ਸ੍ਰੀ ਮਾਨਖੇੜਾ ਦੀ ਭਾਰਤੀ ਸਾਹਿਤ ਅਕਾਦਮੀ ‘ਚ ਨਿਯੁਕਤੀ ਦਾ ਸਾਹਿਤਕਾਰਾਂ ਵੱਲੋਂ ਸੁਆਗਤ

(ਬਠਿੰਡਾ) ਕਹਾਣੀਕਾਰ ਅਤੇ ਨਾਵਲਕਾਰ ਜਸਪਾਲ ਮਾਨਖੇੜਾ ਨੂੰ ਦੇਸ਼ ਦੀ ਵੱਡ ਆਕਾਰੀ ਅਤੇ ਵਕਾਰੀ ਸੰਸਥਾ “ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ” ਦੇ ਸਲਾਹਕਾਰ ਬੋਰਡ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਜਿਸ ਸਦਕਾ ਬਠਿੰਡਾ ਵਾਸੀਆਂ ਖਾਸ ਕਰਕੇ ਪੰਜਾਬੀ ਸਾਹਿਤ ਸਭਾ ਰਜਿ ਬਠਿੰਡਾ ਦਾ ਮਾਣ ਵਧਿਆ ਹੈ।
 ਜਸਪਾਲ ਮਾਨਖੇੜਾ ਪਿਛਲੇ ਚਾਲੀ ਸਾਲਾਂ ਤੋਂ ਸਾਹਿਤ ਸਿਰਜਣਾ ਅਤੇ ਜਥੇਬੰਦਕ ਕਾਰਜਾਂ ਵਿੱਚ ਸਰਗਰਮ ਹਨ। ਮਾਨਖੇੜਾ ਨੇ ਤਿੰਨ ਕਹਾਣੀ ਸੰਗ੍ਰਹਿ, ਦੋ ਵਾਰਤਕ ਪੁਸਤਕਾਂ ਅਤੇ ਇੱਕ ਨਾਵਲ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ। ਉਸ ਨੇ ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਪ੍ਰਗਤੀਸ਼ੀਲ ਲੇਖਕ ਸੰਘ,ਪੰਜਾਬ ਕਲਾ ਪ੍ਰੀਸ਼ਦ ਦੇ ਅਦਾਰੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਆਹੁਦੇਦਾਰ ਦੇ ਤੌਰ ਤੇ ਕੰਮ ਕੀਤਾ ਹੈ। ਪੰਜਾਬੀ ਸਾਹਿਤ ਸਭਾ ਬਠਿੰਡਾ ਦੀ ਲਗਾਤਾਰਤਾ ਵਿੱਚ ਉਹ ਪਿਛਲੇ ਪੈਂਤੀ ਸਾਲਾਂ ਤੋਂ ਸਰਗਰਮ ਹੈ। ਅੱਜ ਕੱਲ੍ਹ ਉਹ ਪੰਜਾਬੀ ਸਾਹਿਤ ਸਭਾ ਰਜਿ ਬਠਿੰਡਾ ਦੇ ਪ੍ਰਧਾਨ ਹਨ । ਮਾਨਖੇੜਾ ਨੂੰ ਇਹ ਜ਼ਿੰਮੇਵਾਰੀ ਮਿਲਣ ਤੇ ਪੰਜਾਬੀ ਸਾਹਿਤ ਸਭਾ ਰਜਿ ਬਠਿੰਡਾ ਦੇ ਸਮੂਹ ਮੈਂਬਰਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਜਨਰਲ ਸਕੱਤਰ ਰਣਜੀਤ ਗੌਰਵ ਅਤੇ ਪ੍ਰਚਾਰ ਸਕੱਤਰ ਅਮਨ ਦਾਤੇਵਾਸੀਆ ਅਤੇ ਸਮੂੰਹ ਮੈਂਬਰਾਂ ਨੇ ਇਸ ਨਿਯੁਕਤੀ ਦਾ ਸੁਆਗਤ ਕਰਦਿਆਂ ਸ੍ਰੀ ਜਸਪਾਲ ਮਾਨਖੇੜਾ ਨੂੰ ਮੁਬਾਰਕਬਾਦ ਦਿੱਤੀ।
ਸਾਹਿਤ ਸੱਭਿਆਚਾਰ ਮੰਚ ਬਠਿੰਡਾ ਦੇ ਸਰਪਰਸਤ ਤੇ ਉਘੇ ਕਹਾਣੀਕਾਰ ਸ੍ਰੀ ਅਤਰਜੀਤ, ਪੇਂਡੂ ਸਾਹਿਤ ਸਭਾ ਦੇ ਸਰਪ੍ਰਸਤ ਜੀਤ ਸਿੰਘ ਚਹਿਲ, ਸਮੇਤ ਬਲਵਿੰਦਰ ਸਿੰਘ ਭੁੱਲਰ, ਪੋਰਿੰਦਰ ਸਿੰਗਲਾ, ਕੁਲਦੀਪ  ਬੰਗੀ, ਸੁਖਦਰਸਨ ਗਰਗ, ਅਜਮੇਰ ਦੀਵਾਨਾ ਅਤੇ ਟੀਚਰਜ ਟਰਸਟ ਦੇ ਸਕੱਤਰ ਲਛਮਣ ਮਲੂਕਾ ਨੇ ਨਿਯੁਕਤੀ ਦਾ ਸੁਆਗਤ ਕਰਦਿਆਂ ਸ੍ਰੀ ਮਾਨਖੇੜਾ ਅਤੇ ਪਂਜਾਬੀ ਸਾਹਿਤ ਸਭਾ ਬਠਿੰਡਾ ਨੂੰ ਵਧਾਈ ਦਿੱਤੀ।