ਜੱਟ ਸਿੱਖ ਦੀ ਇਤਿਹਾਸਕ ਪਹਿਚਾਣ ਦੀ ਥਾਂ ਨੈਤਿਕ ਪਹਿਚਾਣ ਦੀ ਲੋੜ — ਡਾ. ਸਵਰਾਜ ਸਿੰਘ

ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਪੰਜਾਬੀ ਦੇ ਪ੍ਰੌਢ ਨਾਵਲਕਾਰ ਜੋਰਾ ਸਿੰਘ ਮੰਡੇਰ ਦੇ ਨਵੇਂ ਨਾਵਲ ‘ਜੇ ਤੂੰ ਮਿੱਤਰ ਅਸਾਡੜਾ* ਨੂੰ ਲੋਕ—ਅਰਪਣ ਅਤੇ ਵਿਚਾਰ ਚਰਚਾ ਕਰਨ ਲਈ ਇੱਕ ਸਾਹਿਤਕ ਸਮਾਗਮ ਹੋਟਲ ਕੇ.ਆਰ.ਬਲੈਸਿੰਗਜ਼ ਵਿੱਚ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਸਨ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਤੇਜਵੰਤ ਮਾਨ, ਡਾ. ਭਗਵੰਤ ਸਿੰਘ, ਜੋਗਿੰਦਰ ਕੌਰ ਅਗਨੀਹੋਤਰੀ (ਹਰਿਆਣਾ), ਸੰਪੂਰਨ ਸਿੰਘ ਛਾਜਲੀ ਸ਼ਾਮਲ ਹੋਏ। ਵਿਚਾਰ ਚਰਚਾ ਵਿੱਚੋਂ ਡਾ. ਸਵਰਾਜ ਸਿੰਘ ਦਾ ਵਿਚਾਰ ਕਿ ਅੱਜ ਜੱਟ ਸਿੱਖ ਆਪਣੀ ਪਹਿਚਾਨ ਇੱਕ ਉਤਪਾਦਕ ਵਜੋਂ ਇਤਿਹਾਸਕ ਪਹਿਚਾਣ ਤੱਕ ਸੀਮਤ ਰੱਖ ਰਿਹਾ ਹੈ, ਜਦਕਿ ਸਾਡੇ ਗੁਰੂ ਸਾਹਿਬਾਨ ਦੇ ਮਾਨਵ ਨੂੰ ਉਤਪਾਦਕ ਨਹੀਂ ਮੰਨਿਆ ਸਗੋਂ ਸਿਰਜਨਹਾਰ ਮੰਨਿਆ ਹੈ। ਹਰੇ ਇਨਕਲਾਬ ਨੇ ਸਾਡੀਆਂ ਨੈਤਿਕ ਕੀਮਤਾਂ ਨੂੰ ਉਤਪਾਦਕੀ ਮੰਡੀ ਦੀ ਵੇਚ ਵੱਟ ਨਾਲ ਸਬੰਧਤ ਕਰ ਦਿੱਤਾ, ਜਿਸ ਕਾਰਨ ਪੰਜਾਬ ਦੀ ਜੱਟ ਕਿਰਸਾਨੀ ਦਾ ਵੱਡਾ ਨੁਕਸਾਨ ਹੋਇਆ। ਪੰਜਾਬ ਦੇ ਸੱਭਿਆਚਾਰ ਦੀ ਪਹਿਚਾਨ ਸਿੱਖੀ ਸਰੂਪ ਤੋਂ ਨਹੀਂ ਸਗੋਂ ਪ੍ਰੋ. ਪੂਰਨ ਸਿੰਘ ਦੀ ਭਾਵਨਾ ‘ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ* ਅਨੁਸਾਰ ਕਰਨੀ ਚਾਹੀਦੀ ਹੈ।  