ਜੰਮੂ-ਕਸ਼ਮੀਰ ‘ਚ ਪਹਿਲੇ ਗੇੜ ‘ਚ 15 ਵਿਧਾਨ ਸਭਾ ਸੀਟਾਂ ਲਈ ਚੋਣਾਂ ਅੱਜ

vote

ਜੰਮੂ-ਕਸ਼ਮੀਰ ‘ਚ ਪੰਜ ਗੇੜਾਂ ‘ਚ ਹੋਣ ਵਾਲੀਆਂ ਚੋਣਾਂ ਦੇ ਪਹਿਲੇ ਗੇੜ ‘ਚ ਕੁੱਲ 15 ਵਿਧਾਨ ਸਭਾ ਸੀਟਾਂ ‘ਤੇ ਪੈਣ ਵਾਲੀਆਂ ਵੋਟਾਂ ਨਾਲ ਕੁੱਲ 123 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। ਇਸ ‘ਚ ਮੰਤਰੀਆਂ ਸਮੇਤ 12 ਮੌਜੂਦਾ ਵਿਧਾਇਕ ਵੀ ਸ਼ਾਮਿਲ ਹਨ। ਜੰਮੂ ਡਵੀਜ਼ਨ ਦੇ 6, ਕਸ਼ਮੀਰ ਦੇ 5 ਤੇ ਲਦਾਖ਼ ਦੇ ਚਾਰ ਚੋਣ ਖੇਤਰਾਂ ‘ਚ ਵੋਟਰ ਆਪਣਾ ਪ੍ਰਤੀਨਿਧੀ ਚੁਣਨ ਲਈ ਸਵੇਰੇ 8 ਵਜੇ ਤੋਂ ਵੋਟ ਪਾ ਸਕਣਗੇ। ਜਿਨ੍ਹਾਂ ਚੋਣ ਖੇਤਰਾਂ ‘ਚ ਕੱਲ੍ਹ ਚੋਣਾਂ ਹੋ ਰਹੀਆਂ ਹਨ ਉਨ੍ਹਾਂ ‘ਚ ਜੰਮੂ ਡਵੀਜ਼ਨ ‘ਚ ਕਿਸ਼ਤਵਾੜ, ਇੰਦਰਵਾਲ, ਡੋਡਾ, ਭਦਰਵਾਹ, ਰਾਮਬਨ ਤੇ ਬਨਿਹਾਲ, ਕਸ਼ਮੀਰ ‘ਚ ਗੁਰੇਜ਼, ਬਾਂਡੀਪੁਰਾ, ਸੋਨਾਵਰੀ, ਕੰਗਨ ਤੇ ਗਾਂਦਰਬਲ, ਲਦਾਖ਼ ਡਵੀਜ਼ਨ ‘ਚ ਨੁਰਬਾ, ਲੇਹ ਕਾਰਗਿਲ ਤੇ ਜੰਸਕਾਰ ਹਨ। ਪਹਿਲੇ ਗੇੜ ‘ਚ ਕੁੱਲ 1050250 ਵੋਟਰ ਹਨ। ਇਨ੍ਹਾਂ ‘ਚੋਂ 549698 ਪੁਰਸ਼ ਅਤੇ 500539 ਵੋਟਰ ਹਨ। ਲਦਾਖ਼ ਦੇ ਨੁਰਬਾ ‘ਚ ਸਭ ਤੋਂ ਘੱਟ 13054 ਵੋਟਰ ਹਨ। ਚੋਣ ਕਮਿਸ਼ਨ ਨੇ ਇਨ੍ਹਾਂ 15 ਚੋਣ ਖੇਤਰਾਂ ‘ਚ ਕਰੀਬ 1900 ਚੋਣ ਕੇਂਦਰ ਬਣਾਏ ਹਨ। ਬਾਂਡੀਪੁਰਾ, ਗਾਂਦਰਬਲ ਤੇ ਭਦਰਵਾਹ ਵਿਚ ਸਭ ਤੋਂ ਜ਼ਿਆਦਾ 13-13 ਉਮੀਦਵਾਰ ਮੈਦਾਨ ‘ਚ ਹਨ ਉੱਥੇ ਲੇਹ ‘ਚ ਸਭ ਤੋਂ ਘੱਟ ਦੋ ਉਮੀਦਵਾਰ ਮੈਦਾਨ ‘ਚ ਹਨ। ਲੇਹ ‘ਚ ਭਾਜਪਾ ਤੇ ਕਾਂਗਰਸ ‘ਚ ਸਿੱਧੀ ਟੱਕਰ ਹੈ। ਪਹਿਲੇ ਗੇੜ ‘ਚ 7 ਮੰਤਰੀ ਆਪਣੀ ਕਿਸਮਤ ਅਜ਼ਮਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਮੇਤ ਕਈ ਸਟਾਰ ਪ੍ਰਚਾਰਕਾਂ ਨੇ ਚੋਣ ਦੇ ਪਹਿਲੇ ਗੇੜ ਲਈ ਆਪਣੇ-ਆਪਣੇ ਪਾਰਟੀ ਉਮੀਦਵਾਰਾਂ ਦੇ ਹੱਕ ‘ਚ ਪ੍ਰਚਾਰ ਕੀਤਾ। ਉੱਧਰ ਹੁਰੀਅਤ ਕਾਨਫ਼ਰੰਸ ਦੇ ਸਾਰੇ ਧੜਿਆਂ ਤੇ ਜੇ.ਕੇ.ਐਲ.ਐਫ. ਵਰਗੇ ਵੱਖਵਾਦੀ ਸਮੂਹਾਂ ਨੇ ਚੋਣਾਂ ਦਾ ਬਾਈਕਾਟ ਕੀਤਾ ਹੈ ਅਤੇ ਆਮ ਹੜਤਾਲ ਦਾ ਸੱਦਾ ਦਿੱਤਾ ਹੈ।

(ਹਰਮਹਿੰਦਰ ਸਿੰਘ)

Install Punjabi Akhbar App

Install
×