ਸੈਕਰਾਮੈਂਟੋ ਵਿਖੇ ਜਲ੍ਹਿਆਂਵਾਲੇ ਬਾਗ ਦੇ ਸਾਕੇ ਦੇ ਸ਼ਹੀਦਾਂ ਨੂੰ ਕੀਤਾ ਯਾਦ  

  • ਡਾ. ਐੱਸ.ਪੀ. ਸਿੰਘ ਓਬਰਾਏ ਮੁੱਖ ਮਹਿਮਾਨ ਵਜੋਂ ਹੋਏ ਹਾਜ਼ਰ

FullSizeRender (4)

ਸੈਕਰਾਮੈਂਟੋ,  —ਸ਼ਹੀਦ ਊਧਮ ਸਿੰਘ ਮੈਮੋਰੀਅਲ ਫਾਊਂਡੇਸ਼ਨ ਆਫ ਨਾਰਥ ਅਮਰੀਕਾ ਵੱਲੋਂ ਜਲ੍ਹਿਆਂਵਾਲੇ ਬਾਗ ਦੇ ਸਾਕੇ ਦੀ 100ਵੀਂ ਬਰਸੀ ਮੌਕੇ 3 ਦਿਨਾਂ ਸਮਾਗਮ ਕਰਵਾਏ ਗਏ। 5 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ, ਸੈਕਰਾਮੈਂਟੋ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦਾ ਆਰੰਭ ਹੋਇਆ ਅਤੇ 7 ਅਪ੍ਰੈਲ ਨੂੰ ਇਸ ਦੇ ਭੋਗ ਪਾਏ ਗਏ। ਉਪਰੰਤ ਕੀਰਤਨ ਦਰਬਾਰ ਅਤੇ ਢਾਡੀ ਦਰਬਾਰ ਹੋਇਆ। ਇਸ ਮੌਕੇ ਜਲ੍ਹਿਆਂਵਾਲੇ ਬਾਗ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਡਾ. ਐੱਸ.ਪੀ. ਸਿੰਘ ਓਬਰਾਏ (ਮੈਨੇਜਿੰਗ ਟਰੱਸਟੀ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਦੁਬਈ  ਨੂੰ ਵਿਸ਼ੇਸ਼ ਤੌਰ ‘ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਜਿੱਥੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ, ਉਥੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਕੰਮਾਂ ਬਾਰੇ ਆਈ ਸੰਗਤ ਨੂੰ ਵਿਸਥਾਰ ਪੂਰਵਕ  ਜਾਣਕਾਰੀ ਵੀ ਦਿੱਤੀ।ਸ਼ਹੀਦ ਊਧਮ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਗੁਲਿੰਦਰ ਗਿੱਲ ਨੇ ਵਿਸ਼ੇਸ਼ ਤੌਰ ‘ਤੇ ਸਮੂੰਹ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚਰਨ ਸਿੰਘ ਜੱਜ, ਜਨਕ ਸਿੱਧਰਾ, ਗੁਰਜਤਿੰਦਰ ਸਿੰਘ ਰੰਧਾਵਾ, ਬਲਵਿੰਦਰ ਡੁਲਕੂ, ਗੁਰਦੀਪ ਗਿੱਲ ਤੇ ਮਦਨ ਸ਼ਰਮਾ ਨੇ ਵੀ ਆਪਣੇ ਵਿਚਾਰ ਰੱਖੇ।

6 ਅਪ੍ਰੈਲ ਨੂੰ ਹੋਟਲ ਹਾਲੀਡੇ ਇੰਨ ਵਿਚ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਜਲ੍ਹਿਆਂਵਾਲੇ ਬਾਗ ਦੇ ਸਾਕੇ ਬਾਰੇ ਚਰਚਾਵਾਂ ਹੋਈਆਂ। ਆਏ ਹੋਏ ਬੁੱਧੀਜੀਵੀਆਂ, ਵਿਦਵਾਨਾਂ, ਸਾਇੰਸਦਾਨਾਂ ਨੇ ਜਲ੍ਹਿਆਂਵਾਲੇ ਬਾਗ ਦੇ ਸਾਕੇ ਦੀ 100ਵੀਂ ਬਰਸੀ ‘ਤੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਇਨ੍ਹਾਂ ਬੁਲਾਰਿਆਂ ਵਿਚ ਡਾ. ਐੱਸ.ਪੀ. ਸਿੰਘ ਓਬਰਾਏ, ਡਾ. ਗੁਰਮੇਲ ਸਿੱਧੂ, ਡਾ. ਗੁਰਦੇਵ ਸਿੰਘ ਖੁਸ਼, ਡਾ. ਹਰਦਮ ਸਿੰਘ ਆਜ਼ਾਦ ਹਿਊਸਟਨ, ਪ੍ਰੋ. ਹਰਪਾਲ ਸਿੰਘ ਗਿੱਲ, ਪੰਡਤ ਮਿਸ਼ਰਾ ਜੀ, ਡਿਪਟੀ ਸੀ.ਜੀ. ਰੋਹਿਤ, ਚਰਨ ਸਿੰਘ ਜੱਜ, ਗੁਲਿੰਦਰ ਗਿੱਲ, ਗੁਰਜਤਿੰਦਰ ਸਿੰਘ ਰੰਧਾਵਾ, ਜਨਕ ਰਾਜ ਸਿਧਰਾ, ਬਲਵਿੰਦਰ ਡੁਲਕੂ, ਮਦਨ ਸ਼ਰਮਾ, ਗੁਰਦੀਪ ਗਿੱਲ ਤੇ ਪਰਨੀਤ ਗਿੱਲ ਸ਼ਾਮਲ ਸਨ। ਸਮਾਗਮ ਵਿਚ ਅਮਰੀਕੀ ਆਗੂ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਅਤੇ ਉਨ੍ਹਾਂ ਨੇ ਵੀ ਜਲ੍ਹਿਆਂਵਾਲੇ ਬਾਗ ਦੇ ਸਾਕੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਸ ਘਟਨਾ ‘ਤੇ ਅਫਸੋਸ ਵੀ ਜ਼ਾਹਿਰ ਕੀਤਾ। ਇਨ੍ਹਾਂ ਅਮਰੀਕੀ ਆਗੂਆਂ ਵਿਚ ਕਾਊਂਟੀ ਸੁਪਰਵਾਈਜ਼ਰ ਸੂਅ ਫਰੋਸਟ, ਕਾਊਂਟੀ ਸੁਪਰਵਾਈਜ਼ਰ ਡਾਨ ਨਟੋਲੀ, ਸ਼ੈਰਿਫ ਸਕਾਟ ਜੋਨਸ ਅਤੇ ਸਟੀਵ ਲੀ ਸ਼ਾਮਲ ਸਨ।ਇਸ ਮੌਕੇ ਨਿਕੋਲ ਰੰਗਾਨਾਥਨ ਵੱਲੋਂ ਅਮਰੀਕਾ ਵਿਚ ਪੰਜਾਬੀ ਔਰਤਾਂ ਬਾਰੇ ਤਿਆਰ ਕੀਤੀ ਡਾਕੂਮੈਂਟਰੀ ਫਿਲਮ ਦਿਖਾਈ ਗਈ।ਸ਼ਹੀਦ ਊਧਮ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਪ੍ਰਬੰਧਕਾਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਵਿਚ ਇੰਟਰਨੈਸ਼ਨਲ ਪੰਜਾਬੀ ਕਲਚਰਲ ਅਕੈਡਮੀ, ਐਲਕ ਗਰੋਵ ਪਾਰਕ ਤੀਆਂ, ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਆਫ ਪੰਜਾਬੀ ਵੂਮੈਨ ਯੂਬਾ ਸਿਟੀ, ਪੰਜਾਬੀ ਅਮਰੀਕਨ ਹੈਰੀਟੇਜ ਸੁਸਾਇਟੀ ਯੂਬਾ ਸਿਟੀ, ਨਟੋਮਸ ਤੀਆਂ, ਰੋਜ਼ਵਿਲ ਤੀਆਂ, ਸੈਕਰਾਮੈਂਟੋ ਖਾਲਸਾ ਟਰੱਕਿੰਗ ਆਰਗੇਨਾਈਜ਼ੇਸ਼ਨ, ਚੜ੍ਹਦਾ ਪੰਜਾਬ ਕਲੱਬ ਸੈਕਰਾਮੈਂਟੋ, ਕੋਹਿਨੂਰ ਕਲੱਬ ਤੇ ਪੰਜਾਬ ਪ੍ਰੋਡਕਸ਼ਨ ਕਲੱਬ ਸ਼ਾਮਲ ਸਨ। ਕੁੱਲ ਮਿਲਾ ਕੇ ਸਮਾਗਮ ਕਾਮਯਾਬ ਰਿਹਾ।

Install Punjabi Akhbar App

Install
×