ਵਿਚਾਰ ਚਰਚਾ ਦਾ ਆਰੰਭ ਗੁਰਨਾਮ ਸਿੰਘ ਵੱਲੋਂ ਨਾਵਲ ਉਤੇ ਵਿਸਤਰਿਤ ਪੇਪਰ ਪੜ੍ਹਕੇ ਕੀਤਾ। ਉਸਦਾ ਮੱਤ ਸੀ ਕਿ ਨਾਵਲ ਅੱਜ ਦੇ ਸਮੇ਼ ਵਿੱਚ ਵੀ ਚੱਲ ਰਹੀਆਂ ਸਾਮੰਤਵਾਦੀ ਕਦਰਾਂ ਕੀਮਤਾਂ ਦਾ ਉਲੇਖ ਕਰਦਾ ਹੈ। ਡਾ. ਚਰਨਜੀਤ ਸਿੰਘ ਉਡਾਰੀ ਨੇ ਕਿਹਾ ਕਿ ਨਾਵਲ ਵਿਧਾ ਕੋਈ ਸੌਖਾ ਕੰਮ ਨਹੀਂ। ਜੋਰਾ ਸਿੰਘ ਮੰਡੇਰ ਨੇ ਜਰੂਰ ਹੀ ਇਸ ਕਥਾ ਨੂੰ ਸਮੇਟਣ ਲਈ ਹਜ਼ਾਰ ਕੁ ਸਫ਼ੇ ਲਿਖੇ ਹੋਣਗੇ। ਪਾਲਾ ਮੱਲ ਸਿੰਗਲਾ ਨੇ ਜਿੱਥੇ ਚੇਤਨਾ ਪ੍ਰਵਾਹ ਸ਼ੈਲੀ ਦੀ ਪ੍ਰਸ਼ੰਸਾ ਕੀਤੀ, ਉਥੇ ਨਾਵਲਕਾਰ ਨੇ ਮਨੁੱਖੀ ਭਾਈਚਾਰੇ ਦੇ ਦੁਖਾਂਤ ਦਾ ਕੈਥਾਰਸਿਸ ਵੀ ਕੀਤਾ ਹੈ। ਤੇਜਾ ਸਿੰਘ ਤਿਲਕ ਨੇ ਨਾਵਲ ਵਿੱਚ ਵਰਤੀ ਗਈ ਭਾਸ਼ਾ, ਮੁਹਾਵਰਾ ਅਤੇ ਗੁਰਬਾਣੀ ਟੂਕਾਂ ਦੀ ਪ੍ਰਸ਼ੰਸਾ ਕੀਤੀ। ਸੁਖਦੇਵ ਢਿੱਲੋਂ ਨੇ ਜੋਰਾ ਸਿੰਘ ਮੰਡੇਰ ਦੇ ਧਰਤੀ ਨਾਲ ਜੁੜੇ ਅਨੁਭਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਇੱਕ ਆਂਚਲਿਕ ਹੈ। ਦਲਬਾਰ ਸਿੰਘ ਚੱਠੇ ਨੇ ਕਿਹਾ ਕਿ ਨਾਇਕ ਲਖਵਿੰਦਰ ਸਿੰਘ ਆਖਰ ਤੱਕ ਜਿਉਂਦੇ ਰਹਿਣਾ ਸੀ। ਨਾਇਕ ਦੀ ਮੌਤ ਨਾਲ ਨਾਵਲ ਇੱਕ ਦੁਖਾਂਤ ਬਣ ਗਿਆ ਹੈ। ਪਵਨ ਹਰਚੰਦਪੁਰੀ ਨੇ ਕਿਹਾ ਕਿ ਬੂਝਾ ਸਿੰਘ ਪਾਤਰ ਰਾਹੀਂ ਲੇਖਕ ਨੇ ਖਾੜਕੂ ਅਤੇ ਨਕਸਲਬਾੜੀ ਲਹਿਰ ਦੀਆਂ ਗਲਤੀਆਂ ਦਾ ਜ਼ਿਕਰ ਕੀਤਾ ਹੈ। ਸੰਪੂਰਨ ਸਿੰਘ ਛਾਜਲੀ ਨੇ ਕਿਹਾਕਿ ਲਖਵਿੰਦਰ ਤੋਂ ਬਿਨਾ ਮੈਂ ਇਸ ਨਾਵਲ ਬਾਰੇ ਪਾਤਰਾਂ ਨੂੰ ਪਹਿਚਾਣਦਾ ਹਾਂ। ਮੰਡੇਰ ਮੇਰਾ ਕਾਫੀ ਸਮੇਂ ਤੋਂ ਦੋਸਤ ਹੈ, ਇਸਨੇ ਇਹ ਨਾਵਲ ਲਿਖਕੇ 1961—62 ਦੇ ਦਿਨ ਯਾਦ ਕਰਾ ਦਿੱਤੇ। ਡਾ. ਭਗਵੰਤ ਸਿੰਘ ਨੇ ਆਂਚਲਿਕ ਨਾਵਲ ਦੇ ਤੱਤਾਂ ਦੀ ਵਿਆਖਿਆ ਕਰਦੇ ਹੋਏ ਇਸਨੂੰ ਸਫਲ ਆਂਚਲਿਕ ਨਾਵਲ ਦੱਸਿਆ। ਲਾਲੀ ਵਰਗੇ ਉਜੱਡ ਪਾਤਰ ਪੂਰੀ ਤਰ੍ਹਾਂ ਯਥਾਰਥਕ ਹਨ। ਇਸ ਨਾਵਲ ਵਿੱਚ ਸਾਮੰਤੀ ਸਮਾਜ ਦੇ ਨਿਘਾਰ ਨੂੰ ਮੂਰਤੀਮਾਨ ਕੀਤਾ ਗਿਆ ਹੈ। ਬਹਿਸ ਵਿੱਚ ਜੋਗਿੰਦਰ ਕੌਰ ਅਗਨੀਹੋਤਰੀ, ਡਾ. ਰਵਿੰਦਰ ਕੌਰ, ਜਗਦੀਪ ਸਿੰਘ ਗੰਧਾਰਾ ਐਡਵੋਕੇਟ ਨੇ ਵੀ ਭਾਗ ਲਿਆ। ਡਾ. ਤੇਜਵੰਤ ਮਾਨ ਨੇ ਬਹਿਸ ਨੂੰ ਸਮੇਟਦਿਆਂ ਕਿਹਾ ਕਿ ਜੋਰਾ ਸਿੰਘ ਮੰਡੇਰ ਦੀ ਨਾਵਲ ਸ਼ੈਲੀ ਪੱਕੀ ਹੋਈ ਸ਼ੈਲੀ ਹੈ। ਇਸ ਨਾਵਲ ਵਿੱਚ ਹੀਰੋ ਪ੍ਰੀਤ ਨਾਇਕਾ ਹੈ ਨਾ ਕਿ ਲਖਵਿੰਦਰ ਸਿੰਘ ਲੱਖਾ। ਇਸ ਲਈ ਸਾਨੂੰ ਦੁਖਾਂਤਕ ਅੰਤ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ। ਮੰਡੇਰ ਦੇ ਸੰਵਾਦੀ ਵਾਰਤਾਲਾਪ ਇਨੇ ਸ਼ਕਤੀਸ਼ਾਲੀ ਹਨ ਕਿ ਦ੍ਰਿਸ਼ ਵਰਨਣ ਗੌਣ ਹੋ ਜਾਂਦੇ ਹਨ। ਜੋਰਾ ਸਿੰਘ ਮੰਡੇਰ ਨੇ ਆਪਣੇ ਭਾਵ ਵਿਅਕਤ ਕਰਦੇ ਹੋਏ ਨਾਵਲ ਦੀ ਸਿਰਜਣ ਪ੍ਰਕਿਰਿਆ ਦੇ ਸੰਦਰਬਾਂ ਬਾਰੇ ਦੱਸਿਆ।  