ਜਿੱਥੇ ਅੱਜ ਸਮਾਜ ਅੰਦਰ ਰਵਾਇਤੀ ਕਲਾਕਾਰਾਂ ਅਤੇ ਗਾਇਕਾਂ ਵੱਲੋਂ ਸੱਭਿਆਚਾਰ ਦੀ ਸੇਵਾ ਦੇ ਨਾਂ ਤੇ ਗੰਦੇ ਗੀਤਾਂ ਅਤੇ ਅਸ਼ਲੀਲ ਬੋਲਾਂ ਵਾਲੀਆਂ ਸੀ.ਡੀਜ਼ ਗੰਦੇ ਦ੍ਰਿਸ਼ਾਂ ਨਾਲ ਫਿਲਮਾ ਕੇ ਅਸੱਭਿਆਚਾਰ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ ਉੱਥੇ ਅੱਜ ਚੰਗਾ ਅਤੇ ਲੋਕ ਪੱਖੀ ਗਾਉਣ ਵਾਲੇ ਲੋਕਾਂ ਦੇ ਦੁੱਖਾਂ ਦਰਦਾਂ ਦੀ ਗੀਤਾਂ, ਟੱਪੇ ਅਤੇ ਬੋਲੀਆਂ ਰਾਹੀਂ ਬਾਤ ਪਾਉਣ ਵਾਲੇ ਜਗਸੀਰ ਜੀੱਦਾ ਵਰਗੇ ਲੋਕਹਿਤੂ ਗੀਤਕਾਰ ਅਤੇ ਗਾਇਕ ਵੀ ਸਮਾਜ ਵਿੱਚ ਮੌਜੂਦ ਹਨ।
ਪਿੱਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਵੱਖ ਵੱਖ ਪ੍ਰੋਗਰਾਮਾਂ ਵਿੱਚ ਜਾ ਕੇ ਲੋਕ ਸੰਗੀਤ ਮੰਡਲੀ -ਜੀੱਦਾ- ਦੇ ਨਾਮ ਹੇਠ ਗਾਉਂਦੇ ਸਾਥੀ ਜਗਸੀਰ ਜੀੱਦਾ ਅਤੇ ਸਾਥੀ ਕਲਾਕਾਰਾਂ ਵੱਲੋਂ ਅੱਜ ਵੱਖ ਵੱਖ ਜਨਤਕ ਜਮਹੂਰੀ ਅਤੇ ਤਰਕਸ਼ੀਲ ਜੱਥੇਬੰਦੀਆਂ ਦੇ ਸਹਿਯੋਗ ਨਾਲ ਰੱਖੇ -ਰਿਲੀਜ਼ ਸਮਾਰੋਹ- ਦੌਰਾਨ, ਗਦਰ ਲਹਿਰ ਦੇ ਸ਼ਾਨਾਮੱਤੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੀ ਯਾਦ ਨੂੰ ਅਤੇ ਕਾਮਾਗਾਟਾਮਾਰੂ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਗੀਤਾਂ ਦੀ ਵੀਡੀਓ DVD -ਗਦਰ ਲਹਿਰ ਦਾ ਹੋਕਾ- ਰਿਲੀਜ਼ ਕੀਤੀ ਗਈ। ਟੀਚਰਜ਼ ਹੋਮ ਬਠਿੰਡਾ ਦੇ ਵੱਡੇ ਹਾਲ ਵਿੱਚ ਲੋਕ ਸੰਗੀਤ ਮੰਡਲੀ ਜੀਦਾ ਦੇ ਚਹੇਤੇ, ਵੱਖ ਵੱਖ ਜੱਥੇਬੰਦੀਆਂ ਸਮੇਤ ਤਰਕਸ਼ੀਲ ਲਹਿਰ ਦੇ ਆਗੂ ਅਤੇ ਪ੍ਰਸ਼ੰਸਕਾਂ ਦੇ ਰੂ-ਬ-ਰੂ ਸਾਥੀ ਜਗਸੀਰ ਜੀਦਾ ਨੈ ਸਾਰਿਆਂ ਦਾ ਇਸ ਸਮਾਰੋਹ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ।
ਇਸ ਰਿਲੀਜ਼ ਸਮਾਰੋਹ ਨੂੰ ਪ੍ਰਸਿੱਧ ਨਾਟਕਕਾਰ ਪ੍ਰੋਫੈਸਰ ਅਜਮੇਰ ਔਲਖ, ਕਰਾਂਤੀਕਾਰੀ ਸੱਭਿਆਚਾਕ ਮੰਚ ਦੇ ਬਲਵੰਤ ਮੱਖੂ, ਪਲਸ ਮੰਚ ਦੇ ਸ੍ਰੀ ਅਤਰਜੀਤ, ਐਡਵੋਕੇਟ ਐਨ.ਕੇ.ਜੀਤ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਬਠਿੰਡਾ ਦੇ ਆਗੂ ਰਾਮ ਸਿੰਘ ਨਿਰਮਾਣ, ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਸ੍ਰੀ ਜ਼ਸਪਾਲ ਮਾਨਖੇੜਾ, ਸੁਖਦੇਵ ਸਿੰਘ ਹੁੰਦਰ ਸਿਰਸਾ, ਸ੍ਰੀ ਹਰਦੇਵ ਅਰਸ਼ੀ (ਐਕਸ ਐਮ.ਐਲ.ਏ.) ਵੱਲੋਂ ਵੀ ਸੰਬੋਧਨ ਕਰਦਿਆਂ ਵਿਚਾਰ ਚਰਚਾ ਵਿੱਚ ਹਿੱਸਾ ਲਿਆ ਗਿਆ।
ਸਮਾਰੋਹ ਵਿੱਚ ਨਾਟਕ ਨਿਰਦੇਸ਼ਕ ਸ੍ਰੀ ਹਰਵਿੰਦਰ ਦੀਵਾਨਾ, ਡਾ. ਕੇਵਲ ਕ੍ਰਿਸ਼ਨ ਜੀਦਾ, ਦਿਲਬਾਗ ਸਿੰਘ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਜੀਦਾ, ਤਰਕਸ਼ੀਲ ਆਗੂ ਰਣਜੀਤ ਸਿੰਘ ਬਠਿੰਡਾ ਵੀ ਮੌਜੂਦ ਸਨ।