ਇਰਾਕੀ ਫ਼ੌਜ ਤੇ ਕੁਰਦ ਲੜਾਕੂਆਂ ਵੱਲੋਂ ਮੋਸੂਲ ਡੈਮ ‘ਤੇ ਮੁੜ ਕਬਜ਼ਾ

mosul-dam

ਇਰਾਕੀ ਸੁਰੱਖਿਆ ਬਲਾਂ ਤੇ ਕੁਰਦਿਸ਼ ਲੜਾਕਿਆਂ ਇਸਲਾਮਿਕ ਸਟੇਟ ਦੇ ਸੁੰਨੀ ਅੱਤਵਾਦੀਆਂ ਨੂੰ ਖਦੇੜਨ ਪਿੱਛੋਂ ਮੋਸੂਲ ਡੈਮ ਨੂੰ ਮੁੜ ਕਬਜ਼ੇ ‘ਚ ਲੈ ਲਿਆ ਹੈ। ਸੁੰਨੀ ਅੱਤਵਾਦੀਆਂ ਨੇ ਦੋ ਹਫ਼ਤੇ ਪਹਿਲਾਂ ਇਸ ਡੈਮ ‘ਤੇ ਕਬਜ਼ਾ ਕੀਤਾ ਸੀ। ਇਹ ਜਾਣਕਾਰੀ ਬਗ਼ਦਾਦ ਵਿਚ ਇਰਾਕੀ ਫ਼ੌਜ ਦੇ ਇੱਕ ਬੁਲਾਰੇ ਨੇ ਦਿੱਤੀ। ਅਮਰੀਕਾ ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿਚ ਸੁੰਨੀ ਅੱਤਵਾਦੀਆਂ ਖ਼ਿਲਾਫ਼ ਸ਼ੁਰੂ ਕੀਤੇ ਹਮਲਿਆਂ ਪਿੱਛੋਂ ਇਰਾਕੀ ਤੇ ਕੁਰਦ ਲੜਾਕਿਆਂ ਦੀ ਇਹ ਪਹਿਲੀ ਵੱਡੀ ਜਿੱਤ ਹੈ ਅਤੇ ਇਸ ਨਾਲ ਉਨ੍ਹਾਂ ਦਾ ਮਨੋਬਲ ਕਾਫ਼ੀ ਵਧ ਸਕਦਾ ਹੈ ਕਿਉਂਕਿ ਉਹ ਇਨ੍ਹਾਂ ਗਰਮੀਆਂ ‘ਚ ਇਸਲਾਮਿਕ ਅੱਤਵਾਦੀਆਂ ਵੱਲੋਂ ਕਬਜ਼ੇ ‘ਚ ਲਏ ਇਲਾਕੇ ਨੂੰ ਮੁਕਤ ਕਰਵਾਉਣ ਦਾ ਯਤਨ ਕਰਨਗੇ। ਮਸੂਲ ਡੈਮ ਇਰਾਕ ਦੇ ਦੂਸਰੇ ਸਭ ਤੋਂ ਵੱਡੇ ਸ਼ਹਿਰ ਮੋਸੂਲ ਦੇ ਉੱਤਰ ਵਾਲੇ ਪਾਸੇ ਟਿਗਰਿਸ ਦਰਿਆ ‘ਤੇ ਬਣਿਆ ਹੋਇਆ ਹੈ ਅਤੇ ਇਸ ਦੇ ਵੱਡੇ ਕੰਪਲੈਕਸ ਦੀ ਵੱਡੀ ਰਣਨੀਤਕ ਅਹਿਮੀਅਤ ਹੈ ਕਿਉਂਕਿ ਉਹ ਦੇਸ਼ ਦੇ ਵੱਡੇ ਹਿੱਸੇ ਨੂੰ ਬਿਜਲੀ ਅਤੇ ਪਾਣੀ ਦੀ ਸਪਲਾਈ ਕਰਦਾ ਹੈ। ਫ਼ੌਜ ਦੇ ਬੁਲਾਰੇ ਲੈਫ਼ਟੀਨੈਂਟ ਜਨਰਲ ਕਾਸਿਮ ਅਲ-ਮੌਸਾਵੀ ਨੇ ਐਸੋਸੀਏਟਿਡ ਪ੍ਰੈੱਸ ਨੂੰ ਦੱਸਿਆ ਕਿ ਕਰੁਦਿਸ਼ ਪੇਸ਼ਮਰਗਾ ਬਲਾਂ ਅਤੇ ਇਰਾਕ ਦੇ ਅੱਤਵਾਦ ਵਿਰੋਧੀ ਸੈਨਿਕਾਂ ਨੇ ਅੱਜ ਡੈਮ ਨੂੰ ਪੂਰੀ ਤਰ੍ਹਾਂ ਮੁਕਤ ਕਰਵਾ ਕੇ ਡੈਮ ‘ਤੇ ਇਰਾਕੀ ਕਾਲਾ ਝੰਡਾ ਲਹਿਰਾ ਦਿੱਤਾ ਹੈ। ਸੁਰੱਖਿਆ ਬਲਾਂ ਵੱਲੋਂ ਡੈਮ ‘ਤੇ ਮੁੜ ਕਬਜ਼ਾ ਕਰਨ ਦੇ ਦਾਅਵੇ ਦੀ ਪੁਸ਼ਟੀ ਲਈ ਸਥਾਨਕ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਨਾਲ ਸੰਪਰਕ ਨਹੀਂ ਹੋ ਸਕਿਆ।