਪੰਜਾਬ ਵਿੱਚ ਹੈਰੋਇਨ ਸਮੈਕ ਵਰਗੇ ਨਸ਼ਿਆਂ ਦੀ ਖਪਤ ਅਤੇ ਕੁਝ ਕੁ ਸਮੇਂ ‘ਚ ਮੱਚੀ ਹਾਹਾਕਾਰ ਨੇ ਝੰਜੋੜਿਆ ਤਾਂ ਸੂਬੇ ਦੇ ਰਾਜਾ ਸਾਹਿਬ ਖੁਦ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ‘ਚ ‘ਨਸ਼ਾ ਛੁਡਾਊ’ ਕੇਂਦਰਾਂ ਦਾ ਉਦਘਾਟਨ ਕਰਦੇ ਅਖਬਾਰਾਂ ਦੀਆਂ ਸੁਰਖੀਆਂ ਦਾ ਸ਼ਿੰਗਾਰ ਬਣੇ। ਇਸ ਉਦਘਾਟਨੀ ਰਸਮ ਨੇ ਰਾਹੁਲ ਦੇ ਬਿਆਨ ਦੇ ਬਾਕੀ ਬਚਦੇ 80 ਫੀਸਦੀ ਹਿੱਸੇ ਉੱਪਰ ਵੀ ਮੋਹਰ ਲਗਾ ਦਿੱਤੀ ਕਿ ਵਾਕਿਆ ਹੀ ਪੰਜਾਬ ਨੂੰ ਅੱਜ ਨਸ਼ੇ ਦੀ ਅਲਾਮਤ ਤੋਂ ਬਚਾਉਣ ਵਾਲਾ ਕੋਈ ਨਹੀਂ। ਕੁਝ ਕੁ ਦਿਨਾਂ ਦੀ ਗਰਮਾ ਗਰਮੀ ਤੋਂ ਬਾਦ ਹੁਣ ਉਹਨਾਂ ਨਸ਼ਾ ਛੁਡਾਊ ਕੇਂਦਰਾਂ ਦਾ ਕੀ ਹਾਲ ਹੈ? ਸ਼ਾਇਦ ਉਹਨਾਂ ਸ਼ਹਿਰਾਂ ਪਿੰਡਾਂ ਦੇ ਲੋਕਾਂ ਨੂੰ ਵੀ ਖ਼ਬਰ ਨਾ ਹੋਵੇ।
ਜਨਤਾ ਆਪਣੇ ਪ੍ਰਤੀਨਿਧ ਰਾਜੇ ਤੋਂ ਉਮੀਦਾਂ ਪਾਲੀ ਬੈਠੀ ਹੁੰਦੀ ਹੈ ਕਿ ਉਹਨਾਂ ਦੇ ਦੁੱਖ ਸੁੱਖ ‘ਚ ਉਹਨਾਂ ਦਾ ਰਾਜਾ ਜਰੂਰ ਸ਼ਰੀਕ ਹੋਵੇਗਾ। ਪਰ ਉਸ ਸਮੇਂ ਉਹ ਲੋਕ ਵੀ ਠੱਗੇ ਜਿਹੇ ਜਰੂਰ ਮਹਿਸੂਸ ਹੁੰਦੇ ਹੋਣਗੇ ਜਦੋਂ ਉਹਨਾਂ ਦੇ ਚੁਣੇ ਪ੍ਰਤੀਨਿਧ ਪੱਤਰਕਾਰਾਂ ਦੇ ਇਕੱਠ ਜਾਂ ਫਿਰ ਵੱਡੇ ਵੱਡੇ ਸਜੇ ਹੋਏ ਪੰਡਾਲਾਂ ਦੇ ਕੰਨਪਾੜੂ ਸਪੀਕਰਾਂ ਰਾਹੀਂ ਬੋਲਦੇ ਹੋਣ ਕਿ “ਹੁਣ ਦੰਦਾਂ ਹੇਠਾਂ ਜੀਭ ਹੀ ਹੈ, ਤੁਹਾਡੇ ਟਿਊਬਵੈੱਲ 24 ਘੰਟੇ ਚੱਲਿਆ ਕਰਨਗੇ।” ਵਗੈਰਾ ਵਗੈਰਾ…….