ਹਰਿਆਣਾ ਦੇ ਜਾਟ ਅਤੇ ਰਿਜ਼ਰਵੇਸ਼ਨ??? ਆਓ ਵਿਚਾਰ ਕਰੀਏ…..

ਤਰਜਮਾ:

ਮੰਨ ਲਓ ਕਿ ਇੱਕ ਪਰਿਵਾਰ ਵਿੱਚ ਇੱਕ ਪਿਤਾ ਦੇ ਚਾਰ ਬੱਚੇ ਹਨ -ਏ, ਬੀ, ਸੀ, ਅਤੇ ਡੀ…. ਪਿਤਾ ਨੇ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਸਖ਼ਤ ਮਿਹਨਤ ਕੀਤੀ ਪਰ ਫੇਰ ਵੀ ਹੈ ਤਾਂ ਗਰੀਬ ਹੀ ਸੀ। ਉਸਦੀ ਮਿਹਨਤ ਅਤੇ ਲਗਨ ਨਾਲ ਘਰ ਦਾ ਗੁਜ਼ਾਰਾ ਚੰਗਾ ਚਲਣ ਲੱਗ ਪਿਆ ਪਰੰਤੂ ਇਸ ਮਿਹਨਤ ਕਸ਼ੀ ਦੌਰਾਨ ਉਸਦਾ ਸਭ ਤੋਂ ਵੱਡਾ ਬੱਚਾ -ਏ ਸਕੂਲੀ ਪੜ੍ਹਾਈ ਲਿਖਾਈ ਤੋਂ ਵਾਂਝਾ ਰਹਿ ਗਿਆ ਪਰੰਤੂ ਚੰਗੀ ਮਿਹਨਤ ਕਰਨੀ ਸਿੱਖ ਗਿਆ ਤੇ ਕਾਮਾ ਵੀ ਬਹੁਤ ਵਧੀਆ ਬਣਿਆ। ਦੂਜਾ ਬੱਚਾ -ਬੀ, ਦੀ ਕਿਸੇ ਤਰਾ੍ਹਂ ਸਕੂਲੀ ਪੜ੍ਹਾਈ ਪੂਰਨ ਹੋ ਗਈ ਅਤੇ ਉਹ ਬਾਰ੍ਹਵੀਂ ਜਮਾਤ ਪਾਸ ਕਰ ਗਿਆ। ਪਿਤਾ ਨੇ -ਏ ਨੂੰ ਕੁੱਝ ਮਾਲੀ ਮਦਦ ਕੀਤੀ ਅਤੇ ਉਸਨੂੰ ਕਿਹਾ ਕਿ ਤੂੰ ਆਪਣਾ ਕੰਮ ਧੰਦਾ ਸਥਾਪਤ ਕਰ ਅਤੇ ਲੋੜ ਪੈਣ ਤੇ ਮੈਂ ਥੋੜ੍ਹੀ ਬਹੁਤ ਹੋਰ ਵੀ ਮਦਦ ਕਰਦਾ ਰਹਾਂਗਾ ਪਰੰਤੂ ਜਦੋਂ ਤੇਰਾ ਧੰਦਾ ਵਧੀਆ ਚਲਣ ਲੱਗੇਗਾ ਤਾਂ ਇਹ ਮਦਦ ਤੈਨੂੰ ਮਿਲਣੀ ਬੰਦ ਹੋ ਜਾਵੇਗੀ ਅਤੇ ਤੂੰ ਫੇਰ ਆਪਣੇ ਧੰਦੇ ਨੂੰ ਆਪ ਚਲਾਵੇਂਗਾ। ਪੁੱਤਰ ਖੁਸ਼ ਹੋ ਗਿਆ ਅਤੇ ਆਪਣੇ ਕੰਮ-ਕਾਰ ਤੇ ਲੱਗ ਗਿਆ।

