ਫਰੀਦਕੋਟ ਦੇ ਜੰਮਪਲ ਜੈਗ ਖੋਸਾ ਦੀ ਸਰੀ ਪੁਲਿਸ ਵਿਚ ਹੋਈ ਨਿਯੁਕਤੀ

ਸਰੀ -ਪੰਜਾਬੀ ਭਾਈਚਾਰੇ ਦੇ ਸਤਿਕਾਰਤ ਪੁਲਿਸ ਅਫਸਰ ਅਤੇ ਦੂਰ-ਅੰਦੇਸ਼ੀ ਨੌਜਵਾਨ ਜੈਗ ਖੋਸਾ ਨੂੰ ਸਰੀ ਪੁਲੀਸ ਸਰਵਿਸਜ਼ ਵਿਚ ਸਾਰਜੈਂਟ ਨਿਯੁਕਤ ਕੀਤਾ ਗਿਆ ਹੈ।

ਪੰਜਾਬ ਦੇ ਸ਼ਹਿਰ ਫਰੀਦਕੋਟ ਦੇ ਜੰਮਪਲ ਜੈਗ ਖੋਸਾ ਨੇ 2007 ਤੋਂ 2011 ਤੱਕ ਅਲਬਰਟਾ ਸੂਬੇ ਦੇ ਸ਼ਹਿਰ ਐਡਮਿੰਟਨ ਵਿਖੇ ਬਤੌਰ ਪੁਲਿਸ ਅਫ਼ਸਰ ਕੰਮ ਕਰਨ ਤੋਂ ਬਾਅਦ ਬੀ.ਸੀ. ਸੂਬੇ ਦੀ ਐਂਟੀ ਗੈਂਗ ਏਜੰਸੀ (ਕੰਬਾਇਨਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ) ਵਿਚ ਇਕ ਦਹਾਕੇ ਤੋਂ ਵੱਧ ਸਮਾਂ ਸੇਵਾਵਾਂ ਨਿਭਾਈਆਂ ਹਨ। ਇਸ ਏਜੰਸੀ ਵਿਚ ਕੰਮ ਕਰਦਿਆਂ ਉਸ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਹਥਿਆਰਾਂ ਅਤੇ ਡਰੱਗ ਦੀ ਤਸਕਰੀ ਨਾਲ ਸਬੰਧਤ ਕੇਸਾਂ ‘ਤੇ ਕੰਮ ਕੀਤਾ ਹੈ। ਗੈਂਗ ਸਬੰਧਤ ਤਫ਼ਤੀਸ਼ ਵਿਚ ਮੁਹਾਰਤ ਰੱਖਣ ਦੇ ਨਾਲ-ਨਾਲ ਉਸ ਨੇ ਨੌਜਵਾਨਾਂ ਨੂੰ ਗੈਂਗ ਗਤੀਵਿਧੀਆਂ ਵਿਚ ਸ਼ਾਮਲ ਹੋਣ ਤੋਂ ਰੋਕਣ ਲਈ ਕੈਨੇਡਾ ਦਾ ਪਹਿਲਾ ਗੈਂਗ ਇੰਟਰਵੈਂਸ਼ਨ ਪ੍ਰੋਗਰਾਮ ਵੀ ਸ਼ੁਰੂ ਕੀਤਾ। ਗੈਂਗ ਗਤੀਵਿਧੀਆਂ ਅਤੇ ਨਸ਼ਿਆਂ ਤੋਂ ਬੱਚਿਆਂ ਨੂੰ ਬਚਾਉਣ ਲਈ ਉਸ ਨੇ ਬੇਹੱਦ ਸ਼ਲਾਘਾਯੋਗ ਕੰਮ ਕੀਤਾ ਹੈ। ਕਮਿਊਨਿਟੀ ਨੂੰ ਮਾੜੇ ਅਨਸਰਾਂ ਤੋਂ ਬਚਾਉਣ ਲਈ ਉਹ ਲਗਾਤਾਰ ਯਤਨਸ਼ੀਲ ਹੈ।

ਅਣਥੱਕ ਮਿਹਨਤੀ ਪੁਲਿਸ ਅਫਸਰ ਜੈਗ ਖੋਸਾ ਕਮਿਊਨਿਟੀ ਦੇ ਕਾਰਜਾਂ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਸ਼ਲਾਘਾਯੋਗ ਕਾਰਜਾਂ ਬਦਲੇ ਉਸ ਨੂੰ ਅਨੇਕਾਂ ਮਾਣ ਸਨਮਾਨ ਮਿਲੇ ਹਨ। ਬੀ.ਸੀ. ਦੀ ਉਪ-ਰਾਜਪਾਲ ਵੱਲੋਂ ਉਸ ਨੂੰ ‘ਬੀ.ਸੀ. ਕਮਿਊਨਿਟੀ ਅਚੀਵਮੈਂਟ ਅਵਾਰਡ’ ਨਾਲ ਸਨਮਾਨਿਆ ਜਾ ਚੁੱਕਿਆ ਹੈ।

ਸਰੀ ਪੁਲਿਸ ਵਿੱਚ ਸ਼ਾਮਲ ਹੋਣ ਉਪਰੰਤ ਜੈਗ ਖੋਸਾ ਨੇ ਕਿਹਾ ਕਿ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਸਰੀ ਪੁਲਿਸ ਸਰਵਿਸ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ। ਸਰੀ ਨਿਵਾਸੀਆਂ ਅਤੇ ਸਰੀ ਪੁਲਿਸ ਪ੍ਰਤੀ ਆਪਣਾ ਫਰਜ਼ ਨਿਭਾਉਣ ਲਈ ਇਹ ਮੇਰੇ ਵਾਸਤੇ ਇਹ ਬਹੁਤ ਹੀ ਲਾਹੇਵੰਦ ਅਤੇ ਦਿਲਚਸਪ ਕਦਮ ਹੈ।

(ਹਰਦਮ ਮਾਨ) +1 604 308 6663
maanbabushahi@gmail.com

Welcome to Punjabi Akhbar

Install Punjabi Akhbar
×
Enable Notifications    OK No thanks