ਘਾਲਿ ਖਾਇ ਕਿਛੁ ਹਥਹੁ ਦੇਇ // ਨਾਨਕ ਰਾਹੁ ਪਛਾਣਹਿ ਸੇਹਿ //

12769601_1037764346284095_1476651524_nਇਸ ਦਾ ਨਾਂ ਹੈ ਬੋਲ਼ਾ ਬੌਰੀਆਂ। ਇਹ ਸਿਰਫ ਬੋਲ਼ਾ ਹੀ ਨਹੀ ਹੈ ਕਾਣਾ ਵੀ ਹੈ। ਤਸਵੀਰ ਤੁਸੀਂ ਦੇਖ ਸਕਦੇ ਹੋ। ਬੋਲ਼ੇ ਕੋਲ਼ ਸਾਡੀ ਪੈਲ਼ੀ ਠੈਕੇ ਤੇ ਸੀ। ਪੰਜ ਛੇ ਸਾਲ ਬੋਲ਼ਾ ਸਾਡੇ ਘਰ ਦੇ ਮਗਰ ਝੁੱਗੀ ਪਾ ਕੇ ਰਿਹਾ। ਬੋਲ਼ੇ ਦੀ ਘਰ ਵਾਲੀ ਪਤਾ ਨਹੀ ਕਦੋਂ ਕੁ ਦੀ ਮਰੀ ਸੀ, ਇਸ ਕੁੜੀ ਦੇ ਜਨਮ ਤੋਂ ਕੁਸ਼ ਦੇਰ ਬਾਅਦ ਸ਼ਾਇਦ! ਇਹ ਕੁੜੀ ਜੋ ਤਸਵੀਰ ਵਿੱਚ ਦਿਖ ਰਹੀ ਹੈ ਇਹ ਬੋਲ਼ੇ ਦੀ ਸੱਭ ਤੋਂ ਛੋਟੀ ਧੀ ਹੈ। ਬੋਲ਼ੇ ਦੀਆਂ ਤਿੰਨ ਧੀਆਂ ਹਨ ਮੁੰਡਾ ਕੋਈ ਵੀ ਨਹੀਂ…. ਵੱਡੀ ਬਿੱਟੂ, ਵਿਚਾਲੜੀ ਮਾਇਆ ਤੇ ਇਸ ਛੋਟੀ ਦਾ ਮੈਨੂੰ ਨਾਂ ਨਹੀ ਪਤਾ। ਬੋਲ਼ੇ ਦੀ ਇੱਕ ਸੁੱਕੀ ਲੱਕੜ ਵਰਗੀ ਮਾਂ ਸੀ ਜੋ ਇਹਨਾ ਦੀ ਦੇਖ ਭਾਲ ਕਰਦੀ ਸੀ ਅਤੇ ਮਰਦੇ ਦਮ ਤੱਕ ਖੇਤਾਂ ਵਿੱਚ ਕੁੜੀਆਂ ਨਾਲ ਕੰਮ ਕਰਦੀ ਰਹੀ, ਮਗਰੋਂ ਬਿਮਾਰ ਹੋ ਗਈ। ਬੋਲ਼ੇ ਦੇ ਦੂਜੇ ਭਰਾ ਕਦੀ ਕਦਾਈੰ ਹੀ ਪਤਾ ਲੈਣ ਆਉਂਦੇ ਸਨ ਤੇ ਬੁੜੀ ਦੇ ਇਲਾਜ਼ ਵਾਸਤੇ ਸਿਰਫ ਲੱਤਾਂ ਘੁੱਟਣ ਤੋਂ ਸਿਵਾਏ ਕੁਝ ਨਹੀ ਸੀ ਕਰਦੇ, ‘ਅਖੇ ਬੁੜੀ ਸਾਰੀ ਉਮਰ ਬੋਲੇ ਦੇ ਰਹੀ ਹੈ ਬੋਲਾ ਹੀ ਸਾਂਭੇ ਤੇ ਇਲਾਜ਼ ਕਰਵਾਵੇ’। ਬੋਲ਼ੇ ਦੀ ਬੇਬੇ ਇੱਕ ਮਾਂ ਹੀ ਨਹੀਂ ਦਾਦੀ ਵੀ ਸੀ। ਸੁੱਕੀ ਲੱਕੜ ਬੇਬੇ ਨੇ ਬੋਲ਼ੇ ਨਾਲ ਰਹਿਣਾ ਵੀ ਤਾਹੀਂ ਸ਼ੁਰੂ ਕੀਤਾਂ ਸੀ ਕਿ ਪੋਤਰੀਆਂ ਨੂੰ ਕੌਣ ਸਾੰਬੂ, ਨਾਲੇ ਦੂਜੇ ਮੂੰਡਿਆ ਦੇ ਤਾਂ ਪੁੱਤ ਵੀ ਸਨ! ਮਾਈ ਦੇ ਇਲਾਜ ਲਈ ਬੋਲ਼ਾ ਟੂਣੇ ਟਾਮਣ ਤੋਂ ਲੈ ਕੇ ਪਿੰਡ ਦੇ ਡਾਕਟਰ ਤੋਂ ਤਾਕਤ ਦੇ ਟੀਕੇ ਵੀ ਲਵਾਉਂਦਾ ਰਿਹਾ, ਪਿੰਡ ਦੇ ਡਾਕਟਰ ਨੇ ਜਦੋਂ ਬੁੜੀ ਨੂੰ ਟੀਕੇ ਲਾਉਣੇ ਮੇਰੇ ਬਾਪੂ ਜੋ ਕੇ ਭੁੱਕੀ ਤੋਂ ਬਗੈਰ ਮੰਜੇ ਤੋ ਹੀ ਨਹੀਂ ਉੱਠ ਸਕਦਾ ਸੀ ਨੇ ਜੱਟਾਂ ਵਾਲੀ ਹੈਂਕੜ ਵਿੱਚ ਕਹਿਣਾ, “ਵੇਖ ਭੈਣ ਦੇ ਯਾਰ ਬੌਰੀੲੈ ਕਿਵੈਂ ਉੱਜੜਦੇ ਨੇ, ਸੁੱਕੀ ਲੱਕੜ ਵਿੱਚ ਟੀਕੇ ਠੌਕੀ ਜਾਂਦੇ ਨੇ, ਸਾਲੀ ਸੁੱਕੀ ਲੱਕੜ ਵੀ ਕਦੀ ਹਰੀ ਹੋਈ ਹੈ..?” ਬੋਲ਼ਾ ਸਾਡੇ ਖੇਤਾਂ ਵਿੱਚ ਪੰਜ ਸਾਲ ਰਿਹਾ ਪੂਰਾ ਠੇਕਾ ਦਿੱਤਾ, ਸਬਜ਼ੀ ਠੌਕ ਕੇ ਲਾਉਂਦਾ ਸੀ। ਤਿੰਨੇ ਕੁੜੀਆਂ ਕਮਾਲ ਦੀਆਂ ਕਿਸਾਨ ਸਨ ਦਿਨੇ ਰਾਤ ਸੱਪਾਂ ਦੇ ਸਿਰ ਮਿੱਧਦੀਆਂ ਖੇਤਾਂ ਵਿੱਚ ਪਾਣੀ ਲਾਉਂਦੀਆਂ, ਸਬਜ਼ੀ ਗੁੱਡਦੀਆਂ ਤੇ ਪੱਕੀ ਸ਼ਬਜ਼ੀ ਤੋੜ ਬੋਲੇ ਦੀ ਰੇਹੜੀ ਤੇ ਲੱਦਦੀਆਂ ਤੇ ਬੋਲ਼ਾਂ ਤੜਕੇ ਚਾਰ ਵੱਜੇ ਮੰਡੀ ਜਾ ਦਸ ਵਜੇ ਨੂੰ ਨਗਦ ਨੋਟਾਂ ਨਾਲ ਜੇਬ ਭਰ ਅਧੀਆ ਪਊਆ ਪੀਕੇ ਘਰ ਆ ਜਾਂਦਾ। ਬੋਲ਼ੇ ਦੇ ਦੋ ਹੀ ਸ਼ੌਕ ਸਨ ਦੇਸੀ ਦਾਰੂ ਤੇ ਮੋਬਾਇਲ ਫੋਨ। ਦਾਰੂ ਪੀਕੇ ਉਹ ਹਰ ਦੂਜੇ ਤੀਜ਼ੇ ਹੀ ਫੋਨ ਗਵਾਈ ਰੱਖਦਾ ਸੀ। ਅਸੀਂ ਪੈਲ਼ੀ ਦੇ ਮਾਲਕ ਘਰ ਦੀਆਂ ਛੋਟੀਆਂ ਛੌਟੀਆਂ ਲੋੜਾ ਲਈ ਬੋਲ਼ੇ ਤੋਂ ਐਡਵਾਂਸ ਫੜਦੇ, ਉਸ ਦੀ ਲੱਗੀ ਸ਼ਬਜ਼ੀ ਵਿੱਚ ਜਾ ਵੜਦੇ, ਵਧੀਆ ਗੋਭੀ ਦਾ ਫੁੱਲ ਪੱਟ ਲਿਆਉਂਦੇ; ਮੇਰਾ ਇੱਕ ਸਰਦਾਰ ਮਿੱਤਰ ਕਾਰ ਤੇ ਆਉਂਦਾ ਤੇ ਉਸ ਦੀ ਭਾਰੀ ਸਰਦਾਰਨੀ ਬੋਲੇ ਦੀ ਸ਼ਬਜ਼ੀ ਵਿੱਚ ਵੜ੍ਹ ਜਾਂਦੀ, ਕਈ ਵਾਰ ਉਹ ਖੁੱਭ ਵੀ ਜਾਂਦੀ। ਜੋ ਚੰਗੀ ਸ਼ਬਜੀ ਹੁੰਦੀ ਤੋੜਦੀ, ਸਿਰਫ ਆਪਣੇ ਲਈ ਹੀ ਨਹੀਂ ਸਗੋਂ ਹੋਰ ਸਰਦਾਰਾਂ ਦੇ ਘਰਾਂ ਬਨਾਮ ਰਿਸ਼ਤੇਦਾਰਾ ਲਈ ਵੀ। ਜਿਸ ਬੰਦੇ ਨੇ 32 ਹਜ਼ਾਰ ਠੇਕਾ ਦੇਣਾ ਸੀ ਉਸ ਦੇ ਖੇਤ ਵਿੱਚੋਂ ਇਸ ਤਰਾਂ ਸ਼ਬਜ਼ੀ ਦਾ ਡਾਕਾ ਮੈਨੂੰ ਚੁੱਭਦਾ ਜਰੂਰ ਸੀ ਪਰ ਬੋਲ਼ੇ ਦੀ ਸਰਦਾਰ ਨਾਲ ਯਾਰੀ ਵੀ ਸੀ, ਜੇ ਕਿਤੇ ਪੁਲਸ ਦਾ ਚੱਕਰ ਪੈ ਜਾਵੇ ਤਾ ਸਰਦਾਰ ਦੀ ਲੋੜ ਬੋਲਾ ਮਹਿਸੂਸ ਕਰਦਾ ਸੀ……..

ਲਿਖਤਮ::::: ਜੋਗਿੰਦਰ ਸਿੰਘ ਬਾਠ (ਮੋਗਾ)

Joginder Singh Bath

Install Punjabi Akhbar App

Install
×