“ਕੈਮਰਾ ਫੋਟੋ ਨਹੀਂ ਖਿੱਚਦਾ, ਕੈਮਰਾ ਤਾ ਇੱਕ ਇੰਸਟਰੂਮੈਂਟ ਹੈ ਅਸਲ ਚ ਤੁਹਾਡਾ ਤੀਸਰਾ ਨੇਤਰ ਹੈ ਜੋ ਫੋਟੋ ਖਿੱਚਦਾ ਹੈ। ਇਹੋ ਦ੍ਰਿਸ਼ਟੀਕੋਣ ਮੇਰੀਆਂ ਪੁਸਤਕਾਂ ਵਿਚੋਂ ਉਭਰਦਾ ਹੈ। ਮੇਰੇ ਕੈਰੀਅਰ ਦੀ ਸ਼ੁਰੂਆਤ ਇੱਕ ਪ੍ਰੈੱਸ ਫੋਟੋਗ੍ਰਾਫ਼ਰ ਦੇ ਤੌਰ ਤੇ ਹੌਈ ਅਤੇ ਜਦੋਂ ਮੇਰੇ ਗੋਡੇ ਜੁਆਬ ਦੇ ਗਏ ਤੇ ਮੇਰੇ ਹੱਥ ਵਿਚ ਸਟਿੱਕ ਆ ਗਈ ਤਾ ਮੈਂ ਆਪਣਾ ਧਿਆਨ ਫੋਟੋਗ੍ਰਾਫ਼ੀ ਦੀ ਥਾਂ ਪੁਸਤਕਾਂ ਵੱਲ ਲਗਾ ਦਿੱਤਾ। ਮੇਰਾ ਇਹ ਯਤਨ ਹੈ ਕਿ ਮੈਂ ਆਪਣੇ ਸਭਿਆਚਾਰ, ਭਾਸ਼ਾ, ਸਾਹਿਤ, ਇਤਿਹਾਸ ਬਾਰੇ ਕੁੱਝ ਯੋਗਦਾਨ ਪਾ ਸਕਾ। ਇਸ ਲਈ ਮੈਂ ਨਿਰੰਤਰ ਯਤਨਸ਼ੀਲ ਹਾਂ ਕਿ ਸਾਡੇ ਇਤਿਹਾਸ ਦੇ ਅਣਗੋਲੇ ਸੁਨਹਿਰੀ ਪੰਨਿਆਂ ਨੂੰ ਉਜਾਗਰ ਕੀਤਾ ਜਾ ਸਕੇ। ਇਸ ਲਈ ਮੈਂ ਅੱਠ ਨੋ ਖੌਜਾਰਥੀਆਂ ਨੂੰ ਆਪਣੀ ਤਵਾਰੀਖ, ਆਪਣੀ ਰਹਿਤਲ ਦੀ ਖੋਜ ਕਰਨ ਲਈ ਤਿਆਰ ਕੀਤਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਦੋ ਖੋਜ ਵਿਦਿਆਰਥੀ ਭਾਈ ਰਣਧੀਰ ਸਿੰਘ ਅਤੇ ਗਿਆਨੀ ਨਾਹਰ ਸਿੰਘ ਦੀ ਇਤਿਹਾਸਕ ਦੇਣ ਬਾਰੇ ਖੋਜ ਕਰ ਰਹੇ ਹਨ”। ਇਹ ਭਾਵ ਹਰਿਦਰਸ਼ਨ ਮੈਮੋਰੀਅਲ ਟਰੱਸਟ ਕੈਨੇਡਾ ਦੇ ਮੁਖੀ ਜੈਤੇਗ ਸਿੰਘ ਅਨੰਤ ਨੇ ਮਾਲਵਾ ਰਿਸਰਚ ਸੈਂਟਰ ਪਟਿਆਲਾ ਰਜਿ. ਅਤੇ ਅਦਾਰਾ ਜਾਗੋਂ ਇੰਟਰਨੈਸ਼ਨਲ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸਹਿਯੋਗ ਨਾਲ ਅਜੀਤ ਭਵਨ ਵਿਖੇ ਅਯੋਜਿਤ ਲੇਖਕ ਮਿਲਣੀ ਪ੍ਰੋਗਰਾਮ ਤਹਿਤ ਬੁੱਧੀਜੀਵੀਆਂ ਸਾਹਿਤਕਾਰਾਂ ਚਿੰਤਕਾਂ ਦੇ ਰੂ-ਬ-ਰੂ ਹੁੰਦੇ ਹੋਏ ਵਿਅਕਤ ਕੀਤੇ। ਉਨ੍ਹਾਂ ਨੇ ਹੋਰ ਕਿਹਾ ਕਿ “ਇਹ ਸਾਲ ਤਵਾਰੀਖ ਦਾ ਸਾਲ ਹੈ, ਇਸ ਸੰਦਰਭ ਵਿਚ ਲਾਹੌਰ ਸਾਜਿਸ਼ ਕੇਸ ਸਬੰਧੀ ਅਸੀ ਪੂਰਬੀ ਤੇ ਪੱਛਮੀ ਪੰਜਾਬ ਵਿਚ ਅਨੇਕਾਂ ਸਮਾਗਮ ਕਰਕੇ ਲੋਕਾਂ ਨੂੰ ਚੇਤੰਨ ਕੀਤਾ ਹੈ ਅਤੇ ਖੋਜਾਰਥੀਆਂ ਨੂੰ ਐਵਾਰਡ ਦਿੱਤੇ ਹਨ। ਸਾਡੀ ਚੈਰਿਟੀ ਬੱਚਿਆਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਤੇ ਸਿੱਖਿਅਤ ਕਰਨ ਬਾਰੇ ਹੈ। ਮਾਲਵਾ ਰਿਸਰਚ ਸੈਂਟਰ ਪਟਿਆਲਾ ਰਜਿ. ਤੇ ਅਦਾਰਾ ਜਾਗੋ ਇੰਟਰਨੈਸ਼ਨਲ ਜਮੀਨੀ ਹਕੀਕਤਾਂ ਨਾਲ ਜੁੜ ਕੇ ਲੋਕ ਪੱਖੀ ਕਾਰਜ ਕਰ ਰਿਹਾ ਹੈ ਜਿਸਦੀ ਦੇਸ਼ ਵਿਦੇਸ਼ ਵਿਚ ਪ੍ਰਸੰਸਾ ਹੋ ਰਹੀ ਹੈ।” ਸ. ਜੈਤੇਗ ਸਿੰਘ ਅਨੰਤ ਨੇ ਕੈਨੇਡੀਅਨ ਪੰਜਾਬੀ ਸਮਾਜ ਬਾਰੇ ਵਿਚਾਰ ਪ੍ਰਗਟ ਕੀਤੇ। ਸਮਾਗਮ ਦੇ ਆਰੰਭ ਵਿਚ ਡਾ. ਭਗਵੰਤ ਸਿੰਘ ਨੇ ਜੈਤੇਗ ਸਿੰਘ ਅਨੰਤ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਕਾਰਜਾਂ ਬਾਰੇ ਬਿਆਨ ਕੀਤਾ। ਉਨ੍ਹਾਂ ਦੀਆਂ ਪੁਸਤਕਾਂ ਸਿਰਦਾਰ ਕਪੂਰ ਸਿੰਘ, ਇੱਕ ਸਿੱਖ ਦਾ ਬੁੱਧ ਨੂੰ ਪ੍ਰਣਾਮ, ਬੇਨਿਆਜ਼ ਹਸਤੀ ਉਸਤਾਦ ਦਾਮਨ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਡਾ. ਤੇਜਵੰਤ ਮਾਨ ਨੇ ਕਿਹਾ ਕਿ ਜੈਤੇਗ ਸਿੰਘ ਅਨੰਤ ਦੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਸੰਕਲਪਾਂ ਅਤੇ ਪੰਜਾਬ ਬਾਰੇ ਫਿਕਰਮੰਦੀ ਦੀ ਕਦਰ ਕਰਨੀ ਬਣਦੀ ਹੈ। ਉਹਨਾ ਨੇ ਦੱਸਿਆ ਕਿ ਭਾਈ ਰਣਧੀਰ ਸਿੰਘ ਤੇ ਗਿਆਨੀ ਨਾਹਰ ਸਿੰਘ ਪੰਚ ਖਾਲਸਾ ਦੀਵਾਨ ਭਸੌੜ ਨਾਲ ਜੁੜੇ ਹੋਏ ਸਨ। ਉਨ੍ਹਾਂ ਹੋਰ ਕਿਹਾ ਕਿ ਯੂਨੀਵਰਸਿਟੀਆਂ ਇਤਿਹਾਸ ਅਤੇ ਸਾਹਿਤ ਦੀ ਸਹੀ ਖੋਜ ਵਿਚ ਰੁਕਾਵਟਾ ਪਾਉਦੀਆਂ ਹਨ। ਜੈਤੇਗ ਸਿੰਘ ਅਨੰਤ ਆਪਣੀ ਬੇਬਾਕੀ ਨਾਲ ਇਨ੍ਹਾਂ ਅਦਾਰਿਆਂ ਨੂੰ ਚੇਤੰਨ ਕਰਦੇ ਹਨ ਜੋ ਕਿ ਬਹੁਤ ਪ੍ਰਸੰਸਾਯੋਗ ਹੈ। ਡਾ. ਨਰਵਿੰਦਰ ਕੌਸ਼ਲ ਸਾਬਕਾ ਡੀਨ ਨੇ ਅਜੌਕੇ ਸਮੇਂ ਵਿਚ ਅਨੰਤ ਜੀ ਵਲੋਂ ਕੀਤੇ ਜਾ ਰਹੇ ਕਾਰਜ ਦੀ ਪ੍ਰਸੰਸਾ ਕੀਤੀ। ਪ੍ਰਸਿੱਧ ਖੋਜੀ ਅਤੇ ਬਹੁਪੱਖੀ ਸਾਹਿਤਕਾਰ ਕ੍ਰਿਸਨ ਬੇਤਾਬ ਨੇ ਇਤਿਹਾਸ ਦੀ ਖੋਜ ਬਾਰੇ ਗੰਭੀਰ ਚੋਣਤੀਆਂ ਦਾ ਜ਼ਿਕਰ ਕੀਤਾ। ਡਾ. ਇਕਬਾਲ ਸਿੰਘ, ਡਾ. ਸੁਖਵਿੰਦਰ ਸਿੰਘ ਪਰਮਾਰ, ਡਾ. ਭਗਵੰਤ ਸਿੰਘ , ਸਤਿੰਦਰ ਫੱਤਾ, ਜਗਦੀਪ ਸਿੰਘ, ਕਰਤਾਰ ਠੁੱਲੀਵਾਲ, ਰਾਜਕੁਮਾਰ ਗਰਗ, ਬਲਰਾਜ ਬਾਜੀ, ਸੁਖਵਿੰਦਰ ਸਿੰਘ ਫੁੱਲ,਼ ਅਮਰੀਕ ਗਾਗਾ, ਕਾਲਾ ਤੂਰ, ਜੀਤ ਹਰਜੀਤ, ਧਰਮੀ ਤੁੰਗਾਂ, ਦੇਸ਼ ਭੂਸਨ ਨੇ ਚਰਚਾ ਵਿੱਚ ਭਾਗ ਲਿਆ। ਖਲੀਲ ਖਾਨ ਅਤੇ ਗਗਨਦੀਪ ਕੁਮਾਰ ਨੇ ਆਪਣੀ ਖੋਜ ਬਾਰੇ ਦੱਸਿਆ। ਸੈਂਟਰ ਵੱਲੋਂ ਜੈਤੇਗ ਸਿੰਘ ਅਨੰਤ ਦਾ ਸਨਮਾਨ ਕੀਤਾ ਗਿਆ।ਬਲਰਾਜ ਬਾਜੀ ਨੇ ਮੰਚ ਸੰਚਾਲਨ ਕੀਤਾ।