ਬਿਮਾਰ ਜੂਲੀਅਨ ਅਸਾਂਜੇ ਬਹੁਤ ਛੇਤੀ ਇਕਵਾਡੋਰ ਦੂਤ ਘਰ ਨੂੰ ਛੱਡ ਜਾਵੇਗਾ, ਗ੍ਰਿਫ਼ਤਾਰੀ ਸੰਭਵ

julian-assanje

ਵੈੱਬਸਾਈਟ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਜਿਸ ਨੇ ਸਵੀਡਨ ਨੂੰ ਜਲਾਵਤਨੀ ਤੋਂ ਬਚਣ ਲਈ ਇੱਥੇ ਇਕਵਾਡੋਰ ਦੇ ਦੂਤ ਘਰ ਵਿਚ 2 ਸਾਲ ਤੋਂ ਵੀ ਵਧ ਸਮਾਂ ਬਿਤਾਇਆ ਹੈ, ਨੇ ਅੱਜ ਕਿਹਾ ਹੈ ਕਿ ਉਹ ਬਹੁਤ ਛੇਤੀ ਇੱਥੋਂ ਚਲਾ ਜਾਵੇਗਾ। ਇਸ ਸਬੰਧੀ ਉਸ ਨੇ ਹੋਰ ਵੇਰਵਾ ਨਹੀਂ ਦਿੱਤਾ। ਇਸ ਤੋਂ ਪਹਿਲਾਂ ਬਰਤਾਨੀਆ ਦੇ ਸਕਾਈ ਨਿਊਜ਼ ਨੇ ਇੱਕ ਰਿਪੋਰਟ ਵਿਚ ਕਿਹਾ ਸੀ ਕਿ ਅਸਾਂਜੇ ਆਪਣੀ ਖ਼ਰਾਬ ਸਿਹਤ ਕਾਰਨ ਦੂਤ ਘਰ ਛੱਡਣ ਬਾਰੇ ਵਿਚਾਰ ਕਰ ਰਿਹਾ ਹੈ। ਸਿਹਤ ਬਾਰੇ ਪੁੱਛੇ ਜਾਣ ‘ਤੇ ਅਸਾਂਜੇ ਨੇ ਕਿਹਾ ਕਿ ਇੱਕ ਇਮਾਰਤ ਵਿਚ 2 ਸਾਲ ਬਿਤਾਉਣ ਵਾਲਾ ਕੋਈ ਵੀ ਵਿਅਕਤੀ ਪ੍ਰਭਾਵਿਤ ਹੋ ਸਕਦਾ ਹੈ ਜਿੱਥੇ ਨਾ ਘੁੰਮਣ ਫਿਰਨ ਲਈ ਕੋਈ ਬਾਹਰੀ ਖੇਤਰ ਹੈ ਤੇ ਨਾ ਸਿੱਧੀ ਸੂਰਜ ਦੀ ਰੌਸ਼ਨੀ ਪੈਂਦੀ ਹੈ। ਇਕਵਾਡੋਰ ਦੇ ਵਿਦੇਸ਼ ਮੰਤਰੀ ਰਿਕਾਰਡੋ ਪਟੀਨੋ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸਾਂਜੇ ਨੇ ਦੂਤ ਘਰ ਛੱਡਣ ਲਈ ਕੋਈ ਸਮਾਂ ਸੀਮਾ ਨਹੀਂ ਦੱਸੀ ਹੈ। ਰਿਕਾਰਡ ਪਟੀਨੋ ਨੇ ਕਿਹਾ ਕਿ ਇਹ ਸਮਾਂ ਅਸਾਂਜੇ ਨੂੰ ਰਿਹਾਅ ਕਰਨ ਦਾ ਹੈ। ਇਹ ਸਮਾਂ ਹੈ ਕਿ ਉਸ ਦੇ ਮਨੁੱਖੀ ਹੱਕਾਂ ਦਾ ਸਨਮਾਨ ਕੀਤਾ ਜਾਵੇ। ਅਸਾਂਜੇ ਦੀ ਵੈੱਬ ਸਾਈਟ ਵਿਕੀਲੀਕਸ ਨੇ ਅਮਰੀਕਾ ਦੀ ਫ਼ੌਜ ਤੇ ਕੂਟਨੀਤੀ ਨਾਲ ਸਬੰਧਿਤ ਗੁਪਤ ਦਸਤਾਵੇਜ਼ ਪ੍ਰਕਾਸ਼ਿਤ ਕੀਤੇ ਸਨ ਜਿਸ ਕਾਰਨ ਅਮਰੀਕਾ ਨੂੰ ਸ਼ਰਮਸਾਰ ਹੋਣਾ ਪਿਆ ਸੀ। ਅਗਸਤ 2012 ਵਿਚ ਲਤਿਨ ਅਮਰੀਕੀ ਦੇਸ਼ ਵੱਲੋਂ ਕੂਟਨੀਤਕ ਸ਼ਰਨ ਦੇਣ ਤੋਂ ਬਾਅਦ ਉਹ ਇਕਵਾਡੋਰ ਦੇ ਦੂਤ ਘਰ ਵਿਚ ਰਹਿ ਰਿਹਾ ਹੈ। ਉਸ ਉੱਪਰ ਨਿਰੰਤਰ ਨਜ਼ਰ ਰੱਖੀ ਜਾ ਰਹੀ ਹੈ। ਦੂਤ ਘਰ ਛੱਡਣ ਉਪਰੰਤ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਸਕਾਟਲੈਂਡ ਪੁਲਿਸ ਦੂਤ ਘਰ ਦੇ ਬਾਹਰ ਵਾਰ 24 ਘੰਟੇ ਪਹਿਰਾ ਦੇ ਰਹੀ ਹੈ।

Install Punjabi Akhbar App

Install
×