ਮਾਰਗ-ਦਰਸ਼ਕ ਧੀਆਂ: ਇਕ ਧੀਅ ਸਾਡੀ ਵੀ – ਨਿਊਜ਼ੀਲੈਂਡ ਗਵਰਨਰ ਜਨਰਲ ਵੱਲੋਂ ਪੰਜਾਬੀ ਕੁੜੀ ਈਸ਼ਾ ਸਿੰਘ ‘ਕੁਈਨ’ਜ਼ ਗਾਈਡ’ ਐਵਾਰਡ ਨਾਲ ਸਨਮਾਨਿਤ

  • ਪਿਤਾ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਅਤੇ ਮਾਤਾ ਮਨਦੀਪ ਕੌਰ ਨੂੰ ਵਧਾਈਆਂ
NZ PIC 8 June-1
(ਈਸ਼ਾ ਸਿੰਘ ਗਵਰਨਰ ਜਨਰਲ ਤੋਂ ਐਵਾਰਡ ਹਾਸਿਲ ਕਰਦਿਆਂ)

ਔਕਲੈਂਡ 8 ਜੂਨ -ਨਿਊਜ਼ੀਲੈਂਡ ਦੇ ਵਿਚ ਹਰ ਸਾਲ ਬ੍ਰਿਟੇਨ ਦੀ ਮਹਾਰਾਣੀ ਦੇ ਨਾਂਅ ਉਤੇ ਵੱਖ-ਵੱਖ ਐਵਾਰਡ ਦਿੱਤੇ ਜਾਂਦੇ ਹਨ ਜਿਨ੍ਹਾਂ ਦੇ ਵਿਚ ਧੀਆਂ ਨੂੰ ਦਿੱਤਾ ਜਾਣਾ ਵਾਲਾ ਇਕ ਵਕਾਰੀ ਐਵਾਰਡ ਹੈ ‘ਕੂਈਨ’ਜ਼ ਗਾਈਡ’ ਐਵਾਰਡ। ਇਹ ਨੌਜਵਾਨ ਬੱਚੀਆਂ ਉਹ ਹੁੰਦੀਆਂ ਹਨ ਜੋ ਸਥਾਨਕ ਲੋਕਾਂ ਅਤੇ ਕਮਿਊਨਿਟੀ ਦੇ ਲਈ ਮਾਰਗ ਦਰਸ਼ਕ ਬਨਣ ਦੇ ਯੋਗ ਹੁੰਦੀਆਂ ਹਨ। ਇਹ ਐਵਾਰਡ ਹਰ ਸਾਲ ਬ੍ਰਿਟੇਨ ਦੀ ਰਾਣੀ ਦੀ ਨੁਮਾਇੰਦਗੀ ਕਰਦੇ ਦੇਸ਼ ਦੇ ਗਵਰਨਰ ਜਨਰਲ ਵੱਲੋਂ ਦਿੱਤਾ ਜਾਂਦਾ ਹੈ। ਅੱਜ ਇਹ ਰਾਸ਼ਟਰ ਪੱਧਰ ਦਾ ‘ਗਰਲਗਾਈਡਿੰਗ ਨਿਊਜ਼ੀਲੈਂਡ’ ਐਵਾਰਡ ਵੰਡ ਸਮਾਰੋਹ ਗਵਰਨਰ ਹਾਊਸ ਔਕਲੈਂਡ ਵਿਖੇ ਹੋਇਆ ਜਿੱਥ ਦੇਸ਼ ਦੀ ਗਵਰਨਰ ਜਨਰਲ ਮਾਣਯੋਗ ਡੇਮ ਪੈਟਸੇ ਰੈਡੀ ਵੱਲੋਂ ਇਹ ਐਵਾਰਡ ਤਕਸੀਮ ਕੀਤੇ ਗਏ। 25 ਦੇ ਕਰੀਬ ਦੇਸ਼ ਦੀਆਂ ਧੀਆਂ ਨੂੰ ਇਸ ਉਚ ਪੱਧਰੀ ਐਵਾਰਡ ਦੇ ਲਈ ਚੁਣਿਆ ਗਿਆ ਸੀ ਜਿਸ ਦੇ ਵਿਚ ਇਕੋ-ਇਕ 17 ਸਾਲਾ ਭਾਰਤੀ (ਪੰਜਾਬੀ) ਕੁੜੀ ਈਸ਼ਾ ਸਿੰਘ ਇਹ ਵਕਾਰੀ ਐਵਾਰਡ ਤੱਕ ਪਹੁੰਚ ਬਣਾਉਣ ਵਿਚ ਕਾਮਯਾਬ ਰਹੀ।

