ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਦਾ ਹੋਇਆ ਗਠਨ

ਕਿਸਾਨੀ ਮੁੱਦਿਆਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ- ਸ਼ੰਮੀ
ਜਸਦੀਪ ਸਿੰਘ ਜੱਸੀ ਨੇ ਮੋਰਚੇ ਦੇ ਗਠਨ ‘ਤੇ ਕੀਤਾ ਖੁਸ਼ੀ ਦਾ ਪ੍ਰਗਟਾਵਾ

ਨਿਊਯਾਰਕ -ਪ੍ਰਵਾਸੀ ਕਿਸਾਨ ਭਾਰਤੀ ਕਿਸਾਨਾਂ ਦੇ ਸੰਘਰਸ਼ ਵਿਚ ਮੋਢੇ ਨਾਲ ਮੋਢਾ ਲਾ ਕੇ ਹਿੱਸਾ ਲੈ ਰਹੇ ਹਨ। ਇਸ ਲੜੀ ਵਿਚ ਮੈਰੀਲੈਂਡ ਦੇ ਸਿੱਖਾਂ ਨੇ ਕਦਮ ਅੱਗੇ ਵਧਾਉਂਦਿਆਂ ਇਕ ਮਿਸਾਲੀ ਕਾਰਜ ਕੀਤਾ ਹੈ। ਸਿੱਖ ਆਗੂ ਬਲਜਿੰਦਰ ਸਿੰਘ ਸ਼ੰਮੀ ਦੀ ਅਗਵਾਈ ‘ਚ ਮੈਰੀਲੈਂਡ ਦੇ ਸਿੱਖਾਂ ਵਲੋਂ ‘ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ’ ਦਾ ਗਠਨ ਕੀਤਾ ਗਿਆ ਹੈ। ਇਸ ਮੋਰਚੇ ਦੀ ਪ੍ਰਬੰਧਕੀ ਕਮੇਟੀ ਵਿਚ ਸਿੱਖ ਆਗੂ ਸ੍ਰ. ਬਲਜਿੰਦਰ ਸਿੰਘ ਸ਼ੰਮੀ ਤੋਂ ਇਲਾਵਾ ਧਰਮਪਾਲ ਸਿੰਘ ਸਾਬਕਾ ਚੇਅਰਮੈਨ ਸਿੱਖ ਐਸੋਸੀਏਸ਼ਨ ਬਾਲਟੀਮੋਰ, ਦਲਵੀਰ ਸਿੰਘ ਸਾਬਕਾ ਪ੍ਰਧਾਨ ਸਿੱਖ ਐਸੋਸੀਏਸ਼ਨ ਬਾਲਟੀਮੋਰ, ਸਰਬਜੀਤ ਸਿੰਘ ਢਿੱਲੋਂ ਸਾਬਕਾ ਚੇਅਰਮੈਨ ਸਿੱਖ ਐਸੋਸੀਏਸ਼ਨ ਬਾਲਟੀਮੋਰ, ਪ੍ਰਿਤਪਾਲ ਸਿੰਘ (ਲੱਕੀ), ਸੁਰਿੰਦਰ ਸਿੰਘ (ਸੋਨੀ), ਸੁਰਿੰਦਰ ਸਿੰਘ ਸੇਠੀ, ਇੰਦਰਜੀਤ ਸਿੰਘ ਗੁਜਰਾਲ, ਬਲਜੀਤ ਸਿੰਘ ਗਿੱਲ, ਰਜਿੰਦਰ ਸਿੰਘ ਸ਼ਾਮਿਲ ਹਨ।

ਮੋਰਚੇ ਦੇ ਗਠਨ ਤੋਂ ਬਾਅਦ ਪੰਜਾਬੀ ਰਾਈਟਰ ਨਾਲ ਗੱਲਬਾਤ ਕਰਦਿਆਂ ਸ੍ਰ. ਬਲਜਿੰਦਰ ਸਿੰਘ ਸ਼ੰਮੀ ਨੇ ਕਿਹਾ ਕਿ ਮੋਰਚੇ ਵਲੋਂ ਭਾਰਤੀ ਦੂਤਾਵਾਸ (ਵਾਸ਼ਿੰਗਟਨ) ਰਾਹੀਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਭੇਜਿਆ ਗਿਆ ਜਿਸ ਵਿਚ ਕਿਸਾਨਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਮੰਨਣ ਦੀ ਬੇਨਤੀ ਕੀਤੀ ਗਈ। ਉਨ੍ਹਾਂ ਦੱਸਿਆ ਉਪਰੋਕਤ ਦਰਸਾਈ ਗਈ ਮੈਨੇਜਿੰਗ ਕਮੇਟੀ ਹੀ ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਦਾ ਸੰਚਾਲਨ ਕਰੇਗੀ। ਇੱਥੇ ਦੱਸਣਯੋਗ ਹੈ ਕਿ ਕਿਸਾਨੀ ਮੁੱਦਿਆਂ ‘ਤੇ ਸਾਬਕਾ ਬੀ.ਜੇ.ਪੀ ਆਗੂ ਬਲਜਿੰਦਰ ਸਿੰਘ ਸ਼ੰਮੀ ਨੇ ਬੀ.ਜੇ.ਪੀ. ਕੋਆਰਡੀਨੇਟਰ ਮੈਰੀਲੈਂਡ ਸਟੇਟ ਯੂ.ਐੱਸ.ਏ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਜੋ ਕਿ ਅਮਰੀਕੀ ਸਿਆਸਤ ਦੀ ਇਕ ਵੱਡੀ ਖਬਰ ਸੀ। ਅਸਤੀਫਾ ਦੇਣ ਉਪਰੰਤ ਬਲਜਿੰਦਰ ਸਿੰਘ ਸ਼ੰਮੀ ਨੇ ਕਿਸਾਨ ਆਗੂ ਰਕੇਸ਼ ਟਿਕੈਤ ਨਾਲ ਭਾਰਤ ਜਾ ਕੇ ਮੁਲਾਕਾਤ ਕੀਤੀ ਸੀ।

ਬਲਜਿੰਦਰ ਸਿੰਘ ਸ਼ੰਮੀ ਨੇ ਦੱਸਿਆ ਕਿ ਰਕੇਸ਼ ਟਿਕੈਤ ਅਤੇ ਅੰਦੋਲਨ ਦੀ ਹਮਾਇਤ ਵਿਚ ਸੰਯੁਕਤ ਕਿਸਾਨ ਮੋਰਚੇ ਦੀਆਂ ਸ਼ਾਖਾਵਾਂ 70 ਦੇਸ਼ਾਂ ਵਿਚ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਣ ਤੋਂ ਬਾਅਦ ਅਸੀਂ ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਵਲੋਂ ਅਮਰੀਕਾ ਦੇ ਕਾਂਗਰਸਮੈਨ ਅਤੇ ਸੈਨੇਟਰ ਨਾਲ ਮੁਲਾਕਾਤ ਕਰਾਂਗੇ ਅਤੇ ਕਿਸਾਨੀ ਮੁੱਦਿਆਂ ਬਾਰੇ ਜਾਣੂੰ ਕਰਵਾਵਾਂਗੇ। ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਦੇ ਗਠਨ ‘ਤੇ ਉੱਘੇ ਸਿੱਖ ਆਗੂ ਸ੍ਰ. ਜਸਦੀਪ ਸਿੰਘ ਜੱਸੀ ਨੇ ਸ਼ੁੱਭ ਕਾਮਨਾਵਾਂ ਦਿੰਦਿਆਂ ਮੁਬਾਰਕਬਾਦ ਦਿੱਤੀ ਅਤੇ ਆਸ ਕੀਤੀ ਕਿ ਜਿਹੜੇ ਮੰਤਵ ਨੂੰ ਲੈ ਕੇ ਇਹ ਮੋਰਚਾ ਬਣਾਇਆ ਗਿਆ ਹੈ ਉਸ ਵਿਚ ਕਾਮਯਾਬ ਜ਼ਰੂਰ ਹੋਵੇਗਾ।

Install Punjabi Akhbar App

Install
×