ਅਨਜਾਣ ਵਿਅਕਤੀ ਦੀ ਜਾਨ ਬਚਾਉਣ ਵਾਲੇ ਇਕ ਸਿੱਖ ਜਸ਼ਨਜੀਤ ਸਿੰਘ ਸੰਘਾ ਦਾ ਆਰ.ਸੀ.ਐਮ.ਪੀ ਵਿਸਲਰ ਵੱਲੋਂ ਵਿਸ਼ੇਸ਼ ਸਨਮਾਨ 

IMG_1055

ਨਿਊਯਾਰਕ, 7 ਸਤੰਬਰ — ਬੀਤੇਂ ਦਿਨ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਵਿਸਲਰ ਦੇ ਇਕ ਸਿੱਖ ਜਸ਼ਨਜੀਤ ਸਿੰਘ ਸੰਘਾ ਦਾ ਇੱਕ ਅਨਜਾਣ ਵਿਅਕਤੀ ਦੀ ਜਾਨ ਬਚਾਉਣ ਬਦਲੇ ਪੁਲਿਸ ਵਲੋਂ ਸਨਮਾਨ ਕੀਤਾ ਗਿਆ ਹੈ। ਜਸ਼ਨਜੀਤ 6 ਸਾਲ ਪਹਿਲਾਂ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਆਇਆ ਸੀ।ਜਿਲਾ ਜਲੰਧਰ ਦੇ ਨਕੋਦਰ ਨਾਲ ਸਬੰਧਤ ਜਸ਼ਨਜੀਤ ਸਿੰਘ ਸੰਘਾ 11 ਫਰਵਰੀ 2019 ਨੂੰ ਵਿਸਲਰ ਵਿਖੇ ਟੈਕਸੀ ਚਲਾ ਰਿਹਾ ਸੀ, ਜਦ ਵਿਸਲਰ ਵਿਲੇਜ ਲਾਗੇ ਹੋਈ ਲੜਾਈ ‘ਚ ਉਸ ਨੇ ਚਾਕੂ ਵੱਜਣ ਨਾਲ ਜ਼ਖਮੀ ਹੋਏ ਤਿੰਨ ਵਿਅਕਤੀ ਦੇਖੇ, ਜਿਨ੍ਹਾਂ ‘ਚ ਇੱਕ ਦੇ ਚਾਕੂ ਲੱਗਾਣ ਨਾਲ ਗੰਭੀਰ ਜ਼ਖਮ ਜਾਨ ਲੇਵਾ ਸੀ। ਜਸ਼ਨਜੀਤ ਸਿੰਘ ਸੰਘਾ ਨੇ ਉਸੇ ਵੇਲੇ ਹੀ ਆਪਣੀ ਦਸਤਾਰ ਉਤਾਰ ਕੇ ਉਸਦੇ ਜ਼ਖਮ ਦੁਆਲੇ ਲਪੇਟ ਦਿੱਤੀ ਤਾਂ ਕੇ ਉਸ ਦਾ ਖੂਨ ਬੰਦ ਹੋ ਜਾਵੇ ਤੇ ਤੁਰੰਤ ਊਸਨੂੰ ਆਪਣੀ ਗੱਡੀ ‘ਚ ਪਾ ਕੇ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸਦੀ ਜਾਨ ਬਚਾ ਲਈ। ਜਦ ਵਿਸਲਰ ਆਰ. ਸੀ. ਐਮ. ਪੀ. ਨੇ ਉਸ ਦਾ ਮਾਣ-ਸਨਮਾਨ ਕੀਤਾ ਤਾਂ ਉਸਨੇ ਇੰਨਾਂ ਹੀ ਕਿਹਾ, “ਕਿਸੇ ਦੀ ਮਦਦ ਕਰਨ ਵਾਲਾ ਬੰਦਾ ਬਣਕੇ ਖੁਸ਼ੀ ਹੋਈ ਹੈ”। ਜਸ਼ਨਜੀਤ ਸਿੰਘ ਸੰਘਾ ਵਰਗੇ ਸਿੱਖ ਹੀ ਦੁਨੀਆ ‘ਚ ਸਾਡੇ ਰਾਜਦੂਤ (ਅੰਬੈਸਡਰ) ਹਨ, ਜੋ ਗੁਰੂ ਸਾਹਿਬਾਨ ਵਲੋਂ ਦਿਖਾਏ ਸਿਧਾਤਾਂ ‘ਤੇ ਚੱਲ ਕੇ ਮਾਨਵਤਾ ਨੂੰ ਦੱਸਦੇ ਹਨ ਕਿ ਅਸੀਂ ਸਿੱਖ, ਸਰਬੱਤ ਦਾ ਭਲਾ ਮੰਗਣ ਵਾਲੇ ਹਾਂ।ਦੱਸਣਯੋਗ ਹੈ ਕਿ ਜਸ਼ਨਜੀਤ ਦੇ ਪਿਤਾ ਜੀ ਸ. ਜਗਤਾਰ ਸਿੰਘ ਸੰਘਾ ਨਕੋਦਰ ਦੇ ਗੁਰੂ ਨਾਨਕ ਕਾਲਜ (ਲੜਕੇ) ‘ਚ ਪੰਜਾਬੀ ਪੜ੍ਹਾਉਂਦੇ ਹਨ ਜਦਕਿ ਉਸ ਦੇ  ਮਾਤਾ ਜੀ ਸਰਦਾਰਨੀ ਸੁਖਵਿੰਦਰ ਕੌਰ ਸੰਘਾ ਗੁਰੂ ਨਾਨਕ ਕਾਲਜ (ਲੜਕੀਆਂ) ਦੇ ਪ੍ਰਿੰਸੀਪਲ ਹਨ।

Install Punjabi Akhbar App

Install
×