ਸੀਰੀਆ ਦੇ ਪਲਮੀਰਾ ਵੱਲ ਵੱਧ ਰਹੇ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਘੱਟ ਤੋਂ ਘੱਟ 23 ਸੀਰੀਆਈ ਨਾਗਰਿਕਾਂ ਦੀ ਹੱਤਿਆ ਕਰ ਦਿੱਤੀ ਹੈ। ਸੀਰੀਅਨ ਆਬਜ਼ਰਵੇਟਰੀ ਫ਼ਾਰ ਹਿਊਮਨ ਰਾਈਟਸ ਨੇ ਕਿਹਾ ਕਿ ਯੁਨੇਸਕੋ ਦੇ ਵਿਸ਼ਵ ਸਮਾਰਕ ਸਥਾਨ ਕੋਲ ਆਈ.ਐਸ. ਅੱਤਵਾਦੀਆਂ ਦੀ ਗੋਲੀਬਾਰੀ ‘ਚ ਮਾਰੇ ਗਏ 23 ਲੋਕਾਂ ‘ਚ 9 ਬੱਚੇ ਵੀ ਸ਼ਾਮਲ ਸਨ। ਆਬਜ਼ਰਵੇਟਰੀ ਦੇ ਪ੍ਰਮੁੱਖ ਰਾਮੀ ਅਬਦੇਲ ਰਹਿਮਾਨ ਨੇ ਕਿਹਾ ਕਿ ਉੱਤਰੀ ਤਦਮੋਰ ‘ਚ ਅਮੀਰੀਏ ਪਿੰਡ ‘ਚ ਇਸਲਾਮਿਕ ਸਟੇਟ ਸਮੂਹ ਨੇ 23 ਨਾਗਰਿਕਾਂ ਨੂੰ ਗੋਲੀ ਮਾਰ ਦਿੱਤੀ। ਜਿਨ੍ਹਾਂ ‘ਚ 9 ਬੱਚੇ ਵੀ ਸ਼ਾਮਲ ਸਨ। ਅਬਦੇਲ ਰਹਿਮਾਨ ਨੇ ਦੱਸਿਆ ਕਿ ਮਰਨ ਵਾਲਿਆਂ ‘ਚ ਸਰਕਾਰੀ ਕਰਮਚਾਰੀਆਂ ਦੇ ਪਰਿਵਾਰ ਦੇ ਮੈਂਬਰ ਵੀ ਸਨ। ਯੁਨੇਸਕੋ ਪ੍ਰਮੁੱਖ ਈਰੀਨਾ ਬੋਕੋਵਾ ਨੇ ਦੱਸਿਆ ਕਿ ਬਰਤਾਨੀਆ ਸਥਿਤ ਆਬਜ਼ਰਵੇਟਰੀ ਦੀ ਰਿਪੋਰਟ ਅਨੁਸਾਰ ਅੱਤਵਾਦੀ ਪਲਮੀਰਾ ਦੇ ਇਕ ਕਿਲੋਮੀਟਰ ਦੇ ਦਾਅਰੇ ‘ਚ ਦਾਖਲ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਵਿਸ਼ਵ ਸੰਸਥਾ ਬਹੁਤ ਚਿੰਤਤ ਹੈ , ਕਿਉਂਕਿ ਅੱਤਵਾਦੀ ਉੱਥੇ ਮੌਜੂਦ ਵਿਸ਼ਵ ਸਮਾਰਕਾਂ ਨੂੰ ਤੋੜ ਦੇਣਗੇ।