ਅਕਲੀ ਕੀਚੈ ਦਾਨੁ…….

jagjeet singh ganeshpur 180720 AKALI_KITCHE_DAANnn
ਗੁਰਮਤਿ ਦੇ ਤਿੰਨ ਸੁਨਹਿਰੀ ਅਸੂਲ ਹਨ ਕਿਰਤ ਕਰੋ,ਨਾਮ ਜਪੋ ਅਤੇ ਵੰਡ ਛਕੋ। ਕਿਰਤ ਕਰੋ ਦਾ ਅਰਥ ਉਸ ਅਕਾਲ ਪੁਰਖ ਵਾਹਿਗੁਰੂ ਜੀ ਵਲੌ ਬਖ਼ਸ਼ੇ ਹੁਨਰ,ਗੁਣਾਂ ਅਤੇ ਸਖ਼ਤ ਮਿਹਨਤ ਨਾਲ ਇਮਾਨਦਾਰੀ, ਰੂਹਾਨੀ , ਨੈਤਿਕ ਅਤੇ ਸਮਾਜਿਕ ਕਦਰਾਂ ਕੀਮਤਾਂ ਦੁਆਰਾ ਨਿਯੰਤਰਿਤ ਜ਼ਿੰਦਗੀ ਜਿਊਣ ਤੋਂ ਹੈ। ਨਾਮ ਜਪੋ ਤੋਂ ਭਾਂਵ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਿਮਰਨ ਕਰਨਾ ਹੈ । ਵੰਡ ਛਕੋ ਦਾ ਸਿਧਾਂਤ ਸਾਨੂੰ ਦ੍ਰਿੜ੍ਹ ਕਰਵਾਉਂਦਾ ਹੈ ਕੀ ਆਪਣੀ ਹੈਸੀਅਤ ਅਨੁਸਾਰ ਆਪਣੀ ਕਮਾਈ ਦਾ ਦਸਵਾਂ ਹਿੱਸਾ ਭਾਵ ਦਸਵੰਧ ਸਮਾਜਿਕ ਭਲਾਈ ਕੰਮਾਂ ਲਈ ਦਾਨ ਕੀਤਾ ਜਾਵੇ। ਗੁਰੂ ਸਾਹਿਬਾਨ ਵੱਲੋਂ ਹਰ ਸਿੱਖ ਨੂੰ ਆਪਣੀ ਕਮਾਈ ਵਿੱਚੋਂ ਦਸਵੰਧ ਰੱਖਣਾ ਦਾ ਸਾਨੂੰ ਹੁਕਮ ਹੈ।ਸਾਨੂੰ ਗੁਰਬਾਣੀ,ਰਹਿਤਨਾਮਿਆਂ,ਤਾਨਖਾਹਨਾਮੇ ਅਤੇ ਗੁਰੂ ਕਾਲ ਦੀਆ ਸਾਖੀਆਂ ਵਿੱਚੋ ਵੀ ਲੋੜਵੰਦਾਂ ਦੀ ਸਹਾਇਤਾ ਕਰਨ ਦੇ ਪ੍ਰਮਾਣ ਮਿਲਦੇ ਹਨ। ਜਿਵੇਂ ਕੀ ਗੁਰਬਾਣੀ ਅਨੁਸਾਰ,”ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ”॥ ਅੱਜ ਵੀ ਸਿੱਖ ਸੰਗਤ ਦਸਵੰਧ ਤਾਂ ਦੇ ਰਹੀ ਹੈ ਪਰ ਲੋੜ ਹੈ ਇਸ ਨੂੰ ਅਜੋਕੇ ਸਮੇਂ ਦੀਆਂ ਸਮਾਜਿਕ ਮੁਸ਼ਕਲਾਂ ਅਨੁਸਾਰ ਸਹੀ ਦਿਸ਼ਾ ਦੇਣ ਦੀ ਹੈ। ਅੱਜ ਸਾਡਾ ਬਹੁਤਾ ਜ਼ੋਰ ਇਤਿਹਾਸਕ ਦਿਹਾੜਿਆਂ ਤੇ ਲੰਗਰ ਲਗਾਉਣ ਤੇ ਹੈ ।