ਪਰ ਉਸ ਸਮੇਂ ਉਹ ‘ਵਾਅਦਾ’ ਸ਼ਬਦ ਨੂੰ ਵੀ ‘ਲਾਰਾ’ ਸ਼ਬਦ ਦਾ ਸਮਾਨਆਰਥਿਕ ਹੀ ਸਮਝਦੇ ਹੋਣਗੇ ਜਦੋਂ ਉਹਨਾਂ ਨੂੰ ਬਿਜਲੀ ਦੀ ਥੁੜੋਂ ਕਾਰਨ ਹੱਥੀਂ ਲਾਇਆ ਝੋਨਾ ਵੀ ਵਾਹੁਣਾ ਪੈਂਦਾ ਹੋਵੇ। ਤੇ ਜਦੋਂ ਰਾਤ ਨੂੰ ਬਿਜਲੀ ਨਾ ਹੋਣ ‘ਤੇ ਮੱਛਰ ਦੇ ਡੰਗਾਂ ਤੋਂ ਹਾਲੋਂ ਬੇਹਾਲ ਜੁਆਕ ਚੀਕ ਚਿਹਾੜਾ ਪਾਉਂਦੇ ਹੋਣ। ਉਹ ਕਿਸ ਗੱਲ ‘ਤੇ ਯਕੀਨ ਕਰਨਗੇ?? ਕੁਝ ਮਹੀਨੇ ਪਹਿਲਾਂ ਦਿੱਤੇ ਉਸ ਬਿਆਨ ਦਾ ਜਿਸ ਵਿੱਚ ਉਪ ਰਾਜਾ ਸਾਹਿਬ ਪੱਤਰਕਾਰਾਂ ਨੂੰ ਕਹਿ ਰਹੇ ਹਨ ਕਿ “ਕੋਲਾ ਵਾਧੂ ਹੈ ਬਿਜਲੀ ਲਈ…..ਅੱਗ ਉੱਗ ਲਾਉਣ ਲਈ ਚਾਹੀਦਾ ਤਾਂ ਦੱਸੋ?” ਜਾਂ ਫਿਰ ਕੁਝ ਮਹੀਨੇ ਬਾਦ ਹੀ ਦਿੱਤੇ ਉਸ ਬਿਆਨ ਦਾ, ਜਿਸ ਵਿੱਚ ਉਹ ਕਹਿ ਰਹੇ ਹਨ ਕਿ “ਕੋਲੇ ਦੀ ਸਪਲਾਈ ‘ਚ ਆਈ ਖੜੋਤ ਕਾਰਨ ਬਿਜਲੀ ਉਤਪਾਦਨ ਨਹੀਂ ਹੋ ਰਿਹਾ।”……..ਜਦੋਂ ਵੀ ਕਦੇ ਕੋਈ ਪੱਤਰਕਾਰ ਪੰਜਾਬ ਦੀਆਂ ਸਮੱਸਿਆਵਾਂ ਦੀ ਬਾਤ ਪਾਉਂਦਾ ਸਵਾਲ ਕਰਦਾ ਹੈ ਤਾਂ ਰਾਜਾ ਸਾਹਿਬ ਹਰ ਗੱਲ ਨੂੰ ਮਜਾਕ ‘ਚ ਲੈਂਦੇ ਹਨ ਤੇ ਉਹਨਾਂ ਦੇ ਸੰਗੀ ਸਾਥੀ ਐਨਾ ਉੱਚਾ ਹਾਸਾ ਹੱਸਦੇ ਹਨ ਕਿ ਅਣਮੁੱਲਾ ਸਵਾਲ ਬੇਮੌਤ ਮਰ ਜਾਂਦਾ ਹੈ। ਬੀਤੇ ਦਿਨੀਂ ਪੱਤਰਕਾਰਾਂ ਨੇ ਰਾਜਾ ਸਾਹਿਬ ਨੂੰ ਸਵਾਲ ਕੀਤਾ ਕਿ “ਜੇ ਉਹ ਸਰਕਾਰੀ ਨੌਕਰੀ ਲਈ ਡੋਪ ਟੈਸਟ ਕਰਨ ਦਾ ਐਲਾਨ ਕਰਨ ਜਾ ਰਹੇ ਹਨ ਤਾਂ ਕੀ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਵਿਧਾਇਕਾਂ, ਸਾਂਸਦਾਂ ਦੇ ਡੋਪ ਟੈਸਟ ਦੇ ਹੱਕ ‘ਚ ਖੜ੍ਹਨਗੇ??”……..ਹੁਣ ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਛੋਟੇ ਰਾਜਾ ਸਾਹਿਬ ਨੇ ਕੀ ਕਿਹਾ ਹੋਵੇਗਾ ਤੇ ਉਹਨਾਂ ਦੇ ਸੰਗੀਆਂ ਨੇ ਹਾਸੜ ਕਿਵੇਂ ਚੱਕੀ ਹੋਵੇਗੀ? ਰਾਜਾ ਸਾਹਿਬ ਦਾ ਕਹਿਣਾ ਸੀ ਕਿ ਪਹਿਲਾਂ ਪੱਤਰਕਾਰਾਂ ਦਾ ਡੋਪ ਟੈਸਟ ਹੋਣਾ ਚਾਹੀਦੈ।……
ਅਸੀਂ ਵੀ ਉਹਨਾਂ ਪੱਤਰਕਾਰਾਂ ਵੱਲੋਂ ਉਠਾਏ ਸਵਾਲ ਨਾਲ ਹਜਾਰ ਫੀਸਦੀ ਸਹਿਮਤ ਹਾਂ ਕਿ ਜੇ ਇੱਕ ਖਿਡਾਰੀ ਜਾਂ ਸਰਕਾਰੀ ਨੌਕਰੀ ਦੇ ਉਮੀਦਵਾਰ ਲਈ ਅਜਿਹਾ ਟੈਸਟ ਜਰੂਰੀ ਖਿਆਲ ਕੀਤਾ ਜਾਂਦਾ ਹੈ ਤਾਂ ਉਹਨਾਂ ਲੋਕਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਨੇਤਾਵਾਂ ‘ਤੇ ਵੀ ਇਹ ਸ਼ਰਤ ਜਰੂਰ ਲਾਗੂ ਹੋਣੀ ਚਾਹੀਦੀ ਹੈ ਤਾਂ ਜੋ ਕੋਈ ‘ਟੁੰਨ’ ਹੋਇਆ ਵਿਧਾਇਕ ਜਾਂ ਸਾਂਸਦ ‘ਘਾਟੇ ਵਾਧੇ’ ਵਿੱਚ ਲੋਕ ਵਿਰੋਧੀ ਕਾਰਵਾਈ ਦਾ ਅੰਗ ਹੀ ਨਾ ਬਣ ਜਾਵੇ। ਪਰ ਕੌਣ ਸਾਹਿਬ ਨੂੰ ਆਖੇ ਕਿ ਇਉਂ ਨਹੀਂ ਇੰਝ ਕਰ?
