ਪੱਤਰਕਾਰ ਬੂਟਾ ਬਾਸੀ ‘ਤੇ ਗੁਰੂਘਰ ਸਟਾਕਟਨ ਦੇ ਦਫਤਰ ਵਿੱਚ ਗੁੰਡਾ ਅਨਸਰਾਂ ਵਲੋਂ ਜਾਨਲੇਵਾ ਹਮਲਾ

* ਸੱਚਾਈ ਉਜਾਗਰ ਕਰਨ ‘ਤੇ ਭੜਕੇ ਗਰਮ-ਖਿਆਲੀਆਂ ਦੇ ਗੁੰਡਿਆਂ ਵਲੋਂ ਹਥਿਆਰਾਂ ਨਾਲ ਲੈੱਸ ਹੋ ਕੇ ਹਮਲਾ ਕਰਨ ਦੀ ਕੋਝੀ ਸਾਜਿਸ਼
* ਪੱਤਰਕਾਰ ਤੇ ਹਮਲਾ ਪ੍ਰੈੱਸ ਦੀ ਅਜ਼ਾਦੀ ਤੇ ਹਮਲਾ, 15 ਵਿਅਕਤੀਆਂ ਦੇ ਸਾਹਮਣੇ ਹਮਲਾਵਾਰ ਹੋਇਆ ਫ਼ਰਾਰ
* ਦੋ ਵਿਅਕਤੀਆਂ ਨੂੰ ਅਸਾਨੀ ਨਾਲ ਭਜਾਉਣ ਕਾਰਨ ਉਂਗਲ ਪ੍ਰਬੰਧਕਾਂ ‘ਤੇ ਵੀ ਉੱਠੀ

ਵਾਸ਼ਿੰਗਟਨ ਡੀ. ਸੀ. –ਬੀਤੇਂ ਦਿਨ  ਕੈਲੀਫੋਰਨੀਆ ਤੋ ‘ਸਾਂਝੀ ਸੋਚ’ ਅਖਬਾਰ ਦੇ ਚੀਫ ਐਡੀਟਰ ਬੂਟਾ ਸਿੰਘ ਬਾਸੀ ਜੋ ਕਿ ਇੱਕ ਨਿਧੜਕ ਪੱਤਰਕਾਰ ਵਜੋਂ ਅਮਰੀਕਾ ਵਿੱਚ ਵਿਚਰ ਰਹੇ ਹਨ। ਸਟਾਕਟਨ ਗੁਰੂਘਰ ਦੀ ਤਸਵੀਰ ਨਾਲ ਅਜੀਤ ਅਖਬਾਰ ਵਿੱਚ ਖਬਰ ਛਾਪੀ ਗਈ ਸੀ, ਜਿਸ ਵਿੱਚ  ਅਮਰੀਕਾ ਦੇ  ਗੁਰੂਘਰਾਂ ਨੂੰ ਵਿੱਤੀ ਸੰਕਟ ਵਿੱਚ ਘਿਰੇ ਹੋਣ ਬਾਰੇ ਖਬਰ ਛਾਪੀ ਗਈ ਸੀ। ਉਸ ਤੇ ਇੱਕ ‘ਟਾਕ ਸ਼ੋਅ ਲਾਈਵ’ ਜਰਨਲਿਸਟ ਨੇ ਕੀਤਾ। ਜਿਸ ਦੇ ਸਬੰਧ ਵਿੱਚ ਗੁਰੂਘਰਾਂ ਨੂੰ ਆਪਣਾ ਪੱਖ ਦੱਸਣ ਲਈ ਕਿਹਾ ਗਿਆ ਸੀ।ਕਿਉਂਕਿ ਗੁਰੂਘਰ ਕਦੇ ਵੀ ਘਾਟੇ ਵਿੱਚ ਨਹੀਂ ਜਾ ਸਕਦੇ, ਗੁਰੂਘਰ ਸਦਾ ਘਟੀਆ ਸੋਚ ਤੇ ਘਟੀਆ ਪ੍ਰਬੰਧ ਸਦਕਾ ਵਿੱਤੀ ਸੰਕਟ ਵਿੱਚ ਘਿਰਦੇ ਹਨ, ਪਰ ਇਸਦਾ ਮਤਲਬ ਇਹ ਨਹੀਂ ਬਣਦਾ ਕਿ ਅਖਬਾਰਾਂ ਵਿੱਚ ਖਬਰਾਂ ਲਗਾ ਕੇ ਡੌਂਡੀ ਪਿੱਟੀ ਜਾਵੇ। ਇਸ ਤਰ੍ਹਾਂ ਕਰਨ ਨਾਲ ਗੁਰੂਘਰ ਨੂੰ ਪਿਆਰ ,ਸਤਿਕਾਰ ਕਰਨ ਵਾਲਿਆਂ ਦੇ ਹਿਰਦਿਆਂ ‘ਤੇ ਸੱਟ ਵੱਜਦੀ ਹੈ।
 ਜ਼ਿਕਰਯੋਗ ਹੈ ਕਿ ਅਮਰੀਕਾ ਦੇ ਗੁਰੂਘਰ ਜਿੱਥੇ ਕੋਰੋਨਾ ਦੌਰਾਨ ਲੰਗਰਾਂ ਦੀ ਸੇਵਾ, ਮਾਸਕ ਅਤੇ ਸੈਨੇਟਾਈਜ਼ਰ ਦੀ ਸੇਵਾ ਕਰਦੇ ਆ ਰਹੇ ਹਨ। ਦੂਜੇ ਪਾਸੇ ਸਰਕਾਰ ਵਲੋਂ ਬੇਰੁਜ਼ਗਾਰੀ ਭੱਤਾ, ਦਸ ਕਰਮਚਾਰੀਆਂ ਤੱਕ ਹਜ਼ਾਰ ਡਾਲਰ ਪ੍ਰਤੀ ਕਰਮਚਾਰੀ ਦਿੱਤਾ ਹੈ, ਜਿਨ੍ਹਾਂ ਨੇ ਵੀ ਅਪਲਾਈ ਕੀਤਾ ਹੈ। ਇਸ ਦੇ ਨਾਲ ਹੋਰ ਵੀ ਗਰਾਂਟਾਂ ਦਿੱਤੀਆਂ ਗਈਆਂ ਹਨ। ਫਿਰ ਸੰਗਤਾਂ ਨੂੰ ਗੁਰੂਘਰ ਦੀ ਤਸਵੀਰ ਲਗਾ ਕੇ ਕਿਉਂ ਗੁੰਮਰਾਹ ਕੀਤਾ ਜਾ ਰਿਹੈ? ਇਸ ਘਟਨਾ ਦੀ ਨਿਖੇਧੀ ਸਥਾਨਕ ਗੁਰੂਘਰਾਂ ਵਲੋਂ ਵੀ ਕੀਤੀ ਜਾ ਰਹੀ ਹੈ।

(ਗੁਰੂਘਰ ਦੇ ਦਫਤਰ ਵਿੱਚ ਹਮਲਾਵਰ ਮੂੰਹ ਲੁਕਾ ਕੇ ਬੂਟਾ ਬਾਸੀ ਤੇ ਹਮਲਾ ਕਰਨ ਮੌਕੇ)

 ਬਲਜਿੰਦਰ ਸਿੰਘ ਸ਼ੰਮੀ ਚੇਅਰਮੈਨ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰੂਘਰ ਨੇ ਕਿਹਾ ਕਿ ਅਸੀਂ ਜਰਨਲਿਸਟ ਤੇ ਕੀਤੇ ਹਮਲੇ ਦੀ ਨਿਖੇਧੀ ਕਰਦੇ ਹਾਂ। ਉਹਨਾਂ ਅੱਗੇ ਕਿਹਾ ਕਿ ਗੁਰੂਘਰ ਦੂਜਿਆਂ ਨੂੰ ਸਹਾਰੇ ਦਿੰਦੇ ਹਨ, ਵਿੱਤੀ ਸੰਕਟ ਬਾਬਤ ਅਖਬਾਰਾਂ ਵਿੱਚ ਖਬਰਾਂ ਲਾਉਣੀਆਂ ਸੋਭਦੀਆਂ ਨਹੀਂ ਹਨ। ਗੁਰੂਘਰਾਂ ਤੇ ਗੁਰੂ ਦੀ ਬਖਸ਼ਿਸ਼ ਮਿਲਦੀ  ਹੈ ।