ਬਾਬਾ ਫਰੀਦ ਦੀ ਚਰਨ ਛੋਹ ਪ੍ਰਾਪਤ ਧਰਤੀ ਦਾ ਵਸਨੀਕ ਜਸਬੀਰ ਜੱਸੀ ਭਾਵੇਂ ਕਿੱਤੇ ਵਜੋਂ ਅਧਿਆਪਕ ਹੈ ਪਰ ਕਮਾਲ ਦੀ ਅਦਾਕਾਰੀ, ਵੱਡੀਆਂ ਵੱਡੀਆਂ ਸਟੇਜਾਂ ਤੇ ਮੰਚ ਸੰਚਾਲਨ ਕਰਕੇ ਅਤੇ ਸਮਾਜ ਸੇਵਾ ਰਾਹੀਂ ਉਸਨੇ ਦੇਸ਼ ਵਿਦੇਸ਼ ਚ ਆਪਣਾ ਨਾਂ ਬਣਾਇਆ ਹੈ। ਉਸ ਅੰਦਰਲਾ ਕਲਾਕਾਰ ਸਕੂਲ ਪੜ੍ਹਦਿਆਂ ਹੀ ਅੰਗੜਾਈਆਂ ਲੈਣ ਲੱਗ ਪਿਆ ਸੀ । ਉਸਨੇ ਸਕੂਲ ਵਿਚ ਪੜ੍ਹਦਿਆਂ ਕਵਿਤਾ,’ ਗੁਲਾਬ ਦੀ ਫਸਲ’, ‘ਹਿੰਦ ਵਾਸੀਓ ਰੱਖਣਾ ਯਾਦ ਸਾਨੂੰ’ ਅਤੇ ‘ਜੈਮਲ ਫੱਤਾ’ ਵਰਗੇ ਗੀਤ ਗਾਕੇ ਆਪਣੀ ਪਹਿਚਾਣ ਬਣਾ ਲਈ ਸੀ। ਅਦਾਕਾਰੀ ਵਾਲੇ ਪਾਸੇ ਆਉਣ ਦਾ ਸਬੱਬ ਸਵਰਗੀ ਸ਼੍ਰੀ ਸੋਹਨ ਲਾਲ ਨਾਲ ਪਹਿਲੀ ਵਾਰ ਨਾਟਕ, ‘ਖੂਨ ਦੀ ਹੋਲੀ’ ਖੇਡਕੇ ਬਣਿਆਂ। ਫਿਰ ਡਾ: ਰਣਵੀਰ ਕਿੰਗਰਾ, ਸਵਰਗੀ ਟੋਨੀ ਬਾਤਿਸ਼, ਕੁਲਵੰਤ ਭਾਟੀਆ, ਸੁਖਵਿੰਦਰ ਸਾਈਂ ਨਾਲ ਕਰੀਬ ਵੀਹ ਨਾਟਕ ਖੇਡਕੇ ਅਦਾਕਾਰੀ ਦੇ ਖੇਤਰ ਵਿਚ ਆਪਣੀ ਪਹਿਚਾਣ ਕਾਇਮ ਕੀਤੀ। ਇਸ ਉਪਰੰਤ ‘ ਆਸ਼ਾ ਦੀ ਕਿਰਨ’,’ ਦਲਦਲ’, ‘ਘਾਲਾਮਾਲਾ’, ‘ਮਾਂ ਦਾ ਧਰਮਿੰਦਰ’,’ ਬੇਦਾਵਾ’,’ ਭੂਆ ਦਾ ਟਿੱਡਾ’, ‘ਭੂਆ ਬਿਮਾਰ ਟਿੱਡਾ ਫਰਾਰ’, ‘ਅੱਤ ਚੱਕ ਮੇਰਾ ਪੁੱਤ’, ‘ਬੁਨਿਆਦ’,’ਜੋਤੀ ਦਾ ਸਿੰਬਲ ਆਫ ਲਾਈਫ’ ਆਦਿ ਟੈਲੀ ਫਿਲਮਾਂ ਚ ਨਿਰਮਲ ਰਿਸ਼ੀ, ਸੁਖਬੀਰ, ਗਿਰਜਾ ਸ਼ੰਕਰ, ਗੁਰਮੀਤ ਸਾਜਨ, ਹਰਿੰਦਰ ਭੁੱਲਰ ਆਦਿ ਪ੍ਰਸਿੱਧ ਕਲਾਕਾਰਾਂ ਨਾਲ ਕੰਮ ਕੀਤਾ। ਇਸਤੋਂ ਇਲਾਵਾ ਫੀਚਰ ਫਿਲਮਾਂ, ਹਰਭਜਨ ਮਾਨ ਦੀ , ‘ਹੀਰ ਰਾਂਝਾ’, ਰਣਜੀਤ ਬਾਵਾ ਦੀ,’ ਤੂਫਾਨ ਸਿੰਘ’, ਹਰਜੀਤ ਹਰਮਨ ਦੀ, ‘ ਕੁੜਮਾਈਆਂ’ ਤੇ ,’ਤੂੰ ਮੇਰਾ ਕੀ ਲੱਗਦਾ’ ਚ ਆਪਣੀ ਅਦਾਕਾਰੀ ਦੇ ਜੌਹਰ ਵਿਖਾਏ। ਜਸਬੀਰ ਜੱਸੀ ਆਉਣ ਵਾਲੀਆਂ ਤਿੰਨ ਫਿਲਮਾਂ , ‘ਜ਼ਿੰਦਗੀ ਜ਼ਿੰਦਾਬਾਦ’, ‘ਜੱਟਸ ਲੈਂਡ’ ਅਤੇ ‘ਵਿਚ ਬੋਲੂੰਗਾ ਤੇਰੇ’ ਚ ਵੀ ਦਰਸ਼ਕਾਂ ਨੂੰ ਨਜ਼ਰ ਆਏਗਾ। ਇਸਦੇ ਨਾਲ ਨਾਲ ਮੰਚ ਸੰਚਾਲਨ ਪ੍ਰਸਿੱਧ ਗਾਇਕ ਹਰਿੰਦਰ ਸੰਧੂ ਦੀਆਂ ਸਟੇਜਾਂ ਤੋਂ ਸ਼ੁਰੂ ਕੀਤਾ ਅਤੇ ਕੁਲਵਿੰਦਰ ਕੰਵਲ, ਨਿਰਮਲ ਸਿੱਧੂ, ਭਿੰਦੇ ਸ਼ਾਹ ਰਾਜੋਵਾਲੀਆ, ਮਨਜੀਤ ਸੰਧੂ ਸੁੱਖਣਵਾਲਾ ਨਾਲ ਅਨੇਕਾਂ ਸਟੇਜਾਂ ਸਾਂਝੀਆਂ ਕੀਤੀਆਂ। ਇਸਤੋਂ ਇਲਾਵਾ ਫਰੀਦਕੋਟ ਵਿਖੇ ਹਰ ਸਾਲ ਮਨਾਏ ਜਾਂਦੇ ਬਾਬਾ ਫਰੀਦ ਮੇਲੇ ਦੀਆਂ ਸੱਭਿਆਚਾਰਕ ਸਟੇਜਾਂ ਤੋਂ ਗੁਰਦਾਸ ਮਾਨ, ਸਤਿੰਦਰ ਸਿਰਤਾਜ, ਹਰਭਜਨ ਮਾਨ, ਜਸਬੀਰ ਜੱਸੀ, ਲਖਵਿੰਦਰ ਵਡਾਲੀ, ਮੁਹੰਮਦ ਸਿਦੀਕ, ਮਿੱਸ ਪੂਜਾ, ਰੌਸ਼ਨ ਪ੍ਰਿੰਸ, ਸਰਦੂਲ ਸਿਕੰਦਰ, ਹੰਸ ਰਾਜ ਹੰਸ, ਰਣਜੀਤ ਬਾਵਾ, ਹਰਜੀਤ ਹਰਮਨ, ਸੁਰਜੀਤ ਭੁੱਲਰ ਆਦਿ ਨਾਮੀ ਕਲਾਕਾਰਾਂ ਨੂੰ ਪੇਸ਼ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਬਤੌਰ ਐਂਕਰ ਕਈ ਦੇਸ਼ਾਂ ਚ ਜਾਣ ਦਾ ਮੌਕਾ ਵੀ ਮਿਲਿਆ। ਜਸਬੀਰ ਜੱਸੀ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਵੀ ਜੁੜਿਆ ਹੋਇਆ ਹੈ ਅਤੇ ਸਮਾਜ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦਾ ਹੈ। ਇਸ ਖੇਤਰ ਵਿਚ ਉਸਨੂੰ ਬਹੁਤ ਸਾਰਾ ਮਾਨ ਸਨਮਾਨ ਮਿਲ ਚੁੱਕਾ ਹੈ।