(ਈਸ਼ਾ ਸਿੰਘ ਆਪਣੇ ਮਾਤਾ-ਪਿਤਾ ਅਤੇ ਗਵਰਨਰ ਜਨਰਲ ਦੇ ਨਾਲ)
(ਈਸ਼ਾ ਸਿੰਘ ਆਪਣੇ ਮਾਤਾ-ਪਿਤਾ ਅਤੇ ਗਵਰਨਰ ਜਨਰਲ ਦੇ ਨਾਲ)

ਮਾਣਯੋਗ ਗਵਰਨਰ ਜਨਰਲ ਨੇ ਰਾਣੀ ਦੇ ਤਾਜ ਵਾਲਾ ਬੈਜ ਕੁੜੀ ਦੇ ਗਲ ਵਿਚ ਪਾਏ ਗਏ ਰਸਮੀ ਗੂੜੇ ਲਾਲ ਰੰਗ ਦੇ ਰੀਬਨ (ਸਕਾਰਫ) ਦੇ ਉਤੇ ਸਜਾਇਆ।  ਇਸ ਖੇਤਰ ਦੇ ਵਿਚ ਸਭ ਤੋਂ ਉਚੇ ਇਸ ਐਵਾਰਡ ਨੂੰ ਹਾਸਿਲ ਕਰਕੇ ਪੰਜਾਬੀ ਕੁੜੀ ਨੇ ਲਗਦੇ ਹੱਥ ਸੁਨੇਹਾ ਛੱਡ ਦਿੱਤਾ ਹੈ ਕਿ ਜੇਕਰ ਪਰਿਵਾਰਕ ਸੇਧ ਅਤੇ ਸਹਿਯੋਗ ਮਿਲਦਾ ਰਹੇ ਤਾਂ ਧੀਆਂ ਅਸਮਾਨੀ ਤੋੜਨ ਤੱਕ ਦੀ ਉਡਾਰੀ ਮਾਰਨ ਦਾ ਹੌਂਸਲਾ ਰੱਖਦੀਆਂ ਹਨ।

ਈਸ਼ਾ ਸਿੰਘ ਹਾਵਕ ਕਾਲਜ ਵਿਖੇ 13ਵੇਂ ਸਾਲ ਦੀ ਪੜ੍ਹਾਈ ਪੂਰੀ ਕਰ ਰਹੀ ਹੈ। ਸਕੂਲ ਦੇ ਕਈ ਕਮਿਊਨਿਟੀ ਪ੍ਰਾਜੈਕਟਾਂ ਦੇ ਵਿਚ ਇਸ ਕੁੜੀ ਨੇ ਕਈ ਵਾਰ ਆਊਟਸਟੈਡਿੰਗ ਪਰਫਾਰਮੈਂਸ ਦਿੱਤੀ ਹੈ। ਕਾਲਜ ਦੇ ਵਿਚ ਇਹ ਕੁੜੀ ਕਲਚਰਲ ਕੌਂਸਿਲ ਲੀਡਰ ਵੀ ਹੈ। ਚੈਰੀਟੇਬਲ ਅਤੇ ਵਾਤਾਵਰਣ ਸੰਭਾਲ ਪ੍ਰੋਗਰਾਮ ਦੇ ਵਿਚ ਵੀ ਇਹ ਕੁੜੀ ਭਾਗ ਲੈਂਦੀ ਰਹੀ ਹੈ। ਇਸ ਕੁੜੀ ਦੇ ਪਿਤਾ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਇਕ ਤਜ਼ਰਬੇਕਾਰ ਰੇਡੀਓ ਪੇਸ਼ਕਾਰ, ਪੁਲਿਸ ਅਡਵਾਈਜ਼ਰ ਅਤੇ ਜਸਟਿਸ ਆਫ ਦਾ ਪੀਸ ਹਨ ਅਤੇ ਮਾਤਾ ਮੰਨਦੀਪ ਕੌਰ ਅਧਿਆਪਨ ਦੇ ਕਿੱਤੇ ਵਿਚ ਹਨ। ਮਾਤਾ-ਪਿਤਾ ਤੋਂ ਇਲਾਵਾ ਦਾਦਾ ਸ. ਅਜੀਤ ਸਿੰਘ ਅਤੇ ਦਾਦੀ ਸ੍ਰੀਮਤੀ ਬੇਅੰਤ ਕੌਰ ਅਤੇ ਚਾਚਾ ਲੱਕੀ ਸੈਣੀ ਅਤੇ ਚਾਚੀ ਬਲਵਿੰਦਰ ਕੌਰ ਨੂੰ ਵਧਾਈਆਂ ਦਾ ਸਿਲਸਿਲਾ ਜਾਰੀ ਹੈ।

Install Punjabi Akhbar App

Install
×