ਸਿੱਖ ਵਿਦਵਾਨ ਜੈਤੇਗ ਸਿੰਘ ਅਨੰਤ ਨੇ ਆਪਣੀਆਂ 9 ਪੁਸਤਕਾਂ ਦੇ ਰਾਖਵੇਂ ਹੱਕ ਜੁਝਾਰ ਸਿੰਘ ਯੂ.ਕੇ. ਨੂੰ ਸੌਂਪੇ

(ਸਰੀ)- ਨਾਮਵਰ ਸਿੱਖ ਚਿੰਤਕ ਅਤੇ ਵਿਦਵਾਨ ਜੈਤੇਗ ਸਿੰਘ ਅਨੰਤ ਨੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਸੰਬੰਧੀ ਸੰਪਾਦਿਤ ਅਤੇ ਪ੍ਰਕਾਸ਼ਿਤ ਆਪਣੀਆਂ 9 ਪੁਸਤਕਾਂ ਦੇ ਰਾਖਵੇਂ ਹੱਕ ਭਾਈ ਰਣਧੀਰ ਸਿੰਘ ਟਰੱਸਟ ਯੂ.ਕੇ ਦੇ ਸੰਚਾਲਕ ਜੁਝਾਰ ਸਿੰਘ ਨੂੰ ਸੌਂਪ ਦਿੱਤੇ ਹਨ। ਬੀਤੇ ਦਿਨ ਇੰਗਲੈਂਡ ਤੋਂ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਿਵਾਸ ਸਥਾਨ ਸਰੀ ਵਿਖੇ ਪੁੱਜੇ ਜੁਝਾਰ ਸਿੰਘ ਨੂੰ ਲਿਖਤੀ ਰੂਪ ਵਿਚ ਇਕ ਅਧਿਕਾਰਤ ਪੱਤਰ ਸੌਂਪਦਿਆਂ ਜੈਤੇਗ ਸਿੰਘ ਅਨੰਤ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਚੱਲ ਰਹੀ ਜਿਸ ਕਰਕੇ ਉਨ੍ਹਾਂ ਮਾਰਚ 2008 ਤੋਂ ਮਾਰਚ 2014 ਤਕ ਸੰਪਾਦਿਤ ਕੀਤੀਆਂ 9 ਪੁਸਤਕਾਂ (ਜਨ ਪਰਉਪਕਾਰੀ ਆਈ, ਸਿਰਦਾਰ, ਪੰਚਨਦ, ਰਾਗਮਾਲਾ ਦਰਪਨ, ਰਾਗਮਾਲਾ ਨਿਰਣਯ, ਸਿਮਰਤੀ ਗ੍ਰੰਥ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਗ਼ਦਰੀ ਯੋਧੇ, ਗ਼ਦਰ ਲਹਿਰ ਦੀ ਕਹਾਣੀ, ਗ਼ਦਰ ਦੀ ਗੂੰਜ ਤੇ ਭਾਈ ਸਾਹਿਬ ਰਣਧੀਰ ਸਿੰਘ) ਦੇ ਕਾਪੀ ਰਾਈਟਸ ਜੁਝਾਰ ਸਿੰਘ ਨੂੰ ਸੌਂਪ ਦੇਣ ਦਾ ਫੈਸਲਾ ਕੀਤਾ ਹੈ ਤਾਂ ਜੋ ਭਵਿੱਖ ਵਿਚ ਜਦੋਂ ਵੀ ਇਨ੍ਹਾਂ ਪੁਸਤਕਾਂ ਨੂੰ ਮੁੜ ਪ੍ਰਕਾਸ਼ਨ ਕਰਨ ਦੀ ਜ਼ਰੂਰਤ ਪਵੇ ਤਾਂ ਭਾਈ ਰਣਧੀਰ ਸਿੰਘ ਟਰੱਸਟ ਯੂ.ਕੇ. ਲੋੜ ਅਨੁਸਾਰ ਇਨ੍ਹਾਂ ਅਧਿਕਾਰਾਂ ਦੀ ਵਰਤੋਂ ਕਰ ਸਕੇ। ਅਧਿਕਾਰਤ ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਪੁਸਤਕਾਂ ਦੇ ਪ੍ਰਕਾਸ਼ਨਾਂ ਵਿਚੋਂ ਮਿਲੀ ਲਾਭ ਪੂੰਜੀ ਭਾਈ ਸਾਹਿਬ ਰਣਧੀਰ ਸਿੰਘ ਟਰੱਸਟ ਯੂ.ਕੇ. ਨੂੰ ਦਿੱਤੀ ਜਾਵੇ ਤਾਂ ਜੋ ਉਹ ਸਿੱਖੀ ਦੇ ਪ੍ਰਚਾਰ ਤੇ ਪਾਸਾਰ ਦੀ ਪ੍ਰਫੁੱਲਤਾ ਲਈ ਹੋਰ ਉਤਸ਼ਾਹ ਨਾਲ ਕਾਰਜ ਕਰ ਸਕਣ।

ਇਸ ਮੌਕੇ ਜੁਝਾਰ ਸਿੰਘ ਨੇ ਜੈਤੇਗ ਸਿੰਘ ਅਨੰਤ ਦੇ ਇਸ ਫੈਸਲੇ ਲਈ ਦਿਲੀ ਧੰਨਵਾਦ ਕਰਦਿਆਂ ਕਿਹਾ ਕਿ ਇਹ ਮੇਰਾ ਸੁਭਾਗ ਹੈ ਕਿ ਸ. ਅਨੰਤ ਹੁਰਾਂ ਮੇਰੇ ਉਪਰ ਵਿਸ਼ਵਾਸ ਪ੍ਰਗਟ ਕੀਤਾ ਹੈ। ਉਨ੍ਹਾਂ ਯਕੀਨ ਦੁਆਇਆ ਕਿ ਉਹ ਇਸ ਵਿਸ਼ਵਾਸ ਨੂੰ ਕੋਈ ਆਂਚ ਨਹੀਂ ਆਉਣ ਦੇਣਗੇ ਅਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਵਿਚਾਰਾਂ ਨੂੰ ਆਮ ਲੋਕਾਂ ਤੀਕ ਅਤੇ ਵਿਸ਼ੇਸ਼ ਕਰਕੇ ਨਵੀਂ ਪੀੜ੍ਹੀ ਤੱਕ ਪੁਚਾਉਣ ਦਾ ਕਾਰਜ ਦ੍ਰਿੜਤਾ ਨਾਲ ਕਰਦੇ ਰਹਿਣਗੇ।

(ਹਰਦਮ ਮਾਨ) +1 604 308 6663

maanbabushahi@gmail.com

Install Punjabi Akhbar App

Install
×