ਪੰਜਾਬ ਦੀ ਉਘੀ ਸ਼ਖ਼ਸੀਅਤ ‘ਜਸਵੰਤ ਸਿੰਘ ਜ਼ਫ਼ਰ’ ਐਡੀਲੇਡ ਵਿੱਚ ਰੂ-ਬ-ਰੂ

ਪੰਜਾਬੀ ਮਾਂ ਬੋਲੀ ਦੇ ਉਘੇ ਬੁੱਧੀਜੀਵੀ ਸ਼ਾਇਰ, ਚਿੰਤਕ ਅਤੇ ਲਿਖਾਰੀ ਜਸਵੰਤ ਸਿੰਘ ਜ਼ਫ਼ਰ, ਅੱਜ ਕੱਲ੍ਹ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਦੌਰੇ ਤੇ ਹਨ। ਆਪਣੇ 50 ਦਿਨਾਂ ਦੇ ਇਸ ਟੂਰ ਦੌਰਾਨ ਉਹ ਸਿਡਨੀ, ਮੈਲਬਰਨ, ਮਿਲਡੂਰਾ ਆਦਿ ਥਾਂਵਾਂ ਤੇ ਹੁੰਦੇ ਹੋਏ ਐਡੀਲੇਡ ਪਹੁੰਚੇ ਹਨ।

ਐਡੀਲੇਡ ਵਿੱਖੇ ਸਭ ਤੋਂ ਪਹਿਲਾਂ ਉਹ ਗੁਰੂਦਵਾਰਾ ਸਾਹਿਬ ਮੋਡਬਰੀ ਵਿਖੇ ਨਤਮਸਤਕ ਹੋਏ ਅਤੇ ਗੁਰੂ ਘਰ ਦੀਆਂ ਖ਼ੁਸ਼ੀਆਂ ਅਤੇ ਆਸ਼ਿਰਵਾਦ ਪ੍ਰਾਪਤ ਕੀਤਾ।

ਐਡੀਲੇਡ ਵਿੱਖੇ ਉਨ੍ਹਾਂ ਦੇ ਚਾਹਵਾਨ ਪ੍ਰਸ਼ੰਸਕ ਪਾਠਕਾਂ ਨੇ ਸਥਾਨਕ ਵੁੱਡਵਿਲ ਹਾਕੀ ਕਲੱਬ ਵਿਖੇ ਇੱਕ ਰੂ-ਬ-ਰੂ ਦਾ ਆਯੋਜਨ ਕੀਤਾ ਜਿੱਥੇ ਕਿ ਤਕਰੀਬਨ 2 ਘੰਟੇ ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਜੀਵਨ ਕਾਲ਼, ਸਾਹਿਤਕ ਪ੍ਰਾਪਤੀਆਂ ਅਤੇ ਹੋਰ ਤਜੁਰਬਿਆਂ ਆਦਿ ਨਾਲ ਮੌਜੂਦ ਸੱਜਣਾਂ ਨੂੰ ਆਨੰਦਿਤ ਕੀਤਾ। ਸਾਰਿਆਂ ਨੇ ਹੀ ਉਨ੍ਹਾਂ ਦੀ ਉਪਸਥਤੀ ਅਤੇ ਗਿਆਨ ਭਰਪੂਰ ਗੱਲਾਂਬਾਤਾਂ ਦਾ ਆਨੰਦ ਮਾਣਿਆ।

ਪ੍ਰੋਗਰਾਮ ਦੇ ਅਗਲੇ ਚਰਣ ਦੌਰਾਨ ਉਨ੍ਹਾਂ ਨੇ ਅਪ੍ਰੈਲ ਦੇ ਮਹੀਨੇ ਹੋਣ ਵਾਲੀਆਂ ਪੰਜਾਬੀ ਖੇਡਾਂ ਦਾ ਪੋਸਟਰ ਵੀ ਰਿਲੀਜ਼ ਕੀਤਾ।

ਇਸੇ ਪ੍ਰੋਗਰਾਮ ਦੌਰਾਨ ਹੀ ਮਸ਼ਹੂਰ ਲੇਖਕ ਦਵਿੰਦਰ ਧਾਲੀਵਾਲ ਦੀ ਕਿਤਾਬ ‘ਸੰਗਰਾਂਦ’ ਵੀ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਦੌਰਾਨ ਸ਼ਹਿਰ ਦੀਆਂ ਮਸ਼ਹੂਰ ਹਸਤੀਆਂ ਮੌਜੂਦ ਸਨ।

ਐਡੀਲੇਡ ਤੋਂ ਹੁਣ ਉਹ ਨਿਊਜ਼ੀਲੈਂਡ ਜਾ ਰਹੇ ਹਨ ਅਤੇ ਇਸਤੋਂ ਬਾਅਦ ਅਪ੍ਰੈਲ ਦੇ ਮਹੀਨੇ ਵਿੱਚ ਹੋ ਰਹੀਆਂ ਆਸਟ੍ਰੇਲੀਆਈ ਸਿੱਖ ਖੇਡਾਂ ਵਿੱਚ ਹਿੱਸਾ ਲੈਣ ਵਾਸਤੇ ਬ੍ਰਿਸਬੇਨ ਪਹੁੰਚਣਗੇ।