ਪਹਿਲੀ ਕਾਪੀ ਮੰਤਰੀ ਫਾਫੋਈ ਨੂੰ… ਕਾਰਬਨ ਕਾਪੀ ਬੀਬੀ ਪਿ੍ਰਅੰਕਾ ਤੇ ਮਾਣਯੋਗ ਜੈਸਿੰਡਾ ਨੂੰ

ਸਰਕਾਰ ਜੀ! ਮਾਪਿਆਂ ਦੇ ਰੈਜੀਡੈਂਸੀ ਵੀਜ਼ਾ ਮਾਪਦੰਢਾਂ ਦੀ ਸੁਧਾਈ ਕਰ ਲਓ ਜੇ ਉਨ੍ਹਾਂ ਦੀ ਧੀਆਂ ਪੁੱਤ ਰੱਖਣੈ

ਰਘਬੀਰ ਸਿੰਘ ਜੇ.ਪੀ. ਪਰਮਿੰਦਰ ਸਿੰਘ ਜੇ.ਪੀ. ਹਰਜਿੰਦਰ ਸਿੰਘ ਬਸਿਆਲਾ ਜੇ.ਪੀ. ਸੰਨੀ ਸਿੰਘ ਇਮੀਗ੍ਰੇਸ਼ਨ ਅਡਵਾਈਜ਼ਰ, ਨਵਤੇਜ ਰੰਧਾਵਾ ਨੈਸ਼ਨਲ ਪਾਰਟੀ ਤੇ ਅਜੇ ਵਸ਼ਿਸ਼ਟ (ਸਮਾਜ ਸੇਵਕ) ਨੇ ਲਿਖੀ ਸਾਂਝੀ ਚਿੱਠੀ

ਔਕਲੈਂਡ :ਪ੍ਰਵਾਸੀ ਭਾਰਤੀਆਂ ਦੇ ਮਾਪੇ ਇਸ ਗੱਲ ਨਾਲ ਜਿਉਂਦੇ ਹਨ ਕਿ ਉਨ੍ਹਾਂ ਦੇ ਵਿਦੇਸ਼ ਵਸਦੇ ਧੀਆਂ ਪੁੱਤ ਸੁੱਖੀ ਸਾਂਦੀ ਹੋਣ, ਤਾਂ ਧੀਆਂ ਪੁੱਤਰਾਂ ਦੇ ਸਾਹਾਂ ਅੰਦਰ ਲੰਘਦੀ ਪੌਣ ਵੀ ਉਦੋਂ ਅਸਲ ਠੰਡਕ ਪਹੁੰਚਾਉਂਦੀ ਹੈ ਜਦੋਂ ਉਨ੍ਹਾਂ ਦੇ ਮਾਪੇ ਉਨ੍ਹਾਂ ਸੰਗ ਇਕੋ ਛੱਤ ਹੇਠਾਂ ਹੋ ਜਾਣ। ਜੋਸ਼ ਅਤੇ ਸ਼ਕਤੀ ਦਾ ਸੋਮਾ ਉਦੋਂ ਘਰੇ ਫੁੱਟ ਪੈਂਦਾ ਜਦੋਂ ਉਬ ਆਪਣੇ ਬੱਚਿਆਂ ਨੂੰ ਕਹਿਣ ਲੱਗ ਪੈਣ ਕਿ ‘‘ਚੰਗਾ ਆਪਣਾ ਖਿਆਲ ਰੱਖੀਂ, ਟੈਮ ਨਾਲ ਆ ਜਾੲੀਂ ਅਤੇ ਰੋਟੀ ਵੇਲੇ ਸਿਰ ਖਾ ਲਈ।’’
ਨਿਊਜ਼ੀਲੈਂਡ ਸਰਕਾਰ ਨੇ ਅਜਿਹੇ ਮਾਪਿਆਂ ਦੇ ਹੁਨਰਮੰਦ ਬੱਚੇ-ਬੱਚੀਆਂ ਨੂੰ ਤਾਂ ਕਿਸੇ ਨਾ ਕਿਸੇ ਤਰ੍ਹਾਂ ਗਲ ਨਾਲ ਲਾ ਲਿਆ ਜਾਂ ਉਹ ਆਪਣੀ ਕਾਬਲੀਅਤ ਨਾਲ ਦੇਸ਼ ਦਾ ਹਿੱਸਾ ਬਣ ਗਏ, ਪਰ ਇਨ੍ਹਾਂ ਬੱਚੇ-ਬੱਚੀਆਂ ਦੇ ਮਾਪਿਆਂ ਲਈ ਮਲਕੜੇ ਜਿਹੇ ਦਰਵਾਜ਼ੇ ਭੇੜ, ਉਚੀ ਕਮਾਈ ਵਾਲੀ ਕੁੰਡੀ ਚੁਗਾਠ ਦੇ ਧੁੱਰ ਉਤੇ ਲਾ ਦਿੱਤੀ। ਹੁਣ ਇਹ ਕੁੰਡੀ ਖੋਲ੍ਹਣ ਦੇ ਸਮਰੱਥ ਵੀ ਬਹੁਤ ਸਾਰੇ ਬੱਚੇ ਹੋ ਗਏ ਹਨ, ਪਰ ਫਿਰ ਵੀ ‘ਅਜੇ ਰੁਕੋ-ਅਜੇ ਰੁਕੋ’ ਦਾ ਬਹਾਨਾ ਲਾ ਕੇ ਸਮਾਂ ਲੰਘਾਇਆ ਜਾ ਰਿਹਾ ਹੈ, ਜੋ ਸੁਭਾਵਿਕ ਚਿੰਤਾ ਨੂੰ ਜਨਮ ਦਿੰਦਾ ਹੈ।
ਅਜਿਹੀ ਚਿੰਤਾ ਦੀ ਆਵਾਜ਼ ਸਰਕਾਰੇ ਦਰਬਾਰੇ ਪਹੁੰਚਾਉਣ ਦੇ ਲਈ ਅਕਾਲ ਫਾਊਂਡੇਸ਼ਨ ਤੋਂ ਸ. ਰਘਬੀਰ ਸਿੰਘ ਜੇ.ਪੀ., ਸ. ਪਰਮਿੰਦਰ ਸਿੰਘ ਜੇ.ਪੀ. (ਸਲਾਹਕਾਰ ਜ਼ਿਲ੍ਹਾ ਕਮਾਂਡਰ ਮੈਨੁਕਾਓ ਕਾਉਂਟੀਜ਼ ਪੁਲਿਸ) ਸ. ਹਰਜਿੰਦਰ ਸਿੰਘ ਬਸਿਆਲਾ ਜੇ.ਪੀ. ਸੰਪਾਦਕ ਪੰਜਾਬੀ ਹੈਰਲਡ, ਸ. ਸੰਨੀ ਸਿੰਘ ਇਮੀਗ੍ਰੇਸ਼ਨ ਸਲਾਹਕਾਰ (ਵਰਲਡ ਟ੍ਰੈਵਲ) ਅਤੇ ਸ੍ਰੀ ਅਜੇ ਵਸ਼ਿਸ਼ਟ ਐਨ. ਜ਼ੈਡ. ਫਿਊਚਰ ਕਮਿਊਨਿਟੀ ਟ੍ਰਸਟ ਨੇ ਇਕ ਸਾਂਝੀ ਚਿੱਠੀ ਇਮੀਗ੍ਰੇਸ਼ਨ ਮੰਤਰੀ ਸ੍ਰੀ ਕਿ੍ਰਸ ਫਾਫੋਈ ਨੂੰ ਲਿਖ ਕੇ ਮੰਗ ਕੀਤੀ ਹੈ ਕਿ ਮਾਪਿਆਂ ਦੇ ਰੈਜ਼ੀਡੈਂਸ ਵੀਜ਼ੇ ਲਈ ਜੋ ਮਾਪਦੰਢ ਨਿਰਧਾਰਤ ਕੀਤੇ ਗਏ ਹਨ, ਉਨ੍ਹਾਂ ਉਤੇ ਵਿਚਾਰ ਕਰਕੇ ਸੋਧ ਕੀਤੀ ਜਾਵੇ। ਚਿੱਠੀ ਦੇ ਵਿਚ ਦੱਸਿਆ ਗਿਆ ਹੈ ਕਿ 120 ਮੁਲਕਾਂ ਦੇ ਲੋਕਾਂ ਨੇ ਨਿਊਜ਼ੀਲੈਂਡ ਨੂੰ ਆਪਣਾ ਘਰ ਬਣਾਇਆ ਹੈ ਅਤੇ ਜੇਕਰ ਘਰ ਦੇ ਵਿਚ ਸਾਰੇ ਪਰਿਵਾਰਕ ਮੈਂਬਰ ਸਮਾਂ ਪਾ ਕੇ ਨਹੀਂ ਪਹੁੰਚਦੇ ਤਾਂ ਪਰਿਵਾਰ ਹਮੇਸ਼ਾਂ ਦੋ ਭਾਗਾਂ ਵਿਚ ਵਟਿਆ ਰਹੇਗਾ। ਚਿੱਠੀ ਦੇ ਵਿਚ ਉਦਾਹਰਣ ਦੇ ਕੇ ਸਮਝਾਇਆ ਗਿਆ ਹੈ ਕਿ ਏਸ਼ੀਅਨ ਲੋਕਾਂ ਦੇ ਵਿਚ ਪਰਿਵਾਰਕ ਕਦਰਾਂ ਕੀਮਤਾਂ ਕੀ ਹਨ। ਮਾਓਰੀ ਸਭਿਆਚਾਰ ਦੀ ਸਕਾਰਾਤਮਕ ਸੋਚ ਵੀ ਪੇਸ਼ ਕੀਤੀ ਗਈ ਹੈ ਕਿ ਕਿਵੇਂ ਉਨ੍ਹਾਂ ਦੀ ਅਗਲੀ ਪੀੜ੍ਹੀ ਆਪਣੇ ਬਜ਼ੁਰਗਾਂ ਨਾਲ ਜੁੜੀ ਰਹਿੰਦੀ ਹੈ।
ਏਸ਼ੀਅਨ ਭਾਈਚਾਰੇ ਦੇ ਵਿਚ ਮਾਪਿਆਂ ਤੋਂ ਇਲਾਵਾ ਦਾਦਾ-ਦਾਦੀ ਅਤੇ ਨਾਨਾ- ਨਾਨੀ ਦਾ ਬੱਚਿਆਂ ਪ੍ਰਤੀ ਇਕ ਮਹੱਤਵਪੂਰਨ ਰੋਲ ਹੁੰਦਾ ਹੈ, ਨੂੰ ਵੀ ਚਿੱਠੀ ਦੇ ਵਿਚ ਸ਼ਾਮਿਲ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਸਦੇ ਕੀ-ਕੀ ਫਾਇਦੇ ਹਨ। ਲੰਬੀ ਸੋਚ ਰੱਖ ਕੇ ਦੱਸਿਆ ਗਿਆ ਹੈ ਕਿ ਨਵੀਂ ਪੀੜ੍ਹੀ ਅਤੇ ਪੁਰਾਤਨ ਪੀੜ੍ਹੀ ਦੇ ਵਿਚ ਜੇਕਰ ਇਕ ਪੁਲ ਬਣਾਈ ਰੱਖਣਾ ਹੈ ਤਾਂ ਪਰਿਵਾਰ ਇਕੱਠੇ ਕਰਨੇ ਬਹੁਤ ਜਰੂਰੀ ਹਨ। ਇਸ ਸਾਰੇ ਵਰਤਾਰੇ ਦੇ ਫਾਇਦੇ ਵੀ ਇਸ ਚਿੱਠੀ ਦੇ ਵਿਚ ਦਰਜ ਕੀਤੇ ਗਏ ਹਨ। ਇਸ ਚਿੱਠੀ ਦਾ ਕੀ ਜਵਾਬ ਆਉਂਦਾ ਹੈ? ਆਉਣ ਵਾਲੇ ਦਿਨਾਂ ਵਿਚ ਸਾਂਝਾ ਕੀਤਾ ਜਾਵੇਗਾ।  ਚਿੱਠੀ ਦੀ ਕਾਰਬਨ ਕਾਪੀ ਏਥਨਿਕ ਮਾਮਲਿਆਂ ਬਾਰੇ ਮੰਤਰੀ ਬੀਬੀ ਪਿ੍ਰੰਅਕਾ ਰਾਧਾਕ੍ਰਿਸ਼ਨਨ ਅਤੇ ਮਾਣਯੋਗ ਪ੍ਰਧਾਨ ਮੰਤਰੀ ਜੈਸਿੰਡਾ ਆਰਡਨਜ਼ ਨੂੰ ਭੇਜ ਦਿੱਤੀ ਗਈ ਹੈ ਤਾਂ ਕਿ ਮਾਪਿਆਂ ਦੇ ਰੈਜ਼ੀਡੈਂਸ ਵੀਜ਼ੇ ਸਬੰਧੀ ਮੰਗ ਅਤੇ ਕਾਨੂੰਨੀ ਸੁਧਾਰ ਨੂੰ ਇਕੋ ਸਮੇਂ ਫੈਸਲਾ ਕਰਨ ਯੋਗ ਸਖਸ਼ੀਅਤਾਂ ਕੋਲ ਪਹੁੰਚਾਇਆ ਜਾ ਸਕੇ।