ਸ਼੍ਰੀ ਗੁਰੂ ਨਾਨਕ ਦੇਵ ਜੀ ਰਚਿਤ ‘ਜਪੁਜੀ’ ਸਾਹਿਬ ਦਾ ਦਾਰਸ਼ਨਿਕ ਵਿਸ਼ਲੇਸ਼ਣ

Bhagwant Singh 190910 Guru Nanak dev article aa

‘ਜਪੁਜੀ’ ਗੁਰੂ ਨਾਨਕ ਸਾਹਿਬ ਦੀ ਸ਼ਾਹਕਾਰ ਅਤੇ ਸਿਰਮੌਰ ਰਚਨਾ ਹੈ। ਇਹ ਉਨ੍ਹਾਂ ਦੀ ਸਭ ਤੋਂ ਵੱਧ ਪਿਆਰੀ ਤੇ ਪ੍ਰੇਰਨਾ ਜਨਕ ਰਚਨਾ ਹੈ। ਇਸ ਦੇ ਸ਼ਾਹਕਾਰ ਰਚਨਾ ਹੋਣ ਬਾਰੇ ਕੋਈ ਇੱਕਲੀ ਰਾਇ ਨਹੀਂ ਸਗੋਂ ਇਹ ਵਿਚਾਰ ਲਗਭਗ ਸਾਰੇ ਹੀ ਦੇਸੀ ਅਤੇ ਬਦੇਸ਼ੀ ਵਿਦਵਾਨਾਂ ਦਾ ਹੈ। ਇਹ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੀ ਕੁੰਜੀ ਹੈ, ਅਤੇ ਉਨ੍ਹਾਂ ਦੀ ਕਲਾ ਕੌਸ਼ਲਤਾ ਦਾ ਸ਼੍ਰੇਸ਼ਟ ਨਮੂਨਾ ਹੈ। ਇਸ ਦੇ ਵਿਸ਼ੇ ਦੀ ਮਹਾਨਤਾ ਤੇ ਸਦੀਵਤਾ, ਵਿਸ਼ਾਲਤਾ ਤੇ ਸਾਂਝੀਵਾਲਤਾ ਤੇ ਇਸਦੇ ਰੂਪ ਦੀ ਵਿਲੱਖਣਤਾ ਅਤੇ ਕਲਾ ਨਿਪੁੰਨਤਾ; ਇਸਦੀ ਬੋਲੀ ਦੀ ਆਭਾ ਤੇ ਸਮਰੱਥਾ, ਇਸਦੇ ਬਿਆਨ ਦੀ ਸਰਲਤਾ ਤੇ ਸਾਰਥਿਕਤਾ ਨੇ ਇਸ ਨੂੰ ਨਿਰਸੰਦੇਹ ਹੀ ਇੱਕ ਅਮਰ ਸ਼ਾਹਕਾਰ ਬਣਾ ਦਿੱਤਾ ਹੈ। ਉੱਘੇ ਚਿੰਤਕ ਪ੍ਰੋ: ਪੂਰਨ ਸਿੰਘ ਕਹਿੰਦੇ ਹਨ। “His one song, Japji, makes him a creator whose genius puts seal on the ages.”
ਡਾ. ਰਾਧਾ ਕ੍ਰਿਸ਼ਨ ਵਰਗਾ ਵਿਚਾਰਵਾਨ ਵੀ ਜਪੁਜੀ ਨੂੰ ਗੁਰੂ ਨਾਨਕ ਸਾਹਿਬ ਦਾ ‘best known work ਆਖਦਾ ਹੈ।

ਜਪੁਜੀ ਗੁਰੂ ਨਾਨਕ ਸਾਹਿਬ ਦੇ ਧਾਰਮਕ ਤੇ ਅਧਿਆਤਮਕ, ਸਦਾਚਾਰਕ ਤੇ ਸਮਾਜਕ, ਦਾਰਸ਼ਨਿਕ ਤੇ ਸੱਭਿਆਚਾਰਕ ਵਿਚਾਰਾਂ, ਭਾਵਾਂ ਤੇ ਅਨੁਭਵਾਂ ਦਾ ਨਿਚੋੜ ਹੈ, ਉਨ੍ਹਾਂ ਦੇ ਚਲਾਏ ਧਰਮ ਤੇ ਮੂਲ ਸਿਧਾਂਤਾਂ ਦਾ ਸਾਰ ਹੈ, ਜਿਹੜਾ ਕੇਵਲ 383 ਤੁੱਕਾਂ 2090 ਸ਼ਬਦਾਂ ਵਿਚ ਅੰਕਿਤ ਹੈ।

ਪ੍ਰਸਿੱਧ ਵਿਦਵਾਨ ਪੇਨ ਆਖਦਾ ਹੈ ਕਿ “The Japji in itself is a complete exposition of the Sikh faith.”

ਪ੍ਰੋ. ਸ਼ਾਨ ਆਖਦੇ ਹਨ ਕਿ ਇਹ ਕੋਈ ਭੁੱਲ ਜਾਂ ਅਤਿ-ਕਥਨੀ ਨਹੀਂ ਹੋਵੇਗੀ ਜੇ ਅਸੀਂ ਇੰਝ ਕਹਿ ਲਈਏ ਕਿ ”ਜਪੁ ਹੀ ਗੁਰੂ ਨਾਨਕ ਹੈ ਅਤੇ ਗੁਰੂ ਨਾਨਕ ਹੀ ਜਪੁ ਹਨ’
ਇਨ੍ਹਾਂ ਵਿਦਵਾਨਾਂ ਦੇ ਹੋਰ ਵਿਚਾਰ ਇਹ ਹਨ ਜਿਨ੍ਹਾਂ ਤੋਂ ਜਪੁਜੀ ਸਾਹਿਬ ਦੀ ਮਹੱਤਤਾ ਦਾ ਅਨੁਮਾਨ ਭਲੀਭਾਂਤ ਹੀ ਲਗਾਇਆ ਜਾ ਸਕਦਾ ਹੈ।
ਜਪੁਜੀ ਨੂੰ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਸਮੁੱਚੇ ਸਿੱਖ ਦਰਸ਼ਨ ਦਾ ਖੁਲਾਸਾ ਮੰਨਿਆ ਜਾਂਦਾ ਰਿਹਾ ਹੈ। ਕੁੱਝ ਅਜਿਹੇ ਵਿਚਾਰਾਂ ਅਤੇ ਕਾਰਨਾਂ ਕਰਕੇ ਸ਼੍ਰੀ ਗੁਰੂ ਆਦਿ ਗ੍ਰੰਥ ਸਾਹਿਬ ਦੇ ਸੰਪਾਦਕ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਇਸਨੂੰ ਪਾਵਨ ਬੀੜ ਦੇ ਬਿਲਕੁਲ ਆਰੰਭ ਵਿਚ ਰੱਖਿਆ ਹੈ ਅਤੇ ਇਸ ਨੂੰ ਗ੍ਰੰਥ ਸਾਹਿਬ ਦਾ ਉਥਾਨਿਕ ਹੀ ਬਣਾ ਦਿੱਤਾ ਹੈ। ਇਸੇ ਕਰਕੇ ਇਸ ਨੂੰ ”ਆਦਿ ਗ੍ਰੰਥ” ਦੀ ਆਦਿ ਬਾਣੀ ਵੀ ਕਹਿ ਦਿੰਦੇ ਹਾਂ। ਪੂਰੀ ਸਿੱਖ ਫ਼ਿਲਾਸਫ਼ੀ ਇਸ ਵਿਚ ਸਮੋਈ ਹੋਈ ਹੈ।”

ਗੁਰੂ ਗ੍ਰੰਥ ਸਾਹਿਬ ਦੇ ਮੰਗਲਾਚਰਣ ਵਜੋਂ ਅੰਕਿਤ ਮਹਾਂ-ਵਾਕ ਦੇ ਪਹਿਲੇ ਸ਼ਬਦ ૻ ਨੂੰ ਜਿਵੇਂ ਬੀਜ-ਮੰਤਰ ਤੇ ਸਾਰੇ ਮਹਾਂ-ਵਾਕ ਦਾ ਨਿਚੋੜ ਮੰਨਿਆ ਜਾਂਦਾ ਹੈ: ਇਸ ਮਹਾਂ-ਵਾਕ ਨੂੰ ਮੂਲ-ਮੰਤਰ ਤੇ ਜਪੁ ਦਾ ਤੱਤ-ਸਾਰ ਸਮਝਿਆ ਜਾਂਦਾ ਹੈ: ਤਿਵੇਂ ਹੀ ਜਪੁਜੀ ਨੂੰ ਸਮੁੱਚੇ ਗ੍ਰੰਥ ਸਾਹਿਬ ਦਾ ਸਾਰਾਂਸ਼ ਪ੍ਰਵਾਨ ਕੀਤਾ ਗਿਆ ਹੈ।
ਜਪੁਜੀ ਦੀ ਮਹਾਨਤਾ ਇਸ ਗੱਲ ਤੋਂ ਵੀ ਪਤਾ ਲੱਗਦੀ ਹੈ ਕਿ ਇਹ ਸਿੱਖ ਨਿੱਤਨੇਮ ਦਾ ਮੁੱਖ-ਮੂਲ ਹੈ। ਪੇਨ ਅਨੁਸਾਰ ”ਇਹ ਹਰ ਸਿਦਕੀ ਸਿੱਖ ਨੂੰ ਜੁਬਾਨੀ ਚੇਤੇ ਹੈ ਅਤੇ ਉਹ ਹਰ ਰੋਜ਼ ਸਵੇਰੇ ਇਸ ਦਾ ਪਾਠ ਕਰਦਾ ਹੈ। ਇਸ ਦੇ ਨਿੱਤ ਪਾਠ ਦੀ ਪ੍ਰਥਾ ਗਰੂ ਸਾਹਿਬ ਦੇ ਆਪਣੇ ਸਮੇਂ ਹੀ ਪੈ ਚੁੱਕੀ ਸੀ। ਭਾਈ ਗੁਰਦਾਸ ਜੀ ਜੋ ਉਨ੍ਹਾਂ ਦੇ ਜੀਵਨੀਕਾਰ ਹਨ ਦੱਸਦੇ ਹਨ ਕਿ ਜਦ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਖਤਮ ਕਰ ਲਈਆਂ ਅਤੇ ਕਰਤਾਰਪੁਰ ਧਰਮ ਕਰਮ ਦੀ ਰੀਤ ਬੰਨ੍ਹਣੀ ਸ਼ੁਰੂ ਕੀਤੀ ਤਾਂ ਉਦੋਂ ਭੀ ਰੋਜ਼ਾਨਾ ਜੀਵਨ ਦੀ ਪਹਿਲੀ ਮੱਦ ਪਾਠ ਰੱਖੀ ਉਹ ਲਿਖਦੇ ਹਨ-

ਸੋਦਰ, ਆਰਤੀ ਗਾਵੀਐ,
ਅੰਮ੍ਰਿਤ ਵੇਲੇ ਜਾਪੁ ਉਚਾਰਾ ….. । 

ਇਤਿਹਾਸ ਵਿਚ ਇਸ ਗੱਲ ਦੇ ਪ੍ਰਮਾਣ ਵੀ ਮਿਲਦੇ ਹਨ ਕਿ ਗੁਰੂ ਨਾਨਕ ਇਸਦੇ ਪਾਠ ਦੀ ਸਮਾਪਤੀ ਤੇ ਹੀ ਜੋਤੀ ਜੋਤ ਸਮਾਏ ਸਨ। ਬਾਕੀ ਗੁਰੂ ਸਾਹਿਬਾਨਾਂ ਨੇ ਭੀ ਸਾਰੇ ਕੰਮ ਇਸਦੇ ਪਾਠ ਨਾਲ ਹੀ ਆਰੰਭੇ ਅਤੇ ਸਮਾਪਤ ਵੀ ਇਸ ਦੇ ਪਾਠ ਨਾਲ ਹੀ ਕੀਤੇ। ਅੰਮ੍ਰਿਤ ਤਿਆਰ ਕਰਨ ਲੱਗਿਆਂ ਸਭ ਤੋਂ ਪਹਿਲਾਂ ਪਾਠ ਇਸੇ ਬਾਣੀ ਦਾ ਕੀਤਾ ਗਿਆ। ਸਿੱਖ ਰਹਿਤਨਾਮਿਆਂ ਵਿਚ ਇਸਦਾ ਪਾਠ ਕਰਨਾ ਜਰੂਰੀ ਦੱਸਿਆ ਗਿਆ ਹੈ।

