ਪੱਤਰਕਾਰ ਛਤਰਪਤੀ ਕਤਲ ਕੇਸ ਵਿੱਚ ਡੇਰਾ ਮੁਖੀ ਨੂੰ ਹੋਈ ਸਜ਼ਾ ਪਰਿਵਾਰ ਦੀ ਨਿੱਡਰਤਾ ਨਾਲ ਲੜੀ ਲੰਮੀ ਲੜਾਈ ਦੀ ਜਿੱਤ 

bagel singh dhaliwal 190119 chhatarpati
ਬੀਤੇ ਕੱਲ ਦੇਰ ਸਾਮ ਸਿਰਸਾ (ਹਰਿਆਣਾ) ਦੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ 2002 ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਪਹਿਲਾਂ ਹੀ ਡੇਰੇ ਅੰਦਰਲੀਆਂ ਸਾਧਵੀਆਂ ਦੇ ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾ ਜਾਫਤਾ ਹਰਿਆਣੇ ਦੇ ਸਹਿਰ ਰੋਹਤਕ ਦੀ ਸੁਨਾਰੀਆਂ ਜੇਲ ਦੇ ਕੈਦੀ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ ਉਹਦੇ ਤਿੰਨ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।ਸਾਰੇ ਭਾਰਤ ਸਮੇਤ ਵੱਖ ਵੱਖ ਦੇਸ਼ਾਂ ਵਿੱਚ ਵਸਦੇ ਭਾਰਤੀਆਂ ਦੀਆਂ ਨਜਰਾਂ ਸਵੇਰ ਤੋ ਹੀ ਟੀਵੀ ਦੇ ਸਕਰੀਨ ਤੇ ਟਿਕੀਆਂ ਹੋਈਆਂ ਸਨ। ਪਹਿਲਾਂ ਇੱਕ ਬਹੁਤ ਹੀ ਸ਼ਕਤੀਸ਼ਾਲੀ ਸਾਧ ਆਸ਼ਾ ਰਾਮ,ਫਿਰ ਹਰਿਆਣੇ ਦੇ ਇੱਕ ਕਬੀਰਪੰਥੀ ਡੇਰਾ ਮੁਖੀ ਰਾਮਪਾਲ ਦੇ ਮਾਮਲੇ ਤੋ ਬਾਅਦ ਡੇਰਾ ਸਿਰਸਾ ਮੁਖੀ ਦੇ ਸੰਗੀਨ ਜੁਰਮਾਂ ਵਾਲੇ ਕੇਸਾਂ ਦੇ ਫੈਸਲਿਆਂ ਤੋ ਇੱਕ ਗੱਲ ਤਾ ਸਾਫ ਹੋ ਜਾਂਦੀ ਹੈ ਕਿ ਕਿਤੇ ਨਾ ਕਿਤੇ ਡੇਰਾਵਾਦ ਸਮੁੱਚੀ ਮਨੁਖਤਾ ਲਈ ਹੀ ਘਾਤਕ ਹੈ।ਜਿਸ ਤਰਾਂ ਪਹਿਲਾਂ ਆਸਾ ਰਾਮ,ਰਾਮਪਾਲ ਅਤੇ ਡੇਰਾ ਸਿਰਸਾ ਦੇ ਮੁਖੀ ਦੀਆਂ ਡੋਰਾਂ ਖੁੱਲੀਆਂ ਛੱਡੀਆਂ ਗਈਆਂ ਸਨ,ਉਸਨੇ ਬੇਸ਼ੱਕ ਸੂਝਵਾਨ ਤੇ ਚਿੰਤਕ ਲੋਕਾਂ ਨੂੰ ਫਿਕਰਮੰਦ ਕੀਤਾ,ਪਰੰਤੂ ਸਿਆਸਤ ਕਦੇ ਲੋਕਾਂ ਦੀ ਸਕੀ ਨਹੀ ਹੁੰਦੀ,ਇਸ ਲਈ ਸਭ ਬੇਬੱਸ ਹੋਕੇ ਰਹਿ ਗਏ। ਪੱਤਰਕਾਰ ਛਤਰਪਤੀ ਕਤਲ ਕੇਸ ਦੇ ਫੈਸਲੇ ਨੇ ਇਹ ਵੀ ਸਪਸਟ ਕਰ ਦਿੱਤਾ ਹੈ ਕਿ ਭਾਂਵੇ ਸਟੇਟ ਅਜਿਹੇ ਸੰਗੀਨ ਮਾਮਲਿਆਂ ਤੋ ਪਹਿਲਾਂ ਹੀ ਜਾਣੂ ਹੁੰਦੀ ਹੈ,ਪਰ ਉਹ ਓਨੀ ਦੇਰ ਕੋਈ ਵੀ ਕਾਰਵਾਈ ਨਹੀ ਕਰਦੀ ਜਿੰਨੀ ਦੇਰ ਸਬੰਧਤ ਮੁਲਜਮ ਤੋ ਖਤਰਾ ਖੁਦ ਸਟੇਟ ਮਹਿਸੂਸ ਨਹੀ ਕਰਦੀ।ਸਾਡੀਆਂ ਮਾਨਯੋਗ ਅਦਾਲਤਾਂ ਦੀ ਮਜਬੂਰੀ ਤੇ ਵੀ ਤਰਸ ਆਉਦਾ ਹੈ,ਜਿਹੜੀਆਂ ਸਭ ਕੁੱਝ ਸੱਚ ਸੱਚ ਜਾਣਦੀਆਂ ਹੋਈਆਂ ਵੀ ਸਹੀ ਫੈਸਲਾ ਦੇਣ ਤੋ ਡਰਦੀਆਂ ਅਤੇ ਉਪਰਲੇ ਇਸਾਰੇ ਦੀ ਉਡੀਕ ਕਰਦੀਆਂ ਕਈ ਕਈ ਦਹਾਕੇ ਗੁਜਾਰ ਦਿੰਦੀਆਂ ਹਨ।

ਇਹ ਕਿੰਨੀ ਦਿਲਚਸਪ ਗੱਲ ਹੈ ਕਿ ਸਾਡੇ ਲੋਕ ਅਜਿਹਾ ਫੈਸਲਾ ਆਉਣ ਤੇ ਝੱਟ ਖੁਸ਼ ਹੋ ਕੇ ਅਦਾਲਤੀ ਫੈਸਲਿਆਂ ਦਾ ਸਵਾਗਤ ਕਰਨ ਲੱਗ ਜਾਂਦੇ ਹਨ,ਜਦੋ ਕਿ ਚਾਹੀਦਾ ਤਾਂ ਇਹ ਹੈ ਕਿ ਲੋਕ ਇਸ ਗੱਲ ਲਈ ਜਵਾਬ ਤਲਬੀ ਕਰਨ ਕਿ ਅਕਸਰ ਅਜਿਹੇ ਕੇਸਾਂ ਦੇ ਫੈਸਲਿਆਂ ਵਿੱਚ ਐਨੀ ਦੇਰੀ ਹੋਣ ਦਾ ਕਾਰਨ ਕੀ ਹੈ,ਪ੍ਰੰਤੂ ਲੋਕ ਬਹੁਤ ਭੋਲ਼ੇ ਹਨ,ਜਿਹੜੇ ਆਪਣੇ ਨਾਲ ਹੁੰਦੇ ਅਨਿਆ ਨੂੰ ਭੁੱਲ ਕੇ ਅਜਿਹੇ ਫੈਸਲਿਆਂ ਨੂੰ ਵੀ ਨਿਆਂ ਮੰਨ ਲੈਂਦੇ ਹਨ।ਅਦਾਲਤਾਂ ਵੱਲੋਂ ਨਿਆਂ ਦੇ ਮਾਮਲੇ ਵਿੱਚ ਸਭ ਤੋ ਵੱਧ ਸਿੱਖਾਂ ਨਾਲ ਧੱਕਾ ਹੋਇਆ ਹੈ,ਜਿੰਨਾਂ ਨੂੰ ਦਿੱਲੀ ਵਿੱਚ ਹਫਤਾ ਭਰ ਹੋਏ ਸਿੱਖ ਕਤਲਿਆਮ ਦੇ ਨਿਆਂ ਲਈ ਸਾਢੇ ਤਿੰਨ ਦਹਾਕਿਆਂ ਤੱਕ ਲੜਾਈ ਲੜਨੀ ਪਈ ਹੈ ਤੇ ਨਿਆ ਲੈਣ ਵਾਲੇ ਬਹੁ ਗਿਣਤੀ ਸਿੱਖ ਅਦਾਲਤਾਂ ਦੇ ਚੱਕਰ ਕੱਟਦੇ ਕੱਟਦੇ ਖੁਦ ਇਹ ਦੁਨੀਆਂ ਤੋ ਕੂਚ ਕਰ ਗਏ,ਜਦੋ ਕਿ ਫੈਸਲਾ ਅਜੇ ਤੱਕ ਵੀ ਸੰਪੂਰਨ ਨਹੀ ਹੋ ਸਕਿਆ,ਪ੍ਰੰਤੂ ਸਿੱਖ ਸੱਜਨ ਕੁਮਾਰ ਨੂੰ ਹੋਈ ਸਜਾ ਤੋ ਹੀ ਛਾਲ਼ਾਂ ਮਾਰਦੇ ਫਿਰਦੇ ਹਨ।ਇੱਥੇ ਸਵਾਲ ਇਹ ਵੀ ਉੱਠਦਾ ਹੈ ਕਿ ਕੀ ਇੱਕ ਪੱਤਰਕਾਰ ਜਿਹੜਾ ਲੋਕਤੰਤਰ ਦਾ ਜੁੰਮੇਵਾਰ ਅੰਗ ਹੈ,ਉਹਦੇ ਕਤਲ ਕੇਸ ਵਿੱਚ ਐਨੀ ਦੇਰੀ ਵਾਜਬ ਹੈ ? ਜੇਕਰ ਲੋਕਤੰਤਰ ਦੇ ਇਸ ਚੌਥੇ ਥੰਮ ਨੂੰ ਇਨਸਾਫ ਲੈਣ ਲਈ ਪੌਣੇ ਦੋ ਦਹਾਕਿਆਂ ਤੱਕ ਕੋਰਟਾਂ ਕਚਹਿਰੀਆਂ ਦੇ ਚੱਕਰ ਕੱਟਣੇ ਪਏ ਹਨ ਤਾਂ ਅਸੀ ਸੌਖਿਆਂ ਹੀ ਸਮਝ ਸਕਦੇ ਹਾਂ ਕਿ ਇੱਥੇ ਆਮ ਲੋਕਾਂ ਦਾ ਕੀ ਹਾਲ ਹੁੰਦਾ ਹੋਵੇਗਾ।ਇਸ ਕਤਲ ਨੇ ਅਤੇ ਕਤਲ ਕੇਸ ਦੇ ਲੰਮੇ ਅਰਸੇ ਬਾਅਦ ਆਏ ਫੈਸਲੇ ਨੇ ਪੱਤਰਕਾਰਤਾ ਨਾਲ ਜੁੜੇ ਲੋਕਾਂ ਨੂੰ ਜਿੱਥੇ ਨਿਰਾਸ ਕੀਤਾ,ਓਥੇ ਕੁੱਝ ਸਕੂਨ ਵੀ ਦਿੱਤਾ ਹੈ,ਪਰ ਇਹ ਸੋਚਣਾ ਲਈ ਮਜਬੂਰ ਵੀ ਕੀਤਾ ਹੈ ਕਿ ਜਦੋ ਇਹਨਾਂ ਰੱਬ ਦੇ ਨਾਮ ਤੇ ਭੋਲੇ ਭਾਲੇ ਲੋਕਾਂ ਦਾ ਸ਼ੋਸ਼ਣ ਕਰਨ ਵਾਲੇ ਡੇਰੇਦਾਰਾਂ ਦੀ ਸੋਚ ਐਨੀ ਭਿਆਨਕ ਤੇ ਲੋਕ ਮਾਰੂ ਹੈ,ਫਿਰ ਰਾਜਨੀਤਕ ਲੋਕਾਂ ਤੋ ਲੋਕ ਭਲੇ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ,ਜਦੋ ਕਿ ਸਚਾਈ ਤਾਂ ਇਹ ਹੈ ਕਿ ਡੇਰੇਦਾਰ ਅਤੇ ਰਾਜਨੀਤਕ ਗੱਠਜੋੜ ਬਹੁਤ ਹੀ ਪੁਰਾਣਾ ਲੋਕ ਵਿਰੋਧੀ ਗੱਠਜੋੜ ਹੈ,ਜਿਹੜਾ ਜਦੋ ਟੁੱਟਦਾ ਹੈ,ਉਹ ਲੋਕ ਭਲੇ ਲਈ ਨਹੀ ਸਗੋ ਆਪਣੇ ਮੁਫਾਦਾਂ ਲਈ ਟੁੱਟਦਾ ਹੈ।

ਏਥੇ ਡੇਰਾ ਸਿਰਸਾ ਦੇ ਮੁਖੀ ਦੇ ਮਾਮਲੇ ਤੋ ਇਹ ਗੱਲ ਬਿਲਕੁਲ ਸਪੱਸਟ ਹੋ ਜਾਂਦੀ ਹੈ ਕਿ ਜਿਹੜੇ ਡੇਰਾ ਮੁਖੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਤੱਕ ਝੁਕ ਕੇ ਸਲਾਮਾਂ ਕਰਦਾ ਹੋਵੇ ਤੇ ਉਸ ਸੂਬੇ ਦਾ ਮੁੱਖ ਮੰਤਰੀ ਡੇਰੇਦਾਰ ਦੇ ਪੈਰਾਂ ਵਿੱਚ ਬੈਠਦਾ ਹੋਵੇ,ਉਹ ਹੀ ਸਰਕਾਰਾਂ ਉਸ ਡੇਰੇਦਾਰ ਤੇ ਸਿਕੰਜਾ ਕਸ ਦੇਣ ਤਾਂ ਸਮਝਣਾ ਚਾਹੀਦਾ ਹੈ ਕਿ ਅਜਿਹੇ ਫੈਸਲੇ ਨਿਰੋਲ ਲੋਕ ਭਲੇ ਲਈ ਨਹੀ ਹੋ ਸਕਦੇ  ਸਗੋ ਇਸ ਡੇਰਦਾਰ ਦੀ ਵਧਦੀ ਤਾਕਤ ਵਿੱਚ ਜਰੂਰ ਸਰਕਾਰਾਂ ਨੇ ਆਪਣੇ ਭਵਿਖੀ ਖਤਰਿਆਂ ਨੂੰ ਮਹਿਸੂਸ ਕੀਤਾ ਹੋਵੇਗਾ,ਤਾਂ ਹੀ ਇਹ ਸਾਰੇ ਕੇਸ ਇੱਕ ਦਮ ਸਾਹਮਣੇ ਆ ਗਏ ਤੇ ਫੈਸਲੇ ਵੀ ਬੜੇ ਜਲਦੀ ਹੋਣ ਲੱਗੇ ਹਨ। ਸਾਡੇ ਭੋਲੇ ਭਾਲੇ ਲੋਕ ਸੀ ਵੀ ਆਈ ਦੇ ਉਸ ਜੱਜ ਨੂੰ ਬਹਾਦਰੀ ਦੇ ਪੁਰਸਕਾਰ ਦੇਣ ਵਿੱਚ ਲੱਗੇ ਹੋਏ ਹਨ,ਜਦੋ ਕਿ ਸੂਝਵਾਨ ਅਤੇ ਬੁੱਧੀਜੀਵੀ ਲੋਕ ਇਹ ਚੰਗੀ ਤਰਾਂ ਜਾਣਦੇ ਤੇ ਸਮਝਦੇ ਹਨ ਕਿ ਅਜਿਹੇ ਕੇਸਾਂ ਵਿੱਚ ਅਕਸਰ ਹੀ ਸਰਕਾਰਾਂ ਦੀ ਸਿੱਧੀ ਦਖਲਅੰਦਾਜੀ ਤੋ ਬਗੈਰ ਕੁੱਝ ਵੀ ਹੋ ਸਕਣਾ ਅਸੰਭਵ ਹੈ।ਪਿਛਲੇ ਸਾਲਾਂ ਵਿੱਚ ਭਾਰਤ ਅੰਦਰ ਪੱਤਰਕਾਰਾਂ ਤੇ ਹੋਏ ਕਾਤਲਾਨਾ ਹਮਲਿਆਂ ਤੋ ਇਹ ਅੰਦਾਜਾ ਲਾਉਣਾ ਕੋਈ ਮੁਸ਼ਕਲ ਨਹੀ ਕਿ ਡੇਰਾਵਾਦ ਵੀ ਭਾਰਤ ਦੇ ਗੁੰਡਾ ਸਿਆਸੀ ਗੱਠਜੋੜ ਦਾ ਹੀ ਇੱਕ ਤੀਸਰਾ ਅਹਿਮ ਅੰਗ ਹੈ। ਜਦੋ ਵੀ ਕੋਈ ਪੱਤਰਕਾਰ ਸੱਚ ਲੋਕਾਂ ਸਾਹਮਣੇ ਲੈ ਕੇ ਆਉਦਾ ਹੈ,ਉਹ ਬੇਸ਼ੱਕ ਰਾਜਨੀਤਕਾਂ ਦੀ ਗੱਲ ਹੋਵੇ,ਭਾਵੇਂ ਰਾਜਨੀਤਕਾਂ ਦੀ ਸਰਪ੍ਰਸਤੀ ਵਾਲੇ ਗੈਂਗਵਾਰ ਦੀ ਗੱਲ ਹੋਵੇ ਜਾਂ ਫਿਰ ਸਿਆਸੀ ਸਹਿ ਨਾਲ ਆਪਣਾ ਸਾਮਰਾਜ ਉਸਾਰਨ ਵਾਲੇ ਡੇਰੇਦਾਰਾਂ ਦੀ ਗੱਲ ਹੋਵੇ,ਸੱਚ ਕਿਸੇ ਤੋ ਵੀ ਬਰਦਾਸਤ ਨਹੀ ਹੁੰਦਾ।ਪਿਛਲੀ ਕਾਂਗਰਸ ਸਰਕਾਰ ਸਮੇ ਹਰਿਦੁਆਰ ਦੇ ਇੱਕ ਵੱਡੇ ਡੇਰੇਦਾਰ ਅਤੇ ਬਿਜਨਸਮੈਨ ਬਾਬਾ ਰਾਮਦੇਵ ਤੇ ਵੀ ਇਸਤਰਾਂ ਹੀ ਸਕੰਜਾ ਕਸਿਆ ਗਿਆ ਸੀ,ਉਹ ਬਾਬੇ ਤੇ ਵੀ ਲੋਕਾਂ ਦੀ ਜਮੀਨ ਤੇ ਧੱਕੇ ਨਾਲ ਕਬਜੇ ਕਰਨ ਸਰਕਾਰੀ ਜਾਇਦਾਦ ਤੇ ਕਬਜੇ ਕਰਨ ਅਤੇ ਆਪਣੇ ਗੁਰੂ ਸਮੇਤ ਕੁੱਝ ਹੋਰ ਵਿਅਕਤੀਆਂ ਦੇ ਕਤਲ ਦੇ ਇਲਜਾਮ ਵੀ ਲਗਦੇ ਹਨ,ਪਰ ਮੌਜੂਦਾ ਸਮੇ ਦੀ ਕੇਂਦਰ ਸਰਕਾਰ ਨੇ ਉਹ ਸਾਧ ਨੂੰ ਜੈਡ ਸੁਰਖਿਆ ਦੇ ਪਰਬੰਧ ਕਰਕੇ ਦਿੱਤੇ ਹੋਏ ਹਨ,ਕੀ ਅਜਿਹੇ ਸਾਧਾਂ ਦਾ ਸੱਚ ਲਿਖਣ ਵਾਲੇ ਪੱਤਰਕਾਰ ਸੁਰਖਿਅਤ ਰਹਿ ਸਕਦੇ ਹਨ ? ਇਹ ਸੁਆਲ ਵੀ ਚਿੰਤਨ ਦੀ ਮੰਗ ਕਰਦਾ ਹੈ।

