ਹਾਕਸ ਵੇਅ ਦੇ ਇਕ ਮਾਓਰੀ ਮੁਸਲਿਮ ਨੇ ਕੀਤੀ ‘ਇਸਲਾਮਿਕ ਸਟੇਟ ਆਫ ਇਰਾਕ ਐਂਡ ਸਿਰੀਆ’ ਦੀ ਹਮਾਇਤ

ਪੂਰੀ ਦਨੀਆ ਦੇ ਵਿਚ ‘ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸਿਰੀਆ’ ਦਾ ਨਾਅਰਾ ਦੇ ਕੇ ਅੱਤਵਾਦ ਦਾ ਪਸਾਰ ਰਹੇ ਇਸ ਗਰੁੱਪ ਦੀ ਹੁਣ ਇਕ ਮਾਓਰੀ ਮੁਸਲਿਮ ਨੇ ਹਮਾਇਤ ਕਰਕੇ ਨਿਊਜ਼ੀਲੈਂਡ ਦੇ ਵਿਚ ਨਵੀਂ ਚਰਚਾ ਛੇੜੀ ਹੈ। ਅਮੋਰੰਗੀ ਕਾਇਰੀਕਾ ਵਾਂਗਾ ਨਾਂਅ ਦਾ ਇਹ ਮਾਓਰੀ ਮੁਸਲਮਾਨ ਜੋ ਕਿ ‘ਓਟੀਆਰੋਆ ਮਾਓਰੀ ਮੁਸਲਿਮ ਐਸੋਸੀਏਸ਼ਨ’ ਦਾ ਮੁਖੀ ਵੀ ਹੈ, ਨੇ ਸਾਰੇ ਮੁਸਲਮਾਨਾਂ ਨੂੰ ਅਪੀਲ ਕੀਤੀ ਹੈ ਕਿ ਜੋ ਇਸਲਾਮਿਕ ਸਟੇਟ ਜਥੇਬੰਦੀ ਕਹਿ ਰਹੀ ਹੈ, ਉਸ ਅਨੁਸਾਰ ਕੰਮ ਕਰਨਾ ਚਾਹੀਦਾ ਹੈ। ਉਸ ਨੇ ਕਿਹਾ ਕਿ ਸਾਰੇ ਸੱਚੇ ਮੁਸਲਮਾਨਾਂ ਨੂੰ ਇਸਲਾਮਿਕ ਰਾਜ ਦੇ ਵਿਚ ਇਕੱਠੇ ਹੋਣਾ ਚਾਹੀਦਾ ਹੈ ਅਤੇ ਉਸਨੇ ਕਿਹਾ ਕਿ ਉਹ ਵੀ ਜਾਣਾ ਚਾਹੁੰਦਾ ਹੈ, ਪਰ ਉਸਦੀ 17 ਸਾਲਾ ਧੀ ਬਾਰੇ ਉਹ ਕੁਝ ਨਹੀਂ ਕਹਿ ਸਕਦਾ। ਇਸਦੀ ਪਹਿਲੀ ਪਤਨੀ ਵੀ ਇਸਲਾਮਿਕ ਸਟੇਟ ਦੇ ਹੱਕ ਵਿਚ ਹੈ ਅਤੇ ਕਹਿ ਰਹੀ ਹੈ ਕਿ ਉਨ੍ਹਾਂ ਨੂੰ ਬਹੁਤ ਕੁਝ ਬੁਰਾ ਸੁਨਣਾ ਪੈਂਦਾ ਹੈ।
ਇਸਦੇ ਉਲਟ ਫੈਡਰੇਸ਼ਨ ਆਫ਼ ਇਸਲਾਮਿਕ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਨਵਰ ਘਾਨੀ ਨੇ ਇਸਲਾਮਿਕ ਸਟੇਟ ਦੇ ਨਾਂਅ ਹੇਠ ਫੈਲ ਰਹੇ ਅੱਤਵਾਦ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਦੇ ਨਾਲ ਗੱਲਬਾਤ ਕਰਨ ਦੇ ਲਈ ਵੀ ਸਮਾਂ ਮੰਗਿਆ ਹੈ ਤਾਂ ਕਿ ਨਿਊਜ਼ੀਲੈਂਡ ਵਰਗੇ ਦੇਸ਼ ਨੂੰ ਇਸ ਤੋਂ ਪਰ੍ਹੇ ਰੱਖਿਆ ਜਾਵੇ। ਪ੍ਰਧਾਨ ਮੰਤਰੀ ਇਸ ਸਬੰਧੀ ਪਹਿਲਾਂ ਹੀ ਕਈ ਆਊਟ ਲਾਈਨ ਦੇ ਕੇ ਇਸਦਾ ਵਿਰੋਧ ਕਰ ਚੁੱਕੇ ਹਨ।