ਸੱਚੇ ਸਿੱਖ ਜਾਣਦੇ ਹਨ ਕਿ ਗੁਰੂਘਰ ਕਿਵੇਂ ਚਲਾਉਣੇ ਹਨ। ਬਾਬੇ ਨਾਨਕ ਦਾ ਵੀਹ ਰੁਪਏ ਦਾ ਲੰਗਰ ਪੂਰੇ ਸੰਸਾਰ ਵਿੱਚ ਪ੍ਰਚਲਿਤ ਹੈ। ਘਟੀਆ ਸੋਚ ਵਾਲੇ ਅਨਸਰਾਂ ਨੂੰ ਨੱਥ ਪਾਉਣੀ ਚਾਹੀਦੀ ਹੈ।
ਵਾਈਟ ਹਾਊਸ ਦੇ ਪੱਤਰਕਾਰਾ , ਸੁਖਪਾਲ ਸਿੰਘ ਧਨੋਆ, ਸੁਰਮੁਖ ਸਿੰਘ ਮਾਣਕੂ ਤੇ ਮੈਰੀਲੈਂਡ ਦੇ ਜਰਨਲਿਸਟ ਡਾ. ਸੁਰਿੰਦਰ ਸਿੰਘ ਗਿੱਲ ਨੇ ਪ੍ਰੈੱਸ ਤੇ ਕੀਤੇ ਹਮਲੇ ਦੀ ਨਿਖੇਧੀ ਕੀਤੀ ਹੈ। ਪੱਤਰਕਾਰ ਤੇ ਹਮਲਾ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ, ਆਪਣਾ ਪੱਖ ਸੰਜੀਦਾ ਢੰਗ ਨਾਲ ਪ੍ਰੈੱਸ ਅੱਗੇ ਰੱਖਿਆ ਜਾ ਸਕਦਾ ਹੈ। ਪਰ ਹੱਥੋਪਾਈ ਹੋਣਾ ਅੱਤ ਗਿਰੀ ਹੋਈ ਮਾਨਸਿਕਤਾ ਦਾ ਪ੍ਰਗਟਾਵਾ ਹੈ। ਪ੍ਰੈੱਸ ਰਿਪੋਰਟਰਾਂ ਨੇ ਕਿਹਾ ਕਿ ਇਹ ਮਸਲਾ ਐੱਫ. ਬੀ. ਆਈ. ਵਾਈਟ ਤੇ ਸਟੇਟ ਡਿਪਾਰਟਮੈਂਟ ਕੋਲ ਸਮੁੱਚੇ ਤੌਰ ‘ਤੇ ਉਠਾਇਆ ਜਾਵੇਗਾ ਤਾਂ ਜੋ ਇਸ ਦੀ ਤਹਿ ਤੱਕ ਜਾ ਕੇ ਗੁੰਡਾ ਅਨਸਰਾਂ ਨੂੰ ਲੋਕਾਂ ਸਾਹਮਣੇ  ਨੰਗਿਆਂ ਕੀਤਾ ਜਾ ਸਕੇ ਤਾਂ ਜੋ ਭਵਿੱਖ ਵਿੱਚ ਕੋਈ ਅਜਿਹਾ ਨਾ ਕਰ ਸਕੇ।ਬੂਟਾ ਬਾਸੀ ਨੇ  ਦੱਸਿਆ ਕਿ ਸਟਾਕਟਨ ਗੁਰਦੁਆਰਾ ਦੇ ਪ੍ਰਧਾਨ ਬਲਵਿੰਦਰ ਸਿੰਘ ਦੇ ਬੁਲਾਵੇ ਤੇ ਮੈਂ ਗਿਆ ਸੀ। ਜਿੱਥੇ ਸਮੁੱਚੀ ਕਮੇਟੀ ਤੋਂ ਕੁਝ ਸਾਬਕਾ ਅਹੁਦੇਦਾਰ ਮੌਜੂਦ ਸਨ। ਜਿਨ੍ਹਾਂ ਦੀ ਹਾਜ਼ਰੀ ਵਿੱਚ ਗੱਲਬਾਤ ਬਹੁਤ ਹੀ ਠੰਢੇ ਮਤੇ ਨਾਲ ਚੱਲ ਰਹੀ ਸੀ, ਪਰ ਅਚਾਨਕ ਦੋ ਅਣ-ਪਛਾਤੇ ਵਿਅਕਤੀਆਂ ਦਾ ਆਉਣਾ ਤੇ ਹੱਥਾਂ ਨਾਲ ਮੂੰਹ ਢੱਕ ਕੇ ਮੇਰੇ ਤੇ ਹਮਲਾ ਕੀਤਾ ਗਿਆ। ਉਹਨਾਂ ਅੱਗੇ ਕਿਹਾ ਕਿ ਅਜਿਹਾ ਪੰਦਰਾਂ ਵਿਅਕਤੀਆਂ ਸਾਹਮਣੇ ਹੋਇਆ ਹੈ। ਜਦਕਿ ਉਨ੍ਹਾਂ ਨੂੰ ਰੋਕਿਆ ਜਾ ਸਕਦਾ ਸੀ। ਬੂਟਾ ਬਾਸੀ ਨੇ ਕਿਹਾ ਕਿ ਇਹ ਗੁੰਡਾ ਅਨਸਰਾਂ ਦੀ ਪਹਿਚਾਣ ਕਰ ਲਈ ਗਈ ਹੈ, ਪਰ ਇਨ੍ਹਾਂ ਦੇ ਥਹੁ-ਪਤੇ ਲਈ ਕੋਸ਼ਿਸ਼ਾਂ ਜਾਰੀ ਹਨ। ਜਲਦੀ ਹੀ ਜੱਗ ਜ਼ਾਹਿਰ ਕੀਤਾ ਜਾਵੇਗਾ।ਕਿਰਨਜੀਤ ਸਮਰਾ ਸਿੰਘ ਸਭਾ ਗੁਰਦੁਆਰਾ ਬਾਲਟੀਮੋਰ ਨੇ ਕਿਹਾ ਗੁਰੂਘਰਾਂ ਸਬੰਧੀ ਲੱਗੀ ਖਬਰ ਨਿੰਦਣਯੋਗ ਹੈ। ਪਬਲਿਕ ਤੌਰ ਤੇ ਗੁਰੂਘਰਾਂ ਨੂੰ ਆਰਥਿਕ ਤੌਰ ਤੇ ਮੰਦੀ ਦੇ ਦੌਰ ਵਿੱਚ ਗੁਜ਼ਰਨ ਬਾਰੇ ਕਹਿਣਾ ਸਰਾਸਰ ਗਲਤ ਹੈ ਤੇ ਗੁਰੂ ਆਸ਼ੇ ਦੇ ਉਲਟ ਹੈ। ਦਵਿੰਦਰ ਸਿੰਘ ਸਿੱਖ ਸੈਂਟਰ ਵਰਜੀਨੀਆ ਦੇ ਸਾਬਕਾ ਸਕੱਤਰ ਨੇ ਕਿਹਾ ਕਿ ਕੋਰੋਨਾ ਦੌਰਾਨ ਵੀ ਸੰਗਤਾਂ ਨੇ ਖੂਬ ਸੇਵਾ ਕੀਤੀ ਹੈ, ਵੱਧ ਤੋਂ ਵੱਧ ਦਾਨ ਦਿੱਤਾ ਹੈ। ਪਿਛਲੇ ਦਿਨੀਂ ਅਜੀਤ ਅਖਬਾਰ ਵਿੱਚ ਲੱਗੀ ਖਬਰ ਮੰਦਭਾਗੀ ਹੈ। ਗੁਰੂਘਰ ਕਦੇ ਵੀ ਆਰਥਿਕ ਮੰਦੀ ਵਿੱਚ ਨਹੀਂ ਜਾ ਸਕਦੇ। ਘਟੀਆ ਸੋਚ ਤੇ ਸਿੱਖੀ ਦੇ ਭੇਸ ਵਿੱਚ ਬੈਠੇ ਬਹਿਰੂਪੀਏ ਗੁਰੂਘਰਾਂ ਨੂੰ ਆਰਥਿਕ ਮੰਦੀ ਬਾਰੇ ਕਹਿ ਰਹੇ ਹਨ। ਜੋ ਕਿ ਸਿੱਖਾਂ ਲਈ ਮੰਦਭਾਗਾ ਹੈ। ਇਹਨਾਂ ਨੇ ਵੀ ਬੂਟਾ ਬਾਸੀ ‘ਤੇ ਕੀਤੇ ਹਮਲੇ ਦੀ ਨਿੰਦਿਆ ਕੀਤੀ ਹੈ।
