ਜਲ ਜੀਵਨ ਬਚਾਓ ਮੋਰਚਾ ਦੀ ਕੋਰ ਕਮੇਟੀ ਦੀ ਹੋਈ ਮੀਟਿੰਗ

ਸ਼ਹਿਰ ਵਾਸੀ 15 ਮਾਰਚ ਨੂੰ ਮਿੰਨੀ ਸਕੱਤਰੇਤ ਪਹੁੰਚਣ – ਸ਼ੰਕਰ ਸ਼ਰਮਾ

(ਫਰੀਦਕੋਟ) – ਜਲ ਜੀਵਨ ਬਚਾਓ ਮੋਰਚਾ ਫਰੀਦਕੋਟ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿੱਚ   ਭਾਰਤ ਸਰਕਾਰ ਵੱਲੋਂ ਪੱਕੀ ਕੀਤੀ ਜਾ ਰਹੀ ਇੰਦਰਾ ਗਾਂਧੀ ਕਨਾਲ ਦੇ ਵਿਰੋਧ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਆਗੂ ਸ਼ਾਮਿਲ ਹੋਏ। ਇਸ   ਮੌਕੇ ਜਥੇਬੰਦੀਆਂ ਵੱਲੋਂ ਇਹ ਫੈਂਸਲਾ ਲਿਆ ਗਿਆ ਕਿ ਇਹ ਸਰਕਾਰ ਦਾ ਲੋਕ ਤੇ ਕੁਦਰਤ ਵਿਰੋਧੀ ਫ਼ੈਸਲਾ ਹੈ। ਪੰਜਾਬ ਦੇ ਪਾਣੀ ਦੇ ਸੋਮੇ ਕਿਸੇ ਹਾਲਤ ਵਿੱਚ ਪੱਕੇ ਨਹੀਂ ਹੋਣ ਦਿੱਤੇ ਜਾਣਗੇ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰਾਜਬੀਰ ਸਿੰਘ ਸੰਧਵਾਂ ਬੀਕੇਯੂ ਕਾਦੀਆਂ ਦੇ ਆਗੂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਇਹ ਲੋਕ ਵਿਰੋਧੀ ਫ਼ੈਸਲਾ ਲਵੇਗੀ ਤਾਂ ਪੰਜਾਬ ਦਾ ਭਵਿੱਖ ਖਤਰੇ ਵਿਚ ਪੈ ਜਾਵੇਗਾ ਜੋ ਪੰਜਾਬ ਦੇ ਲੋਕ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ। ਮੀਟਿੰਗ ਵਿੱਚ ਜਲ ਜੀਵਨ ਬਚਾਓ ਮੋਰਚਾ ਦੇ ਕਨਵੀਨਰ ਸ਼ੰਕਰ ਸ਼ਰਮਾ ਨੇ 15 ਮਾਰਚ ਨੂੰ ਸਵੇਰੇ 11 ਵਜੇ ਮਿੰਨੀ ਸਕੱਤਰੇਤ ਵਿੱਚ ਪਹੁੰਚਣ ਦੀ ਅਪੀਲ ਕੀਤੀ ਤਾਂ ਜੋ ਪ੍ਰਸ਼ਾਸਨ ਨੂੰ ਦੱਸ ਦਿੱਤਾ ਜਾਵੇ ਕਿ ਫ਼ਰੀਦਕੋਟ ਦੇ ਲੋਕ ਪੀਣ ਲਾਇਕ ਪਾਣੀ ਤੋਂ ਵਾਂਝੇ ਨਾ ਹੋ ਜਾਣ ਇਸ ਲਈ ਇਸ ਪ੍ਰੋਜੈਕਟ ਨੂੰ ਰੱਦ ਕੀਤਾ ਜਾਵੇ।    ਉਹਨਾਂ ਕੁਦਰਤ ਪ੍ਰੇਮੀਆ ਤੇ ਸ਼ਹਿਰ ਵਾਸੀਆਂ ਨੂੰ ਵੱਡੀ ਗਿਣਤੀ ਵਿਚ ਸ਼ਾਮਿਲ   ਹੋ ਕੇ ਮਿੰਨੀ ਸਕੱਤਰੇਤ ਵਿਖੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਕੋ ਕਨਵੀਨਰ ਡਾ ਪ੍ਰਿਤਪਾਲ ਸਿੰਘ ਨੇ ਲਾਮਬੰਦੀ ਨੂੰ ਹੋਰ ਤੇਜ਼ ਕਰਨ ਲਈ ਕਿਹਾ। ਇਸ ਮੌਕੇ ਮੁਲਾਜ਼ਮ ਆਗੂ ਜਤਿੰਦਰ ਕੁਮਾਰ, ਪੀਆਰਟੀਸੀ ਆਗੂ ਸਿਮਰਜੀਤ ਸਿੰਘ, ਸੀਰ ਸੋਸਾਇਟੀ ਤੋਂ ਸੰਦੀਪ ਅਰੋੜਾ, ਕਰਮਜੀਤ ਸਿੰਘ ਸਰਾਂ, ਡੀਟੀਐੱਫ ਤੋਂ ਮਦਨ ਲਾਲ, ਕਿਰਤੀ ਕਿਸਾਨ ਯੂਨੀਅਨ ਤੋਂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਕੌਮੀ ਕਿਸਾਨ ਯੂਨੀਅਨ ਤੋਂ ਆਗੂ ਗੁਰਮੀਤ ਸਿੰਘ, ਹਰਿੰਦਰਾ ਨਗਰ ਸੋਸਾਇਟੀ ਤੋਂ ਕੇਵਲ ਸਿੰਘ ਗਿੱਲ, ਸਟੂਡੈਂਟ ਆਗੂ ਕੇਸ਼ਵ ਅਜ਼ਾਦ, ਕ੍ਰਾਤੀਕਾਰੀ ਯੂਨੀਅਨ ਪੰਜਾਬ ਵੱਲੋਂ ਭੁਪਿੰਦਰ ਸਿੰਘ, ਸੁਖਦੇਵ ਸਿੰਘ ਜਿਲ੍ਹਾ ਮੀਤ ਪ੍ਰਧਾਨ, ਤਾਰਾ ਸਿੰਘ ਭੱਟੀ ਜੀਵਨ ਨਗਰ ਤੋਂ ਸ਼ਾਮਿਲ ਹੋਏ। ਅੱਜ ਤੋਂ ਜਲ ਜੀਵਨ ਬਚਾਓ ਮੋਰਚਾ ਆਪਣੀਆਂ ਗਤੀਵਿਧੀਆਂ ਤੇਜ਼ ਕਰੇਗਾ ਤਾਂ ਜੋ ਇਹ ਪੰਜਾਬ ਵਿਰੋਧੀ ਫ਼ੈਸਲਾ ਵਾਪਿਸ ਕਰਵਾਇਆ ਜਾ ਸਕੇ।