ਜੂਨ 1984 ਦਾ ਤੀਜਾ ਘੱਲੂਘਾਰਾ

ਜੂਨ 84 ਤੋ ਪਹਿਲਾਂ ਸਿੱਖਾਂ ਖ਼ਿਲਾਫ਼ ਸਿਰਜੇ ਗਏ ਬਿਰਤਾਂਤ

ਜੂਨ ਦੇ ਪਹਿਲੇ ਹਫ਼ਤੇ ਨੂੰ ਸਿੱਖ ਕੌਮ ਤੀਜੇ ਘੱਲੂਘਾਰੇ ਵਜੋਂ ਯਾਦ ਕਰਦੀ ਹੈ। ਹਰ ਸਾਲ ਹੀ ਜੂਨ ਦੇ ਪਹਿਲੇ ਹਫ਼ਤੇ 1984 ਦਾ ਉਹ ਮੰਜ਼ਰ ਸਿੱਖ ਚੇਤਿਆਂ ਵਿਚ ਰਿਸਦੇ ਨਾਸੂਰ ਦੀ ਤਰਾਂ ਤਾਜਾਂ ਹੋ ਜਾਂਦਾ ਹੈ, ਜਦੋਂ ਭਾਰਤੀ ਫ਼ੌਜਾਂ ਵੱਲੋਂ ਪਵਿੱਤਰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸਮੇਤ ਕੋਈ ਤਿੰਨ ਦਰਜਨ ਤੋ ਵੱਧ ਗੁਰਦੁਆਰਾ ਸਹਿਬਾਨਾਂ ਤੇ ਇੱਕੋ ਸਮੇਂ ਹਮਲਾ ਕਰ ਕੇ ਜਿੱਥੇ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਬਹੁਤ ਸਾਰੇ ਸ਼ਰਧਾਲੂਆਂ ਨੂੰ ਬੰਦੀ ਬਣਾ ਕੇ ਫ਼ੌਜੀ ਕੈਂਪਾਂ ਵਿਚ ਕੈਦ ਕਰ ਲਿਆ, ਓਥੇ ਪਵਿੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਢਹਿ-ਢੇਰੀ ਕਰ ਦਿੱਤਾ ਗਿਆ ਅਤੇ ਸਿੱਖ ਮਰਯਾਦਾ ਨੂੰ ਵੀ ਬੁਰੀ ਤਰਾਂ ਤਹਿਸ ਨਹਿਸ ਕੀਤਾ ਗਿਆ। ਸਿੱਖ ਮਨਾਂ ਚ ਤੀਜੇ ਘੱਲੂਘਾਰੇ ਵਜੋਂ ਡੂੰਘੇ ਉੱਤਰੇ ਅਤੇ ਨਾ ਭਰਨ ਯੋਗ ਜ਼ਖ਼ਮ ਦੇਣ ਵਾਲੇ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਨੂੰ ਚੇਤੇ ਕਰਨ ਤੋ ਪਹਿਲਾਂ ਇਸ ਦੇ ਸੰਖੇਪ ਇਤਿਹਾਸ ਤੇ ਜ਼ਰੂਰ ਨਜ਼ਰਸਾਨੀ ਕਰਨੀ ਬਣਦੀ ਹੈ। ਸਿੱਖਾਂ ਦੀ ਕੇਂਦਰ ਨਾਲ ਲੜਾਈ ਦਾ ਮੁੱਢ ਤਾਂ ਭਾਵੇਂ ਆਜ਼ਾਦੀ ਤੋ ਬਾਅਦ ਉਸ ਸਮੇਂ ਹੀ ਬੱਝ ਗਿਆ ਸੀ, ਜਦੋਂ ਗਾਂਧੀ, ਨਹਿਰੂ ਅਤੇ ਪਟੇਲ ਦੀ ਤਿੱਕੜੀ ਸਿੱਖਾਂ ਦੀਆਂ 93 ਫ਼ੀਸਦੀ ਕੁਰਬਾਨੀਆਂ ਮਿੱਟੀ ਘੱਟੇ ਚ ਰੋਲ ਕੇ ਉਨ੍ਹਾਂ ਨੂੰ ਆਜ਼ਾਦੀ ਦਾ ਨਿੱਘ ਮਾਣਨ ਲਈ ਆਜ਼ਾਦ ਖ਼ਿੱਤਾ ਦੇਣ ਦੇ ਵਾਅਦੇ ਤੋ ਅਸਲੋਂ ਹੀ ਮੁਨਕਰ ਹੋ ਗਈ। ਏਥੇ ਹੀ ਬੱਸ ਨਹੀਂ, ਸਗੋਂ ਪੰਜਾਬ ਅੰਦਰ ਡੇਰਾਵਾਦ ਦਾ ਪਾਸਾਰ ਵੀ ਸਿੱਖੀ ਦੀਆਂ ਜੜਾਂ ਖੋਖਲੀਆਂ ਕਰਨ ਦੀ ਨੀਅਤ ਨਾਲ ਕੀਤਾ ਗਿਆ। ਨਿਰੰਕਾਰੀਆਂ ਦੇ ਸਿੱਖੀ ਤੇ ਵਾਰ ਵਾਰ ਹਮਲੇ ਵੀ ਕੇਂਦਰ ਦੀ ਕਾਂਗਰਸ ਜਮਾਤ ਅਤੇ ਜਨ-ਸੰਘ ਦੀ ਮਿਲੀਭੁਗਤ ਦਾ ਨਤੀਜਾ ਸਨ। ਇਹਨਾਂ ਹਮਲਿਆਂ ਦੀ ਸਿਖਰ 13 ਅਪ੍ਰੈਲ 1978 ਦੀ ਵਿਸਾਖੀ ਮੌਕੇ ਦੇਖੀ ਗਈ, ਜਦੋਂ ਤਤਕਾਲੀ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਸ੍ਰੀ ਅੰਮ੍ਰਿਤਸਰ ਵਿਚ ਮਾਨਵ ਏਕਤਾ ਦੇ ਨਾਮ ਹੇਠ ਨਿਰੰਕਾਰੀ ਸਮਾਗਮ ਕਰਨ ਲਈ ਪਹੁੰਚ ਗਿਆ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਨਿਰੰਕਾਰੀਆਂ ਦੇ ਇਸ ਕੁਫ਼ਰ ਦੇ ਸਮਾਗਮ ਨੂੰ ਰੋਕਣ ਲਈ ਅਖੰਡ ਕੀਰਤਨੀ ਜਥੇ ਦੇ ਭਾਈ ਫ਼ੌਜਾਂ ਸਿੰਘ ਦੀ ਅਗਵਾਈ ਵਿਚ ਪੰਜ ਪੰਜ ਸਿੰਘਾਂ ਦੇ ਪੰਜ ਜਥੇ ਭੇਜੇ ਗਏ, ਪ੍ਰੰਤੂ ਨਿਰੰਕਾਰੀ ਮੁਖੀ ਵੱਲੋਂ ਬਣਾਏ ਗਏ ਹਥਿਆਰਬੰਦ ਸੰਗਠਨ ‘ਨਿਰੰਕਾਰੀ ਸੇਵਾ ਦਲ’ਦੇ ਕਾਰਕੁਨਾਂ ਅਤੇ ਪੁਲਿਸ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ ਇਸ ਹਮਲੇ ਵਿਚ 13 ਸਿੰਘ ਸ਼ਹੀਦ ਹੋ ਗਏ ਤੇ ਬਾਕੀ ਸਿੰਘ ਗੰਭੀਰ ਜ਼ਖਮੀ ਹੋ ਗਏ ਸਨ। ਇਹ 13 ਸਿੰਘ ਇਸ ਦੌਰ ਦੇ ਪਹਿਲੇ ਸਿੱਖ ਸ਼ਹੀਦ ਮੰਨੇ ਜਾਂਦੇ ਹਨ, ਜਿਸਤੋਂ ਬਾਅਦ ਹਕੂਮਤ ਅਤੇ ਭਾਰਤੀ ਮੀਡੀਏ ਦੀ ਬਦੌਲਤ ਸਿੱਖਾਂ ਨੂੰ ਮੱਲੋ-ਮੱਲੀ ਟਕਰਾਅ ਵਾਲੇ ਰਾਹ ਤੋਰਨ ਦੇ ਲਗਾਤਾਰ ਬਿਰਤਾਂਤ ਸਿਰਜੇ ਜਾਣ ਲੱਗੇ।
ਹਿੰਦੂ ਸਿੱਖਾਂ ਵਿਚ ਪਾੜਾ ਵਧਾਉਣ ਲਈ ਜਲੰਧਰ ਦੀ ਪ੍ਰੈੱਸ ਮੁੱਖ ਤੌਰ ਤੇ ਜ਼ਿੰਮੇਵਾਰ ਮੰਨੀ ਜਾਂਦੀ ਹੈ। ਇਹ ਭਾਵੇਂ ਸਿੱਖਾਂ ਦਾ ਧਾਰਮਿਕ ਮਸਲਾ ਸੀ, ਪਰ ਜਲੰਧਰ ਦੀ ਪ੍ਰੈੱਸ ਨੇ ਇਸ ਨੂੰ ਹਿੰਦੂ ਸਿੱਖਾਂ ਦਾ ਮਸਲਾ ਬਣਾ ਕੇ ਪੇਸ਼ ਕੀਤਾ। 1981 ਵਿਚ ਕੀਤਾ ਗਿਆ ਲਾਲਾ ਜਗਤ ਨਰਾਇਣ ਦਾ ਕਤਲ ਵੀ ਇਸੇ ਸੰਦਰਭ ਵਿਚ ਦੇਖਿਆ ਜਾਂਦਾ ਹੈ। ਇਹ ਸਿਲਸਿਲਾ ਅੱਗੇ ਵਧਦਾ ਗਿਆ। ਇਸ ਦੌਰਾਨ ਹੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਸਭ ਤੋ ਕਰੀਬੀ ਭਾਈ ਅਮਰੀਕ ਸਿੰਘ ਅਤੇ ਬਾਬਾ ਠਾਹਰਾ ਸਿੰਘ ਦੀ ਹੋਈ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਅਤੇ ਉਹਨਾ ਦੀ ਬਿਨਾ ਸ਼ਰਤ ਰਿਹਾਈ ਲਈ 19 ਜੁਲਾਈ 1982 ਨੂੰ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਮੋਰਚਾ ਅਰੰਭ ਦਿੱਤਾ। ਉਨ੍ਹਾਂ ਵੱਲੋਂ ਹਰ ਰੋਜ਼ 51 ਸਿੱਖਾਂ ਦਾ ਜਥਾ ਗ੍ਰਿਫ਼ਤਾਰੀ ਦੇਣ ਲਈ ਭੇਜਿਆ ਜਾਂਦਾ ਸੀ। ਬਾਅਦ ਵਿਚ ਇਸ ਮੋਰਚੇ ਨੂੰ ਸ਼ਰੋਮਣੀ ਅਕਾਲੀ ਦਲ ਨੇ ਅਪਣਾਅ ਲਿਆ। ਸ਼ਰੋਮਣੀ ਅਕਾਲੀ ਦਲ ਵੱਲੋਂ ਇਹ ਮੋਰਚਾ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਲਾਇਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਤੋ ਅਰਦਾਸ ਕਰ ਕੇ ਧਰਮਯੁੱਧ ਮੋਰਚੇ ਦੇ ਨਾਮ ਹੇਠ ਪੰਜਾਬ ਦੇ ਹਿਤਾਂ ਦੀ ਰਾਖੀ ਲਈ ਅਰੰਭਿਆ ਗਿਆ ਇਹ ਧਰਮਯੁੱਧ ਮੋਰਚਾ ਕੇਂਦਰ ਸਰਕਾਰ ਤੋ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਵਾਉਣ ਲਈ ਲਾਇਆ ਗਿਆ ਸੀ। ਮੋਰਚੇ ਦੀ ਅਰੰਭਤਾ ਸਮੇਂ, ਜਿਸ ਦਿਨ ਅਰਦਾਸ ਕਰ ਕੇ ਸ਼ਰੋਮਣੀ ਅਕਾਲੀ ਦਲ ਵੱਲੋਂ ਮੋਰਚਾ ਸ਼ੁਰੂ ਕੀਤਾ ਗਿਆ ਸੀ, ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਤਾਂ ਉਸ ਦਿਨ ਤੋ ਹੀ ਇਸ ਗੱਲ ਤੇ ਦ੍ਰਿੜ੍ਹ ਹੋ ਗਏ ਸਨ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਤੋਂ ਘੱਟ ਕੁੱਝ ਵੀ ਪਰਵਾਨ ਨਹੀਂ ਹੋਵੇਗਾ, ਪ੍ਰੰਤੂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਵੱਲੋਂ ਇਹਨਾਂ ਬਚਨਾਂ ਤੇ ਪਹਿਰਾ ਨਹੀਂ ਦਿੱਤਾ ਜਾ ਸਕਿਆ।
ਉਸ ਮੌਕੇ ਉਨ੍ਹਾਂ ਵੱਲੋਂ ਵੀ ਇਹ ਗੱਲਾਂ ਬੜੀ ਸ਼ਿੱਦਤ ਨਾਲ ਕਹੀਆਂ ਤੇ ਪ੍ਰਚਾਰੀਆਂ ਜਾਂਦੀਆਂ ਰਹੀਆਂ ਸਨ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਤੋ ਘੱਟ ਕੁੱਝ ਵੀ ਪਰਵਾਨ ਨਹੀਂ ਹੋਵੇਗਾ। ਅਕਾਲੀ ਦਲ ਨੇ ਇਸ ਮੋਰਚੇ ਨੂੰ ‘ਜੰਗ ਹਿੰਦ ਪੰਜਾਬ’ ਦਾ ਨਾਂਅ ਦਿੱਤਾ ਸੀ ਅਤੇ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਬਾਰ-ਬਾਰ ਸਟੇਜ ਤੋਂ ਸਿੱਖ ਕੌਮ ਨੂੰ ਯਕੀਨ ਦੁਆਇਆ ਸੀ ਕਿ ਇਹ ਮੋਰਚਾ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ । ਉਨ੍ਹਾਂ ਇਹ ਵੀ ਬੜੀ ਦ੍ਰਿੜ੍ਹਤਾ ਨਾਲ ਕਿਹਾ ਸੀ ਕਿ ਸਰਕਾਰ ਨਾਲ ਸਮਝੌਤੇ ਲਈ ਗੱਲਬਾਤ ਦਿੱਲੀ ਨਹੀਂ ਅੰਮ੍ਰਿਤਸਰ ਵਿਚ ਹੋਵੇਗੀ ਅਤੇ ਸਭ ਤੋ ਵੱਡੀ ਗੱਲ ਕਿ ਸਮਝੌਤਾ ਸਿੱਖ ਕੌਮ ਦੀ ਪ੍ਰਵਾਨਗੀ ਤੋਂ ਬਿਨਾਂ ਪ੍ਰਵਾਨ ਨਹੀਂ ਕੀਤਾ ਜਾਵੇਗਾ। ਇਸ ਮੋਰਚੇ ਦੌਰਾਨ ਸ਼ਰੋਮਣੀ ਅਕਾਲੀ ਦਲ ਨੇ ਸਿੱਖਾਂ ਨੂੰ ਭਾਵਨਾਤਮਕ ਤੌਰ ਤੇ ਵੱਡੀ ਪੱਧਰ ਤੇ ਜਜ਼ਬਾਤੀ ਕਰ ਦਿੱਤਾ ਸੀ। 1983 ਦੀ ਵਿਸਾਖੀ ਦੇ ਦਿਹਾੜੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਮਰਜੀਵੜਿਆਂ ਤੋਂ ਪ੍ਰਣ ਪੱਤਰ ਭਰਾ ਕੇ ਪ੍ਰਣ ਵੀ ਕਰਵਾਏ ਗਏ ਸਨ। ਨਤੀਜੇ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪ੍ਰਣ ਪੱਤਰ ਭਰਨ ਵਾਲੇ ਮਰਜੀਵੜਿਆਂ ਦੀ ਗਿਣਤੀ ਲੱਖਾਂ ਵਿਚ ਪੁੱਜ ਗਈ। ਇਸ ਦੌਰਾਨ ਕੋਈ ਢਾਈ ਲੱਖ ਦੇ ਕਰੀਬ ਸਿੰਘਾਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ ਸਨ। ਸੈਂਕੜੇ ਸਿੰਘ ਜੇਲ੍ਹਾਂ ਦੇ ਘਟੀਆ ਪ੍ਰਬੰਧ ਕਾਰਨ ਤੇ ਪੁਲਿਸ ਤਸ਼ੱਦਦ ਕਾਰਨ ਸ਼ਹੀਦ ਹੋਏ ਸਨ । ਤਰਨਤਾਰਨ ਰੇਲਵੇ ਫਾਟਕ ‘ਤੇ ਬੱਸ ਨਾਲ ਰੇਲ ਦੀ ਹੋਈ ਟੱਕਰ ਵਿਚ ੩੪ ਸਿੰਘ ਆਪਣੀਆਂ ਜਾਨਾਂ ਤੋ ਹੱਥ ਧੋ ਬੈਠੇ ਸਨ ਅਤੇ ਦਿੱਲੀ ਵਿਖੇ ਇਹਨਾਂ ਸਿੰਘਾਂ ਦੀਆਂ ਅਸਥੀਆਂ ਦੇ ਮਾਰਚ ਉਪਰ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਚਾਰ ਸਿੰਘ ਹੋਰ ਸ਼ਹੀਦ ਹੋ ਗਏ ਸਨ। ਅਜਿਹੀਆਂ ਦਰਦਨਾਕ ਮੌਤਾਂ ਅਤੇ ਸਰਕਾਰੀ ਜਬਰ ਦੇ ਕਿੱਸੇ ਸਿੱਖਾਂ ਦੇ ਹੌਸਲਿਆਂ ਨੂੰ ਹੋਰ ਬੁਲੰਦ ਅਤੇ ਰੋਹ ਨੂੰ ਹੋਰ ਪ੍ਰਚੰਡ ਕਰ ਰਹੇ ਸਨ। ਇਹ ਉਹ ਸਮਾ ਸੀ ਜਦੋਂ ਮੋਰਚਾ ਆਪਣੇ ਪੂਰੇ ਜੋਬਨ ਤੇ ਪਹੁੰਚ ਚੁੱਕਾ ਸੀ।
ਕੋਈ ਵੀ ਧਿਰ ਮੋਰਚੇ ਤੋ ਬਾਹਰ ਨਹੀਂ ਸੀ ਰਹੀ। ਸਮੁੱਚੀਆਂ ਪੰਥਕ ਜਥੇਬੰਦੀਆਂ ਇਸ ਵਿਚ ਸ਼ਾਮਲ ਹੋ ਗਈਆਂ ਸਨ। ਦਿਸ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਕਸਰ ਹੀ ਆਪਣੀਆਂ ਤਕਰੀਰਾਂ ਵਿਚ ਕਿਹਾ ਕਰਦੇ ਸਨ ਕਿ ਇਸ ਵਾਰ ਜਾਂ ਤਾਂ ਮੋਰਚਾ ਫ਼ਤਿਹ ਹੋਵੇਗਾ ਜਾਂ ਫਿਰ ਸ਼ਹੀਦੀਆਂ ਹੋਣਗੀਆਂ, ਵਿਚ ਵਿਚਾਲੇ ਕੁੱਝ ਨਹੀਂ ਹੋ ਸਕੇਗਾ। ਪਿੰਡਾਂ, ਸ਼ਹਿਰਾਂ, ਕਸਬਿਆਂ ਤੋ ਸਿੱਖਾਂ ਦੇ ਵੱਡੇ-ਵੱਡੇ ਜਥੇ ਗ੍ਰਿਫ਼ਤਾਰੀਆਂ ਦੇਣ ਲਈ ਵਹੀਰਾਂ ਘੱਤ ਕੇ ਪਹੁੰਚ ਰਹੇ ਸਨ। ਧਰਮਯੁੱਧ ਮੋਰਚੇ ਦੀ ਧਾਕ ਪੂਰੇ ਭਾਰਤ ਵਿਚ ਹੀ ਨਹੀਂ, ਬਲਕਿ ਪੂਰੀ ਦੁਨੀਆ ਵਿਚ ਪੈ ਰਹੀ ਸੀ । ਦੂਜੇ ਪਾਸੇ ਮੀਡੀਏ ਦੀ ਭੂਮਿਕਾ ਧਰਮਯੁੱਧ ਮੋਰਚੇ ਦੌਰਾਨ ਸਿੱਖਾਂ ਪ੍ਰਤੀ ਹਾਅ ਪੱਖੀ ਨਹੀਂ ਬਲਕਿ ਭੇਦਭਾਵ ਵਾਲੀ ਹੀ ਰਹੀ ਹੈ। ਇੱਕ ਪਾਸੇ ਸਰਕਾਰ ਦੇ ਡੰਡਾ-ਤੰਤਰ ਦੀ ਦਹਿਸ਼ਤ ਅਤੇ ਦੂਜੇ ਪਾਸੇ ਅਖੌਤੀ ਰਾਸ਼ਟਰਵਾਦ ਦਾ ਭੂਤ ਅੰਮ੍ਰਿਤਸਰ ਦੇ ਬਹੁ ਗਿਣਤੀ ਪੱਤਰਕਾਰਾਂ ਨੂੰ ਸੱਚ ਲਿਖਣ ਤੋ ਸਖ਼ਤੀ ਨਾਲ ਵਰਜ ਰਿਹਾ ਸੀ।
