ਐਨ.ਡੀ.ਪੀ. ਦੀ ਸਰਕਾਰ ਬਣਨ ’ਤੇ 5 ਲੱਖ ਸਸਤੇ ਮਕਾਨ ਬਣਾਏ ਜਾਣਗੇ- ਜਗਮੀਤ ਸਿੰਘ

ਸਰੀ -ਫੈਡਰਲ ਐਨਡੀਪੀ ਦੇ ਪ੍ਰਧਾਨ ਜਗਮੀਤ ਸਿੰਘ ਨੇ ਦੇਸ਼ ਵਿੱਚ ਅਸਮਾਨ ਛੋਹ ਰਹੀਆਂ ਮਕਾਨਾਂ ਦੀਆਂ ਕੀਮਤਾਂ ਉਪਰ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਐਨ.ਡੀ.ਪੀ. ਦੀ ਸਰਕਾਰ ਬਣਨ ’ਤੇ ਮਕਾਨਾਂ ਦੀਆਂ ਵਧ ਰਹੀਆਂ ਕੀਮਤਾਂ ਨੂੰ ਨੱਥ ਪਾਈ ਜਾਵੇਗੀ ਅਤੇ 5 ਲੱਖ ਸਸਤੇ ਮਕਾਨ ਬਣਾ ਕੇ ਦਿੱਤੇ ਜਾਣਗੇ।

ਵੈਨਕੂਵਰ ਆਈਲੈਂਡ ਵਿਚ ਪੈਂਦੇ ਡੰਕਨ ਇਲਾਕੇ ਵਿੱਚ ਸੰਬੋਧਨ ਕਰਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਮਕਾਨਾਂ ਦੀਆਂ ਕੀਮਤਾਂ ਬੜੀ ਤੇਜ਼ੀ ਨਾਲ ਵਧਦੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੀ ਪਾਰਟੀ ਪਹਿਲ ਦੇ ਆਧਾਰ ਤੇ ਮਕਾਨਾਂ ਦੀਆਂ ਵਧਦੀਆਂ ਕੀਮਤਾਂ ’ਤੇ ਰੋਕ ਲਾਉਣ ਲਈ ਕਦਮ ਉਠਾਏਗੀ। ਉਨ੍ਹਾਂ ਇਹ ਵੀ ਕਿਹਾ ਕਿ 5 ਲੱਖ ਸਸਤੇ ਮਕਾਨ ਬਣਾਉਣ ਤੋਂ ਇਲਾਵਾ ਬਾਹਰੋਂ ਆ ਕੇ ਕੈਨੇਡਾ ਵਿਚ ਮਕਾਨ ਖਰੀਦਣ ਵਾਲਿਆਂ ਉਪਰ 20 ਪ੍ਰਤੀਸ਼ਤ ਟੈਕਸ ਲਾਇਆ ਜਾਵੇਗਾ ਅਤੇ ਕੈਨਡੀਅਨਾਂ ਨੂੰ ਉਨ੍ਹਾਂ ਦੇ ਸੁਪਨਿਆਂ ਦੇ ਘਰ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।

ਲਿਬਰਲ ਪਾਰਟੀ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਜਸਟਿਨ ਟਰੂਡੋ ਵੱਲੋਂ ਦੇਸ਼ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਹੋਰਨਾਂ ਵਿਕਸਤ ਦੇਸ਼ਾਂ ਦੇ ਮੁਕਾਬਲੇ ਕੈਨੇਡਾ ਵਿੱਚ ਮਕਾਨਾਂ ਦੀਆਂ ਕੀਮਤਾਂ ਤੇਜ਼ੀ ਨਾਲ ਵਧਦੀਆਂ ਹਨ, ਜਿਸ ਕਾਰਨ ਦੇਸ਼ ਦੇ ਆਮ ਨਾਗਰਿਕਾਂ ਲਈ ਮਕਾਨ ਖਰੀਦਣਾ ਵੱਡੀ ਚਿੰਤਾ ਦਾ ਕਾਰਨ ਬਣ ਗਿਆ ਹੈ। ਜਗਮੀਤ ਸਿੰਘ ਨੇ ਕਿਹਾ ਕਿ ਦੂਜੀ ਵਿਸ਼ਵ ਜੰਗ ਤੋਂ ਬਾਅਦ ਕੈਨੇਡਾ ਨੇ ਨਵੇਂ ਮਕਾਨ ਬਣਾਉਣ ਲਈ ਵੱਡੀ ਪੱਧਰ ’ਤੇ ਨਿਵੇਸ਼ ਕੀਤਾ ਸੀ, ਪਰ 1990 ਦੇ ਦਹਾਕੇ ਮਗਰੋਂ ਫੈਡਰਲ ਸਰਕਾਰ ਨੇ ਇਸ ਪਾਸੇ ਕੋਈ ਰੁਚੀ ਨਹੀਂ ਦਿਖਾਈ।

 (ਹਰਦਮ ਮਾਨ) +1 604 308 6663
maanbabushahi@gmail.com

Welcome to Punjabi Akhbar

Install Punjabi Akhbar
×
Enable Notifications    OK No thanks