ਜਸਵੰਤ ਸਿੰਘ ਕੰਵਲ ਦੀ ਸਮੁੱਚੀ ਵਿਚਾਰਧਾਰਾ ਬਾਰੇ ਸੈਮੀਨਾਰ 7 ਸਤੰਬਰ ਨੂੰ 

jaswant singh kanwal

ਪੰਜਾਬ ਨੂੰ ਇਤਿਹਾਸਕ ਅਤੇ ਜੱਟ ਸਿੱਖ ਕਿਸਾਨੀ ਦੇ ਉਜਾੜੇ ਦੇ ਸੰਦਰਭ ਤੋਂ ਦੇਖਣ ਵਾਲੇ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਅਤੇ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਸ਼ਤਾਬਦੀ ਵਰ੍ਹੇ ਤੇ ਉਨ੍ਹਾਂ ਦੀ ਸਮੁੱਚੀ ਵਿਚਾਰਧਾਰਾ ਬਾਰੇ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਵੱਲੋਂ ਇੱਕ ਵਿਸ਼ਾਲ ਸੈਮੀਨਾਰ ਦਾ ਆਯੋਜਨ ਭਾਸ਼ਾ ਭਵਨ ਸ਼ੇਰਾਂਵਾਲਾ ਗੇਟ ਪਟਿਆਲਾ ਵਿਖੇ 7 ਸਤੰਬਰ 2019 ਦਿਨ ਸ਼ਨਿਚਰਵਾਰ ਨੂੰ 10.30 ਵਜੇ ਸਵੇਰੇ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਦੀ ਪ੍ਰਧਾਨਗੀ ਹੇਠ ਕੀਤਾ ਜਾ ਰਿਹਾ ਹੈ।

ਇਸ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਡਾ. ਭਗਵੰਤ ਸਿੰਘ ਜਨਰਲ ਸਕੱਤਰ ਅਤੇ ਅਵਤਾਰ ਸਿੰਘ ਧਮੋਟ ਨੇ ਦੱਸਿਆ ਕਿ ਜਸਵੰਤ ਸਿਘ ਕੰਵਲ ਪੰਜਾਬੀ ਦਾ ਦਿੱਗਜ ਲੇਖਕ ਹੈ, ਜਿਸਨੇ ਪੰਜਾਬ ਦੀ ਜੱਟ ਸਿੱਖ ਕਿਸਾਨੀ, ਪੰਜਾਬ ਦੇ ਆਵਾਸ, ਪਰਵਾਸ, ਪੰਜਾਬ ਦੇ 1947 ਤੇ 84 ਦੇ ਦੁਖਾਂਤ, ਪੰਜਾਬੀ ਸੂਬਾ ਮੋਰਚਾ, ਪੰਜਾਬ ਦੇ ਦਰਿਆਈ ਪਾਣੀਆਂ, ਪੰਜਾਬ ਦੀ ਭੂਮੀ ਦੇ ਡੂੰਘੇ ਹੋ ਰਹੇ ਜਲਸਤਰ, ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ, ਪ੍ਰਦੂਸ਼ਤ ਹੋ ਰਹੇ ਵਾਤਾਵਰਣ, ਭ੍ਰਿਸ਼ਟਾਚਾਰ ਤੇ ਲੋਕ ਲਹਿਰਾਂ ਬਾਰੇ ਲੋਕ ਹਿਤੂ ਢੰਗ ਨਾਲ ਆਪਣੀਆਂ ਰਚਨਾਵਾਂ ਵਿਚ ਦਲੀਲਯੁਕਤ ਢੰਗ ਨਾਲ ਨਿਰੰਤਰ ਲਿਖਿਆ।

ਪਿਛਲੇ ਸਮੇਂ ਦੌਰਾਨ ਉਸਦੀ ਸਮੁੱਚੀ ਵਿਚਾਰਧਾਰਾ ਦਾ ਇੱਕ ਪਾਸੜ ਲੇਖਾ ਜ਼ੋਖਾ ਕੀਤਾ ਗਿਆ । ਉਸਨੂੰ ਸਿਰਫ ਰੁਮਾਂਟਿਕ ਨਾਵਲਕਾਰ ਤੱਕ ਹੀ ਸੀਮਤ ਕਰ ਦਿੱਤਾ ਜਾਂ ਉਸਦੇ ਵਿਰੋਧ ਦੀ ਇਕਪਾਸੜ ਲਹਿਰ ਚਲਾਈ ਗਈ ਸੀ। ਇਸ ਲਈ ਮਾਲਵਾ ਰਿਸਰਚ ਸੈਂਟਰ ਵੱਲੋਂ ਸੈਮੀਨਾਰ ਵਿੱਚ ਉਸਦੀ ਸਮੁੱਚੀ ਵਿਚਾਰਧਾਰਾ ਦਾ ਨਿੱਠਕੇ ਵਿਸ਼ਲੇਸ਼ਣ ਕੀਤਾ ਜਾਵੇਗਾ। ਜਿਸ ਵਿੱਚ ਉੱਚ ਕੋਟੀ ਦੇ ਵਿਦਵਾਨ, ਪੱਤਰਕਾਰ, ਸਾਹਿਤਕਾਰ, ਵਕੀਲ, ਰਾਜਨੀਤੀਵਾਨ, ਸਿਵਲ ਅਧਿਕਾਰੀ ਅਤੇ ਦਾਰਸ਼ਨਿਕ ਇੱਕਠੇ ਹੋ ਕੇ ਸੰਵਾਦ ਰਚਾਉਣਗੇ।

Install Punjabi Akhbar App

Install
×