ਕਰੋਨਾ ਨਾਲ ਲੜਨ ਲਈ ਸਹੁੰ ਚੁੱਕਣ ਤੋਂ ਪਹਿਲਾਂ ਜੋ ਬਿਡਨ ਨੇ ਐਲਾਨਿਆ 2.5 ਟਰਿਲੀਅਨ ਦਾ ਪੈਕੇਜ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੇ ਲਗਾਤਾਰ ਦੋ ਦਿਨਾਂ ਅੰਦਰ ਅਮਰੀਕਾ ਵਿੱਚ 4,000 ਲੋਕਾਂ ਦੇ ਕਰੋਨਾ ਕਾਰਨ ਮਰ ਜਾਣ ਤੇ ਦੁੱਖ ਜਾਹਿਰ ਕਰਦਿਆਂ, ਹੁਣੇ ਹੁਣੇ ਰਾਸ਼ਟਰਪਤੀ ਦੀਆਂ ਚੋਣਾਂ ਜਿੱਤ ਕੇ ਆਏ ਸ੍ਰੀ ਜੋ ਬਿਡਨ ਨੇ ਅਮਰੀਕਾ ਨੂੰ ਇਸ ਨਾਮੁਰਾਦ ਬਿਮਾਰੀ ਨਾਲ ਲੜਾਈ ਵਿੱਚ ਕਮਰ ਕੱਸਦਿਆਂ, 1.9 ਟਰਿਲੀਅਨ ਅਮਰੀਕੀ ਡਾਲਰਾਂ (ਆਸਟ੍ਰੇਲੀਆਈ ਡਾਲਰ 2.5) ਦੇ ਪੈਕੇਜ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਇਸ ਨਾਲ ਦੇਸ਼ ਅੰਦਰ ਇਸ ਨਾਮੁਰਾਦ ਬਿਮਾਰੀ ਨਾਲ ਲੜਨ ਵਿੱਚ ਤੇਜ਼ੀ ਆਵੇਗੀ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਬੀਤੇ ਸਾਲ ਦੇ ਆਪਣੇ ਪ੍ਰਚਾਰ ਦੌਰਾਨ ਇਹ ਵਾਅਦਾ ਵੀ ਕੀਤਾ ਸੀ ਕਿ ਉਹ ਟਰੰਪ ਦੀ ਸੋਚਣੀ ਅਤੇ ਸਮਝਣੀ ਨਾਲੋਂ ਹਟ ਕੇ ਇਸ ਬਿਮਾਰੀ ਨਾਲ ਨਜਿੱਠਣਗੇ ਅਤੇ ਇਸ ਵਾਸਤੇ ਇਸ ਐਲਾਨ ਨੂੰ ਉਨ੍ਹਾਂ ਦੇ ਸਹੁੰ ਚੁੱਕਣ ਦੀ ਰਸਮ (20 ਜਨਵਰੀ) ਤੋਂ ਪਹਿਲਾਂ ਦਾ ਵੱਡਾ ਅਤੇ ਅਹਿਮ ਐਲਾਨ ਮੰਨਿਆ ਜਾ ਰਿਹਾ ਹੈ। ਇਸ ਦਾ ਖੁਲਾਸਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਰਕਮ ਰਾਹੀਂ 415 ਬਿਲੀਅਨ ਡਾਲਰ ਤਾਂ ਕੋਵਿਡ-19 ਦੀ ਵੈਕਸੀਨ ਲਈ ਖਰਚਿਆ ਜਾਵੇਗਾ; 1 ਟਰਿਲੀਅਨ ਅਮਰੀਕੀ ਡਾਲਰਾਂ ਨਾਲ ਲੋਕਾਂ ਨੂੰ ਸਿੱਧੇ ਤੌਰ ਤੇ ਮਾਲੀ ਮਦਦ ਪਹੁੰਚਾਈ ਜਾਵੇਗੀ ਅਤੇ ਇਸ ਤੋਂ ਇਲਾਵਾ 440 ਬਿਲੀਅਨ ਅਮਰੀਕੀ ਡਾਲਰਾਂ ਨਾਲ ਛੋਟੇ ਕੰਮਧੰਦੇ ਅਤੇ ਹੇਠਲੇ ਪੱਧਰ ਦੇ ਭਾਈਚਾਰੇ ਦੀ ਮਦਦ ਕੀਤੀ ਜਾਵੇਗੀ ਜਿਨ੍ਹਾਂ ਉਪਰ ਕਿ ਇਸ ਨਾਮੁਰਾਦ ਬਿਮਾਰੀ ਦਾ ਸਿੱਧੇ ਤੌਰ ਤੇ ਅਸਰ ਪਿਆ ਹੈ। ਬੀਤੇ ਸਾਲ ਲੋਕਾਂ ਨੂੰ ਜਿਹੜੀ 600 ਅਮਰੀਕੀ ਡਾਲਰਾਂ ਦੀ ਮਦਦ ਦਿੱਤੀ ਗਈ ਸੀ ਉਸਦੀ ਰਾਸ਼ੀ ਦੁੱਗਣੀ ਤੋਂ ਵੀ ਜ਼ਿਆਦਾ ਕਰਕੇ 1400 ਡਾਲਰ ਕਰ ਦਿੱਤੀ ਗਈ ਹੈ ਅਤੇ ਬੇਰੋਜ਼ਗਾਰੀ ਭੱਤਾ ਜੋ ਕਿ 300 ਡਾਲਰ ਦਿੱਤਾ ਜਾਂਦਾ ਸੀ, ਹੁਣ 400 ਅਮਰੀਕੀ ਡਾਲਰ ਦਿੱਤਾ ਜਾਵੇਗਾ ਅਤੇ ਇਸ ਦੀ ਮਿਆਦ ਨੂੰ ਵਧਾ ਕੇ ਸਤੰਬਰ ਦੇ ਮਹੀਨੇ ਤੱਕ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸ੍ਰੀ ਜੋ ਬਿਡਨ 20 ਜਨਵਰੀ ਨੂੰ ਆਪਣਾ ਅਹੁੰਦਾ ਸੰਭਾਲਣ ਜਾ ਰਹੇ ਹਨ ਅਤੇ ਇਸ ਦੇ ਨਾਲ ਹੀ ਟਰੰਪ ਉਪਰ ਮਹਾਂਵਿਯੋਗ ਦੀ ਕਾਰਵਾਈ ਵੀ ਚਲਾਈ ਜਾ ਰਹੀ ਹੈ।

Install Punjabi Akhbar App

Install
×