ਜਿਸ ਕਾ ਕਾਮ ਉਸੀ ਕੋ ਸਾਜੇ

ਇਹ ਵਾਕਿਆ ੧੯੫੬ ਜਾਂ ੫੭ ਦਾ ਹੈ। ਮੈਂ ਅੰਮ੍ਰਿਤਸਰੋਂ ਪਿੰਡ ਗਿਆ। ਉਸ ਸਮੇ ਫਲ਼੍ਹਿਆਂ ਨਾਲ਼ ਕਣਕ ਦੀ ਗਹਾਈ ਹੋ ਰਹੀ ਸੀ। ਅੱਜ ਵਾਂਙ ਮਸ਼ੀਨੀ ਖੇਤੀ ਦਾ ਯੁੱਗ ਅਜੇ ਆਰੰਭ ਨਹੀਂ ਸੀ ਹੋਇਆ। ਆਪਣੇ ਚਾਚਾ ਜੀ ਦੇ ਰੋਕਦਿਆਂ ਰੋਕਦਿਆਂ ਮੈਂ ਪਰਾਣੀ ਫੜੀ ਅਤੇ ਜੋਗ ਦੇ ਪਿੱਛੇ ਲੱਗ ਕੇ ਉਸ ਨੂੰ ਹਿੱਕਣ ਲੱਗ ਪਿਆ। ਚਾਚਾ ਜੀ ਬਥੇਰਾ ਰੋਕਦੇ ਰਹੇ ਤੇ ਆਖਦੇ ਰਹੇ, ”ਜਾਹ ਤੂਤ ਦੀ ਛਾਵੇਂ ਬਹਿ; ਇਹ ਕੰਮ ਤੇਰੇ ਤੋਂ ਨਹੀਂ ਹੋਣਾ।” ਪਰ ਮੈਨੂੰ ਚਾ ਸੀ ਡੰਗਰ ਹਿੱਕਣ ਦਾ; ਮੈ ਨਾ ਰੁਕਿਆ। ਥੋਹੜੇ ਕੁ ਗੇੜੇ ਗਾਹ ਵਿਚ ਆਏ ਸੀ ਕਿ ਮੈਂ ਨਾੜ ਤੋਂ ਤਿਲਕ ਕੇ ਚਿੱਤੜਾਂ ਭਾਰ ਗਾਹ ਵਿਚ ਹੀ ਡਿਗ ਪਿਆ। ਮੈਨੂੰ ਡਿੱਗਿਆ ਵੇਖ, ਮੇਰੇ ਹਥੋਂ ਪਰਾਣੀ ਫੜਦਿਆਂ ਚਾਚਾ ਜੀ ਨੇ ਆਖਿਆ, ‘ਜਿਸ ਕਾ ਕਾਮ ਉਸੀ ਕੋ ਸਾਜੇ। ਔਰ ਕਰੇ ਤੋਂ ਢੂੰਗਾ ਭਾਜੇ।” ਲਫ਼ਜ਼ ‘ਠੇਂਗਾ’ ਦੀ ਥਾਂ ਉਹਨਾਂ ਨੇ ਮੌਕੇ ਅਨੁਸਾਰ ‘ਢੂੰਗਾ’ ਵਰਤਿਆ।
ਕੁਝ ਸਾਲਾਂ ਦੀ ਗੱਲ ਹੈ ਕਿ ੮੦ਵਿਆਂ ਵਾਲ਼ੇ ਦਹਾਕੇ ਦੌਰਾਨ ਆਪਣੇ ਪਿਛਵਾੜੇ (ਬੈਕ ਯਾਰਡ) ਵਿਚ ਦੂਸਰਾ ਮਕਾਨ ਉਸਾਰਨ ਤੋਂ ਪਹਿਲਾਂ ਮੈਂ, ਵੇਹਲਾ ਹੋਣ ਕਰਕੇ, ਸਬਜੀ ਉਗਾਇਆ ਕਰਦਾ ਸਾਂ। ਕਿਸੇ ਸਿਆਣੇ ਦਾ ਕਥਨ ਵੀ ਹੈ, ”ਬੇਕਾਰ ਮਬਾਸ਼ ਕੁਛ ਕੀਆ ਕਰ। ਔਰ ਨਹੀਂ ਤੋਂ ਤੰਬੀ ਉਧੇੜ ਕੇ ਸੀਆ ਕਰ।” ਇਸ ਲਈ ਮੈਂ ਵੀ ਵੇਹਲਾ ਬਹਿ ਕੇ ਮੱਖੀਆਂ ਮਾਰਨ ਨਾਲ਼ੋਂ ਮਿੱਟੀ ਨਾਲ਼ ਖੇਡਣ ਵਿਚ ਖ਼ੁਸ਼ੀ ਮਹਿਸੂਸ ਕਰਿਆ ਕਰਦਾ ਸਾਂ/ਹਾਂ। ਪਿਛਵਾੜੇ ਵਿਚ ਸਰ੍ਹੋਂ, ਪਾਲਕ, ਮੇਥੇ, ਮੇਥੀ, ਭੂਕਾਂ ਵਾਲ਼ੇ ਗੰਢੇ, ਮੈਣਾ ਆਦਿ ਵਾਹਵਾ ਨਿਕ ਸੁਕ ਜਿਹਾ ਉਗਿਆ ਹੋਇਆ ਸੀ। ਬੱਚੇ ਸਕੂਲੇ ਤੇ ਉਹਨਾਂ ਦੀ ਮਾਂ ਕੰਮ ਤੇ ਗਏ ਹੋਏ ਸਨ। ”ਘਰ ਵਾਲ਼ਾ ਕੋਈ ਘਰ ਨਹੀਂ ਸੀ ਤੇ ਮੈਨੂੰ ਕਿਸੇ ਦਾ ਡਰ ਨਹੀਂ ਸੀ।” ਵੇਲ਼ਾ ਵੇਖ ਕੇ ਮੈਂ ਇਹ ਸਾਰਾ ਕੁਝ ਇਕੱਠਾ ਕੀਤਾ ਤੇ ਉਸ ਨੂੰ ਵੱਢ ਟੁਕ ਕੇ ਕੁੱਕਰ ਵਿਚ ਪਾ ਕੇ, ਬਿਜਲਈ ਚੁਲ੍ਹੇ ਉਪਰ ਧਰ ਦਿਤਾ। ਵਾਹਵਾ ਚਿਰ ਇਹ ਸਾਰਾ ਕੁਝ ਰਿਝਦਾ ਰਿਹਾ। ਮੈਂ ਰਸੋਈ ਵਿਚ ਹੀ ਸਾਂ ਕਿ ਇਕ ਦਮ ਬੰਬ ਚੱਲਣ ਵਾਂਙ ਖੜਾਕ ਹੋਇਆ ਤੇ ਸਾਰੀ ਰਸੋਈ, ਛੱਤ, ਫਰਸ਼, ਕੰਧਾਂ ਸਮੇਤ, ਹਰੇ ਸਾਗ ਦੇ ਛਿੜਕਾ ਨਾਲ਼ ਓਤ ਪੋਤ ਹੋ ਗਈ ਤੇ ਕੁੱਕਰ ਮੇਰੇ ਲਾਗੋਂ ਦੀ ਲੰਘ ਕੇ ਰਸੋਈ ਦੀ ਬਾਹਰਲੀ ਕੰਧ ਵਿਚ ਜਾ ਵੱਜਾ। ਕੁੱਕਰ ਨੇ ਕੰਧ ਦੇ ਅੰਦਰੂਨੀ ਭਾਗ ਵਿਚ ਮਘੋਰਾ ਕਰ ਦਿਤਾ ਤੇ ਢੱਕਣ ਉਸ ਦਾ ਦੂਜੇ ਪਾਸੇ ਸਿੰਕ ਵੱਲ ਯਾਤਰਾ ਕਰ ਗਿਆ।
ਸ਼ਾਇਦ ਸਾਗ ਦਾ ਕੋਈ ਪੱਤਾ ਕੁੱਕਰ ਦੀ ਸੀਟੀ ਵਾਲ਼ੇ ਰਾਹ ਵਿਚ ਫਸ ਜਾਣ ਕਰਕੇ ਸੀਟੀ ਬੋਲ ਨਾ ਸਕੀ ਤੇ ਕੁੱਕਰ ਗੁੱਸੇ ਵਿਚ ਆ ਕੇ ਆਪੇ ਤੋਂ ਬਾਹਰ ਹੋ ਗਿਆ ਤੇ ਉਸ ਨੇ ਇਹ ‘ਭਾਣਾ’ ਵਰਤਾ ਦਿਤਾ।
ਪਾਠਕ ਸੋਚਣ ਗੇ ਕਿ ਇਸ ਏਨੀ ਪੁਰਾਣੀ ਗੱਲ ਨੂੰ ਹੁਣ ਦੱਸਣ ਦੀ ਕੀ ਲੋੜ ਸੀ!
