ਖੰਡਰ ਬਣ ਰਿਹੈ ਜਮਾਦਾਰ ਹਰਨਾਮ ਸਿੰਘ ਦਾ ਛੋਟਾ ਬੰਗਲਾ ਰੂਪੀ ਘਰ

ਪਹਿਲੇ ਵਿਸ਼ਵ ਯੁੱਧ ਦੇ ਲੜਾਕੂ ਦੀ ਯਾਦ

ਕੁਦਰਤ ਨੇ ਹਰ ਜੀਵਨ ਕਰਮ ਦੇ ਲਈ ਸਮਾਂ ਸਿਧਾਂਤ ਤਹਿ ਕੀਤੇ ਹੋਏ ਹਨ। ਇਨਸਾਨ ਪਸੂ ਪੰਛੀ ਜਾਨਵਰ ਆਦਿ ਸਭ ਇਹਨਾਂ ਸਿਧਾਂਤਾਂ ਅਨੁਸਾਰ ਕੰਮ ਕਰਦੇ ਹਨ, ਬਣਾਉਂਦੇ ਹਨ ਢਾਉਂਦੇ ਹਨ ਅਤੇ ਜੀਵਨ ਬਸਰ ਕਰਕੇ ਚਲੇ ਜਾਂਦੇ ਹਨ। ਖਾਣ ਪੀਣ ਤੋਂ ਇਲਾਵਾ ਲੋੜ ਅਨੁਸਾਰ ਰਹਿਣ ਦਾ ਪ੍ਰਬੰਧ ਵੀ ਕਰਦੇ ਹਨ। ਘੁੱਗੀ ਚਾਰ ਕੁ ਡੱਕੇ ਰੱਖ ਕੇ ਆਲ੍ਹਣਾ ਸੰਪੂਰਨ ਕਰ ਲੈਂਦੀ ਹੈ ਤੇ ਉਸ ਵਿੱਚ ਹੀ ਆਂਡੇ ਦੇ ਕੇ ਬੱਚੇ ਪਾਲ ਲੈਂਦੀ ਹੈ। ਬਿਜੜਾ ਦਿਨ ਰਾਤ ਮਿਹਨਤ ਕਰਕੇ ਸ਼ਾਨਦਾਰ ਆਲ੍ਹਣਾ ਬੁਣਦਾ ਹੈ, ਉਸ ਵਿੱਚ ਝੋਲੀ ਬਣਾ ਕੇ ਉਸ ‘ਚ ਬੱਚੇ ਪਾਲਣ ਲਗਦਾ ਹੈ। ਪਰ ਜ਼ੋਰਦਾਰ ਹਨੇਰੀ ਆਉਂਦੀ ਹੈ ਤਾਂ ਘੁੱਗੀ ਦਾ ਆਲ੍ਹਣਾ ਵੀ ਖ਼ਤਮ ਹੋ ਜਾਂਦਾ ਹੈ ਤੇ ਬਿਜੜੇ ਦਾ ਵੀ। ਉਹ ਫਿਰ ਏਸ ਕੰਮ ਵਿੱਚ ਲੱਗ ਜਾਂਦੇ ਹਨ। ਇਨਸਾਨ ਜਾਗਰੂਕ ਤੇ ਸਮਝਦਾਰ ਹੈ, ਜੋ ਜ਼ਿੰਦਗੀ ਦੀ ਕਮਾਈ ਦੇ ਵੱਡੇ ਹਿੱਸੇ ਨਾਲ ਆਪਣੇ ਰਹਿਣ ਲਈ ਹਨੇਰੀਆਂ ਝੱਖੜਾਂ ਤੋਂ ਬਚਣ ਵਾਲਾ ਸੁੰਦਰ ਮਕਾਨ ਬਣਾਉਂਦਾ ਹੈ, ਉਹਦੀ ਆਰਜ਼ੂ ਲੰਬੀ ਜ਼ਰੂਰ ਹੁੰਦੀ ਹੈ ਪਰ ਇੱਕ ਦਿਨ ਉਹ ਵੀ ਖ਼ਤਮ ਹੋ ਜਾਂਦਾ ਹੈ। ਮੈਂ ਅਜਿਹੇ ਹੀ ਇੱਕ ਮਕਾਨ ਦੀ ਗੱਲ ਕਰਨ ਲੱਗਾ ਹਾਂ ਜੋ ਉੱਨ੍ਹੀਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਬਣਿਆਂ ਤਾਂ ਲੋਕ ਅਚੰਭੇ ਨਾਲ ਦੇਖਣ ਆਉਂਦੇ ਸਨ। ਲੋਕ ਉਸ ਮਕਾਨ ਨੂੰ ਛੋਟਾ ਬੰਗਲਾ ਵੀ ਕਹਿ ਦਿੰਦੇ, ਭਾਵੇਂ ਕਿ ਬੰਗਲਾ ਤਾਂ ਉਸ ਸਮੇਂ ਅੰਗਰੇਜ਼ ਅਫ਼ਸਰਾਂ ਦੀ ਰਿਹਾਇਸ਼ ਨੂੰ ਕਿਹਾ ਜਾਂਦਾ ਸੀ, ਪਰੰਤੂ ਸਮੇਂ ਅਨੁਸਾਰ ਕੱਚੇ ਮਕਾਨਾਂ ਜਾਂ ਅੱਧਪੱਕੇ ਮਕਾਨਾਂ ਦੇ ਮੁਕਾਬਲੇ ਜਦੋਂ ਕੋਈ ਵੱਧ ਸਹੂਲਤਾਂ ਵਾਲਾ ਸੁੰਦਰ ਮਕਾਨ ਬਣਾਉਂਦਾ ਤਾਂ ਲੋਕ ਛੋਟਾ ਬੰਗਲਾ ਕਹਿ ਕੇ ਮਾਣ ਵਧਾਉਂਦੇ। ਪਰ ਹੁਣ ਉਹ ਵਿਰਾਨ ਹੈ ਉਦਾਸ ਹੈ ਤੇ ਖੰਡਰ ਦਾ ਰੂਪ ਬਣਦਾ ਜਾ ਰਿਹਾ ਹੈ।
ਇਹ ਮਕਾਨ ਹੁਣ ਦੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਬੀਹਲਾ ਦੇ ਜਮਾਦਾਰ ਹਰਨਾਮ ਸਿੰਘ ਨੇ ਬਣਾਇਆ ਸੀ। ਉਹ ਲੰਬਾ ਸਮਾਂ ਫ਼ੌਜ ਵਿੱਚ ਰਹਿ ਕੇ ਦੇਸ ਦੀ ਸੇਵਾ ਕਰਦੇ ਰਹੇ, ਜਮਾਦਾਰ ਉਨ੍ਹਾਂ ਦਾ ਰੈਂਕ ਸੀ, ਜੋ ਅੱਜ ਕੱਲ੍ਹ ਦੇ ਨਾਇਬ ਸੂਬੇਦਾਰ ਦੇ ਬਰਾਬਰ ਹੁੰਦਾ ਸੀ। ਪਹਿਲੇ ਸੰਸਾਰ ਯੁੱਧ ਵਿੱਚ ਉਨ੍ਹਾਂ ਹਿੱਸਾ ਲੈਂਦਿਆਂ ਲੜਾਈ ਲੜੀ। ਲੜਾਈ ਖ਼ਤਮ ਹੋਣ ਉਪਰੰਤ ਉਹ ਅੰਗਰੇਜ਼ੀ ਰਾਜ ਸਮੇਂ ਹੀ ਪੈਨਸ਼ਨ ਆ ਗਏ, ਉਨ੍ਹਾਂ ਨੂੰ ਉਸ ਸਮੇਂ ਨੌਂ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਸੀ। ਸਮੇਂ ਅਨੁਸਾਰ ਇਹ ਚੰਗੀ ਰਕਮ ਸੀ, ਜਿਸ ਨਾਲ ਸਾਰਾ ਮਹੀਨਾ ਖਰਚ ਕਰਕੇ ਉਹ ਬੱਚਤ ਵੀ ਕਰ ਲੈਂਦੇ ਸਨ। ਇਸ ਤੋਂ ਇਲਾਵਾ ਉਹ ਜ਼ਮੀਨ ਜਾਇਦਾਦ ਦੇ ਵੀ ਮਾਲਕ ਸਨ।
ਪੈਨਸ਼ਨ ਆ ਕੇ ਹਰ ਵਿਅਕਤੀ ਵਾਂਗ ਉਨ੍ਹਾਂ ਅੰਦਰ ਵੀ ਮਕਾਨ ਬਣਾਉਣ ਦੀ ਇੱਛਾ ਪ੍ਰਬਲ ਹੋਈ। ਉਨ੍ਹਾਂ ਦੀ ਸਰਵਿਸ ਅੰਗਰੇਜ਼ੀ ਰਾਜ ਦੀ ਸੀ, ਉਨ੍ਹਾਂ ਅੰਗਰੇਜ਼ਾਂ ਦੇ ਘਰਾਂ ਕੋਠੀਆਂ ਵਿੱਚ ਸਹੂਲਤਾਂ ਦੇਖੀਆਂ ਸਨ, ਇਸ ਲਈ ਉਹ ਵੱਖਰੀ ਕਿਸਮ ਦਾ ਮਕਾਨ ਬਣਾਉਣ ਲੱਗੇ। ਇਹ ਮਕਾਨ ਸੰਨ ੧੯੩੬ ਵਿੱਚ ਬਣ ਕੇ ਮੁਕੰਮਲ ਹੋਇਆ। ਇਹ ਮਕਾਨ ਵੀਹੀ ਨਾਲੋਂ ਕਰੀਬ ਦੋ ਫੁੱਟ ਉੱਚਾ ਹੈ, ਸਾਰੀਆਂ ਦੀਵਾਰਾਂ ਡੇਢ ਇੱਟ ਚੌੜੀਆਂ ਹਨ ਤੇ ਉਹ ਇੱਟਾਂ ਵੀ ਅੱਜ ਨਾਲੋਂ ਵੱਡੀਆਂ ਹੁੰਦੀਆਂ ਸਨ, ਛੱਤਾਂ ਗਾਡਰਾਂ ਤੇ ਟੀ ਆਇਰਨਾਂ ਪਾ ਕੇ ਬਣਾਈਆਂ ਹਨ, ਘਰ ਮੂਹਰੇ ਕਰੀਬ ਢਾਈ ਫੁੱਟ ਚੌੜੀ ਚੌਕੜੀ ਬਣੀ ਹੋਈ ਹੈ। ਮੂਹਰੇ ਇੱਕ ਦਰਵਾਜ਼ਾ ਹੈ, ਜਿਸ ਨੂੰ ਛੋਟੇ ਸ਼ਾਇਦ ਦਾ ਗੇਟ ਲੱਗਾ ਹੋਇਆ ਹੈ, ਉਸਤੇ ਚੰਗੀ ਮੀਨਾਕਾਰੀ ਕਰਕੇ ਉਪਰ ਪਿੱਤਲ ਦੇ ਕੋਕੇ ਤੇ ਫ਼ੁਲ ਲੱਗੇ ਹੋਏ ਹਨ। ਦਰਵਾਜ਼ੇ ਦੀ ਛੱਤ ਕਰੀਬ ਤਿੰਨ ਫੁੱਟ ਗਲੀ ਵੱਲ ਵਧਾ ਕੇ ਉਸਦੇ ਚਾਰੇ ਪਾਸੇ ਸਰੀਆਂ ਦਾ ਜਾਲ ਬਣਿਆ ਹੋਇਆ ਹੈ। ਉੱਪਰ ਚੁਬਾਰਾ ਹੈ, ਜਿਸ ਦੀ ਛੱਤ ਤੋਂ ਅੱਗੇ ਵੀਹੀ ਵੱਲ ਕਰੀਬ ਤਿੰਨ ਫੁੱਟ ਲੋਹੇ ਦੀਆਂ ਚਾਦਰਾਂ ਦਾ ਵਾਧਰਾ ਹੈ, ਜਿਸ ਨੂੰ ਝਾਲਰਾਂ ਵੀ ਲੱਗੀਆਂ ਹੋਈਆਂ ਹਨ। ਚੁਬਾਰੇ ਦੇ ਸਿਖਰ ਇੱਕ ਸਰੀਆ ਗੱਡ ਕੇ ਉਸਤੇ ਲੋਹੇ ਦੀ ਚਾਦਰ ਦੀ ਮੋਰਨੀ ਸੀ, ਜੋ ਘੁੰਮ ਕੇ ਹਵਾ ਦੀ ਦਿਸ਼ਾ ਪ੍ਰਗਟ ਕਰਦੀ ਸੀ।
ਦਰਵਾਜ਼ੇ ਤੇ ਚੁਬਾਰੇ ਵਿੱਚ ਚਾਰ ਚੁਫੇਰੇ ਹਵਾਦਾਰ ਤਾਕੀਆਂ ਤੇ ਰੰਗਦਾਰ ਸ਼ੀਸ਼ਿਆਂ ਵਾਲੇ ਰੌਸ਼ਨਦਾਨ ਹਨ, ਜੋ ਇੱਕ ਰੱਸੀ ਦੇ ਸਹਾਰੇ ਖੋਲ੍ਹੇ ਬੰਦ ਕੀਤੇ ਜਾਂਦੇ। ਚੁਬਾਰੇ ਦੇ ਇੱਕ ਪਾਸੇ ਕੰਧ ਵਿੱਚ ਧੂੰਆਂ ਕੱਢਣ ਵਾਲੀ ਚਿਮਨੀ ਬਣੀ ਹੋਈ ਹੈ, ਉਸ ਦੇ ਹੇਠਾਂ ਸਰਦੀਆਂ ਵਿੱਚ ਲੱਕੜਾਂ ਨੂੰ ਅੱਗ ਲਾ ਕੇ ਰੱਖ ਦਿੱਤਾ ਜਾਂਦਾ ਸੀ, ਤਾਂ ਜੋ ਚੁਬਾਰਾ ਗਰਮ ਹੋ ਜਾਵੇ, ਇਹੋ ਜਿਹੀ ਚਿਮਨੀ ਕਈ ਵਾਰ ਫ਼ਿਲਮਾਂ ਵਿੱਚ ਵੇਖੀ ਜਾਂਦੀ ਹੈ। ਛੱਤ ਦੇ ਚਾਰਾਂ ਖੂੰਜਿਆਂ ਤੇ ਲਾਟੂ ਲਟਕਦੇ ਹਨ।

ਦਰਵਾਜ਼ੇ ਤੋਂ ਅੱਗੇ ਛੋਟਾ ਵਿਹੜਾ ਹੈ, ਜਿਸ ਦੇ ਇੱਕ ਪਾਸੇ ਰਸੋਈ ਹੈ, ਜਿਸ ਨੂੰ ਝਲਾਨੀ ਕਹਿੰਦੇ ਸਨ, ਜਿਸ ਵਿੱਚ ਅਲਮਾਰੀਆਂ ਤੋਂ ਇਲਾਵਾ ਸਮਾਨ ਰੱਖਣ ਲਈ ਪੜਛੱਤੀ, ਗੁੜ ਤੇ ਆਟਾ ਸੰਭਾਲਣ ਲਈ ਭੜੋਲੇ ਤੇ ਬੱਕਲੀਆਂ ਕੁੱਟਣ ਲਈ ਉਖਲੀ ਹੈ। ਇਸ ਦੀ ਕੰਧ ਵਿੱਚ ਵੀ ਚਿਮਨੀ ਬਣੀ ਹੋਈ ਸੀ, ਜਿਸ ਦੇ ਹੇਠਾਂ ਚੁੱਲ੍ਹਾ ਬਾਲਿਆ ਜਾਂਦਾ ਸੀ। ਵਿਹੜੇ ਦੇ ਇੱਕ ਪਾਸੇ ਚੁੱਲ੍ਹਾ ਚੌਂਤਰਾ ਹੈ, ਜਿਸ ਦੇ ਪਿੱਛੇ ਦੁੱਧ ਕਾੜ੍ਹਨ ਵਾਲੇ ਹਾਰੇ ਹਨ, ਹਾਰਿਆਂ ਦਾ ਧੂੰਆਂ ਨਿਕਲਣ ਲਈ ਵੀ ਕੰਧ ਵਿੱਚ ਚਿਮਨੀ ਬਣਾਈ ਗਈ ਹੈ, ਇਸ ਪਾਸੇ ਹੀ ਪੌੜੀਆਂ ਹਨ। ਵਿਹੜੇ ਤੋਂ ਅੱਗੇ ਬਰਾਂਡਾ ਹੈ, ਜਿਸ ਦੇ ਵਿੱਚ ਇੱਕ ਪਾਸੇ ਲੱਕੜ ਦੀ ਪੜਛੱਤੀ ਨੂੰ ਫੱਟਿਆਂ ਦੀ ਕੰਧ ਨਾਲ ਬੰਦ ਕੀਤਾ ਹੋਇਆ ਹੈ, ਜਿਸ ਨੂੰ ਅੰਦਰਲਾ ਚੁਬਾਰਾ ਕਿਹਾ ਜਾਂਦਾ ਹੈ, ਇਸ ਵਿੱਚ ਵਾਧੂ ਬਿਸਤਰੇ ਤੇ ਘੱਟ ਵਰਤੋਂ ਵਾਲਾ ਸਮਾਨ ਰੱਖਿਆ ਜਾਂਦਾ, ਵਿਆਹਾਂ ਸਮੇਂ ਲੱਡੂ ਜਲੇਬੀਆਂ ਵੀ ਇਸ ਵਿੱਚ ਹੀ ਸੰਭਾਲੇ ਜਾਂਦੇ ਸਨ। ਇਸ ਤੋਂ ਅੱਗੇ ਸਬਾਤ ਸੀ, ਜਿਸ ਦੀਆਂ ਕੰਧਾਂ ਕੱਚੀਆਂ ਸਨ, ਉਨ੍ਹਾਂ ਤੇ ਗੋਹਾ ਮਿੱਟੀ ਲਾ ਕੇ ਪਾਂਡੋ ਮਿੱਟੀ ਦਾ ਪੋਚਾ ਫੇਰਿਆ ਜਾਂਦਾ, ਜਿਸ ਨਾਲ ਪਤਾ ਹੀ ਨਹੀਂ ਸੀ ਲਗਦਾ ਕਿ ਕੰਧ ਕੱਚੀ ਹੈ ਜਾਂ ਪੱਕੀ। ਸਾਰੇ ਘਰ ਵਿੱਚ ਰੌਸ਼ਨੀ, ਧੁੱਪ ਤੇ ਹਵਾ ਦਾ ਪੂਰਾ ਪ੍ਰਬੰਧ ਸੀ।
