ਜੂਨ 1984: ਕਦੀ ਨਹੀਂ ਭੁੱਲ ਸਕਦਾ…ਸੰਘਰਸ਼ ਜਾਰੀ

  • ਨਿਊਜ਼ੀਲੈਂਡ ਦੇ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੇ ਜੂਨ-1984 ‘ਤੇ ਬਣਾਈ ਸੀ ਇਕ ਡਾਕੂਮੈਂਟਰੀ ਫਿਲਮ ‘ਲਹੂ ਸਿੰਮਦਾ ਪੰਜਾਬ’
  • ਕੋਠਾ ਉਸਰਿਆ-ਤਰਖਾਣ ਵਿਸਰਿਆ

ਮਹਾਤਮਾ ਗਾਂਧੀ ਨੇ ਕਿਹਾ ਸੀ ”ਆਜ਼ਾਦ ਭਾਰਤ ਦੇ ਵਿਚ ਅਜਿਹੀ ਕੋਈ ਗੱਲ ਨਹੀਂ ਕੀਤੀ ਜਾਏਗੀ ਜੋ ਸਿੱਖਾਂ ਨੂੰ ਪ੍ਰਵਾਨ ਨਾ ਹੋਵੇ”

lahoo-simda-punjab

ਔਕਲੈਂਡ 4 ਜੂਨ -ਜੂਨ 1984 ਦੇ ਘੱਲੂਘਾਰੇ ਨੂੰ 35 ਵਰ੍ਹਿਆਂ ਦਾ ਸਮਾਂ ਹੋ ਚੁੱਕਾ ਹੈ। ਅਜੇ ਵੀ ਜੂਨ 1984 ਵੇਲੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਉਤੇ ਕੀਤਾ ਗਿਆ ਹਮਲਾ ਕਦੇ ਵੀ ਸਿੱਖਾਂ ਦੇ ਮਨਾਂ ਅੰਦਰੋਂ ਮਨਫੀ ਨਹੀਂ ਕੀਤਾ ਜਾ ਸਕਦਾ। ਮਾਨਸਿਕ ਦੁੱਖ ਦਿੰਦੇ ਇਸ ਹਮਲੇ ਨੂੰ 1984 ਤੋਂ ਅਗਲੇ ਕੁਝ ਸਾਲਾਂ ਦੇ ਵਿਚ ਕਿਸ ਕਦਰ ਸਿੱਖਾਂ ਨੇ ਹੰਢਾਇਆ ਹੋਵੇਗਾ ਅਤੇ ਕਿਸ ਤਰ੍ਹਾਂ ਸਹਿਣ ਕੀਤਾ ਹੋਵੇਗਾ ਕਿਆਸ ਕੀਤਾ ਜਾ ਸਕਦਾ ਹੈ। ਉਨਾਂ ਵੇਲਿਆਂ ਦੇ ਵਿਚ ਅਜਿਹੇ ਵਿਸ਼ਿਆਂ ਦੇ ਉਤੇ ਫਿਲਮਾਂ ਦਾ ਨਿਰਮਾਣ ਕਰਨਾ ਸਰਕਾਰ ਨਾਲ ਮੱਥਾ ਲਾਉਣ ਬਰਾਬਰ ਹੋਵੇਗਾ। ਅੱਜ ਇਹ ਗੱਲ ਸਾਂਝੀ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਨਿਊਜ਼ੀਲੈਂਡ ਦੇ ਪਹਿਲੇ ਸਿੱਖ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਨੇ ਉਸ ਸਮੇਂ ਸੰਨ 1986-87 ਦੇ ਕਰੀਬ ਜਦੋਂ ਉਨ੍ਹਾਂ ਦੀ ਉਮਰ 23-24 ਕੁ ਸਾਲ ਸੀ, ਤਾਂ ਇਕ ਦਸਤਾਵੇਜੀ ਕਮ ਮੁਲਾਕਾਤੀ ਫਿਲਮ ਬਣਾਈ ਸੀ ਜਿਸ ਦਾ ਨਾਂਅ ਸੀ ‘ਲਹੂ ਸਿੰਮਦਾ ਪੰਜਾਬ’। ਉਸ ਸਮੇਂ ਪੰਜਾਬ ਦੇ ਪਿੰਡੇ ਵਿਚੋਂ ਸੱਚਮੁੱਚ ਲਹੂ ਸਿੰਮ ਰਿਹਾ ਸੀ। ਸਿੱਖ ਖਾੜਕੂ ਆਪਣੀ ਅਣਖ, ਸਿੱਖੀ ਅਤੇ ਸਿਦਕ ਬਚਾਉਣ ਵਾਸਤੇ ਸਿਰਾਂ ਉਤੇ ਕੱਫਨ ਬੰਨ੍ਹ ਚੁੱਕੇ ਸਨ। ਸ. ਬਖਸ਼ੀ ਦੇ ਸਤਿਕਾਰਯੋਗ ਪਿਤਾ ਬਖਸ਼ੀ ਸ. ਜਗਦੇਵ ਸਿੰਘ ਇਸ ਫਿਲਮ ਦੇ ਨਿਰਮਾਤਾ ਸਨ ਜਦ ਕਿ ਇਸ ਫਿਲਮ ਦਾ ਫਿਲਮਾਂਕਣ ਸ. ਕੰਵਲਜੀਤ ਸਿੰਘ ਬਖਸ਼ੀ ਨੇ ਖੁਦ ਕੀਤਾ। ਸ. ਕੰਵਲਜੀਤ ਸਿੰਘ ਬਖਸ਼ੀ ਨੇ ਉਹੀ ਵੀਡੀਓ ਕੈਮਰਾ ਵਰਤਿਆ ਸੀ ਜਿਹੜਾ ਕਿ ਜਾਪਾਨ ਤੋਂ ਮੰਗਵਾਇਆ ਗਿਆ ਸੀ ਅਤੇ 31 ਅਕਤੂਬਰ 1984 ਨੂੰ ਇਹ ਦਿੱਲੀ ਵਿਖੇ ਕਸਟਮ ਵਿਭਾਗ ਕੋਲ ਪਹੁੰਚਿਆ ਸੀ। ਉਸ ਵੇਲੇ ਇਸ ਕੈਮਰੇ ਦੀ ਕੀਮਤ ਸ਼ਾਇਦ ਡੇਢ ਲੱਖ ਰੁਪਏ ਦੀ ਕਰੀਬ ਸੀ ਅਤੇ ਕਸਟਮ ਫੀਸ ਸਾਢੇ ਤਿੰਨ ਲੱਖ ਰੁਪਏ। ਇੰਦਰਾ ਗਾਂਧੀ ਦੀ ਮੌਤ ਬਾਅਦ ਕਤਲੋਗਾਰਦ ਸ਼ੁਰੂ ਹੋ ਚੁੱਕੀ ਸੀ ਅਤੇ ਇਸ ਦੌਰਾਨ ਸ. ਬਖਸ਼ੀ ਜੀ ਦੇ ਪਿਤਾ ਜੀ ਨੇ ਕੈਮਰਾ ਲੈਣ ਜਾਣ ਦਾ ਪ੍ਰੋਗਰਾਮ ਤਿਆਗ ਦਿੱਤਾ। ਕੁਝ ਸਮੇਂ ਬਾਅਦ ਗੁੰਡਿਆਂ ਦੀ ਭੀੜ ਇਨ੍ਹਾਂ ਦੇ ਘਰ ਦਾਖਲ ਹੋਈ, ਹੇਠਾਂ ਵਾਲੀ ਮੰਜਿਲ ਉਤੇ ‘ਸਿਮਰਨ’ ਵੀਡੀਓ ਟੇਪਾਂ ਦਾ ਦਫਤਰ ਸੀ ਜੋ ਕਿ ਭੀੜ ਨੇ ਲੁੱਟ ਲਿਆ, ਟੀ.ਵੀ. ਲੁੱਟ ਲਏ ਅਤੇ ਹੋਰ ਵੀਡੀਓਜ਼ ਲੁੱਟ ਲਈਆਂ। ਗੁਆਂਢੀਆਂ ਨੇ ਕਿਸੀ ਤਰ੍ਹਾਂ ਸਹਾਇਤਾ ਕਰਕੇ ਭੀੜ ਨੂੰ ਖਿਸਕਾ ਦਿੱਤਾ ਅਤੇ ਸ. ਬਖਸ਼ੀ ਦਾ ਪਰਿਵਾਰ ਚੁਬਾਰੇ ਦੇ ਵਿਚ ਬਚਾਅ ਕਰਨ ਵਿਚ ਸਫਲ ਹੋ ਗਿਆ। ਇਸ ਤੋਂ ਕੁਝ ਸਮੇਂ ਬਾਅਦ ਕੈਮਰਾ ਲਿਆਂਦਾ ਗਿਆ ਅਤੇ ਪਹਿਲੀ ਫਿਲਮ ਪ੍ਰੋਫੈਸਰ ਦਰਸ਼ਨ ਸਿੰਘ ਦੀ ਗੁਰਬਾਣੀ ਰਿਕਾਰਡਿੰਦ ਕਰਕੇ ਵੀ. ਐਚ. ਐਸ. ਵੀਡੀਓ ਟੇਪ ਜਾਰੀ ਕੀਤੀ ਗਈ। ‘ਸਿਮਰਨ’ ਪਹਿਲੀ ਕੰਪਨੀ ਸੀ ਜਿਸ ਨੇ ਗੁਰਬਾਣੀ ਦੀਆਂ ਵੀਡੀਓ ਟੇਪਾਂ ਜਾਰੀ ਕੀਤੀਆਂ।

‘ਲਹੂ ਸਿੰਮਦਾ ਪੰਜਾਬ’ ਦੇ ਵਿਚ ਬੜੇ ਕਮਾਲ ਦੀਆਂ ਮੁਲਾਕਾਤਾਂ, ਜੂਨ 1984 ਸਬੰਧੀ ਜਾਣਕਾਰੀ, ਫੌਜ ਦੇ ਮੁਖੀ ਦੀ ਜ਼ੁਬਾਨੀ ਅਤੇ ਹੋਰ ਇਤਿਹਾਸਕਾਰਾਂ ਦੇ ਵਿਚਾਰ ਹਨ। ਇਸ ਫਿਲਮ ਦੀ ਨਿਰਦੇਸ਼ਨਾ ਪ੍ਰੋਫੈਸਰ ਹਰਬੰਸ ਸਿੰਘ ਚਾਵਲਾ ਸਨ। ਇਕ ਵਾਰ ਸ੍ਰੀ ਦਰਬਾਰ ਸਾਹਿਬ ਵਿਖੇ ਵੀਡੀਓ ਬਣਾਉਂਦਿਆਂ ਇਕ ਬੰਦੂਕਧਾਰੀ ਸਿੰਘ ਦੀ ਜਦੋਂ ਵੀਡੀਓ ਬਣ ਗਈ ਤਾਂ ਸਿੰਘਾਂ ਨੇ ਸ. ਬਖਸ਼ੀ ਨੂੰ ਵੀ ਘੇਰ ਲਿਆ ਸੀ, ਪਰ ਮਾਮਲਾ ਸਮਝਾਉਣ ਉਤੇ ਅਗਲੀ ਸ਼ੂਟਿੰਗ ਕੀਤੀ ਗਈ। ਯੂ ਮੈਟਿਕ ਵੀਡੀਓ ਟੇਪ ਸਿਸਟਮ ਦੇ ਰਾਹੀਂ ਉਸ ਵੇਲੇ ਵੀਡੀਓ ਟੇਪਾਂ ਬਣਦੀਆਂ ਸਨ। ਵੀਡੀਓ ਦੇ ਵਿਚ ਬਹੁਤ ਕੁਝ ਅਜਿਹਾ ਵਿਖਾਇਆ ਗਿਆ ਹੈ ਜੋ ਕਿ ਉਸ ਵੇਲੇ ਬੜੀ ਮੁਸ਼ਕਿਲ ਨਾਲ ਇਕੱਤਰ ਕੀਤਾ ਹੋਵੇਗਾ। ਇਕ ਸਾਲ ਤੱਕ ਇਸ ਵੀਡੀਓ ਉਤੇ ਕੰਮ ਕੀਤਾ ਗਿਆ। ਭਾਰਤ ਦੇ ਰਾਜਨੀਤਕ ਲੋਕਾਂ ਦੇ ਇਸ ਸਬੰਧੀ ਵਿਚਾਰ ਹਨ ਅਤੇ ਉਸ ਵੇਲੇ ਇਹ ਸਪਸ਼ਟ ਹੋ ਚੁੱਕਾ ਸੀ ਕਿ ਹੁਣ ਸਿੱਖਾਂ ਦੀ ਲੜਾਈ ਅਣਖ ਅਤੇ ਸਿੱਖੀ ਸਿਦਕ ਦੀ ਲੜਾਈ ਰਹਿ ਗਈ ਹੈ। ਆਜ਼ਾਦੀ ਤੋਂ ਬਾਅਦ ਮਹਾਤਮਾ ਗਾਂਧੀ ਨੇ ਵਚਨ ਦਿੱਤਾ ਸੀ ਕਿ ਭਾਰਤ ਵਿਚ ਅਜਹੀ ਕੋਈ ਗੱਲ ਨਹੀਂ ਹੋਵੇਗੀ ਜੋ ਸਿੱਖਾਂ ਨੂੰ ਪ੍ਰਵਾਨ ਨਾ ਹੋਵੇ। ਜਵਾਹਰ ਲਾਲ ਨਹਿਰੂ ਨੇ ਵੀ ਸਿੱਖਾਂ ਨੂੰ ਭਾਰਤ ਦੇ ਉਤਰੀ ਖਿਤੇ ਵਿਚ ਅਜਿਹੀ ਥਾਂ ਰਾਖਵੀਂ ਹੋਵੇਗੀ ਜਿੱਥੇ ਸਿੱਖਾਂ ਦਾ ਧਰਮ ਅਤੇ ਸੰਸਕ੍ਰਿਤੀ ਪ੍ਰਫੁਲਿਤ ਹੋਵੇਗਾ, ਪਰ ਬਾਅਦ ਵਿਚ ਉਹ ਮੁੱਕਰ ਗਏ। ਇਕ ਪੱਤਰਕਾਰ ਨੇ ਕਿਹਾ ਸੀ ਕਿ ਜੇਕਰ ਕਾਂਗਰਸ ਆਪਣੇ ਵਾਅਦੇ ਤੋਂ ਮੁਕਰ ਗਈ ਤਾਂ ਸਿੱਖ ਕੀ ਕਰਨਗੇ? ਤਾਂ ਉਸ ਸਮੇਂ ਕਿਹਾ ਗਿਆ ਸੀ ਸਿੱਖਾਂ ਨੂੰ ਕਿਰਪਾਨ ਚੁੱਕਣ ਦਾ ਹੱਕ ਹੋਏਗਾ। ਇਹ ਗੱਲ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਵੀਡੀਓ ਵਿਚ ਵੀ ਆਖੀ ਹੈ। 84 ਮਿੰਟ ਦੀ ਇਸ ਵੀਡੀਓ ਟੇਪ ਵਿਚ ਸੰਤ ਹਰਚੰਦ ਸਿੰਘ ਲੋਗੋਂਵਾਲ, ਸ. ਸੁਰਜੀਤ ਸਿੰਘ ਬਰਨਾਲਾ, ਸ. ਖੁਸ਼ਵੰਤ ਸਿੰਘ, ਪ੍ਰੋ. ਸਤਬੀਰ ਸਿੰਘ, ਭਾਈ ਮਨਜੀਤ ਸਿੰਘ, ਸੰਤ ਜਰਨੈਲ ਸਿੰਘ ਭਿੰਡਰਾਵਾਲੇ, ਤਵਲੀਨ ਸਿੰਘ, ਬਖਸ਼ੀ ਜਗਦੇਵ ਸਿੰਘ,  ਭਰਪੂਰ ਸਿੰਘ ਬਲਬੀਰ, ਪ੍ਰੋ. ਹਰਬੀਰ ਸਿੰਘ, ਸ੍ਰੀ ਰਾਮ ਬਿਲਾਸ ਪਾਸਵਾਨ, ਸ. ਗੁਰਸ਼ਰਨ ਸਿੰਘ (ਭਾਈ ਮੰਨਾ ਸਿੰਘ), ਡੀ.ਜੀ.ਪੀ. ਜੇ. ਐਫ, ਰੇਬੋਰੀ, ਐਸ. ਐਸ, ਰਾਵ, ਹਰਮਿੰਦਰ ਸਿੰਘ ਸੰਧੂ, ਸਿਮਰਨਜੀਤ ਸਿੰਘ ਮਾਨ, ਪੁਲਿਸ ਅਫਸਰ ਸੁਰੇਸ਼ ਅਰੋੜਾ, ਬਿਮਲ ਕੌਰ ਖਾਲਸਾ, ਪ੍ਰਧਾਨ ਮੰਤਰੀ ਵੀ.ਪੀ. ਸਿੰਘ, ਇੰਦਰਜੀਤ ਗੁਪਤ, ਦੀਦਾਰ ਸਿੰਘ ਬੈਂਸ, ਰਾਮ ਜੇਠਮਲਾਨੀ, ਅਤੇ ਹੋਰ ਲੋਕਾਂ ਦੇ ਵੀਡੀਓ ਕਲਿੱਪ ਵਿਖਾਏ ਗਏ ਹਨ।

ਵੀਡੀਓ ਦੇ ਵਿਚ ਹੋਰ ਵੀ ਬਹੁਤ ਕੁਝ ਵਿਖਿਆ ਗਿਆ ਹੈ ਇਸ ਨੂੰ ਯੂ. ਟਿਊਬ ਉਤੇ ਵੇਖਿਆ ਜਾ ਸਕਦਾ ਹੈ।

Install Punjabi Akhbar App

Install
×