ਠੰਡੇ ਪਾਣੀ ਜੋ ਨਹਿ ਨਾਵੈ,
ਬਿਨ ਜਪੁ ਪੜ੍ਹੇ ਪ੍ਰਸਾਦ ਜੁ ਖਾਵੈ।
ਧ੍ਰਿਗ ਹੈ ਉਸਦਾ ਜੀਣਾ।

ਮਹਾਂ ਕਵੀ ਸੰਤੋਖ ਸਿੰਘ ਜੀ ਦਾ ਕਥਨ ਹੈ ਕਿ ”ਜਪੁਜੀ ਦਾ ਪਾਠ ਜਨਮ ਜਨਮਾਂਤਰਾਂ ਦੇ ਰੋਗ ਕੱਟਣ ਦੀ ਸਮਰੱਥਾ ਰੱਖਦਾ ਹੈ।” ਪ੍ਰੋ. ਪੂਰਨ ਸਿੰਘ ਜੀ ਆਪਣੇ ਨਿੱਜੀ ਤਜਰਬੇ ਦੇ ਆਧਾਰ ਤੇ ਆਖਦੇ ਹਨ : “In actual experiments conducted by myself on myself, I find that without Japji one dies.” – ‘The Sprit Born People’.
ਜਪੁਜੀ ਦੀ ਮਹੱਤਤਾ ਦਾ ਇਸ ਗੱਲੋਂ ਵੀ ਪਤਾ ਲੱਗਦਾ ਹੈ ਕਿ ਇਹ ਹੀ ਇੱਕ ਅਜਿਹੀ ਰਚਨਾ ਹੈ ਜਿਹੜੀ ਕਿੰਨੀਆਂ ਬੋਲੀਆਂ ਵਿੱਚ ਲਿਖੀ ਗਈ, ਅਨੁਵਾਦੀ ਗਈ, ਛਾਪੀ ਗਈ ਅਤੇ ਗਾਈ ਗਈ। ਗੁਰਮੁਖ ਨਿਹਾਲ ਸਿੰਘ ਜੀ ਕਹਿੰਦੇ ਹਨ ਕਿ ਜਪੁਜੀ ਨੂੰ ਸੰਸਾਰ ਦੇ ਪਵਿੱਤਰ ਸਾਹਿਤ ਵਿੱਚੋਂ ਗੀਤਾ ਅਤੇ ਨਵੀਂ ਸਾਖ ਨਾਲ ਠੀਕ ਅਰਥਾਂ ਵਿੱਚ ਮੇਲਿਆ ਜਾ ਸਕਦਾ ਹੈ। ਗ੍ਰੀਨਲੀਜ਼ ਦੇ ਸ਼ਬਦਾਂ ਵਿਚ ਵੀ ਜਿਵੇ਼ ਗੀਤਾ ਅਤੇ ਨਵੀਂ ਸਾਖ ਹਿੰਦੂ ਅਤੇ ਈਸਾਈ ਧਰਮ ਦੇ ਬੁਨਿਆਦੀ ਅਸੂਲਾਂ ਦਾ ਖੁਲਾਸਾ ਹਨ ਇਵੇਂ ਹੀ ਜਪੁਜੀ ਸਾਹਿਬ ਧਰਮ ਦਾ ਖੁਲਾਸਾ ਹੈ।
ਇਹ ਜਪੁਜੀ ਦੀ ਕਰਾਮਾਤ ਹੀ ਹੈ ਕਿ ਅਜੋਕੇ ਯੁੱਗ ਵਿੱਚ ਅਨੇਕਾਂ ਈਸਾਈ ਸਿੱਖ ਧਰਮ ਕਬੂਲਦੇ ਜਾ ਰਹੇ ਹਨ ਅਤੇ ਸਿੱਖਾਂ ਤੋਂ ਵੀ ਕਿਤੇ ਵੱਧ ਇਸ ਦਾ ਪਾਠ ਕਰਦੇ ਹਨ ਅਤੇ ਇਸ ਬਾਣੀ ਨੂੰ ਸਤਿਕਾਰਦੇ ਹਨ।
ਇਹ ਕਹਿਣਾ ਵੀ ਅਣਉਚਿਤ ਨਹੀਂ ਹੋਵੇਗਾ ਕਿ ਸੰਸਾਰ ਦੇ ਧਾਰਮਿਕ ਸਾਹਿਤ ਵਿਚ ਕੋਈ ਵੀ ਕਿਰਤ ਅਜਿਹੀ ਨਹੀਂ ਜਿਸ ਵਿਚ ਪ੍ਰਭੂ ਦਾ ਸਰੂਪ ਅਤੇ ਮਨੁੱਖ ਦਾ ਮਨੋਰਥ ਇੰਨੀ ਸ਼ਾਇਸਤਗੀ ਸੂਖਮਤਾ ਅਤੇ ਸੁਚੱਜਤਾ ਨਾਲ ਵਰਨਣ ਕੀਤਾ ਗਿਆ ਹੋਵੇ।
Dr. Bittencourt ਇਸ ਗੱਲ ਦੀ ਪੁਸ਼ਟੀ ਆਪਣੇ ਹੇਠ ਲਿਖੇ ਵਿਚਾਰ ਨਾਲ ਕਰਦਾ ਹੈ।
“Nanak placed first thing oneness The Bible really does not begin the Lekesbanik with one God…”
