ਵਿਸ਼ੇਸ਼ ਰਿਪੋਰਟ -ਸ੍ਰ: ਗਿੱਲ ਦੀ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਨਾਲ ਬਠਿੰਡਾ ਹਲਕੇ ਦੀ ਸਿਆਸੀ ਫਿਜ਼ਾ ਬਦਲੀ

ਬਠਿੰਡਾ -ਪੰਜਾਬ ਵਿਧਾਨ ਸਭਾ ਦੀਆਂ 2022 ਦੇ ਸੁਰੂ ਵਿੱਚ ਆਉਣ ਵਾਲੀਆਂ ਚੋਣਾਂ ਸਦਕਾ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ। ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਬਹੁਤ ਮਹੱਤਵਪੂਰਨ ਹਲਕਾ ਹੈ, ਕਿਉਂਕਿ ਮੌਜੂਦਾ ਸਰਕਾਰ ਦੇ ਵਿੱਤ ਮੰਤਰੀ ਸ੍ਰ: ਮਨਪ੍ਰੀਤ ਸਿੰਘ ਬਾਦਲ ਇਸ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਹਨ, ਦੂਜੇ ਪਾਸੇ ਸ੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਸ੍ਰ: ਪ੍ਰਕਾਸ ਸਿੰਘ ਬਾਦਲ ਇਸ ਹਲਕੇ ਨੂੰ ਆਪਣਾ ਨਿੱਜੀ ਹਲਕਾ ਹੀ ਮੰਨਦੇ ਹਨ। ਤੀਜੀ ਵੱਡੀ ਪਾਰਟੀ ਮਾਲਵੇ ਵਿੱਚ ਆਮ ਆਦਮੀ ਪਾਰਟੀ ਹੈ, ਜਿਸਨੇ ਵੀ ਇੱਥੇ ਆਪਣਾ ਧਿਆਨ ਪੂਰਾ ਕੇਂਦਰਤ ਕੀਤਾ ਹੋਇਆ ਹੈ।
ਸ੍ਰ: ਮਨਪ੍ਰੀਤ ਸਿੰਘ ਬਾਦਲ ਹਲਕੇ ਵਿੱਚ ਲਗਾਤਾਰ ਸੰਪਰਕ ਰੱਖ ਰਹੇ ਹਨ, ਉਹ ਹਰ ਘਰ ਦੇ ਦੁੱਖ ਸੁਖ ਵਿੱਚ ਪਹੁੰਚਦੇ ਹਨ। ਉਹਨਾਂ ਆਪਣਾ ਬਹੁਤਾ ਜੋਰ ਲਾਈਨੋ ਪਾਰ ਦੇ ਇਲਾਕੇ ਵਿੱਚ ਲਾਇਆ ਹੋਇਆ ਹੈ, ਤਾਂ ਜੋ ਗੈਰ ਹਿੰਦੂ ਵੋਟ ਹਾਸਲ ਕੀਤੀ ਜਾ ਸਕੇ। ਹੁਣ ਗਰੀਬ ਲੋਕਾਂ ਦੇ ਘਰਾਂ ਦੀ ਬਿਜਲੀ ਮੁਫ਼ਤ ਕਰਨ ਲਈ ਉਹ ਸੋਲਰ ਸਿਸਟਮ ਦੀ ਇੱਕ ਵੱਡੀ ਸਕੀਮ ਲੈ ਕੇ ਆ ਰਹੇ ਹਨ ਤਾਂ ਜੋ ਦਲਿਤ ਵੋਟ ਪ੍ਰਾਪਤ ਕਰ ਸਕਣ। ਅਗਲੀਆਂ ਚੋਣਾਂ ਲਈ ਉਹਨਾਂ ਨੂੰ ਇਸ ਹਲਕੇ ਤੋਂ ਮੈਦਾਨ ਵਿੱਚ ਉਤਾਰਣਾ ਵੀ ਲੱਗ ਭੱਗ ਤਹਿ ਹੈ।