ਇਸ ਘਰ ਵਿੱਚ ਜਮਾਦਾਰ ਹਰਨਾਮ ਸਿੰਘ ਦੇ ਘਰ ਸ੍ਰੀਮਤੀ ਬਸੰਤ ਕੌਰ ਦੀ ਕੁੱਖੋਂ ਦੋ ਪੁੱਤਰ ਤੇ ਦੋ ਪੁੱਤਰੀਆਂ ਨੇ ਜਨਮ ਲਿਆ। ਪੁੱਤਰ ਤਾਂ ਬਚਪਨ ਵਿੱਚ ਹੀ ਵਿੱਛੜ ਗਏ, ਪੁੱਤਰੀਆਂ ਨੂੰ ਉਨ੍ਹਾਂ ਸਮਰੱਥਾ ਅਨੁਸਾਰ ਪੜ੍ਹਾਇਆ ਤੇ ਵਿਆਹਿਆ, ਜਿਨ੍ਹਾਂ ਚੋਂ ਛੋਟੀ ਅਧਿਆਪਕਾ ਬਣੀ। ਦੋਵਾਂ ਪੁੱਤਰੀਆਂ ਦੇ ਬੱਚਿਆਂ ਦਾ ਜਨਮ ਵੀ ਇਸੇ ਘਰ ਵਿੱਚ ਹੋਇਆ, ਜੋ ਉਦੋਂ ਦੇ ਸਭਿਆਚਾਰ ਮੁਤਾਬਿਕ ਲੜਕੀਆਂ ਪੇਕੇ ਘਰ ਹੀ ਬੱਚੇ ਨੂੰ ਜਨਮ ਦਿੰਦੀਆਂ ਸਨ। ਸਮਾਂ ਆਪਣੀ ਰਫ਼ਤਾਰ ਨਾਲ ਤੁਰਦਾ ਗਿਆ, ਜਮਾਦਾਰ ਹਰਨਾਮ ਸਿੰਘ ਤੇ ਬਸੰਤ ਕੌਰ ਮਿਹਨਤ ਨਾਲ ਬਣਾਇਆ ਘਰ ਛੱਡ ਕੇ ਦੁਨੀਆ ਤੋਂ ਰੁਖ਼ਸਤ ਹੋ ਗਏ, ਧੀਆਂ ਵਿਆਹੀਆਂ ਗਈਆਂ। ਅੱਗੇ ਉਨ੍ਹਾਂ ਦੇ ਬੱਚੇ ਆਪਣੇ ਆਪਣੇ ਕੰਮਾਂ ਧੰਦਿਆਂ ਵਿੱਚ ਰੁੱਝ ਗਏ। ਘਰ ਦੀ ਸੰਭਾਲ ਨਾ ਰਹੀ, ਅਖੀਰ ਉਹ ਖਸਤਾ ਹੋ ਕੇ ਭੁਰਨ ਲੱਗਾ। ਕੰਧਾਂ ਤੋਂ ਲਿਓੜ ਡਿੱਗਣ ਲੱਗੇ, ਵਾਧਰੇ ਦੇ ਟੀਨ ਲਮਕੇ ਤੇ ਟੁੱਟ ਗਏ, ਚੌਕੜੀ ਢਹਿ ਗਈ, ਵਾਧਰੇ ਦੇ ਸਰੀਏ ਤੇ ਛੱਤਾਂ ਦੀਆਂ ਟੀ ਆਇਰਨਾਂ ਜੰਗਾਲ ਲੱਗ ਕੇ ਭੁਰ ਗਈਆਂ, ਇੱਟਾਂ ਡਿੱਗ ਪਈਆਂ, ਸਬਾਤ ਦੀ ਛੱਤ ਡਿੱਗ ਗਈ। ਘਰ ‘ਚ ਵੀਰਾਨੀ ਤੇ ਉਦਾਸੀ ਛਾ ਗਈ, ਛੋਟਾ ਬੰਗਲਾ ਹੁਣ ਖੰਡਰ ਬਣ ਗਿਆ।