ਲੰਗਰ ਲਗਾਉਣਾ ਕੋਈ ਗ਼ਲਤ ਗੱਲ ਨਹੀਂ, ਸਾਨੂੰ ਗੁਰੂ ਪਾਤਸ਼ਾਹ ਜੀ ਨੇ ਸੰਗਤ ਤੇ ਪੰਗਤ ਦਾ ਸਿਧਾਂਤ ਬਖ਼ਸ਼ਿਆ ਹੈ ਜਿਸ ਦਾ ਅਰਥ ਇਕੱਲਾ ਸਰੀਰਕ ਭੁੱਖ ਮਿਟਾਉਣਾ ਨਹੀਂ ਹੈ ਪਰ ਨਾਲ ਹੀ ਸਾਰਿਆਂ ਨੂੰ ਬਰਾਬਰਤਾ ਦਾ ਅਹਿਸਾਸ ਕਰਵਾਉਣਾ ਹੈ।ਲੰਗਰ ਵੀ ਚੱਲਣੇ ਚਾਹੀਦੇ ਹਨ ਪਰ ਲੋੜ ਅਨੁਸਾਰ ਪਰ ਸਾਨੂੰ ਆਮ ਦੇਖਣ ਨੂੰ ਮਿਲਦਾ ਹੈ ਕੀ ਇਤਿਹਾਸਕ ਦਿਹਾੜਿਆਂ  ਦੇ ਮੌਕੇ 100-100 ਮੀਟਰ ਤੇ ਲੰਗਰ ਲਗਾਏ ਜਾਂਦੇ ਹਨ ,ਰੱਜਿਆ ਨੂੰ ਰਜਾਉਣਾ ਲੰਗਰ ਦਾ ਸਿਧਾਂਤ ਨਹੀਂ। ਲੰਗਰ ਲੋੜ ਅਨੁਸਾਰ ਦਿਨ ਤਿਉਹਾਰ ਦੇ ਨਾਲ ਨਾਲ ਜਿੱਥੇ ਕਿੱਤੇ ਵੀ ਲੋੜ ਹੋਵੇ ਉੱਥੇ ਹੀ ਚੱਲਣਾ ਚਾਹੀਦਾ ਹੈ।ਮਿਸਾਲ ਵਜੇ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਕਮੇਟੀ ਵਲ ਜੰਤਰ-ਮੰਤਰ ਵਿਖੇ ਲੋੜਵੰਦਾਂ ਨੂੰ ਲੰਗਰ ਛਕਾਉਣਾ ਇੱਕ ਉੱਤਮ ਕਾਰਜ ਹੈ।
ਸੋ ਸਮਝਣ ਦੀ ਲੋੜ ਹੈ ਕਿ ਗੁਰਬਾਣੀ ਦੇ ਮਹਾਂਵਾਕ ਅਨੁਸਾਰ ”ਅਕਲੀ ਕੀਚੈ ਦਾਨੁ” ਦੇ ਸਿਧਾਂਤ ਅਨੁਸਾਰ ਦਸਵੰਧ ਦੀ ਸੁਚੱਜੀ ਵਰਤੋ ਕਿਵੇਂ ਹੋਵੇ। ਅੱਜ ਦੇ ਸਮੇਂ ਸਮਾਜ ਵਿੱਚ ਧਰਮ ਦੇ ਨਾਮ ਉੱਤੇ ਕਈ ਪਾਖੰਡੀ ਲੋਕ ਧਰਮ ਦੀਆਂ ਦੁਕਾਨਾਂ ਖੋਲ੍ਹੀ ਬੈਠੇ ਹਨ ਜਿਹੜੇ ਕਿ ਭੋਲੀ-ਭਾਲੀ ਜਨਤਾ ਨੂੰ ਆਪਣੇ ਮੱਕੜ ਜਾਲ ਵਿੱਚ ਫਸਾ ਕੇ ਉਨ੍ਹਾਂ ਦੀ ਦੌਲਤ ਨਾਲ ਐਸ਼ਪ੍ਰਸਤੀ ਵਾਲਾ ਜੀਵਨ ਬਿਤਾ ਰਹੇ ਹਨ।ਅਜੋਕੇ ਸਿੱਖ ਵਹਿਮ ਭਰਮ ਅਤੇ ਕਰਮ ਕਾਂਡ ਵਿੱਚ ਉਲਝ ਕੇ ਦਸਵੰਧ ਦੇ ਸਿਧਾਂਤ ਦਾ ਪੱਲਾ ਛੱਡ ਕੇ ਪਖੰਡੀਆ ਦੇ ਦਰ ਉੱਤੇ ਮੱਥੇ ਰੰਗੜ ਕੇ ਆਪਣੇ ਸਮੇਂ ਅਤੇ ਮਾਇਆ ਦੀ ਬਰਬਾਦੀ ਕਰ ਰਿਹਾ ਹੈ,ਹੋਣਾ ਤਾਂ ਇਹ ਚਾਹੀਦਾ ਹੈ ਕਿ ਅਸੀਂ ਸਾਡੇ ਗੁਰੂ ਸਾਹਿਬਾਨ ਜੀ ਦੁਆਰਾ ਬਖ਼ਸ਼ੇ ਸਿਧਾਂਤ ਅਨੁਸਾਰ ”ਗ਼ਰੀਬ ਦਾ ਮੂੰਹ ਗੁਰੂ ਕੀ ਗੋਲਕ” ਦੁਆਰਾ ਸਮਾਜ ਵਿੱਚ ਜ਼ਰੂਰਤਮੰਦ ਨੂੰ ਲੰਗਰ , ਰਹਾਇਸ਼,  ਸਿੱਖਿਆ ਅਤੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰੀਏ। ਇਸ ਦੇ ਲਈ ਯਹੂਦੀਆਂ ਤੋ ਪ੍ਰੇਰਨਾ ਲਈ ਜਾ ਸਕਦੀ ਹੈ। ਲਗਭਗ 2700 ਸਾਲ ਦੇ ਸੰਘਰਸ਼ ਤੋ ਬਾਅਦ ਯਹੂਦੀਆਂ ਨੂੰ ਆਪਣਾ ਇੱਕ ਛੋਟਾ ਜਿਹਾ ਦੇਸ਼ ਇਸਰਾਈਲ ਮਿਲਿਆ। ਉਨ੍ਹਾਂ ਨੇ ਯਹੂਦੀ ਕੌਮ ਦਾ ਧਨ ਆਪਣੇ ਦੇਸ਼ ਦੇ ਸਿੱਖਿਆ,ਸਿਹਤ,ਸਭਿਆਚਾਰ ਅਤੇ ਆਪਣੇ ਧਰਮ ਵਿੱਚ ਦ੍ਰਿੜ੍ਹ ਕਰਵਾਉਣ ਵਾਲੇ ਕਾਰਜਾਂ ਵਿੱਚ ਲਗਾਉਣ ਦਾ ਫੈਸਲਾ ਕੀਤਾ। ਉਨ੍ਹਾਂ ਦੇ ਇਸ ਫ਼ੈਸਲੇ ਦਾ ਨਤੀਜਾ ਇਹ ਨਿਕਲਿਆ ਕੀ ਦੁਨੀਆ ਵਿੱਚ ਅੱਜ ਸਭ ਤੋ ਵੱਧ ਨੋਬਲ ਪੁਰਸਕਾਰ ਵਿਜੇਤਾ ਯਹੂਦੀ ਹਨ ।

ਇੱਥੇ ਹੀ ਸਾਨੂੰ ਪਾਕਿਸਤਾਨ ਦੇ ਉੱਘੇ ਸਮਾਜ ਸੇਵਕ ਰਹੇ ਅਬਦੁੱਲ ਸੱਤਾਰ ਈਦੀ ਦੇ ਜੀਵਨ ਤੋਂ ਵੀ ਸੇਧ ਮਿਲਦੀ ਹੈ ਜਿਸ ਨੇ ਬੜੇ ਮੁਸ਼ਕਿਲ ਭਰੇ ਵਕਤ ਵਿੱਚ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ। ਸੰਨ 1951 ਵਿੱਚ 2300 ਰੁਪਏ ਵਿੱਚ ਮੀਠਾਦਾਰ ਇਲਾਕੇ ਵਿੱਚ ਖੋਲ੍ਹੀ ਡਿਸਪੈਂਸਰੀ ਤੋ ਸ਼ੁਰੂ ਹੋ ਕੇ 250 ਲੋਕ ਭਲਾਈ ਸੈਂਟਰ ਸਥਾਪਿਤ ਕੀਤੇ।