ਮਾਮਲਾ ਕੈਨੇਡਾ ਦੇ ਜਗਮੀਤ ਸਿੰਘ ਪ੍ਰਤੀ ਭਾਰਤੀ ਏਜੰਸੀਆਂ ਦੇ ਵਰਤਾਰੇ ਦਾ

ਜੇਕਰ 800 ਸਾਲ ਗ਼ੁਲਾਮ ਰਹਿਣ ਤੱਕ ਰਾਜ ਭਾਗ ਪ੍ਰਾਪਤੀ ਦੀ ਤਾਂਘ ਮਨ ਚ ਜਿਉਂਦੀ ਰਹਿ ਸਕਦੀ ਹੈ, ਤਾਂ ਮਹਿਜ਼ 170 ਸਾਲ ਗ਼ੁਲਾਮੀ ਆਜ਼ਾਦੀ ਦਾ ਸੁਪਨਾ ਕਿਵੇਂ ਤੋੜ ਸਕਦੀ ਹੈ

ਜਦੋਂ ਤੋ ਸਿੱਖ ਭਾਈਚਾਰੇ ਨੇ ਬਾਹਰਲੇ ਮੁਲਕਾਂ ਅੰਦਰ ਆਪਣੀ ਸੂਝ ਸਿਆਣਪ ਅਤੇ ਮਿਹਨਤ ਦੇ ਬਲਬੂਤੇ ਤੇ ਸਿੱਖੀ ਦੀ ਚੜ੍ਹਦੀ ਕਲਾ ਦੇ ਝੰਡੇ ਬੁਲੰਦ ਕੀਤੇ ਹੋਏ ਹਨ, ਉਸ ਮੌਕੇ ਤੋ ਹੀ ਭਾਰਤ ਦੀਆਂ ਖ਼ੁਫ਼ੀਆ ਏਜੰਸੀਆਂ ਨੂੰ ਸਿੱਖਾਂ ਤੇ ਗਹਿਰੀ ਨਜ਼ਰ ਰੱਖਣ ਦੀਆਂ ਹਦਾਇਤਾਂ ਹਨ, ਜਿਹੜੀਆਂ ਸਿੱਖਾਂ ਦੀ ਹਰ ਹਰਕਤ ਨੂੰ ਨਸਲੀ ਨਜ਼ਰੀਏ ਤੋ ਵਾਚਦੀਆਂ ਰਹਿੰਦੀਆਂ ਹਨ। ਸਿੱਖ ਭਾਵੇਂ ਸਮਾਜ ਭਲਾਈ ਦੇ ਕੰਮ ਹੀ ਕਿਉਂ ਨਾ ਕਰਦੇ ਹੋਣ, ਉਨ੍ਹਾਂ ਦੇ ਕੰਮਾਂ ਨੂੰ ਵੀ ਇੱਕੋ ਨਜ਼ਰੀਏ ਨਾਲ ਦੇਖਣਾ ਜਿਵੇਂ ਖੂਫੀਆਂ ਏਜੰਸੀਆਂ ਦੀ ਆਦਤ ਬਣ ਗਈ ਹੈ। ਸੰਸਾਰ ਪੱਧਰ ਤੇ ਮਾਨਵਤਾ ਦੀ ਭਲਾਈ ਲਈ ਪ੍ਰਸਿੱਧੀ ਖੱਟ ਚੁੱਕੀ ਸਿੱਖ ਸੰਸਥਾ ਖ਼ਾਲਸਾ ਏਡ ਕਿਸੇ ਜਾਣ ਪਛਾਣ ਦੀ ਮੁਥਾਜ ਨਹੀਂ। ਉਨ੍ਹਾਂ ਦੇ ਕੰਮਾਂ ਦੀ ਦੁਨੀਆ ਪੱਧਰ ਤੇ ਹੋ ਰਹੀ ਸ਼ਲਾਘਾ ਕਾਰਨ ਭਾਰਤ ਸਰਕਾਰ ਨੂੰ ਵੀ ਖ਼ਾਲਸਾ ਏਡ ਦੇ ਮੁੱਖ ਸੇਵਾਦਾਰ ਭਾਈ ਰਵੀ ਸਿੰਘ ਖ਼ਾਲਸਾ ਨੂੰ ਪੁਰਸਕਾਰ ਦੇਣ ਦੀ ਪੇਸ਼ਕਸ਼ ਕਰਨੀ ਪਈ, ਪਰੰਤੂ ਕੇਂਦਰ ਵੱਲੋਂ ਪੰਜਾਬ ਅਤੇ ਸਿੱਖ ਕੌਮ ਨਾਲ ਕੀਤੀਆਂ ਵਧੀਕੀਆਂ ਦੇ ਰੋਸ ਵਜੋਂ ਭਾਈ ਰਵੀ ਸਿੰਘ ਖ਼ਾਲਸਾ ਨੇ ਉਹ ਪੁਰਸਕਾਰ ਲੈਣ ਤੋ ਸ਼ਰਤਾਂ ਦੇ ਆਧਾਰ ਤੇ ਇਨਕਾਰ ਕਰ ਦਿੱਤਾ ਸੀ। ਉਸ ਮੌਕੇ ਰਵੀ ਸਿੰਘ ਨੇ ਕੇਂਦਰ ਦੀ ਸਰਕਾਰ ਨੂੰ ਇਹ ਵੀ ਸਪਸ਼ਟ ਤੌਰ ਤੇ ਦੱਸ ਦਿੱਤਾ ਸੀ ਕਿ ਉਹ ਪੰਜਾਬੀ ਹੈ, ਪਰ ਭਾਰਤੀ ਨਹੀਂ ਹੈ, ਇਸ ਲਈ ਮੇਰੇ ਨਾਮ ਨਾਲ ਭਾਰਤੀ ਨਾ ਲਾਇਆ ਜਾਵੇ। ਸੋ ਰਵੀ ਸਿੰਘ ਖ਼ਾਲਸਾ ਵੱਲੋਂ ਦਿੱਤਾ ਗਿਆ ਇਹ ਜਵਾਬ ਆਪਣੇ ਅੰਦਰ ਬਹੁਤ ਵੱਡਾ ਦਰਦ ਤੇ ਰੋਸ ਸਮੋਈ ਬੈਠਾ ਹੈ, ਜਿਸ ਨੂੰ ਹਮਦਰਦੀ ਨਾਲ ਸਮਝਣ ਦੀ ਲੋੜ ਸੀ ਪ੍ਰੰਤੂ ਇੱਥੇ ਅਜਿਹੀ ਰਵਾਇਤ ਨਹੀਂ ਹੈ, ਇਸ ਲਈ ਰਵੀ ਸਿੰਘ ਖ਼ਾਲਸਾ ਇਸ ਜਵਾਬ ਬਦਲੇ ਭਾਰਤੀ ਏਜੰਸੀਆਂ ਲਈ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਿਲ ਵਿਅਕਤੀ ਬਣ ਜਾਂਦਾ ਹੈ। ਬੇਸ਼ੱਕ ਭਾਰਤ ਦੇ ਵੱਖ ਵੱਖ ਸੂਬਿਆਂ ਅੰਦਰ ਵੀ ਕੁਦਰਤੀ ਕਰੋਪੀ ਦੌਰਾਨ ਖ਼ਾਲਸਾ ਏਡ ਦਾ ਕੰਮ ਜ਼ਿਕਰਯੋਗ ਰਿਹਾ ਹੈ।
ਉਹ ਵੱਖਰੀ ਗੱਲ ਹੈ ਕਿ ਖ਼ਾਲਸਾ ਏਡ ਦੀ ਉਨ੍ਹਾਂ ਦੇ ਬਗੈਰ ਕਿਸੇ ਨਸਲੀ ਭਿੰਨ ਭੇਦ ਅਤੇ ਵਿਤਕਰੇ ਤੋ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਕਰਕੇ ਦੁਨੀਆ ਪੱਧਰ ਤੇ ਲੋਕ ਪ੍ਰਿਅਤਾ ਹੀ ਐਨੀ ਵਧ ਗਈ ਹੈ, ਜਿਸ ਕਰਕੇ ਕੇਂਦਰ ਭਾਈ ਰਵੀ ਸਿੰਘ ਖ਼ਾਲਸਾ ਦੇ ਖ਼ਿਲਾਫ਼ ਕੋਈ ਵੀ ਕਾਰਵਾਈ ਕਰਨ ਤੋਂ ਝਿਜਕਦਾ ਹੈ, ਜਿਸ ਦਿਨ ਵੀ ਉਨ੍ਹਾਂ ਨੂੰ ਅਜਿਹੇ ਖ਼ਤਰੇ ਤੋ ਕੁੱਝ ਰਾਹਤ ਮਹਿਸੂਸ ਹੋਵੇਗੀ, ਉਸ ਦਿਨ ਹੀ ਖ਼ਾਲਸਾ ਏਡ ਦੇ ਕੀਤੇ ਕੰਮ ਸਾਰੇ ਖੂਹ ਖਾਤੇ ਵਿਚ ਪੈ ਜਾਣਗੇ, ਕਿਉਂਕਿ ਭਾਰਤ ਤੇ ਰਾਜ ਕਰਦੀ ਧਿਰ ਫ਼ਿਰਕੂ ਵਿਚਾਰਧਾਰਾ ਵਾਲੀ ਕੱਟੜ ਸੰਸਥਾ ਆਰ ਐਸ ਐਸ ਦਾ ਹੀ ਰਾਜਸੀ ਵਿੰਗ ਹੈ, ਜਿਹੜੀ ਕਿਸੇ ਵੀ ਗੈਰ ਹਿੰਦੂ ਨੂੰ ਨਾਂ ਹੀ ਮੁਲਕ ਵਿਚ ਬਰਦਾਸ਼ਤ ਕਰਦੀ ਹੈ, ਨਾਂ ਹੀ ਉਨ੍ਹਾਂ ਨੂੰ ਬਾਹਰ ਜਾ ਕੇ ਤਰੱਕੀ ਕਰਦਿਆਂ ਨੂੰ ਬਰਦਾਸ਼ਤ ਕਰ ਸਕਦੀ ਹੈ ਅਤੇ ਨਾਂ ਹੀ ਉਨ੍ਹਾਂ ਦਾ ਸਤਿਕਾਰ ਹੀ ਬਰਦਾਸ਼ਤ ਹੋ ਸਕਦਾ ਹੈ। ਇੱਥੇ ਇਹ ਦੱਸਣਾ ਜ਼ਰੂਰੀ ਬਣ ਜਾਂਦਾ ਹੈ ਕਿ ਭਾਰਤੀ ਖ਼ੁਫ਼ੀਆ ਏਜੰਸੀਆਂ ਵੀ ਆਰ ਐਸ ਐਸ ਦੇ ਨਿਯੰਤਰਣ ਹੇਠ ਕੰਮ ਕਰਦੀਆਂ ਹਨ, ਇਸ ਲਈ ਕੇਂਦਰ ਵਿਚ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ, ਨਿਯੰਤਰਣ ਹਮੇਸ਼ਾ ਨਾਗਪੁਰ ਕੋਲ ਹੀ ਰਹਿੰਦਾ ਹੈ। ਬੀਤੇ ਦਿਨੀਂ ਕੈਨੇਡਾ ਅੰਦਰ ਹੋਈਆਂ ਆਮ ਚੋਣਾਂ ਨੇ ਵੀ ਭਾਰਤੀ ਏਜੰਸੀਆਂ ਸਮੇਤ ਸਮੁੱਚੇ ਤੰਤਰ ਦੀ ਨੀਂਦ ਹਰਾਮ ਕੀਤੀ ਹੋਈ ਹੈ, ਉਸ ਦੀ ਵਜ੍ਹਾ, ਕੈਨੇਡਾ ਦੀ ਸਰਕਾਰ ਬਣਾਉਣ ਵਿਚ ਮੁੱਖ ਭੂਮਿਕਾ ਨਿਭਾਉਣ ਦੀ ਚਰਚਾ ਵਿਚ ਆਇਆ ਸਿੱਖ ਚਿਹਰਾ ਜਗਮੀਤ ਸਿੰਘ ਹੈ, ਜਿਹੜਾ ਨਿਊ ਡੈਮੋਕਰੈਟਿਕ ਪਾਰਟੀ ਦਾ ਮੁਖੀ ਵੀ ਹੈ।
ਬੀਤੇ ਕੁੱਝ ਕੁ ਸਮੇਂ ਤੋ ਜਗਮੀਤ ਸਿੰਘ ਕੈਨੇਡਾ ਦੇ ਪ੍ਰਧਾਨ ਮੰਤਰੀ ਪਦ ਦੇ ਦਾਅਵੇਦਾਰ ਵਜੋਂ ਵੀ ਚਰਚਾ ਵਿਚ ਰਿਹਾ ਹੈ, ਜਿਸ ਕਰਕੇ ਇਹ ਸਿੱਖ ਚਿਹਰਾ ਭਾਰਤੀ ਤੰਤਰ ਨੂੰ ਬੇਹੱਦ ਦਰਦ ਦੇ ਰਿਹਾ ਹੈ। ਉਸ ਮੌਕੇ ਤੋ ਹੀ ਉਹਦੇ ਖ਼ਿਲਾਫ਼ ਗੋਂਦਾਂ ਗੁੰਦਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਭਾਰਤੀ ਮੀਡੀਏ ਵੱਲੋਂ ਜਗਮੀਤ ਸਿੰਘ ਦੀ ਜਿੱਤ ਤੋ ਬਾਅਦ ਭਾਰਤੀ ਖ਼ੁਫ਼ੀਆ ਏਜੰਸੀ ਰੀਸਰਚ ਐਂਡ ਅਨੈਲੇਸਿਸ ਵਿੰਗ (ਰਾਅ) ਦੇ ਹਵਾਲੇ ਨਾਲ ਪ੍ਰਕਾਸ਼ਿਤ ਕੀਤੀਆਂ ਖ਼ਬਰਾਂ ਤੋਂ ਇਹ ਸਪਸ਼ਟ ਸਮਝਿਆ ਜਾ ਸਕਦਾ ਹੈ ਕਿ ਭਾਰਤ ਸਰਕਾਰ ਨੂੰ ਜਗਮੀਤ ਸਿੰਘ ਦੀ ਸਫਲਤਾ ਕਿੰਨੀ ਤਕਲੀਫ਼ ਪਹੁੰਚਾ ਰਹੀ ਹੈ, ਜਦੋਂ ਕਿ ਹੋਣਾ ਇਹ ਚਾਹੀਦਾ ਸੀ ਕਿ ਪੂਰੇ ਮੁਲਕ ਵਿਚ ਜਗਮੀਤ ਦੀ ਜਿੱਤ ਦੀ ਖ਼ੁਸ਼ੀ ਮਨਾਈ ਜਾਂਦੀ, ਕਿਉਂਕਿ ਇੱਕ ਭਾਰਤੀ ਕਿਸੇ ਦੂਜੇ ਵੱਡੇ ਦੇਸ਼ ਦਾ ਮੁਖੀ ਬਣਨ ਦਾ ਦਾਅਵੇਦਾਰ ਬਣਿਆ ਹੈ, ਪਰ ਇਸ ਦੇ ਉਲਟ ਕੇਂਦਰੀ ਹਕੂਮਤ ਨੇ ਉਸ ਸਿੱਖ ਚਿਹਰੇ ਨੂੰ ਬਹੁਤ ਵੱਡਾ ਅੱਤਵਾਦੀ ਗਰਦਾਨਣ ਵਿਚ ਹੀ ਸਾਰੀ ਸ਼ਕਤੀ ਝੋਕੀ ਹੋਈ ਹੈ। ਉਹਦੇ ਉੱਪਰ ਦੋਸ਼ ਲਾਏ ਜਾ ਰਹੇ ਹਨ ਕਿ ਜਗਮੀਤ ਸਿੰਘ ਨੇ 2013 ਵਿਚ ਕੈਨੇਡਾ ਦੇ ਅੰਟਾਰੀਓ ਸੂਬੇ ਚ ਖ਼ਾਲਿਸਤਾਨ ਸਮਰਥਕਾਂ ਦਾ ਇੱਕ ਸੰਮੇਲਨ ਆਯੋਜਿਤ ਕੀਤਾ, 2015 ਵਿਚ ਅਮਰੀਕਾ ਦੇ ਸਾਨਫਰਾਂਸਿਸਕੋ ਵਿਚ ਇੱਕ ਖ਼ਾਲਿਸਤਾਨੀ ਰੈਲੀ ਵਿਚ ਦਿਖਾਈ ਦਿੱਤਾ ਸੀ, ਅਤੇ 2016 ਵਿਚ ਭਾਰਤ ਤੋ ਬਾਹਰ ਆਜ਼ਾਦ ਸਿੱਖ ਦੇਸ਼ ਬਣਾਉਣ ਲਈ ਹਿੰਸਾ ਦਾ ਸਮਰਥਨ ਕੀਤਾ ਸੀ, ਖ਼ੁਫ਼ੀਆ ਏਜੰਸੀ ਰਿਸਰਚ ਐਂਡ ਅਨਾਲਿਸਿਸ ਵਿੰਗ (ਰਾਅ) ਦੀ ਇੱਕ ਵਿਸ਼ੇਸ਼ ਰਿਪੋਰਟ ਦੇ ਆਧਾਰ ਤੇ 2013 