ਬਰਤਾਨੀਆ ਸਰਕਾਰ ਦੀ ਵਿਰੋਧੀ ਧਿਰ ਦੇ ਨੇਤਾ ਜੈਰਮੀ ਕੌਰਬਿਨ ਤੇ ਉੱਪ ਨੇਤਾ ਟੌਮ ਵਾਟਸਨ ਵੱਲੋਂ ਸਿੱਖ ਭਾਈਚਾਰੇ ਦੀ ਪ੍ਰਸੰਸਾ

1376661__d43764362

ਬਰਤਾਨੀਆਂ ਦੀ ਸੰਸਦ ਵਿੱਚ ਵਿਰੋਧੀ ਧਿਰ ਵਜੋਂ ਵਿਚਰ ਰਹੀ ਲੇਬਰ ਪਾਰਟੀ ਦੇ ਨੇਤਾ ਐਮ ਪੀ ਜੈਰਮੀ ਕੌਰਬਿਨ ਅਤੇ ਉੱਪ ਨੇਤਾ ਐਮ ਪੀ ਟੌਮ ਵਾਟਸਨ ਨੇ ਅੱਜ ਗੁਰਦੁਆਰਾ ਗੁਰੂ ਹਰ ਰਾਇ ਸਾਹਿਬ ਵੈਸਟ ਬ੍ਰਾਮਿਚ ਵਿੱਚ ਮੱਥਾ ਟੇਕਿਆ ਅਤੇ ਇਸ ਮੌਕੇ ਬੋਲਦਿਆਂ ਜੈਰਮੀ ਕੌਰਬਿਨ ਅਤੇ ਟੌਮ ਵਾਟਸਨ ਨੇ ਕਿਹਾ ਕਿ ਬਰਤਾਨੀਆ ਦੇ ਭਾਰਤ ਨਾਲ ਬਹੁਤ ਵਧੀਆ ਸਬੰਧ ਹਨ ਪਰ 1984 ਵਿੱਚ ਸਾਨੂੰ ਸਾਰੀਆਂ ਨੂੰ ਵੱਡਾ ਸਦਮਾ ਲੱਗਾ | ਉਨ੍ਹਾਂ ਦੋਵੇਂ ਸੰਸਾਰ ਜੰਗਾਂ ਵਿੱਚ ਸਿੱਖਾਂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਉਹ ਵੀ ਮਹਿਸੂਸ ਕਰਦੇ ਹਨ ਕਿ ਅੱਜ ਸਿੱਖਾਂ ਦੀ ਸੰਸਦ ਵਿੱਚ, ਸਕਾਟਿਸ਼ ਪਾਰਲੀਮੈਂਟ ਅਤੇ ਹੋਰਨਾਂ ਅਹਿਮ ਥਾਵਾਂ ‘ਤੇ ਅਜੇ ਨੁਮਾਇੰਦਗੀ ਨਹੀਂ ਹੈ, ਜਿਸ ਨੂੰ ਯਕੀਨੀ ਬਣਾਉਣ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ | ਅਸੀਂ ਸਿੱਖ ਭਾਈਚਾਰੇ ਨਾਲ ਮਿਲ ਕੇ ਕੰਮ ਕਰਨ ਵਿੱਚ ਖੁਸ਼ੀ ਮਹਿਸੂਸ ਕਰਦੇ ਹਾਂ | ਲੇਬਰ ਪਾਰਟੀ ਤੇ ਵਿਰੋਧੀ ਧਿਰ ਦੇ ਨੇਤਾ ਜੈਰਮੀ ਕੌਰਬਿਨ ਨੇ ਕਿਹਾ ਕਿ ਸਿੱਖ ਮਨੁੱਖਤਾ ਲਈ ਬਹੁਤ ਵੱਡਾ ਕੰਮ ਕਰਦੇ ਹਨ, ਸਿੱਖ ਦੂਜਿਆਂ ਦੀ ਮਦਦ ਕਰਦੇ ਹਨ, ਹਰ ਗੁਰਦਆਰੇ ਵਿੱਚ ਬਿਨ੍ਹਾਂ ਭਿੰਨ ਭੇਦ ਵੱਡੀ ਗਿਣਤੀ ਵਿੱਚ ਲੋਕ ਲੰਗਰ ਛਕਦੇ ਹਨ ਅਤੇ ਹਰ ਗੁਰਦੁਆਰਾ ਦੂਜੇ ਭਾਈਚਾਰਿਆਂ ਲਈ ਇੱਕ ਚੰਗਾ ਸਬਕ ਹੈ | ਉਨ੍ਹਾਂ ਕਿਹਾ ਕਿ ਦੂਜੀ ਸੰਸਾਰ ਜੰਗ ਅਤੇ ਹੋਰਨਾਂ ਜੰਗਾਂ ਦੌਰਾਨ ਯੂਰਪ ਲਈ ਸਿੱਖਾਂ ਨੇ ਜਾਨਾਂ ਕੁਰਬਾਨ ਕੀਤੀਆਂ ਹਨ ਅਤੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ | ਦਸਤਾਰ ਲਈ ਸਿੱਖਾਂ ਵੱਲੋਂ ਵੱਡੀ ਘਾਲਣਾ ਕੀਤੀ ਗਈ ਅਤੇ ਸਿੱਖਾਂ ਨਾਲ ਹੋਣ ਵਾਲੇ ਵਿਤਕਰੇ ਵਿਰੁੱਧ ਲੜੇ, ਜਿਸ ਲਈ ਮੈਂ ਟਰੇਡ ਯੂਨੀਅਨ ਅਤੇ ਲੇਬਰ ਪਾਰਟੀ ਦੇ ਤੌਰ ‘ਤੇ ਹਮੇਸ਼ਾ ਹਮਾਇਤ ਕੀਤੀ | ਉਨ੍ਹਾਂ ਇਸ ਮੌਕੇ 23 ਜੂਨ ਨੂੰ ਹੋਣ ਵਾਲੀ ਰਾਇਸ਼ੁਮਾਰੀ ਸਬੰਧੀ ਵੀ ਕਿਹਾ ਕਿ ਯੂਰਪੀਅਨ ਯੂਨੀਅਨ ਵਿੱਚ ਰਹਿ ਕੇ ਹੀ ਸਾਡਾ ਫਾਈਦਾ ਹੈ, ਮਜ਼ਦੂਰਾਂ ਦੇ ਹੱਕਾਂ ਲਈ, ਚੰਗੇ ਕਾਰੋਬਾਰ ਅਤੇ ਦੇਸ਼ ਦੀ ਮਜ਼ਬੂਤੀ ਲਈ, ਅਮਨ ਸ਼ਾਂਤੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਮਿਲ ਕੇ ਹੀ ਕੰਮ ਕੀਤੇ ਜਾ ਸਕਦੇ ਹਨ, ਜਿਸ ਲਈ ਯੂਰਪੀਅਨ ਯੂਨੀਅਨ ਵਿੱਚ ਰਹਿਣਾ ਜ਼ਰੂਰੀ ਹੈ | ਇਸ ਮੌਕੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਤੋਂ ਇਲਾਵਾ ਯੂਰਪੀਅਨ ਸੰਸਦ ਮੈਂਬਰ ਨੀਨਾ ਗਿੱਲ, ਯੁਨਾਈਟ ਯੂਨੀਅਨ ਦੇ ਸਕੱਤਰ, ਤਨਮਨਜੀਤ ਸਿੰਘ ਢੇਸੀ, ਗੁਰਿੰਦਰ ਸਿੰਘ ਜੋਸਨ, ਗੁਰਦਿਆਲ ਸਿੰਘ ਅਟਵਾਲ, ਜਗਤਾਰ ਸਿੰਘ ਗਿੱਲ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ ਚਹੇੜੂ ਆਦਿ ਹਾਜ਼ਿਰ ਸਨ |

(ਮਨਪ੍ਰੀਤ ਸਿੰਘ ਬੱਧਨੀ ਕਲਾਂ)

 ਰੋਜ਼ਾਨਾ ਅਜੀਤ