ਜਿੰਦਗੀ ਜ਼ਿੰਦਾਬਾਦ – ਨਾਵਲ “ਹੁੱਨਰ ਦੀ ਜਿੱਤ” ਨੇ ਮੈਨੂੰ ਹੁੱਨਰਮੰਦ ਬਣਾਇਆ

ਸਾਡੇ ਵੇਲਿਆਂ ਵਿਚ ਨੌਜਵਾਨਾਂ ਦੀ ਜਿੰਦਗੀ ਵਿਚ ਨਾਵਲਾਂ ਦਾ ਬੜਾ ਮਹਤੱਵ ਹੁੰਦਾ ਸੀ। ਇਹ ਹਰੇਕ ਬੰਦੇ ਲਈ ਇਕ ਵੱਖਰਾ ਵਿਸ਼ਾ ਹੈ ਕਿ ਨਾਵਲ ਕਿਹੜੀ ਭਾਸ਼ਾ ਜਾਂ ਕਿਹੜੇ ਨਾਵਲਕਾਰ ਦਾ ਜਾਂ ਫਿਰ ਕਿਸੇ ਵਿਸ਼ੇਸ਼ ਵਿਸ਼ੇ ਜਿਵੇਂ ਕ੍ਰੀਮੀਨਲ ਜਾਂ ਰੋਮਾਂਟਿਕ ਜਾਂ ਮੰਨੋਰੰਜਕ ਜਾਂ ਇਤਿਹਾਸਕ ਜਾਂ ਸਮਾਜ ਨੂੰ ਚੰਗੀ ਸੇਧ ਦੇਣ ਵਾਲੇ ਨਾਵਲ ਪੜਣ ਦਾ ਸੌਂਕ ਹੁੰਦਾ ਹੈ। ਪਰ ਇਕ ਗੱਲ ਲਗਭਗ ਸਾਰੇ ਪਾਠਕਾਂ ਦੀ ਸਾਂਝੀ ਹੁੰਦੀ ਹੈ ਕਿ ਇਕ ਵਾਰ ਨਾਵਲ ਸ਼ੁਰੂ ਕਰ ਲਿਆ ਤਾਂ ਫਿਰ ਖਤਮ ਕਰਕੇ ਹੀ ਸਾਹ ਲੈਂਦੇ ਹਨ। ਚੰਗੇ ਨਾਵਲ ਦੀ ਇਹ ਵਿਸ਼ੇਸ਼ਤਾ ਹੁੰਦੀ ਹੈ ਕਿ ਉਹ ਆਪਣੇ ਪਾਠਕ ਨੂੰ ਕਹਾਣੀ ਦੇ ਘੇਰੇ ਵਿਚ ਬੰਨ ਕੇ ਰਖਦਾ ਹੈ ਅਤੇ ਪਾਠਕ ਦੀ ਰੁੱਚੀ ਬਣੀ ਰਹਿੰਦੀ ਹੈ ਕਿ ਇਸ ਤੋਂ ਅੱਗੇ ਕੀ ਹੋਵੇਗਾ?
ਮੈਂ ਵੀ ਜਵਾਨੀ ਵੇਲੇ ਤੋਂ ਸਾਹਿਤਕ ਰੁੱਚੀ ਰਖਦਾ ਰਿਹਾ ਹਾਂ ਅਤੇ ਪੰਜਾਬੀ ਨਾਵਲਾਂ ਦੀ ਦੁਨੀਆਂ ਵਿਚ ਮੈਂ ਜਸਵੰਤ ਸਿੰਘ ਕੰਵਲ, ਨਾਨਕ ਸਿੰਘ, ਗੁਰਦਿਆਲ ਸਿੰਘ, ਰਾਮ ਸਰੂਪ ਅਣਖੀ, ਬੂਟਾ ਸਿੰਘ ਸ਼ਾਦ, ਭਾਈ ਵੀਰ ਸਿੰਘ ਹੁਰਾਂ ਦੇ ਕਾਫੀ ਨਾਵਲਾਂ ਨੂੰ ਪੜਿਆ ਹੈ। ਪਰ ਜੋ ਗੱਲ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ, ਉਹ ਸ਼ਾਇਦ ਤੁਹਾਨੂੰ ਬੜੀ ਅਜੀਬ ਜਿਹੀ ਲਗੇ। ਪਰ ਸੱਚ ਹੈ ਕਿ ਇਕ ਨਾਵਲ ‘ ਹੁੱਨਰ ਦੀ ਜਿੱਤ ‘ ਨੇ ਮੈਨੂੰ ਹੁੱਨਰਮੰਦ (ਮਲਟੀਟੇਲੈਂਟਡ) ਸ਼ਖਸ਼ ਬਣਾ ਦਿੱਤਾ। ਵੱਡੀ ਗੱਲ ਇਹ ਕਿ ਇਹ ਨਾਵਲ ਮੈਂ ਕੋਈ ਖਰੀਦ ਕੇ ਨਹੀਂ ਪੜਿਆ, ਸਗੋਂ ਇਹ ਤਾਂ ਸਗੋਂ ਮੇਰੇ ਹਾਈ ਸਕੂਲ ਦੇ ਸਿਲੇਬਸ ਵਿਚ ਸ਼ਾਮਲ ਸੀ। ਆਮ ਕਰਕੇ ਵਿਦਿਆਰਥੀਆਂ ਦੀ ਇਹ ਕੰਮਜੋਰੀ ਹੁੰਦੀ ਹੈ ਕਿ ਉਹ ਸਿਲੇਬਸ ਵਿਚ ਲਗੀਆਂ ਪੁਸਤਕਾਂ ਨੂੰ ਇਕ ਵਾਰ ਵਾਚਣ ਤੋਂ ਬਾਅਦ ਅਲਮਾਰੀ ਦੀ ਕਿਸੇ ਗੁੱਠੇ ਲਾ ਦਿੰਦੇ ਹਨ, ਪਰ ਮੈਂ ਨਾਵਲ ‘ਹੁੱਨਰ ਦੀ ਜਿੱਤ’ ਨੂੰ ਹਾਈ ਸਕੂਲ ਪਾਸ ਕਰਨ ਤੋਂ ਬਾਅਦ ਵੀ ਵਾਰ-ਵਾਰ ਪੜਿਆ। ਇਹ ਨਾਵਲ ਆਪਣੇ 100 ਸਾਲਾਂ ਦੇ ਜੀਵਨ ਵਿਚ 100 ਤੋਂ ਵੱਧ ਸਾਹਿਤਕ ਕਿਤਾਬਾਂ ਪੰਜਾਬੀ ਪਾਠਕਾਂ ਦੀ ਝੋਲੀ ਪਾਉਂਣ ਵਾਲੇ ਸਰਦਾਰ ਜਸਵੰਤ ਸਿੰਘ ਕੰਵਲ ਦਾ ਲਿਖਿਆ ਹੋਇਆ ਸੀ। ਇਸ ਨਾਵਲ ਦੇ ਵਿਸ਼ੇ ਨੇ ਮੇਰੇ ਅੰਦਰਲੇ ਬਹੁਪੱਖੀ ਹੁੱਨਰ ਨੂੰ ਜਗਾਇਆ ਅਤੇ ਮੈਂ ਬੇਝਿੱਜਕ ਹੋ ਕੇ ਜਿੰਦਗੀ ਦੇ ਹਰੇਕ ਹੁੱਨਰ ਨੂੰ ਸਿਖਣ ਦੀ ਕੋਸ਼ਿਸ਼ ਕਰਦਾ ਰਹਿਆ ਹਾਂ ਅਤੇ ਕਰਦਾ ਰਹਾਂਗਾ।
ਇਸ ਨਾਵਲ ਦੀ ਕਹਾਣੀ ਬਾਰੇ ਮੈਂ ਸੰਖੇਪ ਵਿਚ ਏਨ੍ਹਾਂ ਹੀ ਕਹਾਂਗਾ ਕਿ ਇਕ ਦੇਸ਼ ਦੇ ਰਾਜੇ ਨੂੰ ਇਕ ਕਬੀਲੇ ਦੀ ਲੜਕੀ ਨਾਲ ਪਿਆਰ ਹੋ ਜਾਂਦਾ ਹੈ ਅਤੇ ਉਹ ਰਾਜਾ ਉਸ ਕਬੀਲੇ ਦੇ ਸਰਦਾਰ ਕੋਲ ਲੜਕੀ ਨਾਲ ਵਿਆਹ ਕਰਵਾਉਂਣ ਦਾ ਪ੍ਰਸਤਾਵ ਰਖਦਾ ਹੈ। ਕਬੀਲੇ ਦਾ ਸਰਦਾਰ ਰਾਜੇ ਅੱਗੇ ਸ਼ਰਤ ਰਖ ਦਿੰਦਾ ਹੈ ਕਿ ਜੇ ਉਹ ਕਬੀਲੇ ਦਾ ਚਟਾਈਆਂ ਬਨਾਉਂਣ ਵਾਲਾ ਹੁੱਨਰ ਸਿੱਖ ਲਵੇ ਤਾਂ ਹੀ ਇਹ ਵਿਆਹ ਹੋ ਸਕਦਾ ਹੈ। ਪਿਆਰ ਦੀ ਡੋਰੀ ਵਿਚ ਬੱਝਾ ਰਾਜਾ ਚਟਾਈਆਂ ਬਨਾਉਂਣ ਦੇ ਹੁੱਨਰ ਵਿਚ ਪ੍ਰਪੱਕ ਹੋ ਕੇ ਕਬੀਲੇ ਦੀ ਉਸ ਸੁੰਦਰ ਕੰਨਿਆਂ ਨੂੰ ਵਰ ਲੈਂਦਾ ਹੈ ਅਤੇ ਕਬੀਲੇ ਦੀ ਲੜਕੀ ਮਹਿਲਾਂ ਦੀ ਰਾਣੀ ਬਣ ਜਾਂਦੀ ਹੈ। ਦੋਵੇਂ ਜੀਆਂ ਦਾ ਗ੍ਰਿਹਸਥੀ ਜੀਵਨ ਬੜਾ ਵਧੀਆ ਗੁਜ਼ਰ ਰਿਹਾ ਸੀ ਕਿ ਇਕ ਦਿਨ ਰਾਜਾ ਸ਼ਿਕਾਰ ਖੇਡਣ ਗਿਆ ਜੰਗਲ ਵਿਚ ਰਸਤਾ ਭੁੱਲ ਕੇ ਕਿਸੇ ਦੂਸਰੇ ਰਾਜੇ ਦੀ ਰਿਆਸਤ ਵਿਚ ਪ੍ਰਵੇਸ਼ ਕਰ ਜਾਂਦਾ ਹੈ। ਉਸ ਰਾਜ ਦੇ ਪਹਿਰੇਦਾਰ ਉਸ ਓਪਰੇ ਬੰਦੇ ਨੂੰ ਫੜ੍ਹ ਕੇ ਕਾਰਾਵਾਸ ਵਿਚ ਸੁੱਟ ਦਿੰਦੇ ਹਨ।
ਪਿੱਛੇ ਰਾਣੀ ਨੂੰ ਕੋਈ ਪਤਾ ਨਹੀਂ ਕਿ ਰਾਜਾ ਕਿਥੇ ਹੈ ਅਤੇ ਉਧਰ ਰਾਜੇ ਨੂੰ ਕਾਰਾਵਾਸ ਵਿਚੋਂ ਬੱਚ ਕੇ ਨਿਕਲਣ ਦੀ ਕੋਈ ਆਸ ਨਹੀਂ। ਇਕ ਦਿਨ ਰਾਜਾ ਪਹਿਰੇਦਾਰਾਂ ਨੂੰ ਕਹਿੰਦਾ ਹੈ ਕਿ ‘ਮੈਨੂੰ ਪਤਾ ਹੈ ਕਿ ਤੁਸੀਂ ਮੈਨੂੰ ਛੱਡੋਗੇ ਤਾਂ ਨਹੀਂ, ਪਰ ਮੈਂ ਤੁਹਾਡੇ ਲਈ ਕੁਝ ਕਮਾਈ ਕਰਕੇ ਦੇ ਸਕਦਾ ਹਾਂ। ਜੇ ਤੁਸੀਂ ਕੁਝ ਕਾਹੀ, ਰੰਗ ਅਤੇ ਡੋਰੀ ਮੈਨੂੰ ਲਿਆ ਦੇਵੋ ਅਤੇ ਮੈਂ ਤੁਹਾਨੂੰ ਚਟਾਈਆਂ ਬਣਾ ਕੇ ਦਿਆਂਗਾ, ਜੋ ਤੁਸੀਂ ਵੇਚ ਕੇ ਕਮਾਈ ਕਰ ਸਕਦੇ ਹੋ।’ ਪਹਿਰੇਦਾਰ ਕੈਦੀ ਰਾਜੇ ਨੂੰ ਕਾਹੀ, ਰੰਗ ਅਤੇ ਡੋਰੀ ਆਦਿ ਲਿਆ ਕੇ ਦਿੰਦੇ ਅਤੇ ਰਾਜਾ ਉਹਨਾਂ ਨੂੰ ਸੋਹਣੀਆਂ 2 ਚਟਾਈਆਂ ਬਣਾ ਕੇ ਦਿੰਦਾ ਹੈ, ਜਿਸਨੂੰ ਵੇਚ ਕੇ ਪਹਿਰੇਦਾਰ ਕੁਝ ਧੰਨ ਕਮਾ ਲੈਂਦੇ ਸਨ। ਇਹ ਸਿਲਸਿਲਾ ਚਲਦਾ ਰਿਹਾ ਅਤੇ ਰਾਜਾ ਪਹਿਰੇਦਾਰਾਂ ਤੋਂ ਚੋਰੀ ਛੁੱਪੇ ਇਕ ਵੱਖਰੀ ਚਟਾਈ ਉਪਰ ਰੰਗਾਂ ਰਾਹੀਂ ਗੁੱਪਤ ਭਾਸ਼ਾ ਵਿਚ ਸੰਦੇਸ਼ ਲਿਖਦਾ ਰਿਹਾ। ਹੁਣ ਰਾਜਾ ਪਹਿਰੇਦਾਰ ਦਾ ਭਰੋਸਾ ਜਿੱਤ ਚੁੱਕਾ ਸੀ ਅਤੇ ਇਕ ਦਿਨ ਉਹ ਗੁੱਪਤ ਸੰਦੇਸ਼ ਵਾਲੀ ਚਟਾਈ ਪਹਿਰੇਦਾਰ ਨੂੰ ਦੇ ਕੇ ਕਹਿਣ ਲਗਾ -” ਨੇੜਲੇ ਦੇਸ਼ ਦੀ ਰਾਣੀ ਵਧੀਆ ਚਟਾਈਆਂ ਦਾ ਸੌਂਕ ਰਖਦੀ ਹੈ। ਜੇ ਇਹ ਚਟਾਈ ਉਸਨੂੰ ਵੇਚੇਂਗਾ ਤਾਂ ਤੈਨੂੰ ਮੂੰਹ ਮੰਗੀ ਕੀਮਤ ਮਿਲੂਗੀ। ਪਹਿਰੇਦਾਰ ਰਾਜੇ ਦੇ ਸਮਝਾਏ ਮੁਤਾਬਕ ਚਟਾਈ ਲੈ ਕੇ ਰਾਣੀ ਦੇ ਮਹਿਲਾਂ ਵਿਚ ਪਹੁੰਚ ਗਿਆ ਅਤੇ ਰਾਣੀ ਨੁੰ ਚਟਾਈ ਉਪਰ ਉੱਕਰੀ ਗੁੱਪਤ ਭਾਸ਼ਾ ਤੋਂ ਪਤਾ ਲਗ ਗਿਆ ਕਿ ਉਸਦਾ ਪਤੀ ਕਿਥੇ ਕੈਦ ਹੈ। ਰਾਣੀ ਨੇ ਆਪਣੀ ਫੌਜ ਲੈ ਕੇ ਅਚਨਚੇਤੀ ਹਮਲਾ ਕਰਕੇ ਰਾਜੇ ਨੂੰ ਕੈਦ ਵਿਚੋਂ ਮੁੱਕਤ ਕਰਵਾ ਲਿਆ ਅਤੇ ਇਵੇਂ ਹੁੱਨਰ ਦੀ ਜਿੱਤ ਹੋਈ।
ਇਸ ਕਹਾਣੀ ਤੋਂ ਸੇਧ ਲੈ ਕੇ ਮੈਂ ਜਿੰਦਗੀ ਦਾ ਹਰੇਕ ਹੁੱਨਰ ਸਿੱਖਣ ਦੀ ਕੋਸ਼ਿਸ਼ ਕਰਦਾ ਰਿਹਾ ਹਾਂ। ਇਸ ਵੇਲੇ ਤੱਕ ਇਲੈਕਟ੍ਰੀਕਲ, ਮਕੈਨੀਕਲ, ਮੇਸਨ, ਕਾਰਪੈਂਟਰ, ਰਸੋਈ, ਖੇਤੀ-ਬਾੜੀ, ਡਾਕਟਰੀ, ਦੁਕਾਨਦਾਰੀ, ਕੰਪਿਊਟਰ ਅਤੇ ਹੋਰ ਬਹੁਤ ਸਾਰੇ ਛੋਟੇ-ਮੋਟੇ ਹੁੱਨਰਾਂ ਦਾ ਗਿਆਤਾ ਹੋ ਚੁੱਕਾ ਹਾਂ ਅਤੇ ਫਿਰ ਵੀ ਉਮਰ ਦੇ ਆਖਰੀ ਪੜਾਅ ਵਿਚ ਵੀ ਸਿੱਖਣ ਦੀ ਖਾਹਿਸ਼ ਰਖਦਾ ਹਾਂ। ਕੀ ਪਤਾ ਕਿਹੜਾ ਹੁੱਨਰ ਕਿਥੇ, ਕਦੋਂ ਅਤੇ ਕਿਵੇਂ ਕੰਮ ਆ ਜਾਵੇ ਅਤੇ ਹੁੱਨਰ ਨੂੰ ਜਿੱਤ ਨਸੀਬ ਹੋ ਜਾਏ।

(ਦਲਜੀਤ ਸਿੰਘ ‘ਮਹਿਤਾ ਚੌਕ’) +919878278007

Install Punjabi Akhbar App

Install
×