ਇਸ ਮੌਕੇ ਤੇ ਸਭਾ ਵੱਲੋਂ ਜੋਗਿੰਦਰ ਕੌਰ ਅਗਨੀਹੋਤਰੀ, ਜੋਰਾ ਸਿੰਘ ਮੰਡੇਰ, ਪਵਨ ਹਰਚੰਦਪੁਰੀ, ਸੰਪੂਰਨ ਸਿੰਘ ਛਾਜਲੀ ਅਤੇ ਡਾ. ਸਵਰਾਜ ਸਿੰਘ ਦਾ ਸਨਮਾਨ ਕੀਤਾ ਗਿਆ। ਉਪਰੰਤ ਜੋਰਾ ਸਿੰਘ ਮੰਡੇਰ ਦਾ ਨਾਵਲ ਸਮੂਹ ਹਾਜਰ ਲੇਖਕਾਂ ਵੱਲੋਂ ਲੋਕ—ਅਰਪਨ ਕੀਤਾ ਗਿਆ। ਇਸ ਮੌਕੇ ਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਤ ਕਵੀ ਦਰਬਾਰ ਹੋਇਆ। ਜਿਸ ਵਿੱਚ ਜੰਗ ਸਿੰਘ ਫੱਟੜ, ਜਗਮੇਲ ਸਿੱਧੂ, ਚਰਨਜੀਤ ਉਡਾਰੀ, ਜੀਤ ਹਰਜੀਤ, ਮੀਤ ਸਕਰੌਦੀ, ਗੁਲਜ਼ਾਰ ਸਿੰਘ ਸ਼ੌਂਕੀ, ਪਵਨ ਹਰਚੰਦਪੁਰੀ, ਮਾਸਟਰ ਸਤਦੇਵ, ਕੁਲਵੰਤ ਕਸਕ, ਜਗਦੀਪ ਸਿੰਘ ਨੇ ਕਾਵਿ ਮਹਿਫਲ ਵਿੱਚ ਹਿੱਸਾ ਲਿਆ। ਸਭਾ ਵੱਲੋਂ ਸਰਬਸੰਮਤੀ ਨਾਲ ਦੋ ਮਤੇ ਪਾਸ ਕੀਤੇ ਗਏ। ਇੱਕ ਮਤੇ ਰਾਹੀਂ ਦੁੱਖ ਤੇ ਅਫਸੋਸ ਜਾਹਰ ਕੀਤਾ ਗਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗਿਆਨੀ ਦੇ ਸਲੇਬਸ ਵਿੱਚ ਛੰਦ ਨੂੰ ਕੱਢ ਦਿੱਤਾ ਗਿਆ। ਮੰਗ ਕੀਤੀ ਗਈ ਕਿ ਪੰਜਾਬੀ ਅਤੇ ਮਿਆਰੀ ਕਾਵਿ ਲਈ ਛੰਦ ਨੂੰ ਸਿਲੇਬਸ ਦਾ ਹਿੱਸਾ ਬਣਾਇਆ ਜਾਵੇ। ਪੰਜਾਬ ਸਰਕਾਰ ਭਾਸ਼ਾ ਵਿਭਾਗ ਸਲਾਹਕਾਰ ਬੋਰਡ ਵੱਲੋਂ ਐਲਾਨੇ ਗਏ ਛੇ ਸਾਲਾਂ ਦੇ ਲੇਖਕਾਂ ਦੇ ਸਨਮਾਨ ਦੇਣ ਵਿੱਚ ਆਨਾ ਕਾਨੀ ਕਰਦੀ ਆ ਰਹੀ ਹੈ। ਇਹ ਸਨਮਾਨ ਤੁਰੰਤ ਦਿੱਤੇ ਜਾਣ।  ਇਸ ਸਮਾਗਮ ਵਿੱਚ ਨਿਹਾਲ ਸਿੰਘ ਮਾਨ, ਹੰਸਰਾਜ, ਗੁਰਪਾਲ ਸਿੰਘ ਗਿੱਲ, ਭਰਗਾਨੰਦ, ਸਤਦੇਵ ਸ਼ਰਮਾ ਆਦਿ ਅਨੇਕਾਂ ਪ੍ਰਤਿਸ਼ਠਿਤ ਸੱਜਣ ਹਾਜਰ ਸਨ। ਸਭਾ ਵੱਲੋਂ ਡਾਕਟਰ ਦਵਿੰਦਰ ਕੌਰ ਨੇ ਸਾਰਿਆਂ ਸਾਹਿਤਕਾਰਾਂ ਦਾ ਧੰਨਵਾਦ ਕੀਤਾ।