ਈਰਾਨ ਵਲੋਂ ਟਰੰਪ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ

ਤਹਿਰਾਨ (ਏ.ਪੀ.)-ਇਕ ਸਥਾਨਕ ਪ੍ਰੋਸੀਕਿਊਟਰ ਨੇ ਸੋਮਵਾਰ ਨੂੰ ਦੱਸਿਆ ਕਿ ਈਰਾਨ ਨੇ ਬਗ਼ਦਾਦ ‘ਚ ਡਰੋਨ ਹਮਲੇ ‘ਚ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਦਰਜਨਾਂ ਹੋਰ ਲੋਕਾਂ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕਰ ਇਸ ਦੇ ਲਈ ਇੰਟਰਪੋਲ ਤੋਂ ਮਦਦ ਮੰਗੀ ਹੈ। ਈਰਾਨ ਦੇ ਇਸ ਕਦਮ ਨਾਲ ਟਰੰਪ ਨੂੰ ਗ੍ਰਿਫ਼ਤਾਰੀ ਦਾ ਕੋਈ ਖ਼ਤਰਾ ਨਹੀਂ ਹੈ, ਪਰ ਇਨ੍ਹਾਂ ਦੋਸ਼ਾਂ ਨਾਲ ਈਰਾਨ ਅਤੇ ਅਮਰੀਕਾ ਵਿਚਾਲੇ ਵਧਦਾ ਤਣਾਅ ਸਪੱਸ਼ਟ ਹੁੰਦਾ ਹੈ। ਈਰਾਨ ਅਤੇ ਵਿਸ਼ਵ ਦੀਆਂ ਪ੍ਰਮੁੱਖ ਸ਼ਕਤੀਆਂ ਦੇ ਨਾਲ ਹੋਏ ਪ੍ਰਮਾਣੂ ਸਮਝੌਤੇ ਨਾਲ ਟਰੰਪ ਦੇ ਅਲੱਗ ਹੋ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਦਾ ਤਣਾਅ ਫਿਰ ਵਧ ਗਿਆ ਸੀ। ਤਹਿਰਾਨ ਦੇ ਪ੍ਰੋਸੀਕਿਊਟਰ ਅਲੀ ਅਲਕਾਸੀਮਹਿਰ ਨੇ ਕਿਹਾ ਕਿ ਈਰਾਨ ਨੇ 3 ਜਨਵਰੀ ਨੂੰ ਬਗ਼ਦਾਦ ‘ਚ ਹੋਏ ਹਮਲੇ ‘ਚ ਟਰੰਪ ਅਤੇ 30 ਤੋਂ ਵੱਧ ਹੋਰ ਲੋਕਾਂ ਦੇ ਸ਼ਾਮਿਲ ਰਹਿਣ ਦਾ ਦੋਸ਼ ਲਗਾਇਆ ਹੈ। ਅਰਧ-ਸਰਕਾਰੀ ਸੰਵਾਦ ਏਜੰਸੀ ਆਈ.ਐਸ.ਐਨ. ਦੀ ਖ਼ਬਰ ਅਨੁਸਾਰ ਅਲਕਾਸੀਮਹਿਰ ਨੇ ਟਰੰਪ ਤੋਂ ਇਲਾਵਾ ਕਿਸੇ ਹੋਰ ਦੀ ਪਹਿਚਾਣ ਨਹੀਂ ਕੀਤੀ, ਪਰ ਜ਼ੋਰ ਦਿੱਤਾ ਕਿ ਈਰਾਨ ਟਰੰਪ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਵੀ ਮੁਕੱਦਮਾ ਜਾਰੀ ਰੱਖੇਗਾ।

ਧੰਨਵਾਦ ਸਹਿਤ (ਅਜੀਤ)