Jat-rail-trackਬੀ, ਨੂੰ ਪਿਤਾ ਨੇ ਕਿਹਾ ਕਿ ਤੂੰ ਹੁਣ ਬਾਰ੍ਹਵੀਂ ਜਮਾਤ ਪਾਸ ਹੋ ਗਿਆ ਏਂ ਤੇ ਚਲ ਹੁਣ ਤੂੰ ਆਪਣਾ ਕੰਮ ਧੰਦਾ ਆਪ ਲੱਭ। ਆਪਣੇ ਜੀਣ ਦਾ ਸਹਾਰਾ ਆਪ ਹੀ ਬਣ। ਪਰੰਤੂ ਬੀ, ਚਾਹੁੰਦਾ ਸੀ ਕਿ ਪਿਤਾ ਉਸਦੀ ਵੀ ਮਾਲੀ ਮਦਦ ਕਰੇ। ਪਿਤਾ ਦੇ ਨਾਂਹ ਕਰਨ ਤੇ ਬੀ, ਭੁੱਖ ਹੜਤਾਲ ਕਰ ਕੇ ਬੈਠ ਗਿਆ ਤੇ ਖਾਣਾ ਪੀਣਾ ਤਿਆਗ ਦਿੱਤਾ। ਮਾਪਿਆਂ ਤੋਂ ਸਹਿਣ ਨਾ ਹੋਇਆ ਤਾਂ ਉਨਾ੍ਹਂ ਨੇ ਉਸ ਦੀ ਵੀ ਮਾਲੀ ਮਦਦ ਕਰ ਦਿੱਤੀ ਅਤੇ ਸ਼ਰਤ ਵੀ ਲਗਾ ਦਿੱਤੀ ਕਿ ਇਹ ਮਦਦ ਉਦੋਂ ਤੱਕ ਹੀ ਜਾਰੀ ਰਹੇਗੀ ਜਦੋਂ ਤੱਕ ਉਹ ਆਪਣੇ ਪੈਰਾਂ ਤੇ ਆਪ ਖੜ੍ਹਾ ਨੀ ਹੋ ਜਾਂਦਾ। ਬੀ ਵੀ ਖੁਸ਼ ਹੋ ਗਿਆ ਤੇ ਆਪਣੇ ਕੰਮ ਧੰਦੇ ਤੇ ਲੱਗ ਗਿਆ।

ਸੀ ਅਤੇ ਡੀ ਜੋ ਕਿ ਹੁਣ ਤੱਕ ਬਹੁਤ ਵਧੀਆ ਪੜ੍ਹ ਚੁਕੇ ਸਨ ਅਤੇ ਯੂਨੀਵਰਸਟੀਆਂ ਤੱਕ ਦੀ ਪੜ੍ਹਾਈ ਮੁਕੰਮਲ ਕਰ ਚੁਕੇ ਸਨ ਨੂੰ ਵੀ ਪਿਤਾ ਨੇ ਕਿਹਾ ਕਿ ਦੇਖੋ ਬੱਚਿਓ ਹੁਣ ਤੁਸੀਂ ਬਹੁਤ ਪੜ੍ਹੇ ਲਿਖੇ ਹੋ ਚੁਕੇ ਹੋਂ ਅਤੇ ਆਪਣਾ ਰੋਜ਼ਗਾਰ ਆਪ ਲਭਣ ਦੇ ਯੋਗ ਵੀ ਹੋਂ ਤੇ ਸਾਰੇ ਸੰਸਾਰ ਚੋਂ ਤੁਹਾਨੂੰ ਵਧੀਆ ਨੌਕਰੀਆਂ ਦੇ ਸੱਦੇ ਵੀ ਆ ਰਹੇ ਹਨ -ਹੁਣ ਤੁਸੀਂ ਆਪਣੀਆਂ ਕਮਾਈਆਂ ਬਾਰੇ ਆਪ ਸੋਚੋ। ਦੋਹਾਂ ਬੱਚਿਆਂ ਨੇ ਵਧੀਆ ਨੌਕਰੀਆਂ ਲੱਭ ਲਈਆਂ ਤੇ ਆਪਣੀ ਆਪਣੀ ਜ਼ਿੰਦਗੀ ਜਿਊਣ ਲੱਗੇ। ਥੋੜੇ ਸਮੇਂ ਵਿੱਚ ਹੀ ‘ਸੀ’ ਨੂੰ ਗਿਆਨ ਹੋ ਗਿਆ ਕਿ ਸਾਡੇ ਦੋਹੇਂ ਵੱਡੇ ਭਰਾ ਏ ਅਤੇ ਬੀ ਨੂੰ ਪਿਤਾ ਜੀ ਹੁਣ ਤੱਕ ਵੀ ਮਦਦ ਕਰੀ ਜਾ ਰਹੇ ਹਨ ਅਤੇ ਉਹ ਦਿਨ-ਬ-ਦਿਨ ਹੋਰ ਅਤੇ ਹੋਰ ਅਮੀਰ ਹੁੰਦੇ ਜਾ ਰਹੇ ਹਨ ਜਦ ਕਿ ਉਹ ਕੋਈ ਕੰਮ ਧੰਦਾ ਵੀ ਖਾਸ ਨੀ ਕਰਦੇ ਤੇ ਅਸੀਂ…. ਸਾਰਾ ਦਿਨ ਨੌਕਰੀਆਂ ‘ਤੇ ਧੱਕੇ ਖਾਂਦੇ ਹਾਂ ਤਾਂ ਜਾ ਕੇ ਮਹੀਨੇ ਬਾਅਦ ਤਨਖਾਹ ਦੇਖਣ ਨੂੰ ਨਸੀਬ ਹੁੰਦੀ ਹੈ। ਪਿਤਾ ਨੂੰ ਮਨ ਦੀ ਮਨਸ਼ਾ ਦੱਸਣ ਤੇ ਪਿਤਾ ਨੇ ਸਾਫ਼ ਇਨਕਾਰ ਕਰ ਦਿੱਤਾ ਤਾਂ ਸੀ ਨੇ ਆਪਣੇ ਹੀ ਘਰ ਦਾ ਸਮਾਨ ਤੋੜਨਾ ਸ਼ੁਰੂ ਕਰ ਦਿੱਤਾ। ਪਿਤਾ ਨੂੰ ਮਨ ਮਾਰ ਕੇ ਉਸ ਦੀ ਵੀ ਮਦਦ ਕਰਨੀ ਹੀ ਪਈ।

ਹੁਣ ਆਪਣਾ ਆਪਣੇ ਆਪ ਨੂੰ ਰੱਖੀਏ ਡੀ ਦੀ ਜਗ੍ਹਾ ਤੇ….. ਸਾਨੂੰ ਕਿਹੋ ਜਿਹਾ ਲੱਗੇਗਾ ਜਦੋਂ ਅਸੀਂ ਦੇਖਾਂਗੇ ਕਿ ਸਾਡੇ ਵੱਡੇ ਸਾਰੇ ਭਰਾ ਤਾਂ ਪਿਤਾ ਦੀ ਕਮਾਈ ਵਿੱਚੋਂ ਮਦਦ ਲੈ ਲੈ ਕੇ ਐਸ਼ਾਂ ਕਰ ਰਹੇ ਹਨ ਤੇ ਸਾਨੂੰ ਕੁੱਝ ਵੀ ਨਾ ਮਿਲੇ? ਜ਼ਰੂਰ ਹੀ ਬੁਰਾ ਲੱਗੇਗਾ। ਹੁਣ ਜਦੋਂ ਸਾਡੇ ਵੱਡੇ ਵੱਡੀਆਂ ਵੱਡੀਆਂ ਕੋਠੀਆਂ ਵਿੱਚ ਰਹਿਣ, ਚੰਗੇ ਕੱਪੜੇ ਗਹਿਣਾ ਗੱਟਾਂ ਹੰਢਾਉਣ, ਮਹਿੰਗੀਆਂ ਤੋਂ ਮਹਿੰਗੀਆਂ ਕਾਰਾਂ ਵਿੱਚ ਸੈਰਾਂ ਕਰਕੇ ਸਾਨੂੰ ਦਿਖਾਉਣ, ਮੋਟੇ ਮੋਟੇ ਬੈਂਕ ਬੈਲੰਸਾਂ ਰਾਹੀਂ ਸਾਡਾ ਮੂੰਹ ਚਿੜਾਉਣ….. ਕਿਹੋ ਜਿਹਾ ਲੱਗੇਗਾ??? ਯਕੀਨਨ ਹੀ ਚੰਗਾ ਨਹੀਂ ਲੱਗੇਗਾ। ਹੁਣ ਅਸੀਂ ਕੀ ਕਰਾਂਗੇ??? ਹੁਣ ਅਸੀਂ ਆਪਣੇ ਪਿਤਾ ਨੂੰ ਸ਼ਿਕਾਇਤ ਕਰਾਂਗੇ ਕਿ ਸਾਡੇ ਨਾਲ ਤਾਂ ਵਿਤਕਰਾ ਹੋ ਰਿਹਾ ਹੈ। ਸਾਡੇ ਵੱਡੇ ਭਰਾਵਾਂ ਨੂੰ ਤਾਂ ਮਦਦ ਦਿੱਤੀ ਜਾ ਰਹੀ ਹੈ ਪਰੰਤੂ ਸਾਨੂੰ ਨਹੀਂ…. ਅਸੀਂ ਨਾਰਾਜ਼ ਹਾਂ। ਪਿਤਾ ਪਿਆਰ ਨਾਲ ਕਹਿੰਦਾ ਹੈ ਕਿ ਦੇਖ ਬੇਟਾ ਮੈਂ ਤੈਨੂੰ ਸਭ ਤੋਂ ਵੱਧ ਪੜਾਇਐ ਤੇ ਮੈਂ ਤਾਂ ਇਹੋ ਉਮੀਦ ਕਰਦਾਂ ਕਿ ਤੂੰ ਮੇਰੀ ਮਦਦ ਤੋਂ ਬਿਨਾ੍ਹਂ ਆਪਣਾ ਨਿਰਮਾਣ ਕਰ। ਪਰੰਤੂ ਅਸੀਂ ਕਹਾਂਗੇ ਕਿ ਮੇਰੇ ਤੋਂ ਵੱਡਾ ਡੀ… ਉਹ ਵੀ ਤਾਂ ਮੇਰੇ ਜਿਨਾ੍ਹਂ ਹੀ ਪੜ੍ਹਿਆ ਲਿਖਿਆ ਹੈ ਫੇਰ ਉਸਨੂੰ ਮਦਦ ਕਿਉਂ? ਪਿਤਾ ਦੇ ਕਹਿਣ ਤੇ ਨਹੀਂ ਹੁਣ ਉਸ ਕੋਲ ਦੇਣ ਵਾਸਤੇ ਕੁੱਝ ਵੀ ਨਹੀਂ ਹੈ ਤਾਂ ਅਸੀਂ ਸ਼ੁਰੂ ਕਰ ਦਿਆਂਗੇ ਮਾਰ ਧਾੜ, ਤੋੜ ਫੋੜ, ਡਰਾਉਣਾ ਧਮਕਾਉਣਾ……. ਪਰੰਤੂ ਹੁਣ ਬਹੁਤ ਹੀ ਵੱਡੇ ਪੱਧਰ ਤੇ……

ਇਹੋ ਕੁੱਝ ਵਾਪਰ ਰਿਹਾ ਹੈ ਸਾਡੇ ਦੇਸ਼ ਵਿੱਚ ਅਤੇ ਖਾਸ ਕਰ ਕੇ ਹਰਿਆਣਾ ਵਿੱਚ…. ਹਰਿਆਣਾ ਦੇ ਜਾਟ ਹਰਿਆਣਾ ਦੇ ਸਭ ਤੋਂ ਛੋਟੇ ਬੱਚੇ ਹੋਣ ਕਰਕੇ ਜ਼ਿਆਦਾ ਬਵਾਲ ਮਚਾ ਰਹੇ ਹਨ। ਜਾਟਾਂ ਦੀ 22% ਦੀ ਜਨਸੰਖਿਆ ਤੋਂ ਇਲਾਵਾ ਹਰਿਆਣਾ ਵਿੱਚ ਐਸ.ਸੀ. 20%, ਯਾਦਵਾ 15% ਅਤੇ ਗੁੱਜਰ 28% ਹਨ।

ਆਜ਼ਾਦੀ ਤੋਂ ਬਾਅਦ ਪਿਤਾ (ਭਾਰਤ ਸਰਕਾਰ) ਨੇ 20 ਤੋਂ 30 ਸਾਲਾਂ ਵਾਸਤੇ ਰਾਖਵੇਂਕਰਨ ਦਾ ਰਾਹ ਫੜਿਆ ਜਿਸ ਵਿੱਚ ਕਿ ਐਸ.ਸੀ. ਨੂੰ ਸਭ ਤੋਂ ਵੱਧ ਰਾਖਵਾਂਕਰਨ ਦਿੱਤਾ ਗਿਆ ਤਾਂ ਕਿ ਇਹ ਲੋਕ ਜੋ ਕਿ ਸ਼ੁਰੂ ਤੋਂ ਹੀ ਸਮਾਜ ਦੇ ਹਰ ਖਿੱਤੇ ਵਿੱਚ ਪੱਛੜੇ ਹੋਏ ਸਨ, ਵੀ ਆਪਣਾ ਦਰਜਾ ਉਪਰ ਚੁੱਕਣ ਅਤੇ ਆਪਣੇ ਆਪ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰ ਸਕਣ।

ਯਾਦਵਾਂ ਨੂੰ ਇਹ ਮਦਦ1979 ਵਿੱਚ ਦਿੱਤੀ ਗਈ ਕਿਉਂਕਿ ਇਨਾ੍ਹਂ ਨੇ ਪਹਿਲਾਂ ਰਾਖਵੇਂਕਰਨ ਤੋਂ ਬਿਨਾ੍ਹਂ ਹੀ ਆਪਣਾ ਗੁਜ਼ਾਰਾ ਕੀਤਾ ਸੀ। ਇਸ ਤੋਂ ਬਾਅਦ ਗੁੱਜਰਾਂ ਨੇ ਵੀ ਰਾਖਵਾਂਕਰਨ ਮੰਗਿਆ ਬਾਵਜੂਦ ਇਸ ਦੇ ਕਿ ਉਹਨਾਂ ਵਿੱਚੋਂ ਬਹੁਤ ਸਾਰੇ ਆਪਣੀ ਜੀਵਨ ਸ਼ੈਲੀ ਨੂੰ ਉਪਰ ਚੁੱਕ ਗਏ ਸਨ ਅਤੇ ਵਧੀਆ ਜੀਵਨ ਨਿਰਵਾਹ ਕਰ ਰਹੇ ਸਨ। ਇਸ ਵਾਸਤੇ ਉਨਾ੍ਹਂ ਨੇ ਵੀ ਸੰਘਰਸ਼ ਦਾ ਰਾਹ ਚੁਣਿਆ ਤੇ ਸਰਕਾਰਾਂ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ।