ਸ੍ਰੀ ਸਰੂਪ ਚੰਦ ਸਿੰਗਲਾ ਇਸ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਣ ਕੇ ਅਕਾਲੀ ਸਰਕਾਰ ਵਿੱਚ ਸੰਸਦੀ ਸਕੱਤਰ ਰਹਿ ਚੁੱਕੇ ਹਨ। ਉਹਨਾਂ ਦਾ ਹਿੰਦੂ ਵੋਟ ਤੇ ਚੰਗਾ ਅਸਰ ਹੈ। ਉਹ ਵੀ ਲਗਤਾਰ ਲੋਕਾਂ ਨਾਲ ਸੰਪਰਕ ਰਖਦੇ ਹਨ। ਮੌਜੂਦਾ ਸਰਕਾਰ ਵਿੱਚ ਮਾਈਨਿੰਗ ਅਤੇ ਹੋਰ ਘਪਲਿਆਂ ਸਬੰਧੀ ਉਹਨਾਂ ਬੜੀ ਦਲੇਰੀ ਨਾਲ ਆਵਾਜ਼ ਬੁਲੰਦ ਕੀਤੀ ਹੈ, ਜਿਸਨੂੰ ਲੋਕਾਂ ਨੇ ਕੇਵਲ ਸਲਾਹਿਆ ਹੀ ਨਹੀਂ, ਸਗੋਂ ਸਾਥ ਦੇਣ ਦਾ ਵੀ ਯਤਨ ਕੀਤਾ ਗਿਆ। ਅਕਾਲੀ ਦਲ ਵੱਲੋਂ ਉਹਨਾਂ ਨੂੰ ਹੀ 2022 ਦੀਆਂ ਚੋਣਾਂ ‘ਚ ਟਿਕਟ ਦੇਣ ਦਾ ਕਰੀਬ ਕਰੀਬ ਫੈਸਲਾ ਹੋ ਚੁੱਕਾ ਹੈ, ਕਿਉਂਕਿ ਉਹ ਬਾਦਲ ਪਰਿਵਾਰ ਦੇ ਅਤੀ ਨਜਦੀਕੀ ਮੰਨੇ ਜਾਂਦੇ ਹਨ।
ਆਮ ਆਦਮੀ ਪਾਰਟੀ ਵੱਲੋਂ ਪਿਛਲੀਆਂ ਵਿਧਾਨ ਸਭਾ ਵਿੱਚ ਸ੍ਰੀ ਦੀਪਕ ਬਾਂਸਲ ਨੇ ਇਸ ਹਲਕੇ ਤੋਂ ਚੋਣ ਲੜੀ ਸੀ, ਪਰ ਉਹ ਹਲਕੇ ਵਿੱਚ ਬਹੁਤਾ ਸਰਗਰਮ ਨਹੀਂ ਰਹੇ। ਇਸ ਵਾਰ ਇੱਥੋਂ ਟਿਕਟ ਹਾਸਲ ਕਰਨ ਲਈ ਕਈ ਸੰਭਾਵੀ ਉਮੀਦਵਾਰ ਯਤਨ ਕਰ ਰਹੇ ਹਨ। ਹੁਣ ਸ੍ਰ: ਜਗਰੂਪ ਸਿੰਘ ਗਿੱਲ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਉਹ ਸਭ ਤੋਂ ਮਜਬੂਤ ਸੰਭਾਵੀ ਉਮੀਦਵਾਰ ਉੱਭਰ ਕੇ ਸਾਹਮਣੇ ਆਏ ਹਨ। ਉਹ ਨਗਰ ਕੌਂਸਲ ਬਠਿੰਡਾ ਦੇ ਪ੍ਰਧਾਨ, ਨਗਰ ਸੁਧਾਰ ਟਰਸਟ ਦੇ ਚੇਅਰਮੈਨ, ਪਲੈਨਿੰਗ ਬੋਰਡ ਬਠਿੰਡਾ ਦੇ ਚੇਅਰਮੈਨ ਤੋਂ ਇਲਾਵਾ ਕਾਂਗਰਸ ਨਾਲ ਸਬੰਧਤ ਕਈ ਅਹੁਦਿਆਂ ਸਮੇਤ ਹੋਰ ਕਈ ਸੰਸਥਾਵਾਂ ਨਾਲ ਜੁੜੇ ਰਹੇ ਹਨ। ਅਗਲੀਆਂ ਚੋਣਾਂ ਲਈ ਉਹਨਾਂ ਨੂੰ ਹੀ ਚੋਣ ਮੈਦਾਨ ਵਿੱਚ ਉਤਾਰਨ ਦੀ ਵੱਡੀ ਸੰਭਾਵਨਾ ਹੈ।

(ਸ੍ਰ: ਜਗਰੂਪ ਸਿੰਘ ਗਿੱਲ)

ਇਸ ਹਲਕੇ ਦੀਆਂ ਜੇਕਰ ਪਿਛਲੀਆਂ ਚੋਣਾਂ ਤੇ ਨਿਗਾਹ ਮਾਰੀਏ ਤਾਂ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਇੱਥੋਂ 63942 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਸੀ। ਦੂਜੇ ਨੰਬਰ ਤੇ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਦੀਪਕ ਬਾਂਸਲ ਨੇ 45462 ਵੋਟਾਂ ਅਤੇ ਅਕਾਲੀ ਉਮੀਦਵਾਰ ਸ੍ਰੀ ਸਰੂਪ ਚੰਦ ਸਿੰਗਲਾ ਨੇ 37177 ਵੋਟਾਂ ਹਾਸਲ ਕੀਤੀਆਂ ਸਨ। ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੁਰੇਸ ਕੁਮਾਰ ਨੂੰ 913 ਵੋਟਾਂ ਪ੍ਰਾਪਤ ਹੋਈਆਂ ਸਨ। ਇਸ ਵਾਰ ਅਕਾਲੀ ਦਲ ਤੇ ਬਸਪਾ ਦੇ ਗੱਠਜੋੜ ਸਦਕਾ ਵੇਖਿਆ ਜਾਵੇ ਤਾਂ ਦੋਵਾਂ ਨੇ 38090 ਵੋਟਾਂ ਪ੍ਰਾਪਤ ਕੀਤੀਆਂ।
ਲੋਕ ਸਭਾ ਚੋਣਾਂ ਵਿੱਚ ਦਿਖਾਈ ਕਾਰਗੁਜਾਰੀ ਨੂੰ ਵਾਚਿਆ ਜਾਵੇ ਤਾਂ 2014 ਦੀਆਂ ਚੋਣਾਂ ਵਿੱਚ ਅਕਾਲੀ ਦਲ ਦੀ ਬੀਬੀ ਹਰਸਿਮਰਤ ਕੌਰ ਬਾਦਲ ਨੇ 5,14,727, ਕਾਂਗਰਸ ਦੇ ਮਨਪ੍ਰੀਤ ਸਿੰਘ ਬਾਦਲ ਨੇ 4,95,332 ਅਤੇ ਆਮ ਆਦਮੀ ਪਾਰਟੀ ਦੇ ਜਸਰਾਜ ਸਿੰਘ ਨੇ 87907 