ਖਬਰ ਲਿਖਦਿਆਂ ਹੋਰ ਵੀ ਗੁਰੂਘਰ ਆਪਣਾ ਬਿਆਨ ਦਰਜ ਕਰਵਾਉਣਾ ਚਾਹੁੰਦੇ ਸਨ। ਪਰ ਇਸ ਘਟਨਾ ਸਬੰਧੀ ਹੋਰ ਵੇਰਵੇ ਇਕੱਠੇ ਕਰਕੇ ਇਸ ਸਾਰੀ ਘਟਨਾ ਨੂੰ ਸੰਗਤਾਂ ਸਾਹਮਣੇ ਰੱਖਿਆ ਜਾਵੇਗਾ। ਗੁੰਡਾ ਅਨਸਰਾਂ ਨੂੰ ਨੰਗਿਆਂ ਕਰਨ ਸਬੰਧੀ ਉੱਚ ਪੱਧਰੀ ਜਾਂਚ ਦੀ ਮੰਗ ਵੀ ਕੀਤੀ ਜਾ ਰਹੀ ਹੈ। ਤਾਂ ਜੋ ਭਵਿੱਖ ਵਿੱਚ ਅਜਿਹਾ ਕੁਝ ਨਾ ਵਾਪਰੇ ਅਤੇ ਨਾ ਹੀ ਕੋਈ ਕਨੂੰਨ ਦੀਆਂ ਧੱਜੀਆਂ ਉਡਾ ਸਕੇ।ਹਾਲ ਦੀ ਘੜੀ ਮੈਟਰੋਪੁਲਿਟਨ ਦੀ ਪ੍ਰੈੱਸ ਬੂਟਾ ਬਾਸੀ ਨਾਲ ਹੈ। ਅਤੇ ਹਮਲੇ ਦੀ ਨਿਖੇਧੀ ਕਰਦੀ ਹੈ। ਇਸ ਸਬੰਧੀ ਸਟੇਟ ਡਿਪਾਰਟਮੈਂਟ ਵਾਸ਼ਿੰਗਟਨ ਡੀ. ਸੀ.  ਨੂੰ ਮੰਗ ਪੱਤਰ ਦੇ ਕੇ ਖੁਫੀਆ ਜਾਂਚ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਹਮਲਾਵਰਾਂ ਨੂੰ ਪਬਲਿਕ ਤੌਰ ਤੇ ਨੰਗਿਆ ਕੀਤਾ ਜਾ ਸਕੇ।ਸਟਾਕਟਨ ਗੁਰੂਘਰ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਜਿਸ ਪ੍ਰੈੱਸ ਵਾਲੇ ਨੇ ਉਹਨਾਂ ਦੇ ਗੁਰੂਘਰ ਆਰਥਿਕ  ਮੰਦੀ ਦਾ ਸ਼ਿਕਾਰ ਦੱਸਿਆ ਹੈ। ਉਸ ਦੀ ਖਬਰ ਲੈਣੀ ਚਾਹੀਦੀ ਹੈ। ਗੁਰੂਘਰ ਕਦੇ ਵੀ ਆਰਥਿਕ ਮੰਦੀ  ਵਿੱਚ ਨਹੀਂ ਜਾ ਸਕਦੇ।ਗੁਰੂ ਦੀ ਕ੍ਰਿਪਾ ਹੈ। 

Install Punjabi Akhbar App

Install
×