ਡਾ. ਮੁਹੰਮਦ ਇਕਬਾਲ ਦੇ ਇਹ ਕਥਨ ਧਿਆਨ ਦੀ ਮੰਗ ਕਰਦੇ ਹਨ
Guru Nanak gave in the Japji the quintessence of Karam, and if some, Muslims were shy of this truth as preached by Guru Nanak, they should blame their own ignorance of Islam.” (Dr. Iqbal Mohd.)
ਉਕਤ ਵਿਚਾਰਾਂ ਨੂੰ ਭੂਦਾਨ ਅੰਦੋਲਨ ਦੇ ਸਰਵੇਸਰਬਾ ਤੇ ਸਾਡੀ ਰਿਸ਼ੀ ਪ੍ਰੰਪਰਾ ਦੇ ਵਾਹਕ ਵਿਨੋਬਾ ਭਾਵੇ ਜੀ ਦੇ ਇਹ ਕਥਨ ਹੋਰ ਵੀ ਵਿਸਥਾਰ ਦਿੰਦੇ ਹਨ- ਜਪੁਜੀ ਸਾਹਿਬ ਵਿਚ ਧਰਮ ਦਾ ਨਿਚੋੜ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੀ ਆਖਰੀ ਉਮਰ ਵਿਚ ਸਾਰੀ ਯਾਤਰਾ ਖਤਮ ਕਰਨ ਮਗਰੋਂ ‘ਜਪੁਜੀ ਸਾਹਿਬ’ ਰਚਿਆ। ਸੰਨ 1940 ਵਿੱਚ, ਵਿਅਕਤੀਗਤ ਸਤਿਆਗ੍ਰਹਿ ਵਿਚ ਜਦੋਂ ਮੈਂ ਜੇਲ੍ਹ ਵਿਚ ਸੀ, ਮੈਂ ‘ਜਪੁਜੀ’ ਪਹਿਲੀ ਵਾਰ ਪੜ੍ਹਿਆ। ਉਸ ਸਮੇਂ ਮੈਂ ਨਾਮਦੇਵ ਜੀ ਦੇ ਮਰਾਠੀ ਭਜਨਾ ਦਾ ਸੰਗ੍ਰਹਿ ਕਰ ਰਿਹਾ ਸੀ, ਉਨ੍ਹਾਂ ਦੇ ਕੁੱਝ ਹਿੰਦੀ ਭਜਨ ‘ਗ੍ਰੰਥ ਸਾਹਿਬ’ ਵਿਚ ਵੀ ਹਨ। ਇਸੇ ਲਈ ਮੈਂ ਨਾਮਦੇਵ ਜੀ ਲਈ ਸਾਰਾ ‘ਗ੍ਰੰਥ ਸਾਹਿਬ’ ਪੜ੍ਹ ਲਿਆ। ਉਦੋਂ ਇੱਕ ਸਿੱਖ ਭਰਾ ਮੇਰੇ ਨਾਲ ਸਨ, ਜੋ ਜਪੁਜੀ ਦਾ ਪਾਠ ਕਰਦੇ ਹੁੰਦੇ ਸਨ। ਪਰ ਉਦੋਂ ਮੇਰੇ ਕੋਲ ‘ਜਪੁਜੀ’ ਦੇ ਅਰਥ ਜਾਣਨ ਦੇ ਸਾਧਨ ਉਪਲਬਧ ਨਹੀਂ ਸਨ। ‘ਜਪੁਜੀ ਸਾਹਿਬ’ ਵਿਚ ਕੁੱਝ ਅਜਿਹੇ ਸ਼ਬਦ ਹਨ, ਜਿਨ੍ਹਾਂ ਦਾ ਅਰਥ ਇਕਦਮ ਧਿਆਨ ਵਿਚ ਨਹੀਂ ਆਉਂਦਾ। ਮਿਸਾਲ ਦੇ ਤੌਰ ਤੇ ‘ਕਰਮ ਖੰਡ ਦੀ ਬਾਣੀ ਜੋਰੁ’ (ਪਉੜੀ 37) ਲਓ, ਇਸ ਵਿਚ ਕਰਮ ਦਾ ਅਰਥ ਹੈ, ਪਰਮੇਸ਼ਵਰ ਦੀ ਕਿਰਪਾ । ‘ਕਰਮ’ ਅਰਬੀ ਸ਼ਬਦ ਹੈ। ਜਦੋਂ ਇਨਸਾਨ ਪਰਮੇਸ਼ਵਰ ਦੀ ਰਜ਼ਾ ਵਿਚ ਚਲਦਾ ਹੈ ਤਦ ਉਸਦੀ ਬਾਣੀ ਦਾ ਸਰੂਪ ਕੀ ਹੁੰਦਾ ਹੈ, ਇਸਦਾ ਵਰਣਨ ਇੱਥੇ ਕੀਤਾ ਜਾ ਰਿਹਾ ਹੈ। ਇਸ ਭੂਮਿਕਾ ਵਿਚ ਉਸਦਾ ਈਸ਼ਵਰ ਨਾਲ ਮੇਲ ਹੋ ਜਾਂਦਾ ਹੈ।