ਵੋਟਾਂ ਪ੍ਰਾਪਤ ਕੀਤੀਆਂ ਸਨ। ਸਾਲ 2019 ਦੀਆਂ ਚੋਣਾਂ ਸਮੇਂ ਅਕਾਲੀ ਦਲ ਦੀ ਬੀਬੀ ਹਰਸਿਮਰਤ ਕੌਰ ਬਾਦਲ ਨੇ 4,90,811, ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 4,69,412, ਆਮ ਆਦਮੀ ਪਾਰਟੀ ਦੀ ਬਲਜਿੰਦਰ ਕੌਰ ਨੇ 1,34,398 ਅਤੇ ਆਮ ਆਦਮੀ ਪਾਰਟੀ ਚੋਂ ਵੱਖ ਹੋ ਕੇ ਨਵੀ ਬਣਾਈ ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਨੇ 38199 ਵੋਟਾਂ ਹਾਸਲ ਕੀਤੀਆਂ ਸਨ। ਸ੍ਰੀ ਖਹਿਰਾ ਨੂੰ ਪਈ ਵੋਟ ਆਮ ਆਦਮੀ ਪਾਰਟੀ ਦੀ ਹੀ ਮੰਨੀ ਜਾਂਦੀ ਹੈ, ਇਸ ਤਰ੍ਹਾਂ ਬਲਜਿੰਦਰ ਕੌਰ ਤੇ ਸੁਖਪਾਲ ਖਹਿਰਾ ਦੀ ਵੋਟ ਜੋੜ ਕੇ 1,72,597 ਬਣਦੀ ਹੈ, ਜਿਸਨੂੰ ਆਮ ਆਦਮੀ ਪਾਰਟੀ ਦੀ ਵੋਟ ਮੰਨਿਆਂ ਜਾਂਦਾ ਹੈ। ਲੋਕ ਸਭਾ ਤੇ ਵਿਧਾਨ ਸਭਾ ਦੀਆਂ ਉਪਰੋਕਤ ਚੋਣਾਂ ਨੂੰ ਵਾਚਿਆ ਜਾਵੇ ਤਾਂ ਹਰ ਵਾਰ ਸ੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੀ ਵੋਟ ਘਟਦੀ ਰਹੀ ਹੈ, ਜਦ ਕਿ ਆਮ ਆਦਮੀ ਪਾਰਟੀ ਦੀ ਵੋਟ ਹਰ ਵਾਰ ਵਧੀ ਹੈ।
ਹੁਣ ਆਉਣ ਵਾਲੀਆਂ 2022 ਦੀਆਂ ਚੋਣਾਂ ਦੀ ਗੱਲ ਕਰੀਏ, ਤਾਂ ਸਪਸ਼ਟ ਹੈ ਕਿ ਸ੍ਰੋਮਣੀ ਅਕਾਲੀ ਦਲ ਤੇ ਲੱਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲਾ ਧੱਬਾ ਅਜੇ ਧੋਤਾ ਨਹੀਂ ਗਿਆ, ਲੋਕਾਂ ਵਿੱਚ ਅਜੇ ਗੁੱਸਾ ਬਰਕਰਾਰ ਹੈ। ਇਸਤੋਂ ਇਲਾਵਾ ਭਾਜਪਾ ਦੇ ਵੱਖ ਹੋਣ ਅਤੇ ਸ੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਨਵਾਂ ਹੋਂਦ ਵਿੱਚ ਆ ਜਾਣ ਨਾਲ ਵੀ ਅਕਾਲੀ ਦਲ ਦੀ ਵੋਟ ਨੂੰ ਹੀ ਸੱਟ ਵੱਜਣੀ ਹੈ, ਬਸਪਾ ਦਾ ਕੀ ਲਾਭ ਹੋਵੇਗਾ ਇਹ ਅੰਦਾਜਾ 2017 ਦੇ ਨਤੀਜੇ ਤੋਂ ਹੀ ਲਾਇਆ ਜਾ ਸਕਦਾ ਹੈ।
ਦੂਜਾ ਕਾਂਗਰਸ ਦੀ ਪਿਛਲੇ ਸਾਢੇ ਚਾਰ ਸਾਲਾਂ ਦੀ ਕਾਰਗੁਜਾਰੀ ਤੋਂ ਹਲਕੇ ਦੇ ਲੋਕ ਪੂਰੀ ਤਰ੍ਹਾਂ ਨਿਰਾਸ ਹਨ, ਵਿਤ ਵਿਭਾਗ ਸ੍ਰੀ ਮਨਪ੍ਰੀਤ ਸਿੰਘ ਬਾਦਲ ਕੋਲ ਹੋਣ ਸਦਕਾ ਮੁਲਾਜਮਾਂ ਦੀਆਂ ਤਨਖਾਹਾਂ ਵਿੱਚ ਲੱਗੇ ਕੱਟ ਤੇ ਦੇਰੀ ਅਤੇ ਭੱਤੇ ਆਦਿ ਨਾ ਮਿਲਣ ਤੇ ਕਰਮਚਾਰੀ ਪੂਰੇ ਗੁੱਸੇ ਵਿੱਚ ਹਨ। ਅਕਾਲੀ ਦਲ ਵੱਲੋਂ ਘਪਲਿਆਂ ਦੇ ਜੱਗ ਜ਼ਾਹਰ ਕਰਨ ਦਾ ਵੀ ਲੋਕਾਂ ਤੇ ਅਸਰ ਪਿਆ ਦਿਖਾਈ ਦਿੰਦਾ ਹੈ। ਨਗਰ ਨਿਗਮ ਦੀਆਂ ਚੋਣਾਂ ਤੇ ਮੇਅਰ ਦੀ ਨਿਯੁਕਤੀ ਸਮੇਂ ਹੱਕਦਾਰ ਟਕਸਾਲੀਆਂ ਨੂੰ ਅੱਖੋਂ ਪਰੋਖੇ ਕਰਨ ਦਾ ਵੀ ਕਾਂਗਰਸ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਤੀਜੀ ਹੈ ਆਮ ਆਦਮੀ ਪਾਰਟੀ, ਜੇਕਰ ਉਹ ਆਪਣਾ ਉਮੀਦਵਾਰ ਸ੍ਰੀ ਜਗਰੂਪ ਸਿੰਘ ਗਿੱਲ ਨੂੰ ਬਣਾਉਂਦੀ ਹੈ ਤਾਂ ਉਹ ਅਜਿਹੇ ਵਿਅਕਤੀ ਹਨ, ਜਿਹਨਾਂ ਦਾ ਹਿੰਦੂ ਵੋਟਰਾਂ ਵਿੱਚ ਵੀ ਬਹੁਤ ਚੰਗਾ ਅਸਰ ਰਸੂਖ ਹੈ। ਨਗਰ ਨਿਗਮ ਬਠਿੰਡਾ ਲਈ ਮੇਅਰ ਦਾ ਹੱਕ ਉਹਨਾਂ ਦਾ ਬਣਦਾ ਸੀ, ਪਰ ਉਹਨਾਂ ਨਾਲ ਹੋਏ ਇਸ ਵੱਡੇ ਧੱਕੇ ਸਦਕਾ ਸ਼ਹਿਰ ਵਾਸੀਆਂ ਦੀ ਉਹਨਾਂ ਨਾਲ ਹਮਦਰਦੀ ਜੁੜੀ ਹੋਈ ਹੈ, ਕਿਉਂਕਿ ਉਹਨਾਂ ਨੂੰ ਮੇਅਰ ਬਣਾਉਣ ਦਾ ਵਾਅਦਾ ਕਰਕੇ ਹੀ ਪਲੈਨਿੰਗ ਬੋਰਡ ਦੀ ਚੇਅਰਮੈਨੀ ਤੋਂ ਅਸਤੀਫ਼ਾ ਦਿਵਾ ਕੇ ਨਗਰ ਕੌਂਸਲਰ ਦੀ ਚੋਣ ਲੜਾਈ ਗਈ ਸੀ। ਉਹਨਾਂ ਦੀ ਏਨੀ ਹਰਮਨ ਪਿਆਰਤਾ ਹੈ ਕਿ ਕਦੇ ਵੀ ਉਹ ਧੱਕਿਆਂ ਦੇ ਬਾਵਜੂਦ ਵੀ ਕੌਂਸਲਰ ਦੀ ਚੋਣ ਨਹੀਂ ਹਾਰੇ। ਹਲਕੇ ਵਿੱਚ ਆਮ ਆਦਮੀ ਦੀ ਵੋਟ ਪਹਿਲਾਂ ਵੀ ਹਰ ਵਾਰ ਵਧਦੀ ਰਹੀ ਹੈ, ਸ੍ਰੀ ਗਿੱਲ ਨਾਲ ਕਾਂਗਰਸ ਪਾਰਟੀ ਦੀ ਕਾਫ਼ੀ ਵੋਟ ਟੁੱਟ ਕੇ ਉਸ ਵੱਲ ਜਾਵੇਗੀ ਕਿਉਂਕਿ ਉਹ ਲੰਬਾ ਸਮਾਂ ਕਾਂਗਰਸ ਵਿੱਚ ਰਹਿ ਕੇ ਲੋਕਾਂ ਦੇ ਕੰਮ ਧੰਦੇ ਕਰਵਾਉਂਦੇ ਰਹੇ ਹਨ। ਉਹਨਾਂ ਦਾ ਦਾਮਨ ਵੀ ਪੂਰੀ ਤਰ੍ਹਾਂ ਸਾਫ਼ ਹੈ ਉਹਨਾਂ ਤੇ ਕਿਸੇ ਵੀ ਕਿਸਮ ਦੀ ਵਿਰੋਧੀ ਉਂਗਲ ਨਹੀਂ ਉਠਦੀ। ਆਮ ਲੋਕਾਂ ਖਾਸ ਕਰਕੇ ਨੌਜਵਾਨਾਂ ਵਿੱਚ ਜੋ ਇਹ ਚਰਚਾ ਹੈ ਕਿ ਅਕਾਲੀ ਦਲ ਤੇ ਕਾਂਗਰਸ ਨੂੰ ਤਾਂ ਬਹੁਤ ਵਾਰ ਵੇਖ ਲਿਆ ਇਸ ਵਾਰ ਆਮ ਆਦਮੀ ਪਾਰਟੀ ਨੂੰ ਵੇਖਣਾ ਚਾਹੀਦਾ ਹੈ ਇਸਦਾ ਵੀ ਚੰਗਾ ਲਾਭ ਮਿਲਣ ਦੀ ਉਮੀਦ ਹੈ।
ਵਿਧਾਨ ਸਭਾ 2022 ਦੀਆਂ ਚੋਣਾਂ ਸਮੇਂ ਇਸ ਹਲਕੇ ਤੋਂ ਨਤੀਜਾ ਕੀ ਨਿਕਲੇਗਾ, ਇਹ ਤਾਂ ਅਜੇ ਕੁੱਝ ਨਹੀਂ ਕਿਹਾ ਜਾ ਸਕਦਾ। ਪਰ ਇਹ ਸਪਸ਼ਟ ਹੈ ਕਿ ਸ੍ਰ: ਜਗਰੂਪ ਸਿੰਘ ਗਿੱਲ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਵਿਧਾਨ ਸਭਾ ਹਲਕਾ ਬਠਿੰਡਾ ਦੀ ਫਿਜ਼ਾ ਵਿੱਚ ਵੱਡੀ ਤਬਦੀਲੀ ਆਵੇਗੀ। ਇਹ ਵੀ ਸੰਭਵ ਹੈ ਕਿ ਨਤੀਜਾ ਹੈਰਾਨੀਜਨਕ ਹੋਵੇ ਜੋ ਲੋਕਾਂ ਨੇ ਸੋਚਿਆ ਵੀ ਨਾ ਹੋਵੇ।

Install Punjabi Akhbar App

Install
×