ਕ੍ਰਿਸਟਿਅਨ ਪੋਰਟਰ ਉਪਰ ਇਲਜ਼ਾਮ ਲਗਾਉਣ ਵਾਲੀ ਮਹਿਲਾ ਦੀ ਮੌਤ ਦੀ ਹੋਵੇ ਕਾਨੂੰਨੀ ਜਾਂਚ -ਜੂਲੀ ਬਿਸ਼ਪ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਲਿਬਰਲ ਪਾਰਟੀ ਦੀ ਸਾਬਕਾ ਨੇਤਾ ਜੂਲੀ ਬਿਸ਼ਪ ਨੇ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਹੈ ਕਿ ਮੌਜੂਦਾ ਐਮ.ਪੀ. ਕ੍ਰਿਸਟਿਅਨ ਪੋਰਟਰ ਉਪਰ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਗਾਉਣ ਵਾਲੀ ਮਹਿਲਾ, ਜੋ ਕਿ ਉਸਦੇ ਨਾਲ ਬੀਤੀ ਘਟਨਾ ਨੂੰ ਜਨਤਕ ਕਰਨਾ ਚਾਹੁੰਦੀ ਸੀ, ਦੀ ਮੌਤ ਉਪਰ ਕਾਨੂੰਨਨ ਅਤੇ ਪਾਏਦਾਰ ਜਾਂਚ ਹੋਣੀ ਚਾਹੀਦੀ ਹੈ ਅਤੇ ਉਹ ਵੀ ਬਿਨ੍ਹਾਂ ਕਿਸੇ ਦੇਰੀ ਦੇ….।
ਜ਼ਿਕਰਯੋਗ ਹੈ ਕਿ ਅਟਾਰਟੀ ਜਨਰਲ, ਕ੍ਰਿਸਟਿਅਨ ਪੋਰਟਰ, ਜਦੋਂ ਦੇ ਉਨ੍ਹਾਂ ਉਪਰ ਇਹ ਇਲਜ਼ਾਮ ਲਗਾਏ ਗਏ ਹਨ, ਉਦੋਂ ਤੋਂ ਹੀ ਛੁੱਟੀ ਉਪਰ ਚਲੇ ਗਏ ਸਨ ਅਤੇ ਉਨ੍ਹਾਂ ਉਪਰ ਲਗਾਏ ਗਏ ਇਲਜ਼ਾਮਾਂ ਵਿੱਚ ਉਕਤ ਮਹਿਲਾ ਵੱਲੋਂ ਕਿਹਾ ਗਿਆ ਸੀ ਕਿ 30 ਸਾਲ ਪਹਿਲਾਂ ਕ੍ਰਿਸਟਿਅਨ ਪੋਰਟਰ ਵੱਲੋਂ ਉਨ੍ਹਾਂ ਨਾਲ ਦੁਸ਼ਕਰਮ ਕੀਤਾ ਗਿਆ ਸੀ ਅਤੇ ਇਸ ਬਾਰੇ ਵਿੱਚ ਉਹ ਆਪਣੇ ਬਿਆਨ ਜਨਤਕ ਤੌਰ ਤੇ ਸਾਂਝਾ ਕਰਨੇ ਚਾਹੁੰਦੇ ਹਨ ਪਰੰਤੂ ਕੁੱਝ ਦਿਨਾਂ ਵਿੱਚ ਹੀ ਉਕਤ ਮਹਿਲਾ ਦੀ ਖ਼ੁਦਕਸ਼ੀ ਦੀਆਂ ਖ਼ਬਰਾਂ ਅਖ਼ਬਾਰਾਂ ਅਤੇ ਨਿਊਜ਼ ਚੈਨਲਾਂ ਦੀਆਂ ਸੁਰਖੀਆਂ ਬਣ ਕੇ ਰਹਿ ਗਈਆਂ ਅਤੇ ਇਸ ਦੀ ਜਾਂਚ ਹੋਣੀ ਲਾਜ਼ਮੀ ਬਣਦੀ ਹੈ। ਇਸ ਤੋਂ ਪਹਿਲਾਂ ਉਕਤ ਮਹਿਲਾ ਨੇ ਨਿਊ ਸਾਊਥ ਵੇਲਜ਼ ਦੀ ਪੁਲਿਸ ਨੂੰ ਇਹ ਵੀ ਕਿਹਾ ਸੀ ਕਿ ਉਹ ਆਪਣੀ ਸ਼ਿਕਾਇਤ ਉਪਰ ਕਾਰਵਾਈ ਨਹੀਂ ਚਾਹੁੰਦੀ ਪਰੰਤੂ ਉਹ ਹੁਣ ਜ਼ਿੰਦਾ ਨਹੀਂ ਰਹੇਗੀ ਅਤੇ ਆਪਣੀ ਜਾਨ ਦੇ ਦੇਵੇਗੀ। ਇਸ ਦੇ ਨਾਲ ਹੀ ਉਕਤ ਮਹਿਲਾ ਸਾਲ 2013 ਵਿੱਚ ਇੱਕ ਕਾਂਸਲਰ ਨੂੰ ਵੀ ਮਿਲੀ ਸੀ ਅਤੇ ਉਸ ਨੂੰ ਬਿਆਨ ਕੀਤਾ ਸੀ ਕਿ 1988 ਵਿੱਚ ਜਦੋਂ ਉਹ 16 ਸਾਲਾਂ ਦੀ ਸੀ ਤਾਂ ਉਕਤ ਵਿਅਕਤੀ ਨੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਸੀ। ਕਾਂਸਲਰ ਨੇ ਉਸ ਨੂੰ ਸਮਝਾਇਆ ਸੀ ਤੇ ਦੋਹਾਂ ਨੇ ਮਿਲਕੇ ਇਸ ਵਾਕਿਆ ਨੂੰ ਮੁੜ ਤੋਂ ਦਾਇਰ ਕਰਨ ਦੇ ਸਾਰੇ ਪੱਖਾਂ ਉਪਰ ਹਾਂ-ਪੱਖੀ ਅਤੇ ਨਾਂ-ਪੱਖੀ ਮਸਲਿਆਂ ਉਪਰ ਵਿਚਾਰ ਵਿਮਰਸ਼ ਵੀ ਕੀਤਾ ਸੀ ਅਤੇ ਕਾਂਸਲਰ ਦੇ ਬਿਆਨਾਂ ਮੁਤਾਬਿਕ ਉਹ ਮੁੜ ਤੋਂ 5 ਸਾਲਾਂ ਤੱਕ ਇਸ ਮਸਲੇ ਉਪਰ ਚੁੱਪ ਰਹਿ ਗਈ ਸੀ ਅਤੇ ਫੇਰ ਮੁੜ ਤੋਂ ਉਸ ਨੇ ਇਹ ਮਸਲਾ ਚੁੱਕ ਲਿਆ ਸੀ ਅਤੇ ਕਾਨੂੰਨ ਕੋਲੋਂ ਇਨਸਾਫ ਦੀ ਮੰਗ ਵਾਸਤੇ ਆਪਣੀ ਅਰਜ਼ੀ ਉਸਨੇ ਪੁਲਿਸ ਕੋਲ ਦਾਇਰ ਕਰ ਦਿੱਤੀ ਸੀ।
ਸਾਬਕਾ ਕੈਬਨਿਟ ਮੰਤਰੀ ਜੂਲੀ ਬਿਸ਼ਪ ਨੇ ਪ੍ਰਧਾਨ ਮੰਤਰੀ ਕੋਲ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਅਤੇ ਸਹੀਬੱਧ ਤਰੀਕਿਆਂ ਦੇ ਨਾਲ ਜਾਂਚ ਹੋਵੇ ਅਤੇ ਜੇਕਰ ਕੋਈ ਗੁਨਾਹਗਾਰ ਹੈ ਤਾਂ ਉਹ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ ਅਤੇ ਕਾਨੂੰਨ ਮੁਤਾਬਿਕ ਉਹ ਸਜ਼ਾ ਦਾ ਹੱਕਦਾਰ ਹੋਣਾ ਚਾਹੀਦਾ ਹੈ।

Install Punjabi Akhbar App

Install
×