ਜੇ ਚਾਹੁਣ ਤਾਂ ਜੂਲੀਅਨ ਐਸੈਂਜ ਆਪਣੇ ਘਰ ਆਸਟ੍ਰੇਲੀਆ ਪਰਤ ਸਕਦੇ ਹਨ -ਸਕਾਟ ਮੋਰੀਸਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆਈ ਨਾਗਰਿਕ ਅਤੇ ਵਰਿਸ਼ਟ ਪੱਤਰਕਾਰ 49 ਸਾਲਾ ਜੂਲੀਅਨ ਐਸੈਂਜ ਜਿਹੜੇ ਕਿ ‘ਵਿਕੀਲੀਕਸ’ ਦੇ ਬਾਨੀ ਵੀ ਹਨ ਅਤੇ ਮੌਜੂਦਾ ਸਮੇਂ ਅੰਦਰ ਬ੍ਰਿਟੇਨ ਦੀਆਂ ਅਦਾਲਤਾਂ ਵਿੱਚ ਆਪਣੀ ਅਮਰੀਕਾ ਨੂੰ ਸਪੁਰਦਗੀ ਦੇ ਖ਼ਿਲਾਫ਼ ਲੜਾਈ ਲੜ ਰਹੇ ਹਨ, ਨੂੰ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਖੁੱਲ੍ਹੇ ਤੌਰ ਤੇ ਕਿਹਾ ਹੈ ਕਿ ਜੇਕਰ ਇੰਗਲੈਂਡ ਦੀਆਂ ਅਦਾਲਤਾਂ ਉਨ੍ਹਾਂ ਦੀ ਅਮਰੀਕਾ ਨੂੰ ਸਪੁਰਦਗੀ ਉਪਰ ਰੋਕ ਲਗਾ ਦਿੰਦੀ ਹੈ ਤਾਂ ਉਹ ਆਪਣੇ ਘਰ ਆਸਟ੍ਰੇਲੀਆ ਨੂੰ ਪਰਤ ਸਕਦੇ ਹਨ। ਜ਼ਿਕਰਯੋਗ ਹੈ ਕਿ ਉਕਤ ਪੱਤਰਕਾਰ ਉਪਰ ਅਮਰੀਕਾ ਵੱਲੋਂ ਘੱਟੋ ਘੱਟ 14 ਜਾਸੂਸੀ ਦੇ ਮਾਮਲਿਆਂ ਵਿੱਚ ਕੇਸ ਦਰਜ ਕੀਤੇ ਹਨ ਅਤੇ ਜੇਕਰ ਉਹ ਅਮਰੀਕਾ ਨੂੰ ਸਪੁਰਦ ਕਰ ਦਿੱਤੇ ਜਾਂਦੇ ਹਨ ਤਾਂ ਅਮਰੀਕਾ ਵਿੱਚ ਮੁਕੱਦਮੇ ਚਲਾ ਕੇ ਉਨ੍ਹਾਂ ਨੂੰ 175 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਅਮਰੀਕਾ ਨੇ ਆਪਣੇ ਦੋਸ਼ਾਂ ਵਿੱਚ ਕਿਹਾ ਹੈ ਕਿ ਵਿਕੀਲੀਕਸ ਰਾਹੀਂ ਅਮਰੀਕਾ ਦੇ ਮਿਲਟਰੀ ਦੀਆਂ ਕਾਰਵਾਈਆਂ ਜਿਹੜੀਆਂ ਕਿ ਇਰਾਕ ਅਤੇ ਅਫ਼ਗਾਨਿਸਤਾਨ ਵਿੰਚ ਕੀਤੀਆਂ ਗਈਆਂ ਸਨ, ਦੀ ਖੁਲੇਆਮ ਚਰਚਾ ਕੀਤੀ ਗਈ ਹੈ ਅਤੇ ਪੱਤਰਕਾਰ ਐਸੋਸਿਏਸ਼ਨਾਂ ਦਾ ਕਹਿਣਾ ਹੈ ਕਿ ਪੱਤਰਕਾਰਤਾ ਦਾ ਅਸੂਲ ਹੀ ਇਹ ਹੈ ਕਿ ਦੁਨੀਆਂ ਨੂੰ ਸੱਚ ਤੋਂ ਜਾਣੂ ਕਰਵਾਇਆ ਜਾਵੇ ਅਤੇ ਇਸ ਵਿੱਚ ਵਿਕੀਲੀਕਸ ਵਿੱਚ ਕੁੱਝ ਵੀ ਗਲਤ ਜਾਂ ਤੱਥਾਂ ਤੋਂ ਬਿਨ੍ਹਾਂ ਨਹੀਂ ਕਿਹਾ ਗਿਆ ਹੈ ਅਤੇ ਅਮਰੀਕਾ ਦੇ ਅਜਿਹੇ ਇਲਜ਼ਾਮ ਸਿੱਧੇ ਤੌਰ ਤੇ ਪਰੈਸ ਅਤੇ ਬੋਲਣ ਦੀ ਆਜ਼ਾਦੀ ਉਪਰ ਹਮਲਾ ਹਨ। ਆਸਟ੍ਰੇਲੀਆਈ ਪੱਤਰਕਾਰ ਐਸੋਸਿਏਸ਼ਨ ਨੇ ਵੀ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਅੰਤਰ-ਰਾਸ਼ਟਰੀ ਦਬਾਅ ਬਣਾ ਕੇ ਤੁਰੰਤ ਸ੍ਰੀ ਜੂਲੀਅਨ ਐਸੈਂਜ ਨੂੰ ਆਸਟ੍ਰੇਲੀਆ ਵਾਪਿਸ ਲੈ ਕੇ ਆਇਆ ਜਾਵੇ ਤਾਂ ਜੋ ਉਨ੍ਹਾਂ ਦੀ ਜਾਨ ਦੀ ਰੱਖਿਆ ਕੀਤੀ ਜਾ ਸਕੇ ਕਿਉਂਕਿ ਉਹ ਪਹਿਲਾਂ ਹੀ ਬਹੁਤ ਜ਼ਿਆਦਾ ਮਾਨਸਿਕ ਤਣਾਅ ਝੇਲ ਰਹੇ ਹਨ।

Install Punjabi Akhbar App

Install
×