ਦੂਰ ਦੁਰਾਡੇ ਤੋ ਅੰਮ੍ਰਿਤਸਰ ਵਿਚ ਡੇਰੇ ਜਮਾ ਕੇ ਬੈਠਣ ਵਾਲੇ ਗੈਰ ਸਿੱਖ ਪੱਤਰਕਾਰਾਂ ਦੀ ਮਾਨਸਿਕਤਾ ਵਿਚ ਪਹਿਲਾਂ ਹੀ ਸਿੱਖਾਂ ਪ੍ਰਤੀ ਕੋਈ ਬਹੁਤੀ ਸਕਾਰਾਤਮਕ ਸੋਚ ਨਹੀਂ ਸੀ, ਜਿਸ ਕਰ ਕੇ ਉਹ ਸ੍ਰੀ ਦਰਬਾਰ ਸਾਹਿਬ ਤੋ ਚੱਲ ਰਹੀਆਂ ਗਤੀਵਿਧੀਆਂ ਨੂੰ ਅਲੱਗ-ਵਾਦ ਦੇ ਨਜ਼ਰੀਏ ਤੋ ਹੀ ਦੇਖਦੇ, ਸੋਚਦੇ ਅਤੇ ਲਿਖਦੇ ਰਹੇ ਹਨ, ਮੀਡੀਏ ਦੀ ਸਰਕਾਰ ਪੱਖੀ ਅਤੇ ਰਾਸ਼ਟਰਵਾਦੀ ਸੋਚ ਕਾਰਨ ਪੂਰੇ ਭਾਰਤ ਵਿਚ ਸਿੱਖਾਂ ਪ੍ਰਤੀ ਦੇਸ ਦੇ ਲੋਕਾਂ ਦੀ ਸੋਚ ਸਕਾਰਾਤਮਕ ਨਹੀਂ ਰਹੀ ਸੀ। ਇਹ ਸਾਰਾ ਬਿਰਤਾਂਤ ਬਾਕਾਇਦਾ ਸਿਰਜਿਆ ਗਿਆ, ਜਿਸ ਲਈ ਭਾਰਤੀ ਖ਼ੁਫ਼ੀਆ ਏਜੰਸੀਆਂ ਪੂਰੀ ਤਰਾਂ ਚੌਕਸ ਰਹਿ ਕੇ ਕੰਮ ਕਰਦੀਆਂ ਰਹੀਆਂ, ਏਜੰਸੀਆਂ ਲਈ ਸ੍ਰੀ ਦਰਬਾਰ ਸਾਹਿਬ ਦੀਆਂ ਖ਼ੁਫ਼ੀਆ ਰਿਪੋਰਟਾਂ ਲੈਣ ਲਈ ਬਹੁਤ ਸਾਰੇ ਪੱਤਰਕਾਰ ਉਨ੍ਹਾਂ ਲਈ ਭੁਗਤਾਨ ਵਰਕਰ ਦੇ ਤੌਰ ਤੇ ਕੰਮ ਕਰਦੇ ਸਨ, ਜਿਹੜੇ ਅਖ਼ਬਾਰਾਂ ਅਤੇ ਨਿਊਜ਼ ਏਜੰਸੀਆਂ ਲਈ ਰਿਪੋਰਟਿੰਗ ਕਰਨ ਦੀ ਘੱਟ ਅਤੇ ਖ਼ੁਫ਼ੀਆ ਏਜੰਸੀਆਂ ਲਈ ਜ਼ਿਆਦਾ ਜ਼ੁੰਮੇਵਾਰ ਵਜੋਂ ਕੰਮ ਕਰਦੇ ਸਨ। ਏਜੰਸੀਆਂ ਵੱਲੋਂ ਇਸ ਕੰਮ ਲਈ ਪੈਸਾ ਪਾਣੀ ਵਾਂਗੂੰ ਵਹਾਇਆ ਗਿਆ। ਬਹੁਤ ਸਾਰੇ ਨਾਮਵਰ ਪੱਤਰਕਾਰਾਂ ਦੀ ਭੂਮਿਕਾ ਸ਼ੱਕ ਦੇ ਘੇਰੇ ਚ ਰਹੀ। ਬਹੁਤ ਸਾਰਿਆਂ ਨੇ ਸ਼ਰੋਮਣੀ ਅਕਾਲੀ ਦਲ ਅਤੇ ਸੰਤ ਹਰਚੰਦ ਸਿੰਘ ਨਾਲ ਨੇੜਤਾ ਬਣਾ ਲਈ ਅਤੇ ਕੁੱਝ ਗਿਣੇ ਚੁਣੇ ਪੱਤਰਕਾਰ ਸੰਤ ਭਿੰਡਰਾਂ ਵਾਲਿਆਂ ਦੇ ਖ਼ੈਮੇ ਚ ਰਹਿ ਗਏ। (ਇਹ ਕੌੜਾ ਸੱਚ ਸ੍ਰ ਜਸਪਾਲ ਸਿੰਘ ਸਿੱਧੂ ਨੇ ਆਪਣੀ ਪੁਸਤਕ ‘ਸੰਤ ਭਿੰਡਰਾਂ ਵਾਲੇ ਦੇ ਰੂ-ਬ-ਰੂ ਜੂਨ 84 ਦੀ ਪੱਤਰਕਾਰੀ’ ਵਿਚ ਬੜੀ ਬੇਬਾਕੀ ਨਾਲ ਦਰਜ ਕੀਤਾ ਹੈ)।
