ਜਰਨੈਲ ਆਰਟ ਅਕੈਡਮੀ ਦੇ ਬੱਚਿਆਂ ਦੀ ਪਹਿਲੀ ਚਿਤਰਕਲਾ ਪ੍ਰਦਰਸ਼ਨੀ ਨੇ ਦਰਸ਼ਕ ਮੋਹੇ

(ਸਰੀ)-ਸਰੀ ਨਿਵਾਸੀਆਂ ਲਈ 17 ਦਸੰਬਰ ਦਾ ਦਿਨ ਉਤਸੁਕਤਾ ਭਰਿਆ ਸੀ ਜਦੋਂ ਜਰਨੈਲ ਆਰਟਸ ਅਕੈਡਮੀ ਵਿਚ ਸਿੱਖਿਅਤ ਬੱਚਿਆਂ ਦੀ ਪਹਿਲੀ ਚਿਤਰਕਲਾ ਪ੍ਰਦਰਸ਼ਨੀ ਦੀ ਸ਼ੁਰੂਆਤ ਹੋਈ। ਇਹ ਉਹ ਬੱਚੇ ਹਨ ਜਿਨ੍ਹਾਂ ਨੂੰ ਸਿੱਖ ਇਤਿਹਾਸ ਤੇ ਪੰਜਾਬੀ ਸਭਿਆਚਾਰ ਦੇ ਨਾਮਵਰ ਚਿਤਰਕਾਰ ਜਰਨੈਲ ਸਿੰਘ ਅਤੇ ਉਹਨਾਂ ਦੀ ਪਤਨੀ ਬਲਜੀਤ ਕੌਰ ਲਗਾਤਾਰ ਆਰਟ ਸਿਖਲਾਈ ਦੇ ਰਹੇ ਹਨ। ਇਹ ਪ੍ਰਦਰਸ਼ਨੀ ਉਹਨਾਂ ਦੇ ਵਿਦਿਆਰਥੀਆਂ ਦੀ ਕਲਾ ਦੀ ਪਹਿਲੀ ਪ੍ਰਦਰਸ਼ਨੀ ਸੀ ਜੋ ਜਰਨੈਲ ਆਰਟ ਗੈਲਰੀ ਵਿਚ ਪ੍ਰਦਰਸ਼ਿਤ ਹੋਈ।
ਸਮਾਗਮ ਦੀ ਸ਼ੁਰੂਆਤ ਵਿਚ ਸ਼ਾਇਰ ਮੋਹਨ ਗਿੱਲ ਨੇ ਦੱਸਿਆ ਕਿ 2004 ਤੋਂ ਸ਼ੁਰੂ ਹੋਈ ਇਸ ਅਕੈਡਮੀ ਵਿਚ ਜਰਨੈਲ ਸਿੰਘ ਨੇ ਜਿਸ ਤਰਾਂ ਆਪਣੇ ਪਿਤਾ ਅਤੇ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਦੇ ਬਾਨੀ ਚਿਤਰਕਾਰ ਸ. ਕਿਰਪਾਲ ਸਿੰਘ ਤੋਂ ਕਲਾ ਦੀ ਜੋਤ ਅੱਗੇ ਜਗਾਈ ਹੈ ਉਸੇ ਤਰਾਂ ਉਹ ਹੁਣ ਕੈਨੇਡਾ ਦੀ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਕਲਾ ਦੀ ਜਾਗ ਲਾ ਰਹੇ ਹਨ। ਉੱਘੇ ਨਾਵਲਕਾਰ ਜਰਨੈਲ ਸਿੰਘ ਨੇ ਕਿਹਾ ਕਿ ਅਸੀਂ ਜਦੋਂ ਵੀ ਗੈਲਰੀ ਵਿਚ ਆਉਂਦੇ ਹਾਂ ਤਾਂ ਇੱਥੇ ਆ ਕੇ ਸਕੂਨ ਮਹਿਸੂਸ ਹੁੰਦਾ ਹੈ। ਬਹੁਤੇ ਕਲਾਕਾਰ ਆਪਣੇ ਤੱਕ ਹੀ ਸੀਮਤ ਰਹਿੰਦੇ ਹਨ ਪਰ ਜਰਨੈਲ ਸਿੰਘ ਤੇ ਬਲਜੀਤ ਕੌਰ ਅਤੇ ਉਹਨਾਂ ਦੀ ਬੇਟੀ ਨੀਤੀ ਸਿੰਘ ਨੇ ਅਪਣੀ ਕਲਾ ਦਾ ਪ੍ਰਸਾਰ ਅੱਗੇ ਕੀਤਾ ਹੈ ਜੋ ਵਧੀਆ ਉਦਮ ਹੈ। ਬਲਬੀਰ ਸਿੰਘ ਸੰਘਾ ਨੇ ਸਿੱਖ ਇਤਿਹਾਸਕ ਵਿਰਸੇ ਦੀ ਯਾਦ ਕਰਾਉਂਦੀਆਂ ਕਿਰਤਾਂ ਦੀ ਸ਼ਲਾਘਾ ਕੀਤੀ ਅਤੇ ਨਵੀਂ ਪੀੜ੍ਹੀ ਨੂੰ ਇਸ ਨਾਲ ਜੋੜਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਪ੍ਰਦਰਸ਼ਨੀ ਵਿਚ 17 ਕਲਾਕਾਰਾਂ ਨੇ ਭਾਗ ਲਿਆ ਜਿਹਨਾਂ ਵਿਚ ਬਹੁਤ ਛੋਟੇ ਤੋਂ ਲੈ ਕੇ ਬਾਲਗ ਤਕ ਸ਼ਾਮਲ ਹਨ। 35 ਕਿਰਤਾਂ ਦੀ ਇਸ ਪ੍ਰਦਰਸ਼ਨੀ ਵਿਚ ਬਹੁਭਾਂਤੀ ਵਿਸ਼ਾ ਵਸਤੂ ਪੇਸ਼ ਕੀਤੇ ਗਏ। ਫੁੱਲ ਬੂਟੇ, ਗੁਲਦਸਤੇ, ਧਰਤ ਦ੍ਰਿਸ਼, ਪੋਰਟਰੇਟ ਤੇ ਜੰਗਲੀ ਜੀਵ ਸਭ ਦਰਸ਼ਕਾਂ ਨੂੰ ਕਾਰਜ ਕੌਸ਼ਲਤਾ ਅਤੇ ਪ੍ਰਵੀਨਤਾ ਨਾਲ ਪ੍ਰਭਾਵਿਤ ਕਰਦੇ ਹਨ। ਗੀਤਾ ਮਿਸ਼ਰਾ, ਸ਼ੁਭਪ੍ਰੀਤ ਕੌਰ ਖੋਸਾ, ਸਵਤੰਤਰ ਸਿੰਘ ਖੋਸਾ, ਗੌਰੀ ਸ਼ਰਮਾ, ਰਿਮਨਦੀਪ ਬਰਾੜ, ਅਵਨੀਤ ਤੂਰ ਦਾ ਕੰਮ ਵਿਸ਼ੇਸ਼ ਜ਼ਿਕਰਯੋਗ ਹੈ। ਅਨਮੋਲ ਰਾਇ, ਅਨੂਪ ਰਾਇ, ਅਰਪਨ ਸਿੱਧੂ, ਬੰਧਨਾ ਬਦੇਸ਼ਾ, ਜਸਨੂਰ ਸੰਘਾ, ਜੀਵਨਜੋਤ ਮਿਨਹਾਸ, ਕਿਰਨਜੋਤ ਦਿੳਗਨ, ਮੰਨਤ ਗਿੱਲ, ਪਰਨੂਰ ਸੁੰਨਰ, ਸੁਖਮਨੀ ਸਿੱਧੂ, ਤਰਨਦੀਪ ਗਿੱਲ ਦੀਆਂ ਕਲਾ ਕਿਰਤਾਂ ਵੀ ਦਰਸ਼ਕਾਂ ਦੀ ਖਿਚ ਦਾ ਕੇਂਦਰ ਬਣੀਆਂ। ਇਸ ਮੌਕੇ ਕਲਾਕਾਰਾਂ ਅਤੇ ਦਰਸ਼ਕਾਂ ਨੂੰ ਸੰਬੋਧਿਤ ਕਰਦਿਆਂ ਚਿਤਰਕਾਰ ਜਰਨੈਲ ਸਿੰਘ ਨੇ ਦੱਸਿਆ ਕਿ  ਚਿਤਰ ਕਲਾ, ਸੰਗੀਤ, ਸਾਹਿਤ, ਇਹ ਸਾਰੀਆਂ ਕਲਾਵਾਂ ਮਨੁੱਖ ਦੇ ਜੀਵਨ ਨੂੰ ਮਾਨਣਯੋਗ ਬਣਾਉਂਦੀਆਂ ਹਨ ਅਤੇ ਅਰਥ ਪ੍ਰਦਾਨ ਕਰਨ ਦੇ ਨਾਲ ਨਾਲ ਜੀਵਨ ਵਿਚ ਅਤਿ ਲੋੜੀਦੀਆਂ ਭਾਵਨਾਵਾਂ ਜਿਵੇਂ ਸਹਿਣ ਸ਼ਕਤੀ, ਨਿਸਚੇ ਵੱਲ ਫੋਕਸ ਤੇ ਜੀਵਨ ਵਿਚ ਡਸਿਪਲਨ ਸਿਖਾਉਂਦੀਆਂ ਹਨ। ਇਹਨਾਂ ਸਭ ਦੀ ਅਣਹੋਂਦ ਸੁਖਾਵੇਂ ਜੀਵਨ ਤੇ ਕਾਮਯਾਬੀ ਵਿਚ ਰੁਕਾਵਟ ਬਣਦੀ ਹੈ। ਅਖੀਰ ਵਿਚ ਸਾਰੇ ਕਲਾਕਾਰਾਂ ਨੂੰ ਸਨਮਾਨ ਪੱਤਰ ਭੇਟ ਕੀਤੇ ਗਏ।

(ਹਰਦਮ ਮਾਨ) +1 604 308 6663

 maanbabushahi@gmail.com

Install Punjabi Akhbar App

Install
×