ਪੰਜਾਬ ਦੀ ਪੈਦਲ ਯਾਤਰਾ ਦੌਰਾਨ ਮੈਂ ਦੋਬਾਰਾ ‘ਜਪੁਜੀ’ ਦਾ ਅਧਿਐਨ ਕੀਤਾ। ਇਸਦਾ ਮੇਰੇ ਉਤੇ ਡੂੰਘਾ ਅਸਰ ਪਿਆ। ਰਾਤ ਨੂੰ ਸੁਫਨਿਆਂ ਵਿਚ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਚਨ ਯਾਦ ਆਉਂਦੇ ਸਨ। ਚਿੰਤਨ ਨਾਲ ਉਨ੍ਹਾਂ ਵਚਨਾਂ ਦਾ ਡੂੰਘਾ ਅਰਥ ਪਤਾ ਚਲਦਾ ਹੈ। ‘ਜਪੁਜੀ’ ਦਾ ਜਿੰਨਾ ਵੀ ਚਿੰਤਨ ਕਰੋ, ਓਨਾ ਜਿਆਦਾ ਆਨੰਦ ਮਿਲਦਾ ਜਾਂਦਾ ਹੈ। ਮੇਰੀ ਹਾਰਦਿਕ ਇੱਛਾ ਹੈ ਕਿ ਇਸਦਾ ਅਸਰ ਹਿੰਦੁਸਤਾਨ ਦੇ ਸਭਨਾ ਲੋਕਾਂ ਦੇ ਦਿਲਾਂ ਉਤੇ ਹੋਵੇ।
ਆਪਣੇ ਦੇਸ਼ ਚ ਕੁੱਝ ਵੱਡੇ ਟੀਕਾ ਵਾਲੇ ਅਤੇ ਕੁੱਝ ਸੂਤਰ ਵਾਲੇ ਗ੍ਰੰਥ ਵੀ ਲਿਖੇ ਗਏ ਹਨ। ‘ਜਪੁਜੀ’ ਸੂਤਰ ਵਾਲਾ ਗ੍ਰੰਥ ਹੈ। 38 ਪਉੜੀਆਂ, ਆਰੰਭ ਦਾ ਮੂਲ ਮੰਤਰ ਅਤੇ ਅੰਤਿਮ ਸ਼ਲੋਕ ਮਿਲਾ ਕੇ ਬਹੁਤ ਥੋੜੇ ਲਫਜ਼ਾਂ ਵਿੱਚ ਹੀ ਧਰਮ ਦਾ ਸਾਰ ਕਿਹਾ ਗਿਆ ਹੈ। ਇਹ ਵੀ ਅਜਿਹੇ ਢੰਗ ਨਾਲ ਕਿ ਸਿਰਫ ਸ਼ਰਧਾ ਹੀ ਗੱਲ ਨਹੀਂ ਸਗੋਂ ਕਾਫੀ ਵਿਆਪਕ ਦ੍ਰਿਸ਼ਟੀ ਨਾਲ ਸੋਚਿਆ ਗਿਆ ਹੈ। ਗਿਆਨਯੋਗ, ਧਿਆਨਯੋਗ, ਭਗਤੀਯੋਗ, ਸਾਧਨਾ ਆਦਿ ਬਾਰੇ ਸਭ ਕੁੱਝ ਕਿਹਾ ਗਿਆ ਹੈ। ਜਿਵੇਂ ‘ਈਸ਼ਾਵਾਸਯੋਪਨਿਸ਼ਦ’ ਵਿਚ ਸਿਰਫ 18 ਮੰਤਰਾਂ ਵਿਚ ਕੁੱਲ ਵੈਦਿਕ ਧਰਮ ਦਾ ਸਾਰ ਆ ਗਿਆ ਹੈ, ਉਸੇ ਤਰ੍ਹਾਂ ਇਸ ਵਿਚ ਦਰਸ਼ਨ, ਨੀਤੀ, ਵਿਚਾਰ, ਤੱਤ ਗਿਆਨ ਆਦਿ ਸਭ ਦਾ ਨਿਚੋੜ ਹੈ।
(ਪੁਸਤਕ -ਜਪੁਜੀ ਪੰਨਾ, 2)
ਉਪਰੋਕਤ ਵਿਚਾਰਾਂ ਤੋਂ ਸਪਸ਼ਟ ਹੁੰਦਾ ਹੈ ਕਿ ਜਪੁਜੀ ਗੁਰੂ ਨਾਨਕ ਬਾਣੀ ਦੀ ਹੀ ਨਹੀਂ, ਸਗੋਂ ਸੰਸਾਰ ਸਾਹਿਤ ਦੀ ਇੱਕ ਅਤਿ ਸ਼੍ਰੇਸ਼ਟ ਕਿਰਤ ਹੈ। ਮੁਨਸ਼ੀ ਦੇ ਸ਼ਬਦਾਂ ਵਿੱਚ -“one of the finest hymns in the world”.
ਜਪੁਜੀ ਸਾਹਿਬ ਵਿਚ ਆਦਰਸ਼ ਜੀਵਨ ਜੀਣ ਦਾ ਰਾਹ ਅਤੇ ਮੁਕਤੀ ਪ੍ਰਾਪਤੀ ਕਰਨ ਦੀ ਵਿਧੀ ਦੱਸੀ ਗਈ ਹੈ। ਜੋ ਇਸ ਦਾ ਜਾਪ ਕਰਦਾ ਹੈ, ਸਿਮਰਨ ਕਰਦਾ ਹੈ, ਉਹ ਕੇਵਲ ਆਪਣੇ ਦੁੱਖ ਹੀ ਨਹੀਂ ਕਟਦਾ ਸਗੋਂ ਆਪਣੇ ਨਾਲਦਿਆਂ ਨੂੰ ਵੀ ਮੁਕਤੀ ਦਿਵਾਉਂਦਾ ਹੈ। ਇਸ ਅੰਤਲੇ ਸਲੋਕ ਵਿੱਚ ਦੱਸਿਆ ਗਿਆ ਹੈ-