ਵਿਚ ਜਗਮੀਤ ਸਿੰਘ ਨੂੰ ਉਹਦੇ ਭਾਰਤ ਵਿਰੋਧੀ ਰੁਖ਼ ਦੇ ਕਾਰਨ ਵੀਜ਼ਾ ਦੇਣ ਤੋ ਇਨਕਾਰ ਕਰ ਦਿੱਤਾ ਗਿਆ ਸੀ। ਅਜਿਹੇ ਵਰਤਾਰੇ ਕਾਰਨ ਹੀ ਪੰਜਾਬੀਆਂ ਨੂੰ ਇਹ ਕਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿ ਉਹ ਭਾਰਤੀ ਨਹੀਂ ਪੰਜਾਬੀ ਹਨ। ਜੇਕਰ ਇਹ ਖ਼ੁਫ਼ੀਆ ਏਜੰਸੀ ਵੱਲੋਂ ਜਗਮੀਤ ਸਿੰਘ ਤੇ ਲਾਏ ਦੋਸ਼ ਮੰਨ ਵੀ ਲਏ ਜਾਣ, ਤਾਂ ਫਿਰ ਇੱਥੇ ਸੁਆਲ ਇਹ ਪੈਦਾ ਹੁੰਦਾ ਹੈ ਕਿ ਜਿਸ ਕੌਮ ਦਾ ਅਪਣਾ ਵਿਸ਼ਾਲ ਰਾਜ ਭਾਗ ਰਿਹਾ ਹੋਵੇ, ਕੀ ਉਨ੍ਹਾਂ ਨੂੰ ਆਪਣੇ ਖੁੱਸੇ ਹੋਏ ਰਾਜ ਭਾਗ ਦੀ ਗੱਲ ਕਰਨ ਦਾ ਵੀ ਅਧਿਕਾਰ ਨਹੀਂ ਹੈ?
ਜੇਕਰ 800 ਸਾਲ ਗ਼ੁਲਾਮ ਰਹਿਣ ਵਾਲੀ ਕੌਮ ਆਪਣੇ ਰਾਜ ਭਾਗ ਪ੍ਰਾਪਤੀ ਦੀ ਤਾਂਘ ਮਨ ਚ ਵਸਾ ਕੇ ਰੱਖ ਸਕਦੀ ਹੈ, ਤੇ ਰਾਜ ਭਾਗ ਪ੍ਰਾਪਤ ਕਰ ਸਕਦੀ ਹੈ , ਤਾਂ ਮਹਿਜ਼ 170 ਸਾਲ ਗ਼ੁਲਾਮ ਰਹਿਣ ਵਾਲੀ ਕੌਮ ਕਿਵੇਂ ਆਪਣੇ ਮਿਸਾਲੀ ਖ਼ਾਲਸਾ ਰਾਜ ਨੂੰ ਭੁੱਲ ਸਕਦੀ ਹੈ? ਜਿਸ ਕੌਮ ਦੀ ਸਥਾਪਨਾ, ਸਿਰਜਣਾ ਹੀ ਆਜ਼ਾਦੀ ਦੇ ਸਿਧਾਂਤ ਚੋ ਹੋਈ ਹੋਵੇ, ਉਹ ਕੌਮ ਭਲਾ ਗ਼ੁਲਾਮ ਰਹਿਣਾ ਕਿਵੇਂ ਪਸੰਦ ਕਰ ਸਕਦੀ ਹੈ? ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਰਕੇ ਸਮੇਂ ਦੀ ਹਕੂਮਤ ਨੂੰ ਇਹ ਸਪਸ਼ਟ ਸੁਨੇਹਾ ਉਸ ਮੌਕੇ ਹੀ ਦੇ ਦਿੱਤਾ ਸੀ ਕਿ ਅੱਜ ਤੋਂ ਬਾਅਦ ਸਿੱਖਾਂ ਨੂੰ ਕੋਈ ਦੁਨਿਆਵੀ ਹਕੂਮਤ ਆਪਣੇ ਜਬਰ ਜ਼ੁਲਮ ਨਾਲ ਗ਼ੁਲਾਮ ਬਣਾ ਕੇ ਨਹੀਂ ਰੱਖ ਸਕਦੀ। ਛੇਵੇਂ ਪਾਤਸ਼ਾਹ ਦੇ ਇਸ ਮੀਰੀ ਅਤੇ ਪੀਰੀ ਦੇ ਸਿਧਾਂਤ ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਦੋਂ ਹੋਰ ਪਰਪੱਕ ਕਰਵਾ ਦਿੱਤਾ ਜਦੋਂ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਵੱਲੋਂ ਸਾਜੀ ਸਿੱਖ ਕੌਮ ਨੂੰ ਸੰਪੂਰਨਤਾ ਬਖ਼ਸ਼ਦਿਆਂ ”ਚੂੰ ਕਾਰ ਅਜ਼ ਹਮਾਂ ਹੀਲਤੇ ਦਰ ਗੁਜ਼ਸਤ, ਹਲਾਲ ਅਸਤ ਬੁਰਦਨ ਬ ਸ਼ਮਸੀਰ ਦਸਤ” ਦੇ ਇੱਕ ਹੋਰ ਜ਼ਬਰਦਸਤ ਸਿਧਾਂਤ ਦੀ ਬਖ਼ਸ਼ਿਸ਼ ਕੀਤੀ। ਸੋ ਸਿੱਖ ਕੌਮ ਤਾਂ ਜਨਮ ਜਾਤ ਹੀ ਆਜ਼ਾਦ ਹੈ, ਫਿਰ ਉਨ੍ਹਾਂ ਦੀ ਕੋਈ ਆਜ਼ਾਦੀ ਖੋਹੇ ਅਤੇ ਖੋਹ ਕੇ ਆਜ਼ਾਦੀ ਦੀ ਗੱਲ ਕਰਨ ਤੇ ਵੀ ਪਾਬੰਦੀ ਲਾਉਣੀ ਚਾਹਵੇ, ਇਹ ਸਿੱਖ ਕੌਮ ਨੂੰ ਕਦੇ ਵੀ ਮਨਜ਼ੂਰ ਨਹੀਂ ਹੋਵੇਗਾ।
ਸੋ ਹਾਲਤਾਂ ਦੇ ਮੱਦੇ-ਨਜ਼ਰ ਕਿਹਾ ਜਾ ਸਕਦਾ ਹੈ ਕਿ ਹੁਣ ਲੜਾਈ ਹਥਿਆਰਾਂ ਨਾਲ ਨਹੀਂ ਬਲਕਿ ਵਿਚਾਰਾਂ ਨਾਲ ਲੜੀ ਜਾਣੀ ਚਾਹੀਦੀ ਹੈ, ਜਿਸ ਨੂੰ ਸਿੱਖ ਕੌਮ ਦਾ ਵੱਡਾ ਹਿੱਸਾ ਸਮੇਤ ਖ਼ਾਲਿਸਤਾਨ ਧਿਰਾਂ ਦੇ ਪਰਵਾਨ ਵੀ ਕਰਦਾ ਹੈ, ਪ੍ਰੰਤੂ ਭਾਰਤੀ ਹਕੂਮਤ ਵੱਲੋਂ ਜਿਸ ਤਰ੍ਹਾਂ ਘੱਟ ਗਿਣਤੀਆਂ ਦੇ ਮੁੱਢਲੇ ਹੱਕ ਖੋਹੇ ਜਾ ਰਹੇ ਹਨ, ਉਹਦੇ ਤੋਂ ਸਾਫ਼ ਝਲਕਦਾ ਹੈ ਕਿ ਭਾਰਤ ਦੀ ਮੁਤੱਸਬੀ ਸੋਚ ਨੂੰ ਪਰਨਾਈ ਹਕੂਮਤ ਘੱਟ ਗਿਣਤੀਆਂ ਭਾਵ ਗੈਰ ਹਿੰਦੂਆਂ ਨੂੰ ਨਾ ਹੀ ਭਾਰਤ ਅੰਦਰ ਪਹਿਲੇ ਦਰਜੇ ਦੇ ਸ਼ਹਿਰੀ ਵਜੋਂ ਪ੍ਰਵਾਨ ਕਰਦੀ ਹੈ ਅਤੇ ਨਾ ਹੀ ਭਾਰਤ ਤੋ ਬਾਹਰ ਬੈਠੇ ਸਿੱਖਾਂ ਦੀ ਆਪਣੀ ਸੂਝ ਬੂਝ ਅਤੇ ਮਿਹਨਤ ਨਾਲ ਕੀਤੀ ਤਰੱਕੀ ਹੀ ਉਹਦੇ ਰਾਸ ਆਉਂਦੀ ਹੈ ਅਤੇ ਨਾਂ ਹੀ ਉਨ੍ਹਾਂ ਵੱਲੋਂ ਕੀਤੀ ਜਾਂਦੀ ਆਜ਼ਾਦੀ ਦੀ ਗੱਲ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਹੈ। ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਾਢੇ ਪੰਜ ਸੌ ਸਾਲਾ ਸਮਾਗਮਾਂ ਵਿਚ ਹਾਜ਼ਰ ਹੋ ਕੇ ਦੁਨੀਆ ਨੂੰ ਸਿੱਖ ਹਿਤੈਸ਼ੀ ਹੋਣ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਦੂਜੇ ਪਾਸੇ ਬਾਹਰਲੇ ਮੁਲਕਾਂ ਵਿਚ ਚੜ੍ਹਦੀ ਕਲਾ ਦੇ ਝੰਡੇ ਬੁਲੰਦ ਕਰ ਰਹੇ ਸਿੱਖਾਂ ਨੂੰ ਭਾਰਤ ਵਿਰੋਧੀ ਗਰਦਾਨ ਕੇ ਉਨ੍ਹਾਂ ਤੇ ਮੁਲਕ ਵਿਚ ਆਉਣ ਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਸੋ ਜੇਕਰ ਸੱਚਮੁੱਚ ਹੀ ਕੇਂਦਰ ਸਰਕਾਰ ਸ੍ਰੀ ਗੁਰੂ ਨਾਨਕ ਸਾਹਿਬ ਦੀ ਸੋਚ ਨੂੰ ਸਿੱਜਦਾ ਕਰਦੀ ਹੈ, ਤਾਂ ਉਨ੍ਹਾਂ ਨੂੰ ਇਹ ਦੋਗਲਾ ਵਰਤਾਰਾ ਬੰਦ ਕਰਕੇ ਸਿੱਖ ਸਮੱਸਿਆਵਾਂ ਦੇ ਹੱਲ ਲਈ ਸੁਹਿਰਦਤਾ ਨਾਲ ਸੋਚਣਾ ਪਵੇਗਾ ਅਤੇ ਸਿੱਖ ਮਨਾਂ ਵਿਚ ਆਈ ਬੇਗਾਨਗੀ ਦੀ ਭਾਵਨਾ ਨੂੰ ਇਮਾਨਦਾਰੀ ਨਾਲ ਦੂਰ ਕਰਨਾ ਪਵੇਗਾ। ਸਮੁੱਚੀਆਂ ਘੱਟ ਗਿਣਤੀਆਂ, ਦਲਿਤਾਂ ਦੇ ਦਿਲਾਂ ਚ ਬੈਠ ਚੁੱਕੇ ਡਰ ਨੂੰ ਦੂਰ ਕਰਨ ਦੇ ਯਤਨ ਕਰਨੇ ਪੈਣਗੇ, ਫਿਰ ਹੀ ਗੁਰੂ ਨਾਨਕ ਸਾਹਿਬ ਦੇ ਸਾਢੇ ਪੰਜ ਸੌ ਸਾਲਾ ਸਮਾਗਮਾਂ ਚ ਨਤਮਸਤਕ ਹੋਣਾ ਸਫਲ ਸਮਝਿਆ ਜਾ ਸਕੇਗਾ।