ਗੱਲ ਇਉਂ ਹੋਈ ਕਿ ਕਲ੍ਹ ਸ਼ਾਮੀ ਏਥੇ ਐਡੀਲੇਡ ਵਿਚ ਇਹ ਵਾਕਿਆ ਮੈਂ ਆਪਣੇ ਅਜ਼ੀਜ਼ ਮਨਪ੍ਰੀਤ ਸਿੰਘ ਟਾਹਲੀ ਅਤੇ ਤੇਜਸ਼ਦੀਪ ਸਿੰਘ ਅਜਨੌਦਾ ਨੂੰ ਸੁਣਾ ਬੈਠਾ ਤੇ ਇਹ ਸੁਣ ਕੇ ਮਨਪ੍ਰੀਤ ਸਿੰਘ ਬੋਲਿਆ, ”ਤਾਇਆ, ਜੇ ਕਿਤੇ ਤੂੰ ਕੁੱਕਰ ਦੀ ਮਾਰ ਵਿਚ ਆ ਜਾਂਦਾ ਤਾਂ ਤੇਰੀ ਆਤਮਾ ਨੂੰ ਤਾਂ ਰਾਮ ਗਣਾਂ ਜਾਂ ਜਮਦੂਤਾਂ ਨੇ ਪਤਾ ਨਹੀਂ ਕਿਧਰ ਲੈ ਜਾਣਾ ਸੀ ਪਰ ਤੇਰੀ ਲੋਥ ਦਾ ਸਸਕਾਰ ਕਰਨ ਜਦੋਂ ਤੈਨੂੰ ਲੈ ਕੇ ਸਮਸ਼ਾਨ ਘਾਟ ਵੱਲ ਜਾਣਾ ਸੀ ਤਾਂ ਉਸ ਕਾਰ ਦੇ ਪਿੱਛੇ ਜਾਣ ਵਾਲ਼ਿਆਂ ਵਿਚ ਬੰਦਿਆਂ ਨਾਲ਼ੋਂ ਬੰਦੀਆਂ ਵੱਧੇਰੇ ਹੋਣੀਆਂ ਸਨ। ਇਕ ਮਗਰੋਂ ਆਈ ਬੀਬੀ ਨੇ, ਜਿਹਾ ਕਿ ਆਮ ਰਿਵਾਜ਼ ਹੈ, ਹਮਦਰਦੀ ਵਜੋਂ ਤਾਈ ਪਾਸੋਂ ਪੁੱਛਣਾ ਸੀ, ”ਨੀ ਭੈਣੇ, ਕੀ ਹੋਇਆ?” ਤਾਈ ਨੇ ਅੱਗੋਂ ਆਖਣਾ ਸੀ, ”ਨੀ ਭੈਣੇ ਕੀ ਦੱਸਾਂ, ਇਹ ਸਾਰੀ ਕੁੱਕਰ ਦੇਵਤੇ ਦੀ ਹੀ ਕਿਰਪਾ ਹੈ।” ਤੇ ਫਿਰ ਸਾਰਾ ਬਿਰਤਾਂਤ ਬਿਆਨ ਕਰ ਦੇਣਾ ਸੀ। ਫਿਰ ਕੁਝ ਪਲ ਰੁਕ ਕੇ ਉਸ ਇਸਤਰੀ ਨੇ ਆਖਣਾ ਸੀ, ”ਭੈਣੇ, ਕੀ ਉਹ ਕੁੱਕਰ ਇਕ ਦੋ ਦਿਨਾਂ ਲਈ ਮੈਂ ਵੀ ਖੜ ਸਕਦੀ ਹਾਂ?” ”ਉਸ ਲਾਈਨ ਵਿਚ ਲੱਗ ਜਾਹ। ਇਹ ਸਾਰੀਆਂ ਤੇਰੇ ਵਾਂਙ ਕੁੱਕਰ ਲੈਣ ਵਾਸਤੇ ਹੀ ਆਈਆਂ ਨੇ”, ਆਖ ਕੇ, ਤਾਈ ਨੇ ਜਵਾਬ ਦੇਣਾ ਸੀ।

Install Punjabi Akhbar App

Install
×