ਲਾਵਾਰਸ ਲਾਸ਼ਾਂ ਨੂੰ ਢੱਕ ਕੇ ਕਫ਼ਨ ਦਫ਼ਨ ਦਾ ਸਮਾਜਿਕ ਕਾਰਜ ਕੀਤੇ।ਉਸ ਦੀ ਭਲਾਈ ਸੰਸਥਾ ਦੀਆ 500 ਐਂਬੂਲੈਂਸ ਹਰ ਸਮੇਂ ਲੋਕਾ ਦੀ ਸੇਵਾ ਵਿੱਚ ਤਿਆਰ ਰਹਿੰਦੀਆਂ ਸਨ। ਅਜਿਹੀਆਂ ਹੀ ਹੋਰ ਉਦਾਹਰਨਾਂ ਮਦਰ ਟੈਰੇਸਾ ਅਤੇ ਭਗਤ ਪੂਰਨ ਸਿੰਘ ਜੀ ਦੇ ਜੀਵਨ ਤੋ ਸਾਨੂੰ ਮਿਲਦੀਆਂ ਹਨ ਜਿਹੜੀਆਂ ਕੀ ਸਾਨੂੰ ਮਾਨਵਤਾ ਦੀ ਸੇਵਾ ਕਰਨ ਲਈ ਹਮੇਸ਼ਾ ਪ੍ਰੇਰਨਾ ਦਿੰਦੀਆਂ ਰਹਿਣਗੀਆਂ।

ਅਜੋਕੇ ਸਮੇਂ ਵਿੱਚ ਵੀ ਕਈ ਸੰਸਥਾਵਾਂ ਲੋਕ ਭਲਾਈ ਕੰਮਾ ਵਿੱਚ ਵੱਧ ਚੜ੍ਹ ਕੇ ਹਿੱਸਾ ਪਾ ਰਹੀਆਂ ਹਨ ਜਿਵੇ ਕੀ ‘ਖ਼ਾਲਸਾ ਏਡ’ ਜਿਸ ਦੀ ਸੰਸਥਾਪਨਾ 1999 ਵਿੱਚ ”ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ਦੇ ਸਿਧਾਂਤ ਅਨੁਸਾਰ ਇੰਗਲੈਂਡ ਵਿੱਚ ਹੋਈ ਸੀ ।ਇਸ ਸੰਸਥਾ ਦੇ ਦੁਨੀਆ ਭਰ ਵਿੱਚ ਨਿਸ਼ਕਾਮ ਸੇਵਾਦਾਰ ਹਨ ।ਇਹ ਸੰਸਥਾ ਕੁਦਰਤੀ ਆਫ਼ਤਾਂ ਵਿੱਚ ਆਪਣੇ ਸੇਵਾਦਾਰਾ ਨਾਲ ਲੋਕਾਂ ਦੀ ਸੇਵਾ ਵਿੱਚ ਉੱਥੇ ਪਹੁੰਚ ਜਾਂਦੀ ਹੈ ਅਤੇ ਲੋਕਾਂ ਨੂੰ ਲੰਗਰ ਅਤੇ ਹੋਰ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਂਦੀ ਹੈ ਜਿਵੇਂ ਕੀ ਅਫ਼ਰੀਕੀ ਦੇਸ਼ਾਂ ਵਿੱਚ ਸਾਫ਼ ਪੀਣ ਵਾਲਾ ਪਾਣੀ ਲਈ ਨਲਕੇ ਲਗਾ ਕੇ ਦੇਣੇ।