ਸਿਖਰ ‘ਤੇ ਬੈਠੇ ਲੋਕਾਂ ਦੇ ਨੁਮਾਇੰਦਿਆਂ ਦੀ ਇਸ ਤਰ੍ਹਾਂ ਦੀ ਬਿਆਨਬਾਜੀ ਦਾ ਅੰਤ ਨਹੀਂ ਹੋਇਆ ਸਗੋਂ ਇਹ ਚਲਦੀ ਹੀ ਰਹੇਗੀ ਪਰ ਕਦੇ ਕਦੇ ਲੋਕਾਂ ਨੂੰ ਭੌਂਦੂ ਸਮਝਣਾ ਸਾਰੀ ਉਮਰ ਦੀ ਕੀਤੀ ਕਰਾਈ ‘ਤੇ ਪਾਣੀ ਵੀ ਫੇਰ ਸਕਦੀ ਹੈ। ‘ਮਰਦੀ ਨੇ ਅੱਕ ਚੱਬਿਆ’ ਵਾਂਗ ਬੀਤੇ ਦਿਨੀਂ ਇੱਕ ਬੇਰੁਜ਼ਗਾਰ ਨੇ ਸੂਬੇ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ ਸਿੰਘ ਬਾਦਲ ਜੀ ਵੱਲ ਰੋਸ ਵਜੋਂ ਜੁੱਤੀ ਵਗਾਹ ਕੇ ਮਾਰੀ ਗਈ। ਉਸ ਵਿਕਰਮ ਨਾਂ ਦੇ ਨੌਜਵਾਨ ਦੇ ਇਸ ਘਟਨਾਕ੍ਰਮ ਤੋਂ ਬਾਦ ਦਿੱਤੇ ਬਿਆਨ ਅਨੁਸਾਰ ਕਿ “ਉਹ ਸ੍ਰ: ਬਾਦਲ ਦਾ ਬਜ਼ੁਰਗ ਹੋਣ ਦੇ ਨਾਤੇ ਸਤਿਕਾਰ ਕਰਦਾ ਹੈ ਪਰ ਉਸਨੇ ਆਪਣੀ ਜੁੱਤੀ ਸ੍ਰ: ਬਾਦਲ ਵੱਲ ਨਹੀਂ ਸਗੋਂ ਮੁੱਖ ਮੰਤਰੀ ਦੇ ਅਹੁਦੇ ਨੂੰ ਮਾਰੀ ਹੈ।” ਪਰ ਉਸ ਅਣਵੱਜੀ ਜੁੱਤੀ ਦਾ ਦਾਗ ‘ਦਰਵੇਸ਼ ਸਿਆਸਤਦਾਨ’ ਵਜੋਂ ਜਾਣੇ ਜਾਂਦੇ ਸ੍ਰ: ਬਾਦਲ ਨਾਲ ਚੰਦ ਉੱਪਰ ਪਏ ਦਾਗ ਵਾਂਗ ਲੱਗਾ ਰਹੇਗਾ। ਇਸ ਤੋਂ ਕੁਝ ਸਮਾਂ ਪਹਿਲਾਂ ਇੱਕ ਪੱਤਰਕਾਰ ਜਰਨੈਲ ਸਿੰਘ ਵੱਲੋਂ 1984 ਕਤਲੇਆਮ ਦੇ ਰੋਸ ਵਜੋਂ ਗ੍ਰਹਿ ਮੰਤਰੀ ਦੀ ਕੁਰਸੀ ‘ਤੇ ਬਿਰਾਜਮਾਨ ਪੀ. ਚਿਦੰਬਰਮ ਵੱਲ ਜੁੱਤੀ ਵਗਾਹ ਮਾਰੀ ਸੀ ਤੇ ਉਸ ਨੂੰ ਸੱਤਾਧਾਰੀ ਧਿਰ ਦੇ ਦਬਦਬੇ ਵਾਲੀ ਸ੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ ਵੱਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਡੀਆ ਸਲਾਹਕਾਰ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਸੀ ਅਤੇ ‘ਜੂਤ-ਫਾਇਰ’ ਬਦਲੇ ਸਨਮਾਨਿਤ ਕੀਤਾ ਸੀ। ਬੇਸ਼ੱਕ ਵਿਕਰਮ ਨੇ ਆਪਣੇ ਬਿਆਨਾਂ ‘ਚ ਜਾਹਿਰ ਕੀਤੈ ਕਿ ਉਹਨੇ ਆਪਣੀ ਜੁੱਤੀ ਸ੍ਰ: ਬਾਦਲ ਉੱਪਰ ਨਹੀਂ ਸਗੋਂ ਭੈੜੇ ਰਾਜਨੀਤਕ ਪ੍ਰਬੰਧ ਉੱਪਰ ਸੁੱਟੀ ਹੈ ਪਰ ਉਸਦੇ ਬਿਆਨਾਂ ਨੂੰ ਵਿਸਾਰ ਕੇ ਉਹੀ ਅਵਤਾਰ ਸਿੰਘ ਮੱਕੜ ਕਹਿ ਰਹੇ ਹਨ ਕਿ ਵਿਕਰਮ ਨੇ ਜੁੱਤੀ ਸੁੱਟ ਕੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ। ਕਿਸ ਸਟੈਂਡ ਨੂੰ ਸਹੀ ਮੰਨਿਆ ਜਾਵੇ? ਜਰਨੈਲ ਸਿੰਘ ਦੇ ਸਨਮਾਨ ਨੂੰ ਜਾਂ ਫਿਰ ਵਿਕਰਮ ਵਿਰੋਧੀ ਬਿਆਨ ਨੂੰ????
