‘ਬਾਦਲ ਪਰਿਵਾਰ ਨੂੰ ਮੁੜ ਸੁਰਜੀਤ ਕਰਨ ਲਈ ਯਤਨਸ਼ੀਲ ਜਥੇਦਾਰ ਹਰਪ੍ਰੀਤ ਸਿੰਘ ਅਤੇ ਧਾਮੀ’

ਬਠਿੰਡਾ: ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ‘ਤੇ ਬਾਦਲ ਪਰਿਵਾਰ ਨੂੰ ਮੁੜ ਸੁਰਜੀਤ ਕਰਨ ਲਈ ਯਤਨਸ਼ੀਲ ਹੋਣ ਦਾ ਦੋਸ਼ ਲਾਉਂਦਿਆਂ ਚਾਰ ਪੰਥਕ ਧਿਰਾਂ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਬਹਾਨੇ 11 ਮਈ ਨੂੰ ਕੀਤੀ ਜਾ ਰਹੀ ਇਕੱਤਰਤਾ ਵਿੱਚ ਸ਼ਾਮਲ ਨਾ ਹੋਇਆ ਜਾਵੇ।

ਸਥਾਨਕ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਯੂਨਾਈਟਡ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਬਠਿੰਡਾ, ਲੋਕ ਅਧਿਕਾਰ ਲਹਿਰ ਦੇ ਬਲਵਿੰਦਰ ਸਿੰਘ, ਕਿਰਤੀ ਅਕਾਲੀ ਦਲ ਦੇ ਬੂਟਾ ਸਿੰਘ ਰਣਸੀਂਹ ਅਤੇ ਸੁਤੰਤਰ ਅਕਾਲੀ ਦਲ ਦੇ ਮੁਖੀ ਪਰਮਜੀਤ ਸਿੰਘ ਨੇ ਕਿਹਾ ਕਿ ਭਾਵੇਂ ਉਹ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੂਰੀ ਤਰ੍ਹਾਂ ਸਮਰਪਤ ਹਨ, ਲੇਕਿਨ ਇਨ੍ਹਾਂ ਦੋਵਾਂ ਸੰਸਥਾਵਾਂ ‘ਤੇ ਵਿਰਾਜਮਾਨ ਦੋਵੇਂ ਸਖਸੀਅਤਾਂ ਭਾਵ ਗਿਆਨੀ ਹਰਪ੍ਰੀਤ ਸਿੰਘ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਬੰਦੀ ਸਿੰਘਾਂ ਦੀ ਰਿਹਾਈ ਦੇ ਬਹਾਨੇ 11 ਮਈ ਨੂੰ ਸੱਦੀ ਮੀਟਿੰਗ ਰਾਹੀਂ ਜਿਥੇ ਮੁਰਦਾ ਹੋ ਚੁੱਕੇ ਬਾਦਲ ਪਰਿਵਾਰ ਨੂੰ ਜਿਊਂਦਾ ਕਰਨ ਲਈ ਕੋਝੇ ਯਤਨ ਕਰ ਰਹੇ ਹਨ, ਉਥੇ ਉਹ ਆਪਣੀ ਜਾਤੀ ਖੁਦਗਰਜ਼ੀ ਲਈ ਸਿੱਖ ਪੰਥ ਨੂੰ ਖੰਡ ‘ਚ ਲਪੇਟ ਕੇ ਜ਼ਹਿਰ ਦੇਣ ਦੀ ਭੂਮਿਕਾ ਨਿਭਾਅ ਰਹੇ ਹਨ।

ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣੇ ਸਿਆਸੀ ਆਕਾ ਦੇ ਹੁਕਮਾਂ ‘ਤੇ ਫੁੱਲ ਚੜ੍ਹਾਉਣ ਲਈ ਦੋਵਾਂ ਸਖਸੀਅਤਾਂ ਨੂੰ ਕਰੜੇ ਹੱਥੀਂ ਲੈਂਦਿਆਂ ਇਨ੍ਹਾਂ ਆਗੂਆਂ ਨੇ ਸਵਾਲ ਕੀਤਾ ਕਿ ਪਹਿਲੀ ਵਾਰ ਮੁੱਖ ਮੰਤਰੀ ਬਣਨ ‘ਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੱਲੋਂ ਬਾਬਾ ਬੂਝਾ ਸਿੰਘ ਤੇ ਬਾਬਾ ਹਰੀ ਸਿੰਘ ਮਰਗਿੰਦ ਸਮੇਤ ਦਰਜਨਾਂ ਨੌਜਵਾਨਾਂ ਨੂੰ ਨਕਸਲੀ ਕਰਾਰ ਦੇ ਕੇ ਝੂਠੇ ਮੁਕਾਬਲਿਆਂ ਰਾਹੀਂ ਖਤਮ ਕਰਨ ਤੋਂ ਇਲਾਵਾ ਭਾਜਪਾ ਨਾਲ ਸੱਤ੍ਹਾ ਵਿੱਚ ਭਾਗੀਦਾਰ ਹੋਣ ਸਮੇਂ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਦੇ ਉਲਟ ਉਨ੍ਹਾਂ ਦੀ ਰਿਹਾਈ ਵਿੱਚ ਅੜਿੱਕੇ ਢਾਹੁਣ ਲਈ ਬਾਦਲ ਪਰਿਵਾਰ ਨੇ ਜੋ ਭੂਮਿਕਾ ਅਦਾ ਕੀਤੀ ਹੈ ਉਸ ਪ੍ਰਤੀ ਉਹ ਖੁੱਲ੍ਹ ਕੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਿਉਂ ਨਹੀਂ ਕਰਦੇ?

ਇਨ੍ਹਾਂ ਪੰਥਕ ਆਗੂਆਂ ਨੇ ਭਾਈ ਹਰਪ੍ਰੀਤ ਸਿੰਘ ਨੂੰ ਬੇਨਤੀ ਕੀਤੀ ਕਿ ਜੇ ਉਹ ਸੱਚਮੁੱਚ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਨਿਭਾਉਣ ਲਈ ਪ੍ਰਤੀਬੱਧ ਹਨ ਤਾਂ ਅਕਾਲੀ ਫੂਲਾ ਸਿੰਘ ਤੋਂ ਪ੍ਰੇਰਣਾ ਲੈ ਕੇ ਕਥਿਤ ਪੰਥ ਦੋਖੀ ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਫਰਮਾਬਰਦਾਰਾਂ ਨੂੰ ਰਾਜਨੀਤੀ ਤੋਂ ਲਾਂਭੇ ਹੋਣ ਦਾ ਹੁਕਮ ਜਾਰੀ ਕਰਨ।

ਇਨ੍ਹਾਂ ਆਗੂਆਂ ਨੇ ਇਹ ਦਾਅਵਾ ਵੀ ਕੀਤਾ ਕਿ ਪੰਜਾਬ ਅਤੇ ਪੰਥ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਉਹ ਸਾਰੀਆਂ ਪੰਥਕ ਧਿਰਾਂ, ਚੰਗੇ ਵਿਚਾਰਾਂ ਵਾਲੇ ਹਿੰਦੂ ਭਾਈਚਾਰੇ ਦੇ ਪ੍ਰਤੀਨਿਧਾਂ ਅਤੇ ਦਲਿਤ ਜਥੇਬੰਦੀਆਂ ਨੂੰ ਇੱਕੋ ਪਲੇਟਫਾਰਮ ‘ਤੇ ਇਕੱਤਰ ਹੋਣ ਲਈ, ਜੋ ਯਤਨ ਕਰ ਰਹੇ ਹਨ, ਉਨ੍ਹਾਂ ਨੂੰ ਕਾਫੀ ਸਫਲਤਾ ਮਿਲ ਰਹੀ ਹੈ।

ਪੰਜਾਬ ਅੰਦਰ ਪੈਦਾ ਹੋਏ ਸਿਆਸੀ ਖਲਾਅ ਨੂੰ ਪੂਰਨ ਲਈ ਇਕੱਲੇ-ਇਕੱਲੇ ਲੜਨ ਦੀ ਥਾਂ ਉਹ ਇੱਕ ਮਜ਼ਬੂਤ ਧਿਰ ਦਾ ਗਠਨ ਕਰਨਗੇ। ਇਸ ਮੌਕੇ ਰੁਪਿੰਦਰ ਸਿੰਘ ਤਲਵੰਡੀ, ਸੁਖਦੀਪ ਸਿੰਘ ਡਾਲਾ, ਰਮਨਦੀਪ ਸਿੰਘ, ਮੇਜਰ ਸਿੰਘ, ਸੁਖਮੰਦਰ ਸਿੰਘ ਗੁਰੂਸਰ, ਬਲਦੇਵ ਸਿੰਘ ਨਿਹਾਲ ਸਿੰਘ ਅਤੇ ਜਗਸੀਰ ਸਿੰਘ ਆਦਿ ਮੌਜੂਦ ਸਨ।

Install Punjabi Akhbar App

Install
×