ਹੁਣ ਜਦੋ ਇਹ ਫੈਸਲਾ ਆ ਗਿਆ ਹੈ ਤਾਂ ਅਸੀ ਛਤਰਪਤੀ ਪਰਿਵਾਰ ਨੂੰ ਇਸ ਗੱਲ ਲਈ ਵਧਾਈ ਜਰੂਰ ਦੇਵਾਂਗੇ ਕਿ ਉਸ ਪਰਿਵਾਰ ਨੇ 16 ਸਾਲ ਦੀ ਲੰਮੀ ਲੜਾਈ ਉਸ ਹਲ਼ਕੇ ਹੋਏ ਬੁਰਸ਼ਾ ਗਰਦ ਡੇਰੇਦਾਰ ਦੇ ਖਿਲਾਫ ਨਿੱਡਰਤਾ ਨਾਲ ਲੜ ਕੇ ਜਿੱਤ ਪਰਾਪਤ ਕੀਤੀ ਹੈ,ਜਿਸਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਤੋ ਇਲਾਵਾ ਬਹੁਤ ਵੱਡੀ ਗਿਣਤੀ ਉਹਨਾਂ ਅੰਨ੍ਹੇ ਪਰਸੰਸਕਾਂ ਦੀ ਹਮਾਇਤ ਪਰਾਪਤ ਰਹੀ ਹੈ,ਜਿਹੜੇ ਅੱਖਾਂ ਬੰਦ ਕਰਕੇ ਅਜਿਹੇ ਬਾਬਿਆਂ ਤੋ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਆਰਥਿਕ,ਸਰੀਰਕ ਅਤੇ ਮਾਨਸਿਕ ਸ਼ੋਸ਼ਣ ਖੁਦ ਹੀ ਕਰਵਾਉਣ ਦੇ ਜੁੰਮੇਵਾਰ ਹਨ। ਪੱਤਰਕਾਰਤਾ ਦੇ ਰਿਸਕੀ ਕਿੱਤੇ ਨਾਲ ਜੁੜੇ ਉਹਨਾਂ ਲੋਕਾਂ ਨੂੰ ਛਤਰਪਤੀ ਪਰਿਵਾਰ ਤੋ ਇਹ ਸੇਧ ਲੈਣੀ ਚਾਹੀਦੀ ਹੈ,ਜਿਹੜੇ ਸੱਚ ਦੇ ਇਹਨਾਂ ਵਿਖੜੇ ਪੈਂਡਿਆਂ ਦੇ ਪਾਂਧੀ ਬਣੇ ਹੋਏ ਹਨ। ਉਹਨਾਂ ਪੱਤਰਕਾਰਾਂ,ਲੇਖਿਕਾਂ ਨੂੰ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਤਿਆਰ ਰਹਿਣਾ ਪਵੇਗਾ,ਜਿਹੜੇ ਭਵਿੱਖ ਵਿੱਚ ਡੇਰਾਵਾਦ,ਗੁੰਡਾ,ਸਿਆਸੀ ਗੱਠਜੋੜ ਵਾਲੀ ਤਿੱਕੜੀ ਦਾ ਸੱਚ ਲਿਖਣ ਲਈ ਦ੍ਰਿੜ ਸੰਕਲਪ ਹਨ।ਸੱਚ ਲਿਖਣ ਦੇ ਗੁਰ,ਇਸ ਬਿਖੜੇ ਪੈਂਡੇ ਤੇ ਦ੍ਰਿੜਤਾ,ਨਿੱਡਰਤਾ ਨਾਲ ਤੁਰਨ ਵਾਲੇ ਛੱਤਰਪਤੀ ਪਰਿਵਾਰ ਤੋ ਸਿੱਖਣੇ ਹੋਣਗੇ ਤਾਂ ਕਿ ਸੱਚ ਲਿਖਣ ਬਦਲੇ ਹੁੰਦੇ ਜੁਲਮੋ ਸਿਤਮ ਦੇ ਖਿਲਾਫ ਅਵਾਜ ਨੂੰ ਬੁਲੰਦ ਰੱਖਣ ਦਾ ਹੋਸਲਾ ਤੇ ਹਿੰਮਤ ਮਿਲ ਸਕੇ।

Welcome to Punjabi Akhbar

Install Punjabi Akhbar
×