ਇਸ ਸਮੇਂ ਦੌਰਾਨ ਭਾਰਤੀ ਫੋਰਸਾਂ ਅਤੇ ਏਜੰਸੀਆਂ ਨੇ, ਜਿਨ੍ਹਾਂ ਵਿਚ ਆਈ ਬੀ ਅਤੇ ਰਾਅ ਸਮੇਤ ਅੱਧੀ ਦਰਜਨ ਏਜੰਸੀਆਂ ਨੇ ਪੰਜਾਬ ਤੇ ਤਿੱਖੀ ਨਜ਼ਰ ਰੱਖੀ ਅਤੇ ਹਾਲਾਤਾਂ ਨੂੰ ਭਾਂਪ ਲਿਆ। ਫ਼ੌਜੀ ਹਮਲਾ ਇੱਕ ਸੋਚੀ ਸਮਝੀ ਸਕੀਮ ਤਹਿਤ ਕੀਤਾ ਗਿਆ ਸੀ, ਇਸ ਕਰ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਮੇਤ ਕੋਈ ਤਿੰਨ ਦਰਜਨ ਤੋਂ ਵੱਧ ਗੁਰਦੁਆਰਾ ਸਾਹਿਬਾਨ ਫ਼ੌਜੀ ਕਹਿਰ ਦਾ ਸ਼ਿਕਾਰ ਹੋਏ ਸਨ। ਇਸ ਸਮੇਂ ਦੌਰਾਨ ਪੱਤਰਕਾਰੀ ਦੇ ਖੇਤਰ ਚ ਕੰਮ ਕਰਦੇ ਬਹੁਤ ਸਾਰੇ ਵਿਅਕਤੀਆਂ ਨੇ ਆਪਣੀਆਂ ਕਲਮਾਂ ਨੂੰ ਖੁੰਡਾ ਕਰ ਲਿਆ ਸੀ ਤੇ ਗ਼ੈਰਤ ਚੰਦ ਛਿੱਲੜਾਂ ਬਦਲੇ ਗਿਰਵੀ ਕਰ ਦਿੱਤੀ ਸੀ। ਇਹ ਸਰਕਾਰੀ ਦਹਿਸ਼ਤ ਅਤੇ ਰਾਸ਼ਟਰਵਾਦ ਦੇ ਸਾਂਝੇ ਪ੍ਰਭਾਵ ਦਾ ਕਮਾਲ ਸੀ ਕਿ ਪੱਤਰਕਾਰਾਂ ਦੀਆਂ ਖ਼ਬਰਾਂ ਪੰਜਾਬ ਦਾ ਅਸਲ ਸੱਚ ਦਿਖਾਉਣ ਦੀ ਬਜਾਏ ਭਾਰਤੀ ਸਿਸਟਮ ਅਨੁਸਾਰ ਲਿਖ ਕੇ ਅਜਿਹਾ ਮਾਹੌਲ ਸਿਰਜਣ ਵਿਚ ਅਪਣਾ ਯੋਗਦਾਨ ਪਾ ਰਹੀਆਂ ਸਨ, ਜਿਹੜਾ ਕੁੱਝ ਦਿਨਾਂ ਬਾਅਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਹੋਣ ਵਾਲੀ ਫ਼ੌਜੀ ਕਾਰਵਾਈ ਲਈ ਸਾਜ਼ਗਾਰ ਸਿੱਧ ਹੋਇਆ।

Install Punjabi Akhbar App

Install
×