ਹੁਣ ਵਾਰੀ ਆਈ ਹੈ ਜਾਟਾਂ ਦੀ…. ਬਈ ਜਦੋਂ ਸਾਰੇ ਰਾਖਵਾਂਕਰਨ ਦੇ ਲੱਡੂ ਖਾ ਰਹੇ ਹੋਣ ਤਾਂ ਫੇਰ ਇਹ ਪਿੱਛੇ ਕਿਉਂ ਰਹਿਣ? ਹੁਣ ਉਨਾ੍ਹਂ ਨੇ ਬੱਸਾਂ ਗੱਡੀਆਂ ਨੂੰ ਜਲਾਉਣਾ ਸ਼ੁਰੂ ਕਰ ਦਿੱਤਾ, ਸਰਕਾਰੀ ਦਫ਼ਤਰ ਸਾੜਨੇ ਸ਼ੁਰੂ ਕਰ ਦਿੱਤੇ, ਦੁਕਾਨਾਂ ਲੁਟਣੀਆਂ ਤੇ ਅੱਗਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ, ਸੜਕਾਂ ਤੋੜ ਦਿੱਤੀਆਂ…. ਰੇਲ-ਵੇਜ਼ ਖ਼ਤਮ ਕਰ ਦਿੱਤੇ…. ਕਿਉਂਕਿ ਇਨਾ੍ਹਂ ਨੇ ਪਹਿਲਾਂ ਦੇਖਿਆ ਕਿ ਇਨਾ੍ਹਂ ਦੇ ਗੁੱਜਰ ਭਰਾਵਾਂ ਨੇ ਵੀ ਇਹੀ ਸਭ ਕਰ ਕੇ ਰਾਖਵਾਂਕਰਨ ਹਾਸਲ ਕੀਤਾ ਸੀ। ਸਭ ਨੂੰ ਪਤਾ ਹੈ ਕਿ ਇਹ ਸਭ ਠੀਕ ਨਹੀਂ ਹੋ ਰਿਹਾ ਪਰੰਤੂ ਹੋ ਤਾਂ ਆਪਣੇ ਭਰਾਵਾਂ ਦੇ ਪਾਏ ਪੂਰਨਿਆਂ ਤੇ ਹੀ ਰਿਹਾ ਹੈ ਨਾ….

ਹੁਣ ਜੇ ਆਪਾਂ ਗੱਲ ਕਰੀਏ ਇਸ ਸਭ ਦੇ ਹੱਲ ਦੀ…. ਤਾਂ ਜਨਾਬ ਹੱਲ ਤਾਂ ਇੱਕੋ ਹੀ ਹੈ… ਕਿ ਰਾਖਵਾਂਕਰਨ ਜਾਤਾਂ ਤੇ ਆਧਾਰਿਤ ਨਹੀਂ ਸਗੋਂ ਇਨਸਾਨ ਦੀ ਵਿੱਤੀ ਹਾਲਾਤ ਤੇ ਹੋਣਾ ਚਾਹੀਦਾ ਹੈ। ਇਸ ਨਾਲ ਤਾਂ ਸਿਰਫ ਜਾਤੀਵਾਦੀ ਰਾਜਨੀਤੀ ਅਤੇ ਵੋਟ ਬੈਂਕ ਹੀ ਸੁਰੱਖਿਅਤ ਹੋ ਸਕਦਾ ਹੈ। ਹੁਣ ਅਸੀਂ ਤਾਂ ਸਿਰਫ਼ ਉਮੀਦ ਹੀ ਕਰ ਸਕਦੇ ਹਾਂ ਭਾਰਤ ਦੀ ਸਰਕਾਰ ਤੋਂ ਕਿ ਉਹ ਇਸ ਜਾਟ ਕੋਟੇ ਨੂੰ ਓ.ਬੀ.ਸੀ. ਦੇ 27% ਕੋਟੇ ਵਿੱਚ ਜਗ੍ਹਾ ਦਿੰਦੀ ਹੈ ਜਾਂ ਜਨਰਲ ਕੈਟਾਗਰੀ ਦੀ 50% ਨੂੰ ਹੋਰ ਵੀ ਘਟਾ ਦਿੰਦੀ ਹੈ…….

ਨੋਟ: ਮੈਂ ਕਿਸੇ ਵੀ ਜਾਤੀਵਾਦ ਨੂੰ ਬੜਾਵਾ ਨਹੀਂ ਦਿੰਦਾ ਅਤੇ ਨਾ ਹੀ ਗੁੱਜਰਾਂ ਜਾਂ ਕਿਸੇ ਹੋਰ ਜਾਤੀ ਤੇ ਇਲਜ਼ਾਮ ਲਗਾ ਰਿਹਾ ਹਾਂ। ਮੈਂ ਤਾਂ ਇਸ ਸਾਰੀ ਜਾਤੀਵਾਦ ਦੇ ਹੀ ਖਿਲਾਫ਼ ਹਾਂ।

ਮੌਲਿਕ ਲਿਖਤ: ਪ੍ਰਾਫੁਲ ਗੁਪਤਾ

Install Punjabi Akhbar App

Install
×