ਉਸ ਅਣਵੱਜੀ ਜੁੱਤੀ ਦੇ ‘ਚਾਲਕ’ ਉੱਪਰ ਸਖ਼ਤ ਗੈਰ ਜਮਾਨਤੀ ਧਾਰਾਵਾਂ ਲਗਾ ਕੇ ਕੀ ਸਾਬਿਤ ਕੀਤਾ ਜਾ ਰਿਹਾ ਹੈ? ਜੇ ਅੱਜ ਹਰ ਗੱਲ ਦੀ ਹਾਸੜ ਚੁੱਕਣ ਵਾਲੇ ਲੋਕ ਪ੍ਰਤੀਨਿਧਾਂ ਅੱਗੇ ਇੱਕ ਬੇਰੁਜ਼ਗਾਰ ਨੂੰ ਸੂਬੇ ਦੀ ਸ਼ਾਂਤੀ ਲਈ ਖਤਰਾ ਮੰਨਿਆ ਜਾ ਰਿਹਾ ਹੈ ਤਾਂ ਕੀ ਉਸ ਉੱਪਰ ਲੱਗੀਆਂ ਧਾਰਾਵਾਂ ਆਏ ਦਿਨ ਬੇਰੁਜਗਾਰ ਮੁੰਡੇ ਕੁੜੀਆਂ ਨੂੰ ਜਲੀਲ ਕਰਕੇ ਕੁੱਟਦੇ ਸਰਕਾਰੀ ਕਰਮੀਆਂ ਜਾਂ ਪਰਾਈਵੇਟ ਰਾਖਿਆਂ ‘ਤੇ ਵੀ ਲਾਗੂ ਹੋਣਗੀਆਂ? ਕੀ ਇਹੀ ਧਾਰਾਵਾਂ ਪੂਰੀ ਦੁਨੀਆ ਨੇ ਦੇਖੇ ਮੌਜੂਦਾ ਮੰਤਰੀ ‘ਤੇ ਵੀ ਲਾਗੂ ਹੋਣਗੀਆਂ ਜੋ ਖੁਦ ਅੱਗੇ ਹੋ ਕੇ ਬੇਰੁਜ਼ਗਰਾਂ ਦੀ ਗਿੱਦੜਕੁੱਟ ਕਰ ਰਿਹਾ ਸੀ? ਕੀ ਇਹੀ ਧਾਰਾਵਾਂ ਉਸ ਅਕਾਲੀ ਸਰਪੰਚ ਤੋਤੀ ‘ਤੇ ਲਾਗੂ ਹੋਣਗੀਆਂ ਜਿਸਨੇ ਇੱਕ 2011 ‘ਚ ਇੱਕ ਅਧਿਆਪਕਾ ਦੇ ਚਪੇੜਾਂ ਮਾਰੀਆਂ ਸਨ ਅਤੇ ਤਿੰਨ ਸਾਲ ‘ਚ ਐਨੀ ਤਰੱਕੀ ਕਰ ਗਿਆ ਕਿ ਇੱਕ ਐੱਸ ਡੀ ਓ ਨੂੰ ਕੁੱਟ ਧਰਿਆ? ਜੇ ਸਭ ਕਸੂਰਵਾਰਾਂ ਲਈ ਇੱਕੋ ਜਿਹੇ ਮਾਪਦੰਡ ਨਹੀਂ ਤਾਂ ਫਿਰ ਹੋਰ ਕੁਝ ਵੀ ਕਰਨ ਨਾਲੋਂ ਉਹਨਾਂ ਕਾਰਨਾਂ ਦੀ ਤਹਿ ਤੱਕ ਇਮਾਨਦਾਰੀ ਨਾਲ ਪਹੁੰਚਣਾ ਬਣਦਾ ਹੈ ਕਿ ਕਿਉਂ ਇੱਕ ਵਿਕਰਮ ਦੇ ਹੱਥ ਆਪਣੇ ਪੈਰ ਦੀ ਜੁੱਤੀ ਵੱਲ ਨੂੰ ਗਏ? ਕੀ ਵਜ੍ਹਾ ਹੈ ਕਿ ਆਪਣੇ ਪਰਿਵਾਰ ਦੀ ਚਿੰਤਾ ‘ਚ ਜੀਅ ਰਹੇ ਉਸ ਨੌਜਵਾਨ ਨੂੰ ਕਿਸੇ ਬੰਬ ਕਾਂਡ ਨੂੰ ਅੰਜਾਮ ਦੇਣ ਜਾ ਰਹੇ ਖਤਰਨਾਕ ਅਪਰਾਂਧੀ ਵਰਗਾ ਸਲੂਕ ਕਤਾ ਜਾ ਰਿਹਾ ਹੈ? ਸ਼ਾਇਦ ਸਰਕਾਰ ਇਸ ਮਾਮਲੇ ਨੂੰ ਸਖਤੀ ਨਾਲ ਨਜਿੱਠ ਕੇ ਹੋਰਨਾਂ ਲਈ ਵੀ ਸਬਕ ਸਹਿਮ ਪੈਦਾ ਕਰਨ ਦੇ ਰੌਂਅ ‘ਚ ਹੈ ਪਰ ਦੇਸ਼ ਵਿਦੇਸ਼ ‘ਚ ਇਸ ਮਾਮਲੇ ਸੰਬੰਧੀ ਪੈਦਾ ਹੋ ਰਹੇ ਰੋਸ ਕਾਰਨ ਭਵਿੱਖ ਵਿੱਚ ਅਨੇਕਾਂ ਹੀ ਵਿਕਰਮ ਹੋਰ ਪੈਦਾ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕਤਾ ਜਾ ਸਕਦਾ। ਜਿੱਥੇ ਇੱਕ ਪਾਸੇ ਸ੍ਰ: ਬਾਦਲ ਵਿਕਰਮ ਨੂੰ ਮੁਆਫੀ ਬਾਰੇ ਟੁੱਟਵਾਂ ਜਿਹਾ ਬਿਆਨ ਦੇ ਚੁੱਕੇ ਹਨ ਪਰ ਕੀ ਹੁਣ ਉਸਨੂੰ ਸਰਕਾਰੀ ਉਲਝਣਾਂ ‘ਚ ਪਾਉਣਾ ਆਪਣੇ ਹੀ ਬੋਲਾਂ ਦਾ ਘਾਣ ਕਰਨਾ ਨਹੀਂ ਹੈ? ਇਸ ਮਾਮਲੇ ਨੂੰ ਅਜੇ ਵੀ ਬਹੁਤ ਵਕਤ ਹੈ ਕਿ ਵਿਕਰਮ ਦੇ ਮਾਮਲੇ ‘ਚ ਸਰਕਾਰ ਨੂੰ ਧੀਰਜ ਨਾਲ ਸੋਚਣਾ ਚਾਹੀਦਾ ਹੈ। ਚੰਗਾ ਹੁੰਦਾ ਜੇ ਸ੍ਰ: ਬਾਦਲ ਕੇਜਰੀਵਾਲ ਦੀ ‘ਤਰਜ਼’ ‘ਤੇ ਵਿਕਰਮ ਨੂੰ ਕੋਲ ਬਹਿ ਕੇ ਰੋਸ ਦਾ ਕਾਰਨ ਪੁੱਛਦੇ ਤਾਂ ਲੋਕਾਂ ਨੇ ਉਹਨਾਂ ਦੀ ਤਸਵੀਰ ਦਾ ‘ਦਰਵੇਸ਼’ ਵਾਲਾ ਪਾਸਾ ਜਰੂਰ  ਦੇਖ ਲੈਣਾ ਸੀ।

Install Punjabi Akhbar App

Install
×