ਇੱਕ ਹੋਰ ਸੰਸਥਾ ਜਿਸ ਦਾ ਨਾਮ ਸਰਬੱਤ ਦਾ ਭਲਾ ਹੈ ਜੋ ਕੀ ਦੁਬਈ ਦੇ ਉੱਘੇ ਸਮਾਜ ਸੇਵਕ ਡਾ:ਐੱਸ.ਪੀ ਓਬਰਾਏ ਦੁਆਰਾ ਚਲਾਈ ਜਾ ਰਹੀ ਹੈ ਜੋ ਕੀ ਹਮੇਸ਼ਾ ਲੋਕ ਸੇਵਾ ਲਈ ਤਤਪਰ ਰਹਿੰਦੀ ਹੈ ਜਿਵੇਂ ਕੀ ਵਿਦੇਸ਼ਾਂ ਵਿੱਚ ਫਸੇ ਪੰਜਾਬੀਆ ਨੂੰ ਸਹੀ ਸਲਾਮਤ ਪੰਜਾਬ ਲੈ ਕੇ ਆਉਣਾ,ਮੈਡੀਕਲ ਕੈਪ ਲਗਾਉਣੇ, ਸਾਫ਼ ਪੀਣ ਲਈ ਸਕੂਲਾਂ ਵਿੱਚ ਆਰ.ਉ ਸਿਸਟਮ ਲਗਾਉਣੇ ,ਵਿਧਵਾ ਬੀਬੀਆਂ ਨੂੰ ਪੈਨਸ਼ਨ ਦੇਣੀ ਆਦਿ ਇਸ ਸੰਸਥਾ ਦੇ ਮੁੱਖ ਕਾਰਜ ਹਨ।ਇਹੋ ਜਿਹੀਆ ਸੰਸਥਾਵਾਂ ਨਾਲ ਜੁੜ ਕੇ ਅਸੀਂ ਵੀ ਸਮਾਜ ਸੇਵਾ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ ਜਿਹੜੇ ਇਨਸਾਨ ਪੈਸੇ ਰਾਹੀ ਦਾਨ ਨਹੀਂ ਦੇ ਸਕਦੇ ,ਉਹ ਇੰਨਾ ਸੰਸਥਾਵਾਂ ਦੇ ਸੇਵਾਦਾਰ ਬਣ ਕੇ ਆਪਣੀਆਂ ਸੇਵਾਵਾਂ ਦੇ ਸਕਦੇ ਹਨ।

ਅੱਜ ਦੇ ਦੌਰ ਵਿੱਚ ਦੁਨੀਆ ਦੇ ਨਾਲ-2 ਚੱਲਣ ਲਈ ਸਾਨੂੰ ਆਪਣੀ ਕੌਮ ਨੂੰ ਸਮੇਂ ਦੀ ਮੰਗ ਅਨੁਸਾਰ ਅਗਾਂਹਵਧੂ ਸਿੱਖਿਆ ਦੇਣੀ ਪਵੇਗੀ ਸਾਨੂੰ ਉੱਚ ਸਿੱਖਿਆ ਸੰਸਥਾਵਾਂ ਖੋਲ੍ਹਣੀਆਂ ਚਾਹੀਦੀਆਂ ਹਨ ਜਿੱਥੇ ਗ਼ਰੀਬ ਬੱਚਿਆ ਨੂੰ ਘੱਟ ਕੀਮਤ ਤੇ ਸਿੱਖਿਆ ਮਿਲੇ ਤਾਂ ਜੋ ਉਹ ਸਮਾਜ ਦਾ,ਦੇਸ਼ ਦਾ ਅਤੇ ਕੌਮ ਦਾ ਨਾਮ ਦੁਨੀਆ ਵਿੱਚ ਉੱਚਾ ਕਰ ਸਕਣ। ਸਿੱਖ ਭਾਈਚਾਰੇ ਨੂੰ ਆਪਣੇ ਇਤਿਹਾਸ ਤੋ ਪ੍ਰੇਰਨਾ ਲੈਂਦੇ ਹੋਏ ਸੇਵਾ,ਸਿਮਰਨ ਅਤੇ ਸਰਬੱਤ ਦੇ ਭਲੇ ਦੇ ਸਿੱਖੀ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਕਮਾ ਕੇ ਅੱਗੇ ਵਧਣਾ ਚਾਹੀਦਾ ਹੈ ਤਾਂ ਜੋ ਉਹ ਪੂਰੀ ਦੁਨੀਆ ਸਾਹਮਣੇ ਇਕ ਆਦਰਸ਼ ਕੌਮ ਦੇ ਤੌਰ ਤੇ ਮਿਸਾਲ ਬਣ ਸਕੇ। ਸਾਡੀਆਂ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਨੂੰ ਮਿਲ ਕੇ ਲੋਕਾਂ ਨੂੰ ਸਮਾਜ ਵਿੱਚ ਫੈਲੇ ਨਸ਼ੇ, ਭਰੂਣ ਹੱਤਿਆ, ਦਾਜ ,ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣਾ, ਪਤਿਤਪੁਣੇ ਪ੍ਰਤੀ ਜਾਗਰੂਕ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ।ਪੰਜਾਬ ਵਿੱਚ ਕੈਂਸਰ ਇੱਕ ਭਿਆਨਕ ਰੋਗ ਬਣ ਚੁੱਕਾ ਹੈ ਇਸ ਨੂੰ ਠੱਲ੍ਹ ਪਾਉਣ ਲਈ ਕਈ ਸਮਾਜ ਸੇਵੀ ਕੰਮ ਵੀ ਕਰ ਰਹੇ ਹਨ ਪਰ ਲੋੜ ਹੈ ਇਸ ਦੇ ਖ਼ਾਤਮੇ ਲਈ ਇੱਕ ਲੋਕ ਲਹਿਰ ਬਣਾਉਣ ਦੀ ਤਾਂ ਜੋ ਕਿਸੇ ਵੀ ਇਨਸਾਨ ਨੂੰ ਇਹ ਰੋਗ ਹੋਣ ਤੇ ਦਵਾਈ ਦੀ ਅਣਹੋਂਦ ਕਾਰਨ ਆਪਣੀ ਕੀਮਤੀ ਜਾਨ ਨਾ ਗਵਾਉਣੀ ਪਵੇ।ਕਿਸੇ ਵੀ ਭਾਈਚਾਰੇ ਦੀ ਪਹਿਚਾਣ ਉਸ ਦੀ ਅਬਾਦੀ ਤੋ ਨਹੀਂ ਸਗੋਂ ਉਸ ਭਾਈਚਾਰੇ ਦੁਆਰਾ ਮਾਨਵਤਾ ਲਈ ਕੀਤੇ ਲੋਕ ਭਲਾਈ ਕਾਰਜਾਂ ਤੋਂ ਹੁੰਦੀ ਹੈ । ਇਸ ਤਰ੍ਹਾਂ ਦਸਵੰਧ ਦੀ ਯੋਗ ਵਰਤੋ ਕਰਦੇ ਹੋਏ ਅਸੀਂ ਪੂਰੀ ਦੁਨੀਆ ਵਿੱਚ ਇੱਕ ਆਦਰਸ਼ ਸਮਾਜ ਦੀ ਸਿਰਜਣਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਾਂ।

ਜਗਜੀਤ ਸਿੰਘ ‘ਗਣੇਸ਼ਪੁਰ’
+91 94655 76022
Iamjagjit@rediffmail.com

Install Punjabi Akhbar App

Install
×