ਜਿਨੀ ਨਾਮੁ ਧਿਆਇਆ
ਗਏ ਮਸਕਤਿ ਘਾਲਿ ॥
ਨਾਨਕ ਤੇ ਮੁਖ ਉਜਲੇ
ਕੇਤੀ ਛੁਟੀ ਨਾਲਿ ॥

ਵਿਸ਼ਾ: ਜਪੁ ਦਾ ਕੇਂਦਰੀ ਵਿਸ਼ਾ, ਸੱਚ-ਸਰੂਪ ਰੱਬ ਤੇ ਉਸਦੀ ਉਸਤਤ ਹੈ। ਇਹ ਉਸ ਪਾਰਬ੍ਰਹਮ ਪਰਮੇਸ਼ਰ ਦੀ ਮਹਿਮਾ ਅਤੇ ਸਿਮਰਨ ਹੈ, ਉਸ ਸਦਾ ਸਲਾਮਿਤ ਨਿਰੰਕਾਰ ਨੂੰ ਜਪਣ ਦਾ ਉਪਦੇਸ਼ ਹੈ ਜਿਸ ਦੀ ਸਿਫਤ ਸਾਲਾਹ ਅਤੇ ਸਰੂਪ ਨੂੰ ਇਉਂ ਨਿਰੂਪਿਆ ਗਿਆ ਹੈ:

