ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਰਮਿਆਨ ਟ੍ਰਾਂਸ-ਟੇਸਮੈਨ ਟ੍ਰੇਵਲ ਬਬਲ ਦੀ ਸ਼ੁਰੂਆਤ ਦਾ ਐਲਾਨ ਹੋਵੇਗਾ ਅੱਜ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਅਤੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਵਿਚਾਲੇ ਜਿਹੜੇ ਉਮੀਦਾਂ ਭਰੇ ਇਕਰਾਰ 11 ਮਹੀਨੇ ਪਹਿਲਾਂ ਹੋਏ ਸਨ ਕਿ ਦੋਹਾਂ ਦੇਸ਼ਾਂ ਵਿਚਾਲੇ ਟ੍ਰਾਂਸ-ਟੇਸਮੈਨ ਟ੍ਰੇਵਲ ਬਬਲ ਦੀ ਸ਼ੁਰੂਆਤ ਨਾਲ ਲੋਕ ਆ ਜਾ ਸਕਣਗੇ, ਅੱਜ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਵੱਲੋਂ ਉਸ ਦੀ ਸ਼ੁਰੂਆਤ ਦਾ ਰਸਮੀ ਤੌਰ ਤੇ ਐਲਾਨ ਕੀਤਾ ਜਾ ਰਿਹਾ ਹੈ।
ਹੁਣ ਆਸਟ੍ਰੇਲੀਆ ਦੀਆਂ ਸਾਰੀਆਂ ਹੀ ਸਟੇਟਾਂ, ਨਿਊਜ਼ੀਲੈਂਡ ਵਿਚਲੇ ਆਵਾਗਮਨ ਦਾ ਹਿੱਸਾ ਬਣ ਜਾਣਗੀਆਂ ਅਤੇ ਜ਼ਿਕਰਯੋਗ ਇਹ ਵੀ ਹੈ ਕਿ ਪੱਛਮੀ ਆਸਟ੍ਰੇਲੀਆ ਨੇ ਤਾਂ ਪਹਿਲਾਂ ਹੀ ਉਕਤ ਸਮਝੌਤੇ ਦੇ ਤਹਿਤ ਨਿਊਜ਼ੀਲੈਂਡ ਨਾਲ ਆਵਾਜਾਈ ਸ਼ੁਰੂ ਕੀਤੀ ਹੋਈ ਹੈ।
ਵੈਸੇ ਹਰ ਸਾਲ ਹੀ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਵਿਭਾਗੀ ਕਾਰਵਾਈਆਂ ਦੀਆਂ ਰਸਮੀ ਮੀਟਿੰਗਾਂ ਹੁੰਦੀਆਂ ਹੀ ਹਨ ਅਤੇ ਇਸ ਵਾਰੀ 2021 ਵਿੱਚ ਨਿਊਜ਼ੀਲੈਂਡ ਨੇ ਇਸ ਮੀਟਿੰਗ ਦੀ ਮੇਜ਼ਬਾਨੀ ਵੀ ਕਰਨੀ ਹੈ ਅਤੇ ਜ਼ਾਹਿਰ ਹੈ ਕਿ ਜਦੋਂ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਉਥੇ ਜਾਣਗੇ ਤਾਂ ਉਨ੍ਹਾਂ ਨੂੰ ਕੁਆਰਨਟੀਨ ਨਹੀਂ ਹੋਣਾ ਪਵੇਗਾ।
ਜ਼ਿਕਰਯੋਗ ਇਹ ਵੀ ਹੈ ਕਿ ਇਸ ਤੋਂ ਪਹਿਲਾਂ ਵਾਲੀ ਮੀਟਿੰਗ ਦੌਰਾਨ ਦੋਹਾਂ ਪ੍ਰਧਾਨ ਮੰਤਰੀਆਂ ਵਿਚਾਲੇ ਥੋੜੀ ਤਕਰਾਰ ਅਤੇ ਰਿਸ਼ਤਿਆਂ ਵਿਚਲੀ ਖਟਾਸ ਵੀ ਦਿਖਾਈ ਦੇਣ ਲੱਗੀ ਸੀ ਕਿਉਂਕਿ ਪ੍ਰਧਾਨ ਮੰਤਰੀ ਆਰਡਰਨ ਨੇ, ਆਸਟ੍ਰੇਲੀਆ ਦੀਆਂ ‘ਡੀਪੋਰਟ’ ਵਾਲੀਆਂ ਨੀਤੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਸੀ ਜਦੋਂ ਇੱਕ 15 ਸਾਲਾਂ ਦੇ ਇੱਕ ਨਿਊਜ਼ੀਲੈਂਡ ਮੂਲ ਦੇ ਲੜਕੇ ਨੂੰ ‘ਡੀਪੋਰਟ’ ਕਰਕੇ ਵਾਪਿਸ ਭੇਜ ਦਿੱਤਾ ਗਿਆ ਸੀ ਅਤੇ ਇਸ ਵਾਸਤੇ ਪ੍ਰਧਾਨ ਮੰਤਰੀ ਆਰਡਰਨ ਨੇ ਕਾਫੀ ਨਾਰਾਜ਼ਗੀ ਵੀ ਜਤਾਈ ਸੀ।
ਦੋਹਾਂ ਦੇਸ਼ਾਂ ਵਿਚਾਲੇ ਆਵਾਗਮਨ ਤਾਂ ਪਿਛਲੇ ਸਾਲ ਦੇ ਮਾਰਚ ਮਹੀਨੇ ਤੋਂ ਹੀ ਬੰਦ ਹੈ ਜਦੋਂ ਕਰੋਨਾ ਦਾ ਹਮਲਾ ਹੋਇਆ ਸੀ ਅਤੇ ਦੋਹਾਂ ਦੇਸ਼ਾਂ ਵਿਚਾਲੇ ਹੀ ਇਹ ਨਿਯਮ ਚੱਲ ਰਿਹਾ ਹੈ ਕਿ ਹਰ ਆਉਣ ਜਾਉਣ ਵਾਲੇ ਨੂੰ 15 ਦਿਨਾਂ ਦੇ ਕੁਆਰਨਟੀਨ ਵਿੱਚ ਲਾਜ਼ਮੀ ਰਹਿਣਾ ਪਵੇਗਾ। ਇਸ ਨਾਲ ਕਈ ਪਰਿਵਾਰ ਵਿੱਛੜ ਕੇ ਬੈਠੇ ਹਨ ਅਤੇ ਕਈ ਤਰ੍ਹਾਂ ਦੇ ਛੋਟੇ ਅਤੇ ਨਾਲ ਹੀ ਵੱਡੇ ਕੰਮ ਧੰਦਿਆਂ ਨੂੰ ਵੀ ਲਾਕਡਾਊਨ ਲੱਗਾ ਹੀ ਹੋਇਆ ਹੈ ਜੋ ਕਿ ਹੁਣ ਖੁੱਲ੍ਹਣ ਜਾ ਰਿਹਾ ਹੈ ਅਤੇ ਹਰ ਪਾਸੋਂ ਇਸ ਦਾ ਸਵਾਗਤ ਹੋਣਾ ਜਾਇਜ਼ ਹੀ ਹੈ।

Install Punjabi Akhbar App

Install
×