ਦੁਖੀ ਹਿਰਦੇ ਨਾਲ ਦੱਸਣਾ ਪੈ ਰਿਹੈ, ਇਹ ਘਰ ਮੇਰੇ ਨਾਨਾ ਜੀ ਦਾ ਹੈ, ਜਿਸ ਵਿੱਚ ਰਹਿ ਕੇ ਮੈਂ ਮੁੱਢਲੀ ਪੜ੍ਹਾਈ ਵੀ ਕੀਤੀ ਸੀ। ਹੁਣ ਜਦੋਂ ਘਰ ਦੀ ਯਾਦ ਆਉਂਦੀ ਐ ਤਾਂ ਭੱਜ ਕੇ ਜਾਈਦਾ ਹੈ, ਕਿਉਂਕਿ ਇਸ ਨਾਲ ਪੁਰਾਣੀਆਂ ਯਾਦਾਂ ਦੀ ਸਾਂਝ ਹੈ, ਪਰ ਉੱਥੇ ਪਹੁੰਚ ਕੇ ਮਨ ਉਦਾਸ ਹੋ ਜਾਂਦਾ ਹੈ ਦਿਲ ਨੂੰ ਹੌਲ ਜਿਹਾ ਪੈਣ ਲਗਦਾ ਹੈ। ਪਰ ਜੀਵਨ ਦੀਆਂ ਮਜਬੂਰੀਆਂ ਵੱਲ ਵੇਖਦਿਆਂ ਸਬਰ ਹੀ ਕਰਨਾ ਪੈਂਦਾ ਹੈ। ਕਈ ਵਾਰ ਖ਼ਿਆਲ ਆਉਂਦੈ ਕਿ ਕਟਾ-ਵੱਢੀ ਵੇਲੇ ਲੱਖਾਂ ਮੁਸਲਮਾਨ ਆਪਣੇ ਭਰੇ ਭਰਾਏ ਘਰ ਛੱਡ ਕੇ ਪਾਕਿਸਤਾਨ ਚਲੇ ਗਏ ਤੇ ਉਹ ਜਿਉਂਦੇ ਜੀਅ ਮੁੜ ਘਰ ਦੇ ਦਰਸ਼ਨਾਂ ਲਈ ਤਾਂਘਦੇ ਰਹੇ। ਅਸੀਂ ਤਾਂ ਆਪਣੇ ਦੇਸ ਵਿੱਚ ਹੀ ਰਹਿ ਕੇ ਪਰਦੇਸੀ ਜਿਹੇ ਬਣ ਗਏ ਹਾਂ, ਪਰ ਆਖ਼ਰੀ ਹੱਲ ਸਬਰ ਹੀ ਬਣਦੈ। ਬੀਹਲੇ ਵਿੱਚ ਘਰ ਤਾਂ ਹੋਰ ਵੀ ਚੰਗੇ ਚੰਗੇ ਸਨ, ਜਿਨ੍ਹਾਂ ਵਿੱਚ ਬਾਬਾ ਬਸੰਤ ਕਾ ਦਰਵਾਜ਼ਾ, ਅਕਾਲੀਆਂ ਦਾ ਘਰ, ਬੈਰਿਸਟਰਾਂ ਦਾ ਵੱਡਾ ਮਕਾਨ, ਰਲਾ ਸਿਉਂ ਦਾ ਦਰਵਾਜ਼ਾ ਆਦਿ ਤੋਂ ਇਲਾਵਾ ਸਾਧੂ ਕੀ ਹਵੇਲੀ ਤੇ ਜਬਰ ਸਿਉਂ ਕੀ ਹਵੇਲੀ ਵੀ ਗਿਣਨ ਯੋਗ ਹਨ, ਪਰ ਇਸ ਮਕਾਨ ਦੀ ਖ਼ਾਸੀਅਤ ਇਹ ਸੀ ਕਿ ਇਸ ਦੀ ਦਿੱਖ ਅੰਗਰੇਜ਼ੀ ਸੀ ਤੇ ਆਧੁਨਿਕ ਸਹੂਲਤਾਂ ਸਨ।

(ਬਲਵਿੰਦਰ ਸਿੰਘ ਭੁੱਲਰ)
+91 98882-75913

Install Punjabi Akhbar App

Install
×