ਨਗਰ ਨਿਗਮ ਚੋਣ ਲੜਣ ਲਈ ਸ੍ਰੀ ਗਿੱਲ ਵੱਲੋਂ ਯੋਜਨਾ ਕਮੇਟੀ ਦੀ ਚੇਅਰਮੈਨੀ ਤੋਂ ਅਸਤੀਫਾ

ਬਠਿੰਡਾ– ਨਗਰ ਨਿਗਮ ਦੀ ਚੋਣ ਲੜਣ ਦੀ ਵਜਾਹ ਕਾਰਨ ਸ੍ਰ: ਜਗਰੂਪ ਸਿੰਘ ਗਿੱਲ ਨੇ ਜਿਲ੍ਹਾ ਯੋਜਨਾ ਕਮੇਟੀ ਦੀ ਚੇਅਰਮੈਨੀ ਤੋਂ ਅੱਜ ਅਸਤੀਫਾ ਦੇ ਦਿੱਤਾ ਹੈ। ਆਪਣੇ ਆਹੁਦੇ ਦੇ ਆਖ਼ਰੀ ਦਿਨ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਦੱਸਿਆ ਕਿ ਕਾਂਗਰਸ ਹਾਈਕਮਾਂਡ ਦੇ ਹੁਕਮ ਦੇ ਮੱਦੇਨਜ਼ਰ ਚੋਣ ਲੜਣ ਲਈ ਉਹਨਾਂ ਦੇ ਫੈਸਲੇ ਤੇ ਅਮਲ ਕਰਨ ਹਿਤ ਅਜਿਹਾ ਕਰਨਾ ਜਰੂਰੀ ਸੀ।
ਜਿਕਰਯੋਗ ਹੈ ਕਿ ਸ੍ਰ: ਗਿੱਲ ਨੇ ਨਗਰ ਕੌਂਸਲ ਦੀ ਚੋਣ ਜਿੱਤ ਕੇ 1979 ਵਿੱਚ ਆਪਣੇ ਪਾਰਲੀਮਾਨੀ ਜੀਵਨ ਦੀ ਸੁਰੂਆਤ ਕੀਤੀ ਸੀ। ਬਹੁਤ ਲੰਬੇ ਅਰਸੇ ਦੌਰਾਨ ਉਹ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰਕ ਨਜਦੀਕੀਆਂ ਚੋਂ ਇੱਕ ਹਨ, ਉੱਥੇ ਸੂਬੇ ਦੇ ਖਜ਼ਾਨਾ ਮੰਤਰੀ ਸ੍ਰ: ਮਨਪ੍ਰੀਤ ਸਿੰਘ ਬਾਦਲ ਦੇ ਵੀ ਅਤੀ ਕਰੀਬੀ ਹਨ। ਉਹ ਨਗਰ ਕੌਂਸਲ ਬਠਿੰਡਾ ਅਤੇ ਬਠਿੰਡਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਤੋਂ ਇਲਾਵਾ ਮਿਆਦ ਲੰਘਾ ਚੁੱਕੀ ਨਗਰ ਨਿਗਮ ਬਠਿੰਡਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹਿ ਚੁੱਕੇ ਹਨ।
ਸ਼ਹਿਰ ਦੀ ਅੱਧੀ ਅਬਾਦੀ ਤੇ ਨਿਰਭਰ ਰੇਲਵੇ ਪਾਰ ਦੇ ਇਲਾਕਿਆਂ ਲਈ ਸ੍ਰੀ ਗਿੱਲ ਇੱਕ ਵਿਕਾਸ ਪੁਰਸ਼ ਵਜੋਂ ਜਾਣੇ ਜਾਂਦੇ ਹਨ। ਉਹਨਾਂ ਨੇ ਅੱਤ ਦੇ ਪਛੜੇ ਇਹਨਾਂ ਖੇਤਰਾਂ ਵਿੱਚ ਹਾਇਰ ਸੈਕੰਡਰੀ ਸਕੂਲ, ਸਿਵਲ ਡਿਸਪੈਂਸਰੀ, ਸੜਕਾਂ ਦੇ ਨਿਰਮਾਣ ਨੂੰ ਕਰਵਾਉਣ ਵਿੱਚ ਜਿੱਥੇ ਅਹਿਮ ਭੂਮਿਕਾ ਨਿਭਾਈ ਹੈ, ਉੱਥੇ ਪੀਣ ਵਾਲੇ ਪਾਣੀ ਤੋਂ ਇਲਾਵਾ ਬਰਸਾਤੀ ਅਤੇ ਗੰਦੇ ਪਾਣੀ ਦੇ ਨਿਕਾਸ ਲਈ ਯੋਜਨਾਵਾਂ ਬਣਾਉਣ ਵਾਸਤੇ ਕਾਫ਼ੀ ਜੱਦੋਜਹਿਦ ਕੀਤੀ ਜਾ ਰਹੀ ਹੈ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਬਠਿੰਡਾ ਸ਼ਹਿਰ ਚੋਂ ਕਈ ਵਾਰ ਜਿੱਤ ਪ੍ਰਾਪਤ ਕਰ ਚੁੱਕੀ ਕਾਂਗਰਸ ਪਾਰਟੀ ਪਿਛਲੇ 53 ਸਾਲਾਂ ਤੋਂ ਸਥਾਨਕ ਸਰਕਾਰਾਂ ਦੇ ਪ੍ਰਬੰਧ ਤੋਂ ਦੂਰ ਹੀ ਰਹੀ ਹੈ। ਇਹੀ ਕਾਰਨ ਹੈ ਕਿ ਸ਼ਾਇਦ ਜਗਰੂਪ ਸਿੰਘ ਗਿੱਲ ਨੂੰ ਮੇਅਰ ਦੇ ਚਿਹਰੇ ਵਜੋਂ ਪੇਸ਼ ਕਰਕੇ ਹਾਕਮ ਪਾਰਟੀ ਨਗਰ ਨਿਗਮ ਤੇ ਕਾਬਜ ਹੋਣ ਨੂੰ ਯਕੀਨੀ ਬਣਾਉਣਾ ਚਾਹੁੰਦੀ ਹੈ।

Welcome to Punjabi Akhbar

Install Punjabi Akhbar
×