ੴ ਸਤਿਨਾਮੁ ਕਰਤਾ ਪੁਰਖੁ
ਨਿਰਭਉ, ਨਿਰਵੈਰੁ, ਅਕਾਲ ਮੂਰਤਿ
ਅਜੂਨੀ ਸੈਭੰ ਗੁਰਪ੍ਰਸਾਦਿ ॥

ਜਿਸਦੀ ਸਦੀਵੀਂ ਹੋਂਦ ਨੂੰ ਵੀ ਮੁਢਲੇ ਸ਼ਲੋਕ ਵਿਚ ਇਉਂ ਬਿਆਨਿਆ ਗਿਆ ਹੈ। ਆਦਿ ਸਚੁ, ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ।
ਨਾਮ ਮਾਰਗ ਦੇ ਰਾਹੀ ਨੂੰ ਸੱਚ ਤੱਕ ਪਹੁੰਚਣ ਭਾਵ – ‘ਸਚਿਆਰ’ ਬਣਨ ਅਤੇ ਆਦਰਸ਼ਕ ਜੀਵਨ ਜੀਉਣ ਲਈ ਪ੍ਰੇਰਿਆ ਗਿਆ ਹੈ। ਗੁਰੂ ਜੀ ਨੇ ਮੂਲ ਤੇ ਵਿਆਪਕ ਉਪਦੇਸ਼ ਦੱਸੇ ਹਨ।

ਕਿਵ ਸਚਿਆਰਾ ਹੋਈਐ, ਕਿਵ ਕੂੜੇ ਤੁਟੈ ਪਾਲਿ।
ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ ।

‘ਸਚਿਆਰ’ ਦੀ ਪਦਵੀ ਉਸਦੀ ਰਜਾ ਦੇ ਉਲਟ ਚੱਲਣ, ੳਸਦੀ ਹਸਤੀ ਤੇ ਵਾਦ-ਵਿਵਾਦ ਕਰਨ, ਉਸਦੀ ਜਗ ਰਚਨਾ ਬਾਰੇ ਸ਼ਾਸਤਾਰਥ ਰਚਣ, ਤੀਰਥ ਇਸ਼ਨਾਨ ਕਰਨ, ਜੋਗੀ ਵੇਸ਼ ਧਾਰਨ ਆਦਿ ਦੇ ਬਾਹਰਲੇ ਰਸਮੀ ਚਿੰਨ੍ਹਾਂ ਦੁਆਰਾ ਪ੍ਰਾਪਤ ਨਹੀਂ ਹੋ ਸਕਦੀ। ਇਹ ਤਾਂ ਉਸਦੀ ਰਜ਼ਾ ਵਿਚ ਰਾਜੀ ਰਹਿੰਦਿਆਂ ਧਰਮ-ਗਿਆਨ-ਸਰਮ-ਕਰਮ’ ਦੀਆਂ ਮੰਜਲਾਂ ਤੈਅ ਕਰਨ ਨਾਲ ਹੀ ਪ੍ਰਾਪਤ ਹੋ ਸਕਦੀ ਹੈ। ਧਰਮ ਤੋਂ ਭਾਵ ਆਪਣੇ ਫਰਜ ਦੀ ਪਛਾਣ ਹੈ – ਜੋ ਸੱਚ ਦੇ ਗਿਆਨ ਰਾਹੀਂ ਹੀ ਪਤਾ ਲਗਦੀ ਹੈ। – ਸੱਚ ਨੂੰ ਪਛਾਣਨ ਲਈ ਤੇ ਫਰਜ਼ ਨੂੰ ਨਿਭਾਉਣ ਲਈ ਸਰਮ (ਘਾਲ -ਕਮਾਈ) ਜਰੂਰੀ ਹੈ – ਜਿਹੜੀ ਰੱਬੀ ਕਰਮ (ਰੱਬੀ ਮਿਹਰ) ਨਾਲ ਹੀ ਮਿਲਦੀ ਹੈ। ਸਚਿਆਰ ਦੀ ਪਦਵੀ ਜਾਂ ਸਚ ਖੰਡ ਦਾ ਵਾਸ ਸਭ ਤੋਂ ਉਪਰਲੀ ਅਵਸਥਾ ਹੈ ਜਿਹੜੀ ਕਰਮ ਰਾਹੀਂ ਪ੍ਰਾਪਤ ਕੀਤੀ ਜਾਂਦੀ ਹੈ-

ਚੰਗਿਆਈਆਂ ਬੁਰਿਆਈਆ ਵਾਚੈ ਧਰਮੁ ਹਦੂਰਿ
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ।

(ਡਾ. ਭਗਵੰਤ ਸਿੰਘ)
+91 98148-51500
jagointernational@yahoo.com

Install Punjabi Akhbar App

Install
×