ਪਿਛਲੇ 10 ਸਾਲਾਂ ਤੋਂ ਕੈਂਸਰ ਦੇ ਖਾਤਮੇ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਮਨਸ਼ੇ ਨਾਲ ਯਤਨਸ਼ੀਲ ਵਿਸ਼ਵ ਪ੍ਰਸਿੱਧ ਸੰਸਥਾ ਰੋਕੋ ਕੈਂਸਰ ਵੱਲੋਂ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੂੰ ਡਾਇਰੈਕਟਰ ਪੀ ਆਰ (ਗਲੋਬਲ) ਵਜੋਂ ਨਿਯੁਕਤ ਕੀਤਾ ਹੈ। ਸੰਸਥਾ ਦੇ ਚੇਅਰਮੈਨ ਸ੍ਰ: ਅਜਿੰਦਰਪਾਲ ਸਿੰਘ ਚਾਵਲਾ ਵੱਲੋਂ ਜੱਗੀ ਕੁੱਸਾ ਨੂੰ ਸੰਸਥਾ ਦੇ ਲੰਡਨ ਸਥਿਤ ਮੁੱਖ ਦਫ਼ਤਰ ਵਿਖੇ ਟਰੱਸਟੀਆਂ ਦੀ ਹਾਜਰੀ ਵਿੱਚ ਨਿਯੁਕਤੀ ਪੱਤਰ ਜਾਰੀ ਕੀਤਾ। ਜਿਕਰਯੋਗ ਹੈ ਕਿ ਜੱਗੀ ਕੁੱਸਾ ਸਾਹਿਤਕ ਖੇਤਰ ਵਿੱਚ ਜਾਣਿਆ ਪਛਾਣਿਆ ਨਾਮ ਹੈ ਤੇ ਪੰਜਾਬੀ ਪਾਠਕਾਂ ਦੀ ਝੋਲੀ 21 ਨਾਵਲ, 4 ਕਹਾਣੀ ਸੰਗ੍ਰਹਿ, 3 ਵਿਅੰਗ ਸੰਗ੍ਰਹਿ, 1 ਕਾਵਿ ਸੰਗ੍ਰਹਿ ਅਤੇ 1 ਲੇਖ ਸੰਗ੍ਰਹਿ ਪਾ ਚੁੱਕੇ ਹਨ। ਇਸ ਤੋਂ ਇਲਾਵਾ ਉਹਨਾਂ ਦੇ ਤਿੰਨ ਨਾਵਲ ਅੰਗਰੇਜੀ ਵਿੱਚ ਵੀ ਲੰਡਨ ਦੇ ਇੱਕ ਪ੍ਰਕਾਸ਼ਨ ਸਮੂਹ ਵੱਲੋਂ ਅਨੁਵਾਦ ਕਰਕੇ ਛਾਪੇ ਜਾ ਚੁੱਕੇ ਹਨ। ਜਿੱਥੇ ਇਸ ਨਿਯੁਕਤੀ ਤੇ ਸਿੱਖ ਵੈੱਲਫੇਅਰ ਸੁਸਾਇਟੀ ਦੇ ਆਗੂ ਡਾ: ਚੰਨਣ ਸਿੰਘ ਸਿੱਧੂ, ਬੂਟਾ ਸਿੰਘ ਨਿੱਝਰ ਅਤੇ ਫਾਈਨਾਂਸ ਡਾਇਰੈਕਟਰ ਨਿਕਿਤਾ ਚਾਵਲਾ ਵੱਲੋਂ ਖੁਸ਼ੀ ਪ੍ਰਗਟਾਈ ਗਈ ਉੱਥੇ ਚੇਅਰਮੈਨ ਅਜਿੰਦਰਪਾਲ ਸਿੰਘ ਚਾਵਲਾ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਆਪਣੀ ਪਤਨੀ ਦੀ ਕੈਂਸਰ ਨਾਲ ਹੋਈ ਮੌਤ ਨੇ ਉਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਸ ਤੋਂ ਬਾਅਦ ਉਹਨਾਂ ਪ੍ਰਣ ਲਿਆ ਕਿ ਕਿਸੇ ਹੋਰ ਦੀ ਪਤਨੀ ਜਾਂ ਬੱਚਿਆਂ ਦੀ ਮਾਂ ਇਸ ਬੀਮਾਰੀ ਦੇ ਚੁੰਗਲ ਚ ਫਸ ਕੇ ਅਗਿਆਨਤਾ ਵੱਸ ਜਾਨ ਨਾ ਗੁਆ ਬੈਠੇ, ਇਸੇ ਸੋਚ ਤਹਿਤ ਹੀ ”ਰੋਕੋ ਕੈਂਸਰ” ਸੰਸਥਾ ਹੋਂਦ ਵਿੱਚ ਆਈ ਤੇ ਨਿਰੰਤਰ ਆਪਣੀ ਰਾਹ ਤੇ ਹੈ। ਉਹਨਾਂ ਕਿਹਾ ਕਿ ਨੇੜ ਭਵਿੱਖ ਵਿੱਚ ਸੰਸਥਾ ਵੱਲੋਂ ਨਵੀਂ ਰੂਪ ਰੇਖਾ ਉਲੀਕ ਕੇ ਵਡੇਰੇ ਕਾਰਜ ਕੀਤੇ ਜਾਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੱਗੀ ਕੁੱਸਾ ਨੇ ਕਿਹਾ ਕਿ ”ਜਿੱਥੇ ਰੋਕੋ ਕੈਂਸਰ ਵੱਲੋਂ ਉਹਨਾਂ ਨੂੰ ਨਿਯੁਕਤ ਕੀਤੇ ਜਾਣ ਦੀ ਖੁਸ਼ੀ ਹੈ ਉੱਥੇ ਜਿੰਮੇਵਾਰੀ ਦਾ ਅਹਿਸਾਸ ਵੀ ਹੈ। ਸੰਸਥਾ ਵੱਲੋਂ ਮੇਰੀ ਝੋਲੀ ਪਾਈ ਸੇਵਾ ਨੂੰ ਜੀਅ ਜਾਨ ਲਾ ਕੇ ਨਿਭਾਵਾਂਗਾ।”